ਲਾਲ ਰੰਗ ਦਾ ਹੀ ਹੁੰਦਾ ਐ,ਰੰਗ ਹੋਰ ਨਾ ਕਾਈ,
ਸਰਹੱਦਾਂ ਦੇ ਏਧਰ ਓਧਰ, ਡੁੱਲ੍ਹਦੈ ਜਿਹੜਾ ਰੱਤ।
ਪੱਛਮ ਦੀ ਹਰ ਚੀਜ਼ ਹੰਢਾਕੇ,ਕਰੀਏ ਵਿਰਸਾ ਵਿਰਸਾ,
ਕੀ ਕਹਿੰਦੇ ਹਾਂ,ਕੀ ਕਰਦੇ ਹਾਂ,ਚੱਕਰ ਖਾਵੇ ਮੱਤ।
ਬੁੱਤ ਤ੍ਰਿੰਝਣ ਬੈਠਾ ਉਸਦਾ, ਰੂਹ ਰੰਝੇਟੇ ਕੋਲ,
ਸੁਰਤ ਸਾਗਰੋਂ ਪਾਰ ਗਈ,ਲਏ ਕੀਕਣ ਪੂਣੀ ਕੱਤ।
ਆਜਾ ਤੈਨੂੰ ਦੇਸ਼ ਮੇਰੇ ਦਾ, ਦੇਵਾਂ ਹਾਲ ਵਿਖਾ,
ਸੁਲਫੇ ਸਾਹੀਂ ਭਰਦਾ ਪੁੱਤਰ,ਧੀ ਹੁੰਦੀ ਬੇਪੱਤ।
ਗੁਰਬਤ ਕਰੇ ਮਖੌਲ ਮੁੱਕ ਗਏ, ਡੂਨੇ ਵਿੱਚੋਂ ਚੌਲ,
ਕੰਧ ਤਰੇੜਾਂ ਛੱਡ ਗਈ ,ਤੇ ਚੋਵਣ ਲੱਗੀ ਛੱਤ।
ਉਹ ਕੀ ਲਾਵੇਗਾ ਫਿਰ "ਸੰਧੂ" ਮਲ੍ਹਮ,ਹਲਦੀ ਲੇਪ,
ਜ਼ਖਮਾਂ ਨੂੰ ਹੀ ਤੱਕ ਕੇ ਜਿਹੜਾ,ਲੱਗਜੇ ਲੈਣ ਅਵੱਤ।