ਗਹਿਣਿਆਂ 'ਚੋਂ ਲੋਪ ਹੋਈ ਮਛਲੀ (ਸਾਡਾ ਵਿਰਸਾ )

ਸੰਜੀਵ ਝਾਂਜੀ   

Email: virk.sanjeevjhanji.jagraon@gmail.com
Cell: +91 80049 10000
Address:
ਜਗਰਾਉਂ India
ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਹਿਣੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਹਿੱਸਾ ਰਹੇ ਹਨ। ਇਹ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹਨ। ਸ਼ੌਕ ਦੇ ਰੂਪ 'ਚ ਅੱਜ ਵੀ ਹਨ। ਵੇਲੇ, ਆਰਥਿਕ ਸਮਰਥਾ ਅਤੇ ਜਾਤਿ-ਕਬੀਲੇ ਦੇ ਰਿਵਾਜ਼ਾਂ ਅਨੁਸਾਰ ਗਹਿਣੇ ਬਣਾਉਣ ਲਈ ਸੋਨੇ, ਚਾਂਦੀ, ਤਾਂਬਾ, ਪਿੱਤਲ, ਆਦਿ ਅਨੇਕਾਂ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਅਤੇ ਹੋ ਰਹੀ ਹੈ। ਗਹਿਣਿਆਂ ਦਾ ਸ਼ੌਕ ਅੱਜ ਵੀ ਜੀਉਂਦਾ ਹੈ ਪਰ ਆਰਥਿਕ ਤੰਗੀ ਅਤੇ ਲੁੱਟਾ-ਖੋਹਾਂ ਵਧ ਜਾਣ ਕਾਰਨ ਇਸ ਸ਼ੋਕ ਦੀ ਪੂਰਤੀ 'ਚ ਵੱਡਾ ਰੌੜਾ ਅੜਕ ਗਿਆ ਹੈ।   
ਜਿਸ ਤਰ•ਾਂ ਤਬਦੀਲੀ ਸੰਸਾਰ ਦਾ ਨਿਯਮ ਹੈ, ਉਸੇ ਤਰ•ਾਂ ਸੰਸਾਰ ਦਾ ਹਰ ਸੱਭਿਆਚਾਰ ਵੀ ਇਸ ਨਿਯਮ ਨਾਲ ਬਝਿਆ ਹੋਇਆ ਹੈ। ਸਾਡੇ ਪੰਜਾਬੀ ਸੱਭਿਆਚਾਰ 'ਚ ਵੀ ਇਹ ਤਬਦੀਲੀ ਜ਼ਾਰੀ ਹੈ। ਲਾਹੇਵੰਦ ਹੈ ਜਾਂ ਨੁਕਸਾਨਦੇਹ, ਇਹ ਤਾਂ ਸਮਾਂ ਹੀ ਦੱਸੇਗਾ। ਗੱਲ ਗਹਿਣਿਆਂ ਦੀ ਕਰ ਰਹੇ ਸੀ। ਜੇਕਰ ਗਿਣੀਏ ਤਾਂ ਪੁਰਾਤਨ ਸਮਿਆਂ 'ਚ ਔਰਤਾਂ ਵੱਲੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਏ ਜਾਣ ਵਾਲੇ ਗਹਿਣਿਆਂ ਦੀ ਲੰਮੀ ਚੌੜੀ ਲਿਸਟ ਬਣ ਜਾਵੇਗੀ। ਕਹਿੰਦੇ ਹਨ ਕਿ ਇਨ•ਾਂ ਦੀ ਗਿਣਤੀ 80 ਤੋਂ ਵੀ ਵੱਧ ਹੈ। ਜੇਕਰ ਇਕੱਲੇ ਨੱਕ 'ਚ ਪਾਏ ਜਾਣ ਵਾਲੇ ਗਹਿਣਿਆਂ ਦੀ ਗੱਲ ਕਰੀਏ ਤਾਂ ਤੀਲੀ, ਲੌਂਗ ਕੋਕਾ, ਰੇਖ, ਮੇਖ ਨੱਥ, ਮੱਛਲੀ ਅਤੇ ਨੁਕਰਾ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਹੋ ਸਕਦਾ ਹੈ ਹੋਰ ਵੀ ਹੋਣ ਪਰ ਚਿੱਤ–ਧਿਆਨ ਤੋਂ ਉਹਲੇ ਹਨ। ਤੀਲੀ ਅਤੇ ਲੌਂਗ ਤਾਂ ਆਮ ਸੁਣੀਦੇ ਤੇ ਵੇਖੀਂਦੇ ਰਹੇ ਹਨ। ਪੰਜਾਬੀ ਬੋਲੀਆਂ 'ਚ ਵੀ ਇਨ•ਾਂ ਦਾ ਚੰਗਾ ਜ਼ਿਕਰ ਹੈ। ਨੱਥ, ਮੱਛਲੀ, ਮੇਖ, ਕੋਕਾ, ਲੌਂਗ ਤੇ ਨੁਕਰਾਂ ਬਾਰੇ ਕਿਹਾ ਗਿਆ ਹੈ:
ਨੱਥ, ਮੱਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ, ਥਾਨੇਦਾਰੀ ਨੁਕਰਾ ਕਰੇ।
ਤੀਲੀ ਅਤੇ ਲੌਂਗ ਵਿਚ ਇਹ ਫੈਸਲਾ ਕਰਨਾ ਮੁਸ਼ਕਿਲ ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖ਼ੂਬਸੂਰਤੀ ਦਿੰਦਾ ਹੈ:–
ਤੀਲੀ ਲੌਂਗ ਦਾ ਮੁੱਕਦਮਾ ਭਾਰੀ, ਵੇ ਥਾਣੇਦਾਰਾ ਸੋਚ ਕੇ ਕਰੀਂ


ਪੁਰਾਨੀ ਗੱਲ ਹੈ, ਜਦੋ 'ਟੀਨਏਜ਼' 'ਚ ਦਾਖਲ ਹੁੰਦਿਆ ਹੀ ਮੈਂ ਐਨ. ਸੀ. ਸੀ. ਦਾ 'ਏ' ਗ੍ਰੇਡ ਦਾ ਸਰਟੀਫਿਕੇਟ ਪਾਸ ਕਰਨ ਲਈ ਅੱਠ ਦਿਨਾਂ ਦੇ ਕੈਂਪ ਤੇ ਛਪਾਰ ਗਿਆ ਸੀ। ਕੈਂਪ 'ਚ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਗੀਤ–ਗਾਣੇ-ਚੁਟਕਲੇ ਆਦਿ ਸੁਣ ਲਏ ਜਾਂਦੇ ਸਨ। ਉਸ ਵੇਲੇ ਇਕ ਕੈਡਿਟ ਨੇ ਇਕ ਗੀਤ ਸੁਣਾਇਆ ਸੀ। ਪਤਾ ਨਹੀਂ ਅਸਲ 'ਚ ਗੀਤ ਸੀ ਜਾਂ ਉਸ ਨੇ ਆਪ ਹੀ ਘੜ ਲਿਆ ਸੀ। ਕੌਣ ਸੀ ਹੁਣ ਤਾਂ ਇਹ ਵੀ ਯਾਦ ਨਹੀਂ ਪਰ ਗੀਤ ਦੇ ਬੋਲਾਂ ਦੀ ਪਹਿਲੀ ਲਾਈਨ ਅੱਜ ਵੀ ਯਾਦ ਹੈ:-
ਮਛਲੀ ਦੇ ਪੱਤ ਬਈਮਾਨ ਹੋ ਗਏ, ਲਾਲੀ ਚੂਸਗੇ ਬੁੱਲ•ਾਂ ਦੀ ਸਾਰੀ
ਬੜਾ ਸੋਚਣਾ ਕਿ ਇਹ ਮੱਛਲੀ ਕੌਣ ਹੈ? ਇਹ ਸੋਚਣ 'ਚ ਹੀ ਲੰਮਾ ਸਮਾਂ ਲੰਘ ਗਿਆ। ਆਹ ਪਿੱਛੇ ਜਿਹੇ ਪਤਾ ਲੱਗਿਆ ਕਿ ਇਹ ਤਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਗਹਿਣਿਆਂ ਦੀ ਲਿਸਟ 'ਚ ਹੈ। 
ਇਹ ਨੱਕ 'ਚ ਪਾਇਆ ਜਾਣ ਵਾਲਾ ਇਕ ਨਿੱਕਾ ਜਿਹਾ ਗਹਿਣਾ ਹੈ। ਇਸ ਦਾ ਅਕਾਰ ਮੱਛਲੀ ਵਰਗਾ ਹੋਣ ਕਰਕੇ ਹੀ ਇਸਨੂੰ ਮੱਛਲੀ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਚਮਕਦਾ ਹੋਇਆ ਇਹ ਗਹਿਣਾ ਹਰ ਦਾ ਮਨ ਮੋਹੁੰਦਾ ਸੀ ਅਤੇ ਇਸ ਨਾਲ ਬਣੀ ਖੂਬਸੂਰਤੀ ਦੀ ਚਰਚਾ ਸੱਥਾਂ, ਖੂਹਾਂ, ਟੋਬਿਆਂ ਤੇ ਹੁੰਦੀ ਰਹਿੰਦੀ ਸੀ :–
ਸੁਣ ਨੀਂ ਕੁੜੀਏ ਮਛਲੀ ਵਾਲੀਏ, ਮਛਲੀ ਨਾ ਚਮਕਾਈਏ,
ਖੂਹ ਟੋਭੇ ਤੇਰੀ ਚਰਚਾ ਹੁੰਦੀ ,ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ….......
ਇਹ ਨੱਕ ਦੇ ਬਿਲਕੁਲ ਵਿਚਾਲੇ ਪਾਇਆ ਜਾਂਦਾ ਹੈ। ਨੱਕ ਦੀਆਂ ਦੋਨੇ ਮੋਰੀਆਂ ਦੇ ਵਿਚਕਾਰ ਜਿਹੜਾ ਪਰਦਾ ਹੁੰਦਾ ਹੈ, ਉਸ 'ਚ ਇਹ ਪਹਿਣਿਆ ਜਾਂਦਾ ਹੈ। ਇਸਦੇ ਹੇਠਾਂ ਛੋਟੇ–ਛੋਟੇ ਪੱਤੇ ਲੱਗੇ ਹੁੰਦੇ ਹਨ, ਜਿੰਨ•ਾਂ ਨੂੰ ਪੱਤ ਕਹਿੰਦੇ ਹਨ। ਇਹ ਹੇਠਾਂ ਨੂੰ ਲਮਕਦੇ ਹੋਏ ਉਪਰਲੇ ਬੁੱਲ• ਨਾਲ ਖਹਿੰਦੇ ਰਹਿੰਦੇ ਹਨ। ਤਾਹੀਓਂ ਤਾਂ ਇਨ•ਾਂ ਤੇ ਦੋਸ਼ ਬੁੱਲ•ਾਂ ਦੀ ਲਾਲੀ ਚੂਸ ਜਾਣ ਦਾ ਲੱਗਦਾ ਰਿਹਾ ਹੈ। ਮੁਟਿਆਰਾਂ ਵੱਲੋਂ ਪਾਇਆ ਜਾਣ ਵਾਲਾ ਇਹ ਗਹਿਣਾ ਆਮਤੌਰ ਤੇ ਵਿਆਹ–ਸ਼ਾਦੀ ਜਾਂ ਖੁਸ਼ੀ ਮੌਕੇ ਸੱਜਣ–ਸੰਵਰਣ ਮੌਕੇ ਹੀ ਪਾਇਆ ਜਾਂਦਾ ਸੀ। ਇਸ ਦੀ ਇਕ ਹੋਰ ਖਾਸੀਅਤ ਸੀ ਕਿ ਇਸ ਨੂੰ ਲਗਾਤਾਰ ਨਹੀਂ ਪਾਇਆ ਜਾਂਦਾ ਸੀ, ਰਾਤ ਨੂੰ ਲਾਹ ਕੇ ਰੱਖ ਦਿੱਤਾ ਜਾਂਦਾ ਸੀ। ਅੱਜ ਸਾਡੇ ਅਮੀਰ ਰਹੇ ਪੰਜਾਬੀ ਸੱਭਿਆਚਾਰ ਦਾ ਇਹ ਅੰਗ ਸਿਸਕਦਾ–ਸਿਸਕਦਾ ਹੁਣ ਲਗਭਗ ਲੋਪ ਹੋ ਚੁੱਕਾ ਹੈ। ਲਗਦਾ ਹੈ ਕਿ ਬਦਲਦੇ ਜ਼ਮਾਨੇ 'ਚ ਨਾਂ ਤਾਂ ਇਸਨੂੰ ਮੁਟਿਆਰਾਂ ਪਾਉਣਾ ਚਾਹੁੰਦੀਆਂ ਹਨ ਅਤੇ ਨਾ ਹੀ ਹੁਣ ਇਹ ਭਾਲਿਆਂ ਥਿਆਉਂਦਾ ਹੈ। 
ਮੱਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ 'ਚੋਂ
ਮੈਂ ਆਪਣੇ ਜੀਵਨ 'ਚ ਕਦੇ ਵੀ ਕਿਸੇ ਪੰਜਾਬਣ ਨੂੰ ਇਹ ਗਹਿਣਾ ਪਹਿਣੇ ਨਹੀਂ ਦੇਖਿਆ, ਫੇਟੋਆਂ ਜ਼ਰੂਰ ਵੇਖੀਆਂ ਹਨ, ਬੋਲੀਆਂ 'ਚ ਬੜਾ ਪੜਿ•ਆ–ਸੁਣਿਆ ਹੈ। ਹਾਂ, ਕੁੱਝ ਰਾਜਸਥਾਨੀ ਅਤੇ ਪਹਾੜੀ ਔਰਤਾਂ ਨੂੰ ਨੱਕ ਦੇ ਇਸੇ ਹਿੱਸੇ 'ਚ ਮੁਰਕੀ ਵਰਗਾ ਗਹਿਣਾ ਪਾਏ ਜ਼ਰੂਰ ਵੇਖਿਆ ਹੈ। ਪਰ ਉਹ ਮੱਛਲੀ ਨਹੀਂ।
ਸੁਣ ਨੀ ਕੁੜੀਏ ਮਛਲੀ ਵਾਲੀਏ…, ਮਛਲੀ ਨਾ ਚਮਕਾਈਏ…
ਭਰੀ ਕਚਹਿਰੀ ਬਾਬੁਲ ਬਹਿੰਦਾ…, ਨੀਵੀਂ ਪਾ ਲੰਘ ਜਾਈਏ…
ਧਰਮੀ ਬਾਬੁਲ ਦੀ…, ਪੱਗ ਨੂੰ ਦਾਗ ਨਾ ਲਾਈਏ…
ਧਰਮੀ ਬਾਬੁਲ ਦੀ…, ਪੱਗ ਨੂੰ ਦਾਗ ਨਾ ਲਾਈਏ…