ਪ੍ਰੋ: ਮੋਹਨ ਸਿੰਘ ਦਾ ਜਨਮ ਦਿਨ ਮਨਾਇਆ (ਖ਼ਬਰਸਾਰ)


ਲੁਧਿਆਣਾ --  ਆਰਤੀ ਚੌਕ ਲੁਧਿਆਣਾ ਵਿਖੇ ਪ੍ਰੋ: ਮੋਹਨ ਸਿੰੰਘ ਦੇ ਬਣੇ ਬੁੱਤ ਉੱਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਸ ਮਹਾਨ ਵਿਦਵਾਨ ਦਾ ਜਨਮ ਦਿਵਸ ਸਦਭਾਵਨਾ  ਦਿਵਸ ਵਜੋਂ ਮਨਾਇਆ ਗਿਆ।  
ਗ਼ਜ਼ਲ ਮੰਚ ਦੇ ਵਿੱਤ ਸਕੱਤਰ ਹਰਬੰਸ ਮਾਲਵਾ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਪ੍ਰੋ: ਮੋਹਨ ਸਿੰਘ ਸਾਡੇ ਯੁੱਗ ਕਵੀ ਹਨ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਦਾ ਸੁਨੇਹਾ ਦਿੱਤਾ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਧਰਮ ਮਨੁੱਖਤਾ ਨੂੰ ਜੋੜਦਾ ਹੈ, ਪਿਆਰ-ਮੁਹੱਬਤ ਦਾ ਸੁਨੇਹਾ ਦਿੰਦਾ ਹੈ, ਪਰ ਲੋਕ ਧਰਮ ਦੇ ਨਾਂ 'ਤੇ ਆਪਸ ਵਿਚ ਲੜ ਰਹੇ ਹਨ, ਵੱਢ-ਟੁੱਕ ਕਰ ਰਹੇ ਹਨ ਤੇ ਸਿਆਸੀ ਲੋਕ ਤਮਾਸ਼ਾ ਦੇਖ ਰਹੇ ਹਨ, ਇਸ ਤੋਂ ਸੁਚੇਤ ਹੋਣ ਦੇ ਲਈ ਸਾਨੂੰ ਪ੍ਰੋ ਮੋਹਨ ਸਿੰਘ ਦੇ ਜੀਵਨ ਤੇ ਲਿਖਤਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਚ ਅਮਨ-ਸ਼ਾਂਤੀ ਦੀ ਭਾਵਨਾ ਕਾਇਮ ਹੋ ਸਕੇ। 
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਝਾਂਡੇ ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਦਾ ਸਮੁੱਚਾ ਸਾਹਿਤ ਪ੍ਰਗਤੀਵਾਦੀ ਸਾਹਿਤ ਹੈ ਜਿਸ ਨੇ ਹਮੇਸ਼ਾ ਆਪਸੀ ਸਦਭਾਵਨਾ ਦਾ ਸੁਨੇਹਾ ਦਿੱਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ  ਪ੍ਰਧਾਨ  ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਦੇ  ਵਿਚਾਰ ਹਮੇਸ਼ਾ ਸੋਸ਼ਿਤ ਲੋਕਾਂ ਦੇ  ਹੱਕ ਵਿਚ ਰਹੇ ਨੇ ਤੇ ਫਿਰਕੂ ਸਦਭਾਵਨਾ ਵਿਚ ਵਿਘਨ ਪੈਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਸੋਸ਼ਿਤ ਲੋਕਾਂ ਨੂੰ ਹੁੰਦਾ ਹੈ।
ਸਮੁੱਚੇ ਤੌਰ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਠੇ ਹੋਏ ਸਾਹਿਤਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸ਼ੁਭ ਮੌਕੇ ਤੇ ਅਪੀਲ ਕੀਤੀ ਕਿ ਉਹ ਆਪਸੀ ਤਨਾਅ ਘਟਾ  ਕੇ ਸਹੀ ਦੁਸ਼ਮਣ ਦੀ ਪਛਾਣ ਕਰਨ।  
ਹੋਰਨਾਂ ਤੋਂ ਇਲਾਵਾ ਡਾ. ਗੁਰਚਰਨ ਕੌਰ ਕੋਚਰ, ਜਨਮੇਜਾ ਜੌਹਲ, ਸੁਰਿੰਦਰ ਕੈਲੇ, ਭਗਵਾਨ ਢਿੱਲੋ, ਬਲਵਿੰਦਰ ਔਲਖ ਗਲੈਕਸੀ, ਭੁਪਿੰਦਰ ਧਾਲੀਵਾਲ, ਰਵਿੰੰਦਰ ਦੀਵਾਨਾ, ਦੀਪ ਜਗਦੀਪ, ਅਮਰਜੀਤ ਸ਼ੇਰਪੁਰੀ, ਇੰਜ: ਸੁਰਜਨ ਸਿੰਘ ਆਦਿ  ਹਾਜ਼ਿਰ ਸਨ ।