ਸਾੜਾ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਵਿੱਚ ਪੰਚਾਇਤੀ ਚੌਣ ਰਿਜ਼ਵ ਹੋਣ ਕਰਕੇ ਸੁਖਵਿੰਦਰ ਸਿੰਘ ਸਰਪੰਚ ਚੁਣਿਆ ਗਿਆ। ਸੁਖਵਿੰਦਰ ਪੜ੍ਹਿਆ ਲਿਖਿਆ ਅਤੇ ਨਵੀਂ ਸੋਚ ਵਾਲਾ ਨੌਜਵਾਨ ਸੀ ਭਾਵੇਂ ਉਸ ਕੋਲ ਉਹਨੇ ਸਾਧਨ ਨਹੀਂ ਸਨ ਜਿਨੇ ਕਿ ਆਮ ਸਰਪੰਚਾਂ ਕੋਲ ਹੁੰਦੇ ਹਨ।ਪਰ ਉਸ ਨੇ ਤਾਂ ਪਿੰਡ ਦੀ ਨੁਹਾਰ ਬਦਲਣ ਦੀ ਸੋਚ ਲਈ। ਉਸ ਨੇ ਪਿੰਡ ਦੇ ਵਿਕਾਸ ਵੱਲ ਪੂਰਾ ਧਿਆਨ ਦਿੱੱਤਾ। ਉਸ ਨੇ ਕਿਸੇ ਵੀ ਵਿਤਕਰੇ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੀ ਸੋਚ ਮੁਤਾਬਕ ਪਿੰਡ ਨੂੰ ਵਿਕਾਸ ਦੇ ਰਾਹ ਵੱਲ ਤੋਰ ਲਿਆ।
ਪਰ ਪਿੰਡ ਦੇ ਉੱਚ ਜਾਤੀ ਦੇ ਰਜਦੇ ਪੁੱਜਦੇ ਲੋਕਾਂ ਨੂੰ ਇਹ ਸਭ ਪਸੰਦ ਨਾ ਆਇਆ। ਕਿਉਂ ਕਿ ਪਿੰਡ ਦੇ ਪਹਿਲੇ ਸਰਪੰਚਾਂ ਦੇ ਮੁਕਾਬਲੇ ਕੰਮ ਬਹੁਤ ਹੋ ਰਿਹਾ ਸੀ। ਇਸ ਲਈ ਉਹ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਸਨ।ਇਸ ਲਈ ਸੁਖਵਿੰਦਰ ਦਾ ਨੀਵੀ ਜਾਤ ਦਾ ਹੋਣਾ ਅਤੇ ਉੱਪਰੋ ਵਿਕਾਸ ਹੋਣਾ ਉਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ। ਸੁਖਵਿੰਦਰ ਦੀ ਲੋਕਲ ਐਮ.ਐਲ਼.ਏ ਅਤੇ ਥਾਣੇ ਕਚਿਹਰੀਆਂ ਵਿੱਚ ਵੀ ਪੁੱਛ ਪ੍ਰਤੀਤ ਬਣਨ ਲੱਗੀ।ਉਸ ਦੀ ਇਸ ਸਫਲਤਾ ਦਾ ਰਾਜ ਉਸ ਦੀ ਨਵੀਂ ਸੋਚ ਅਤੇ ਗੱਲਬਾਤ ਕਰਨ ਦਾ ਢੰਗ ਸੀ।
ਇੱਕ ਦਿਨ ਪਿੰਡ ਦੇ ਜੈਲਦਾਰਾਂ ਦਾ ਬੰਤਾ ਸਿੰਘ ਪੰਚ ਜਰਨਲ ਪੰਚ ਕਰਮੇ ਨੂੰ ਕਹਿਣ ਲੱਗਾ, " ਦੇਖ ਬਈ ! ਕਰਮ ਸਿੰਹਾਂ, ਹੋ ਤਾਂ ਆਪਾਂ ਤੋਂ ਇਸ ਵਾਰ ਗਲਤੀ ਹੀ ਗਈ, ਇਹ ਸੁੱਖੇ ਚਮਾਰ ਨੂੰ ਸਰਪੰਚ ਬਣਾ ਕੇ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਤਾਂ ਸਰਪੰਚੀ ਮਿਲਣੀ ਹੀ ਨੀਂ ਕਦੇ ।ਇਸ ਲਈ ਮੈਂ ਤਾਂ ਤੈਨੂੰ ਇਹ ਕਹਿਣ ਆਇਆ ਕਿ ਬਈ, ਸਾਡੇ ਦਰਾਂ ਅੱਗੇ ਵੀ ਨਾਲੀ ਪੱਕੀ ਕਰ ਦਿਉ"।
ਕਰਮਾ ਪੰਚ ਜੋ ਆਪਣੇ ਡੰਗਰਾਂ ਨੂੰ ਸੰਨ੍ਹੀ ਰਲਾਉਂਦਾ ਸੀ। ਹੱਥ ਝਾੜਦੇ ਹੋਏ ਕਹਿਣ ਲੱਗਾ, " ਬੰਤ ਸਿੰਹਾਂ ਜੋ ਵੀ ਬਣਾਵਾਉਣਾ ਉਹ ਸਰਪੰਚ ਨੂੰ ਜਾ ਕਹਿ । ਉਹ ਤੇਰੀ ਸਾਰੀ ਗੱਲ ਸੁਣੂ ਅਤੇ ਤੇਰੀ ਨਾਲੀ ਵੀ ਪੱਕੀ ਹੋ ਜਾਊ।ਇਹ ਤਾਂ ਉਸ ਦਾ ਕੰਮ ਆ ਕਿ ਕਿੱਥੇ ਕੰਮ ਹੋਣ ਵਾਲਾ , ਕਿੱਥੇ ਨਹੀਂ ?
" ਦੇਖ ਬਈ ! ਕਰਮ ਸਿੰਹਾਂ ਆਪਾਂ ਹੈਗੇ ਇੱਕ ਜਾਤ ਬਰਾਦਰੀ ਦੇ ਜੱਟ ਭਾਈ , ਹੁਣ ਆਪਣੇ ਇੰਨੇ ਹੀ ਮਾੜੇ ਦਿਨ ਆ ਗਏ ਕਿ ਜਿਹੜੇ ਆਪਣੇ ਗੋਹਾ ਕੂੜਾ ਕਰਦੇ ਸੀ। ਉਹਨਾਂ ਦੇ ਘਰੇ ਜਾ ਕੇ ਕਹੀਏ ਕਿ ਸਾਡਾ ਕੰਮ ਕਰੋ। ਇਹ ਤਾਂ ਮਿੰਨਤ ਕਰਨ ਵਾਲੀ ਗੱਲ ਹੋ ਗਈ।ਜੇ ਤੁਸੀਂ ਨਾਲੀ ਪੱਕੀ ਕਰਨੀ ਆ ਕਰੋ, ਨਹੀਂ ਮੈਨੂੰ ਲਿਖ ਕੇ ਦਿਉ ਕਿ ਸਰਪੰਚ ਪੱਕੀ ਨਹੀਂ ਕਰਦਾ"।
ਕਰਮਾ ਪੰਚ ਵੀ ਨਵੀਂ ਸੋਚ ਵਾਲਾ ਨੌਜਵਾਨ ਸੋਚਣ ਲਈ ਮਜਬੂਰ ਹੋ ਗਿਆ ਕਿ ਜੇ ਮੈਂ ਇਹ ਲਿਖ ਦੇਵਾਂ ਕਿ ਤੁਹਾਨੂੰ ਸਭ ਨੂੰ ਸਰਪੰਚ ਸੁਖਵਿੰਦਰ ਨਾਲ ਸਾੜਾ ਹੋ ਗਿਆ।ਇਹ ਸੋਚਦਾ ਹੋਇਆ ਉਹ ਆਪਣੀ ਵਾਦੀ ਵਿੱਚੋਂ ਪਸੂ ਖੋਲਣ ਲਈ ਤੁਰ ਪਿਆ।