ਬਰੈਂਪਟਨ -- 'ਪੰਜਾਬੀ ਕਲਮਾਂ ਦਾ ਕਾਫ਼ਲਾ' ਦੀ ਮੀਟਿੰਗ 26 ਸਿਤੰਬਰ, 2015 ਨੂੰ ਜਿਸ ਵਿਚ ਪਾਸ਼ ਅਤੇ ਜਸਵੰਤ ਸਿੰਘ ਨੇਕੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਡਾæ ਸਾਹਿਬ ਸਿੰਘ ਗਿੱਲ ਹੁਰਾਂ ਦੀ ਕਿਤਾਬ "ਮੌਤ ਦੇ ਪਰਛਾਵੇਂ ਹੇਠ" ਰਲੀਜ਼ ਕਤੀ ਗਈ।
ਬ੍ਰਜਿੰਦਰ ਗੁਲਾਟੀ ਨੇ ਡਾ: ਜਸਵੰਤ ਸਿੰਘ ਨੇਕੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਉਹ ਮਾਨਸਿਕ ਰੋਗਾਂ ਦੇ ਡਾਕਟਰ ਹੀ ਨਹੀਂ, ਜਾਣੇ ਪਛਾਣੇ ਚਿੰਤਕ, ਸਾਹਿਤਕਾਰ ਅਤੇ ਕਵੀ ਵੀ ਸਨ। ਉਹ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਔਫ਼ ਮੈਡੀਕਲ ਸਾਇੰਸਜ਼ ਵਿੱਚ ਸਾਈਕਿਐਟਰੀ ਡਿਪਾਰਟਮੈਂਟ ਦੇ ਹੈੱਡ ਵੀ ਰਹੇ। ਪਬਲਿਕ ਹੈਲਥ ਦੀਆਂ ਪਾਲਸੀਆਂ ਬਣਾਉਣ ਦੇ ਮਾਹਿਰ ਵੀ ਸਨ। ਵਰਲਡ ਹੈਲਥ ਔਰਗੇਨਾਈਜ਼ੇਸ਼ਨ ਵੱਲੋਂ ਉਨ੍ਹਾਂ ਨੂੰ ਸਲਾਹਕਾਰ ਦੇ ਤੌਰ 'ਤੇ ਅਫ਼ਰੀਕਾ ਵਿੱਚ ਵੀ ਭੇਜਿਆ ਗਿਆ। ਬਚਪਨ ਤੋਂ ਭਾਈ ਕਾਹਨ ਸਿੰਘ ਨਾਭਾ ਦੀ ਸੋਚ ਤੇ ਲੇਖਣੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖੀ ਨਾਲ ਹੋਰ ਵੀ ਜੁੜੇ। ਉਨ੍ਹਾਂ ਨੇ ਅਰਦਾਸ, ਗੁਰਬਾਣੀ ਦੀ ਵਿਆਖਿਆ, ਗੁਰਮਤਿ ਬਾਰੇ ਮਾਨਸਿਕ ਨਜ਼ਰੀਏ ਤੋਂ 'ਅਚੇਤਨ ਦੀ ਲ੍ਹੀਲਾ', ਗੁਰੂ ਅੰਗਦ ਦੇਵ ਜੀ ਬਾਰੇ ਕਿਤਾਬ, ਹੇਮਕੁੰਟ ਸਾਹਿਬ ਬਾਰੇ ਕੌਫ਼ੀ ਟੇਬਲ ਸਫ਼ਰਨਾਮਾ ਅਤੇ ਹੋਰ ਵੀ ਕਿਤਾਬਾਂ ਇੰਗਲਿਸ਼ ਅਤੇ ਪੰਜਾਬੀ ਵਿੱਚ ਲਿਖੀਆਂ। ਬੱਚਿਆਂ ਲਈ ਵੀ ਅਤੇ ਪੰਜਾਬੀ ਹਾਸ-ਵਿਲਾਸ ਬਾਰੇ ਵੀ ਕਿਤਾਬਾਂ ਲਿਖੀਆਂ।

ਉਨ੍ਹਾਂ ਨੇ ਸਾਇੰਸ ਬਾਰੇ ਜਾਣਕਾਰੀ ਨੂੰ ਕਵਿਤਾ ਵਿੱਚ ਢਾਲ ਕੇ ਲਿਖਣ ਦਾ ਨਵਾਂ ਅੰਦਾਜ਼ ਲਿਆਂਦਾ। ਉਨ੍ਹਾਂ ਨੂੰ ਅਧਿਆਤਮਿਕ ਕਵੀ ਵਜੋਂ ਜਾਣਿਆ ਜਾਂਦਾ ਹੈ। ਗੁਰਮਤਿ ਅਤੇ ਸੂਫ਼ੀ ਲੋਰ ਵਿੱਚ ਵੀ ਕਵਿਤਾ ਕਹੀ। ਉਨ੍ਹਾਂ ਆਪਣੀ ਜੀਵਨੀ ਵੀ ਲਿਖੀ। ਕੁੱਲ 37 ਕਿਤਾਬਾਂ ਲਿਖੀਆਂ। 'ਕਰੁਣਾ ਦੀ ਛੋਹ ਤੋਂ ਮਗਰੋਂ' ਕਿਤਾਬ ਪੰਜ ਹਿੱਸਿਆਂ ਵਿੱਚ ਲਿਖੀ ਬਹੁਤ ਵੱਡੀ ਕਵਿਤਾ ਹੈ। ਕਵੀ ਦੇ ਅਪਣੀ ਆਤਮਾ ਨਾਲ ਰਚੇ ਸੰਵਾਦ ਨੇ। ਇਸੇ ਕਿਤਾਬ ਲਈ ਉਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਹੋਰ ਵੀ ਬਹੁਤ ਅਵਾਰਡ ਉਨ੍ਹਾਂ ਨੂੰ ਦਿੱਤੇ ਗਏ।
ਸਰੀਰ ਦੇ ਹੰਢਣ ਬਾਰੇ ਲਿਖਦੇ ਨੇ -
ਪਾਸਾਰ ਸੁੰਗੜ ਗਿਆ, ਹੰਢਣਾ ਨਾ ਰੁਕ ਸਕਿਆ
ਮੈਂ ਹੰਢਣਾਂ, ਪਲਾਂ 'ਚ ਸੁਆਸ ਖੋ ਖੋ ਕੇ
ਨਜ਼ਰ ਨਿਢਾਲ ਹੈ, ਪਲਕਾਂ ਦੀ ਤਾਰ ਛੋਹ ਛੋਹ ਕੇ
ਦਿੱਲੀ 'ਚ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵੀ ਆਏ। ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਤਸਵੀਰ ਸਿੱਖ ਮਿਊਜ਼ੀਅਮ ਵਿੱਚ ਲਗਾਏ ਜਾਣ ਬਾਰੇ ਐਲਾਨ ਕੀਤਾ ਗਿਆ।
ਨੇਕੀ ਜੀ, "ਨਵਾਂ ਜ਼ਮਾਨਾ" ਦੇ ਸਾਬਕਾ ਐਡੀਟਰ, ਸੁਰਜਨ ਸਿੰਘ ਜ਼ਿਰਵੀ ਦੀ ਧਰਮਪਤਨੀ ਅੰਮ੍ਰਿਤ ਦੇ ਭਰਾ ਸਨ। ਜ਼ਿਰਵੀ ਜੀ ਨੇ ਦੱਸਿਆ ਕਿ ਨੇਕੀ ਜੀ ਸਾਦਾ ਜਿਹੀ ਸ਼ਖ਼ਸੀਅਤ ਸਨ ਤੇ ਹਰ ਵਕਤ ਹੱਸਦੇ ਹਸਾਉਂਦੇ ਸਨ।
ਪਿੰਸੀਪਲ ਸਰਵਣ ਸਿੰਘ ਨੇ ਸਾਹਿਬ ਸਿੰਘ ਗਿੱਲ ਦੇ ਨਾਵਲ 'ਮੌਤ ਦੇ ਪਰਛਾਵੇਂ ਹੇਠ' ਬਾਰੇ ਬੋਲਦਿਆਂ ਕਿਹਾ ਕਿ ਇਸ ਨਾਵਲ ਵਿੱਚ ਔਰਤ ਨਾਲ ਹੁੰਦੀਆਂ ਵਧੀਕੀਆਂ ਬਾਰੇ ਲਿਖੀ ਕਹਾਣੀ ਹੈ। ਇਕਬਾਲ ਰਾਮੂਵਾਲੀਆ ਨੇ ਵੀ ਇਸ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ।
ਸਾਹਿਬ ਸਿੰਘ ਗਿੱਲ ਨੇ ਕਿਹਾ ਕਿ ਸਾਹਿਤ ਨੂੰ ਕਿਸੇ ਵੀ ਕੌਮ ਦੀ ਰੂਹ ਕਹਿ ਸਕਦੇ ਹਾਂ। ਘਟਨਾ ਦੀ ਸਹੀ ਤਸਵੀਰ ਪੇਸ਼ ਹੋਣੀ ਚਾਹੀਦੀ ਹੈ। ਇਸ ਨਾਵਲ ਵਿੱਚ ਇਸਤ੍ਰੀ ਜਾਤੀ ਦੀ ਦੁਰਦਸ਼ਾ ਅਤੇ ਉਸ ਦੀ ਹਰ ਸਮੱਸਿਆ ਜਿਵੇਂ ਭਰੂਣ ਹੱਤਿਆ, ਦਾਜ ਦੇ ਲਾਲਚ ਅਤੇ ਗਰੀਬੀ ਨੂੰ ਲਿਆ ਕੇ ਗੱਲ ਕੀਤੀ ਹੈ।
ਚੰਡੀਗੜ੍ਹ ਤੋਂ ਆਏ ਗੋਵਰਧਨ ਗੱਬੀ ਦਾ ਨਾਵਲ 'ਪੂਰਨ ਕਥਾ' ਵੀ ਰਿਲੀਜ਼ ਕੀਤਾ ਗਿਆ।
ਪਾਸ਼ ਬਾਰੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਲੋਕ ਪਾਸ਼ ਦੀ ਕਵਿਤਾ ਨੂੰ ਮਾਣਦੇ ਨੇ। ਉਨ੍ਹਾਂ ਪਾਸ਼ ਦੀ ਪ੍ਰਸਿੱਧੀ ਪਿੱਛੇ ਜਾਤੀਵਾਦ ਦਾ ਹੱਥ ਹੋਣ ਦੀ ਗੱਲ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਪਾਸ਼ ਦੀ ਕਵਿਤਾ ਉਸਦੇ ਜੀਂਦੇ-ਜੀਅ ਹੀ ਅੰਗ੍ਰੇਜ਼ੀ ਸਮੇਤ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਮਕਬੂਲ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਜਿੱਥੇ ਉਦਾਸੀ ਦੀ ਕਵਿਤਾ ਲੋਕ ਦਿਲਾਂ ਦੇ ਬਹੁਤ ਨੇੜੇ ਹੈ ਓਥੇ ਪਾਸ਼ ਆਪਣੀ ਕਵਿਤਾ ਨੂੰ ਅਕਾਦਮਿਕ ਪੱਧਰ 'ਤੇ ਲੈ ਕੇ ਗਿਆ ਜਿਸ ਕਰਕੇ ਅਕਾਦਮਿਕ ਹਲਕਿਆਂ ਵਿੱਚ ਉਸਦਾ ਜ਼ਿਕਰ ਹੋਇਆ ਤੇ ਉਸਦੀ ਪਛਾਣ ਵਧੀ। ਉਨ੍ਹਾਂ ਕਿਹਾ ਕਿ ਜਿੱਥੇ ਪਾਸ਼ ਨੇ "ਧਰਮ-ਦੀਕਸ਼ਾ ਲਈ ਬਿਨੈ-ਪੱਤਰ" ਕਵਿਤਾ ਰਾਹੀਂ ਖਾਲਿਸਤਾਨੀ ਦਹਿਸਤਗਰਦੀ ਦਾ ਵਿਰੋਧ ਕੀਤਾ ਓਥੇ ਉਸ ਨੇ 1984 'ਚ ਹੋਏ ਕਤਲੇਆਮ ਬਾਰੇ ਵੀ "ਬੇਦਖ਼ਲੀ ਲਈ ਬਿਨੈ-ਪੱਤਰ" ਕਵਿਤਾ ਲਿਖ ਕੇ ਸਿੱਖਾਂ ਵਿਰੁੱਧ ਹੋਈ ਸਰਕਾਰੀ ਗੁੰਡਾਗਰਦੀ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਅਜਮੇਰ ਸਿੰਘ ਤੇ ਰਜਿੰਦਰ ਰਾਹੀ ਵਰਗੇ ਸ਼ਹੀਦ ਭਗਤ ਸਿੰਘ, ਸੰਤ ਰਾਮ ਉਦਾਸੀ, ਗਦਰੀ ਬਾਬਿਆਂ ਅਤੇ ਪਾਸ਼ ਵਰਗੇ ਪੰਜਾਬ ਦੇ ਨਾਇਕਾਂ ਦੇ ਕਿਰਦਾਰ ਨੂੰ ਨੁਕਸਾਨ ਪਹੁੰਚਾਉਣ 'ਤੇ ਤੁਲੇ ਹੋਏ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜੋ ਬੰਦਾ 18 ਸਾਲ ਤੱਕ ਰੂਪੋਸ਼ ਰਹੇ ਹੋਣ ਦਾ ਦਾਅਵਾ ਕਰਦਾ ਹੋਵੇ ਤੇ ਹੁਣ ਸਰੇਆਮ ਖਾਲਿਸਤਾਨ ਦਾ ਪ੍ਰਚਾਰ ਕਰ ਰਿਹਾ ਹੋਵੇ ਉਸਨੂੰ ਇੰਡੀਅਨ ਸਰਕਾਰ ਪਾਸਪੋਰਟ ਜਾਰੀ ਕਰਕੇ ਵਿਦੇਸ਼ਾਂ ਵਿੱਚ ਜਾ ਖਾਲਿਸਤਾਨ ਦਾ ਪ੍ਰਚਾਰ ਕਰਨ ਦੀ ਆਗਿਆ ਕਿਵੇਂ ਦੇ ਰਹੀ ਹੈ ਜਦਕਿ ਹਜ਼ਾਰਾਂ ਹੀ ਸਿੱਖ ਵਿਦੇਸ਼ਾਂ ਵਿੱਚ ਸਿਰਫ ਇਸ ਕਰਕੇ ਜਲਾਵਤਨੀ ਭੋਗ ਰਹੇ ਹਨ ਕਿ ਉਨ੍ਹਾਂ ਨੇ ਕਦੀ ਖਾਲਿਸਤਾਨ ਦੇ ਹੱਕ ਵਿੱਚ ਕੋਈ ਗੱਲ ਕੀਤੀ ਸੀ ਜਾਂ ਸਿਰਫ ਪੱਕੇ ਹੋਣ ਲਈ ਰਿਫਿਊਜੀ ਕੇਸ ਕੀਤਾ ਸੀ?
ਉਨ੍ਹਾ ਇਹ ਵੀ ਕਿਹਾ ਕਿ ਜਿਹੜੀ 'ਘਾਹ' ਕਵਿਤਾ ਬਾਰੇ ਪਾਸ਼ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਹ ਪਾਸ਼ ਦੀ ਕਿਸੇ ਵੀ ਕਿਤਾਬ ਵਿੱਚ ਸ਼ਾਮਿਲ ਨਹੀਂ ਹੈ; ਇਹ ਕਵਿਤਾ ਅਮਰਜੀਤ ਚੰਦਨ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ 'ਖਿੱਲਰੇ ਹੋਏ ਵਰਕੇ' ਵਿੱਚ ਸ਼ਾਮਿਲ ਹੈ ਜੋ ਚੰਦਨ ਨੇ ਪਾਸ਼ ਦੀ ਮੌਤ ਤੋਂ ਬਾਅਦ ਉਸਦੇ ਕਾਗਜ਼ਾਂ ਵਿੱਚੋਂ ਲੱਭ ਕੇ ਛਾਪੀ ਸੀ।
ਇਕਬਾਲ ਰਾਮੂਵਾਲੀਆ ਨੇ ਦੱਸਿਆ ਕਿ ਪਾਸ਼ ਪੰਜਾਬ ਦੀ ਸ਼ਾਇਰੀ ਦੇ ਇਤਿਹਾਸ ਵਿੱਚ ਨਵੀਂ ਪੈੜ ਲੈ ਕੇ ਆਇਆ। ਉਨ੍ਹਾਂ ਸਪਸ਼ਟ ਕੀਤਾ ਕਿ 'ਘਾਹ' ਕਵਿਤਾ ਪਾਸ਼ ਵੱਲੋਂ ਅੰਗ੍ਰੇਜ਼ੀ ਕਵਿਤਾ ਦਾ ਕੀਤਾ ਗਿਆ ਅਨੁਵਾਦ ਸੀ ਜਿਸ ਵਿੱਚ ਪਾਸ਼ ਨੇ ਰਵਾਇਤ ਅਨੁਸਾਰ ਥਾਵਾਂ ਦੇ ਨਾਂ ਬਦਲੇ ਸਨ ਪਰ ਉਸਨੇ ਕਦੀ ਵੀ ਇਸਨੂੰ ਆਪਣੇ ਨਾਂ ਹੇਠ ਨਹੀਂ ਛਪਵਾਇਆ।
ਜਸਵੰਤ ਸਿੰਘ ਨੇਕੀ ਹੁਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਰਿਆਮ ਸਿੰਘ ਸੰਧੂ ਹੁਰਾਂ ਜਿੱਥੇ ਉਨ੍ਹਾਂ ਦੇ ਮਿਲਾਪੜੇ ਸੁਭਾਅ ਦੀ ਗੱਲ ਕੀਤੀ ਓਥੇ ਉਨ੍ਹਾਂ ਦੀ ਇਨਸਾਨੀ ਭਾਵਨਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਇੱਕ ਪਾਸੇ ਅੱਜ ਅਸੀਂ 'ਸਤਿਕਾਰ ਕਮੇਟੀਆਂ' ਵਰਗੇ ਅਖੌਤੀ ਸਿੱਖਾਂ ਦੇ ਕਾਰਨਾਮੇ ਵੇਖ ਰਹੇ ਹਾਂ ਤੇ ਦੂਸਰੇ ਪਾਸੇ ਨੇਕੀ ਜੀ ਸਨ ਜਿਨ੍ਹਾਂ ਨੇ ਮਿਲਵਾਕੀ ਕਾਨਫਰੰਸ ਵਿੱਚ ਕਿਹਾ ਸੀ ਕਿ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਦੂਜੇ ਨੂੰ "ਕੀ ਤੂੰ ਸਿੱਖ ਹੈਂ?" ਪੁੱਛਦੇ ਹਾਂ, ਉਸ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੀਏ ਕਿ "ਕੀ ਮੈਂ ਸਿੱਖ ਹਾਂ?"
ਸੰਧੂ ਸਾਹਿਬ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗ਼ਦਰੀ ਬਾਬੇ ਸਿੱਖ ਸਨ ਪਰ ਉਨ੍ਹਾਂ ਦੀ ਲੜਾਈ 'ਆਜ਼ਾਦੀ ਦੀ ਲੜਾਈ' ਸੀ, 'ਸਿੱਖਿਸਤਾਨ ਦੀ ਲੜਾਈ' ਨਹੀਂ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਬਦਨਾਮ ਕਰਨ ਲਈ ਉਸ ਸਿਰਦਾਰ ਕਪੂਰ ਸਿੰਘ ਦੀ ਲਿਖਤ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਜੋ "ਆਖ ਦਮੋਦਰ ਅੱਖੀਂ ਡਿੱਠਾ" ਵਾਂਗ ਸਾਂਡਰਸ ਨੂੰ ਗੋਲੀ ਵੱਜਣ ਸਮੇਂ ਵੀ, ਲਾਲਾ ਲਾਜਪਤ ਰਾਏ ਨੂੰ ਸੱਟਾਂ ਵੱਜਣ ਸਮੇਂ ਵੀ, ਅਤੇ ਭਗਤ ਸਿੰਘ ਨੂੰ ਫ਼ਾਂਸੀ ਲੱਗਣ ਸਮੇਂ ਵੀ ਆਪਣੇ ਆਪ ਨੂੰ ਮੌਕੇ 'ਤੇ ਹਾਜ਼ਰ ਦੱਸਦਾ ਹੈ। ਪਾਸ਼ ਬਾਰੇ ਉਨ੍ਹਾਂ ਕਿਹਾ ਕਿ ਲਾਲ ਸਿੰਘ 'ਦਿਲ' ਤੇ ਪਾਸ਼ ਭਾਵੇਂ ਇੱਕ ਦੂਜੇ ਤੋਂ ਵੱਖਰੇ ਸਨ ਪਰ ਆਪਣੀ ਥਾਵੇਂ ਦੋਵੇਂ ਹੀ ਬੁਲੰਦ ਸ਼ਾਇਰ ਸਨ। ਸੰਧੂ ਜੀ ਨੇ ਪਾਸ਼ ਦੀ ਉਨ੍ਹਾਂ ਦੇ ਨਾਂ ਲਿਖੀ ਹੋਈ ਇੱਕ ਮੈਗਜ਼ੀਨ 'ਚ ਛਪੀ ਚਿੱਠੀ ਅਸਲ ਰੂਪ 'ਚ ਪੜ੍ਹ ਕੇ ਸੁਣਾਈ ਅਤੇ ਪਾਸ਼ ਨਾਲ ਹੋਈ ਗੱਲ-ਬਾਤ ਵੀ ਸਾਂਝੀ ਕੀਤੀ।
ਮਹਿੰਦਰਦੀਪ ਗਰੇਵਾਲ ਨੇ ਦੱਸਿਆ ਕਿ ਉਹ ਪਾਸ਼ ਨਾਲ ਨਿਜੀ ਤੌਰ 'ਤੇ ਮੀਟਿੰਗਾਂ ਵਿੱਚ ਜਾਂਦੇ ਰਹੇ, ਸਰਮਾਏਦਾਰਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਰਹੇ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਪਾਸ਼ ਵਧੀਆ ਵਾਰਤਿਕਕਾਰ ਵੀ ਸੀ। ਉਸ ਨੇ ਕੁਝ ਕਹਾਣੀਆਂ ਵੀ ਲਿਖੀਆਂ ਸਨ ਤੇ ਮਿਲਖਾ ਸਿੰਘ ਦੀ ਜੀਵਨੀ "ਫਲਾਈਂਗ ਸਿੱਖ" ਵੀ ਲਿਖੀ ਸੀ। ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਜਨਵਰੀ, 1985 ਵਿੱਚ ਪਾਸ਼ ਨੇ ਜਦੋਂ 'ਬੇਦਖ਼ਲੀ ਲਈ ਪੱਤਰ' ਪੜ੍ਹ ਕੇ ਸੁਣਾਇਆ, ਤਾੜੀਆਂ ਦੀ ਗੜਗੜਾਹਟ ਖ਼ੂਬ ਸੁਣਾਈ ਦਿੱਤੀ ਸੀ।
ਅਖੀਰ, ਪਿੰਸੀਪਲ ਰਾਮ ਸਿੰਘ ਕੁਲਾਰ ਨੇ ਦੱਸਿਆ ਕਿ ਉਹ ਵੀ ਨੇਕੀ ਜੀ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਸਨ। ਉਨ੍ਹਾਂ ਅਰਦਾਸ ਬਾਰੇ ਗੱਲ ਕੀਤੀ ਤੇ ਅੱਜਕਲ੍ਹ ਦੇ ਮਾਹੌਲ ਬਾਰੇ ਸਹਿਣਸ਼ੀਲਤਾ ਦੀ ਗੱਲ ਕਰਦਿਆਂ ਕਿਹਾ ਕਿ ਜੇ ਅਸੀਂ ਸੱਚੇ ਸਿੱਖ ਹਾਂ ਤਾਂ ਕਈ ਕੁਝ ਅਣਡਿੱਠ ਕਰਨਾ ਵੀ ਸਿੱਖ ਲਈਏ।
ਇਸ ਦੇ ਨਾਲ ਹੀ ਅੱਜ ਦੀ ਮੀਟਿੰਗ ਬਰਖ਼ਾਸਤ ਹੋਈ। ਅੱਜ ਦੇ ਭਰੇ ਹੋਏ ਹਾਲ ਵਿੱਚ ਬੁਲਾਰਿਆਂ ਤੋਂ ਇਲਾਵਾ, ਜਰਨੈਲ ਸਿੰਘ ਕਹਾਣੀਕਾਰ, ਵਕੀਲ ਕਲੇਰ, ਸੁਦਾਗਰ ਬਰਾੜ, 'ਪੰਜਾਬੀ ਆਵਾਜ਼' ਤੋਂ ਗੁਰਦਿਆਲ ਸਿੰਘ ਬੱਲ, ਹਰਜੀਤ ਸਿੰਘ ਬੇਦੀ, ਸ: ਪੂਰਨ ਸਿੰਘ ਪਾਂਧੀ, ਸੁਰਜੀਤ ਕੌਰ, ਲਵੀਨ ਗਿੱਲ, ਮਕਸੂਦ ਚੌਧਰੀ, ਜਰਨੈਲ ਸਿੰਘ ਬੁੱਟਰ, ਰਾਜਵੰਤ ਬਾਜਵਾ, ਗੁਰਦਾਸ ਮਿਨਹਾਸ ਅਤੇ ਹੋਰ ਵੀ ਬਹੁਤ ਜਣਿਆਂ ਨੇ ਸ਼ਿਰਕਤ ਕੀਤੀ।
ਬ੍ਰਜਿੰਦਰ ਗੁਲਾਟੀ