ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ
(ਖ਼ਬਰਸਾਰ)
ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 3 ਅਕਤੂਬਰ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਰਾਈਟਰਜ਼ ਫੋਰਮ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜਗਦੀਸ਼ ਸਿੰਘ ਚੋਹਕਾ ਦੀ ਪ੍ਰਧਾਨਗੀ ਵਿੱਚ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਡਾ. ਮਨਮੋਹਨ ਸਿੰਘ ਬਾਠ ਦੇ ਖ਼ੂਬਸੂਰਤੀ ਨਾਲ ਗਾਏ ਇਕ ਹਿੰਦੀ ਫਿਲਮੀ ਗਾਣੇ ਨਾਲ ਸੰਗੀਤ ਦਾ ਦੌਰ ਸ਼ੁਰੂ ਹੋਇਆ ਜਿਸਨੂੰ ਸੁਖਵਿੰਦਰ ਸਿੰਘ ਤੂਰ ਹੋਰਾਂ ਦੋਆਬਾ ਦੇ ਪਿਂਡਾਂ ਤੇ ਲਿਖੇ ਇਕ ਪੰਜਾਬੀ ਗੀਤ ਨਾਲ ਬਖ਼ੂਬੀ ਨਿਭਾਇਆ।
ਡਾ. ਮਜ਼ਹਰ ਸਦੀਕੀ ਹੋਰਾਂ ਅਪਣੇ ਉਰਦੂ ਦੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲੈ ਲਈ।
ਇਕੱਤਿਦਾਰ ਅਵਾਨ ਨੇ ਅਪਣੀ ਉਰਦੂ ਨਜ਼ਮ ਨਾਲ ਤਾੜੀਆਂ ਲਈਆਂ –
“ਕਾਸ਼ ਵੋ ਲਮਹੇ ਲੌਟ ਕਰ ਆਏਂ
ਤੂਨੇ ਦਿਯੇ ਜੋ ਤੋਹਫ਼ੇ ਸਾਰੇ, ਮਿਲ ਕਰ ਤੇਰੀ ਯਾਦ ਦਿਲਾਏਂ
ਤੁਮ ਸੁਨੋ ਔਰ ਹਮ ਸੁਨਾਏਂ, ਮੇਰੇ ਸੁਰ ਹੋਂ ਦੋਨੋਂ ਗਾਏਂ,
ਕਾਸ਼ ਵੋ ਲਮਹੇ ਲੌਟ ਕਰ ਆਏਂ
ਰਣਜੀਤ ਸਿੰਘ ਮਿਨਹਾਸ ਨੇ ਬੁਢਾਪੇ ਬਾਰੇ ਲਿਖੀ ਹਾਸ-ਕਵਿਤਾ ਨਾਲ ਰੰਗ ਬਨ੍ਹਿਆ –
“ਗਈ ਜਵਾਨੀ ਆਇਆ ਬੁਢਾਪਾ, ਨਾਲ ਲਿਆਇਆ ਸੌ ਸਿਆਪਾ
ਸੌ-ਸੌ ਬੈਠਕਾਂ ਕੱਢਣ ਵਾਲੇ ਗੋਡੇ ਭਾਰ ਨਾ ਸਹਿੰਦੇ
ਖੂੰਡੀ ਫੜ ਮਿੱਤਰਾ, ਹੱਥਾਂ ਨੂੰ ਹੁਣ ਕਹਿੰਦੇ,
ਖੂੰਡੀ ਫੜ ਮਿਤਰਾ.......”
ਜਸਵੀਰ ਸਿੰਘ ਸੀਹੋਤਾ ਹੋਰਾਂ ਦੁਨੀਆਂ ਦੇ ਦਸ ਵੱਡੇ ਅੰਗਰੇਜ਼ ਲੁਟੇਰਿਆਂ ਤੇ ਲਿਖੀ ਕਿਤਾਬ ਦੀ ਗੱਲ ਕਰਦਿਆਂ ਇਹਨਾਂ ਬਾਰੇ ਰੋਚਕ ਜਾਨਕਾਰੀ ਸਾਂਝੀ ਕੀਤੀ।
ਬੀਬੀ ਗੁਰਦੀਸ਼ ਕੌਰ ਗਰੇਵਾਲ ਹੋਰਾਂ ਆਪਣੀ ਇਕ ਸੁੰਦਰ ਰਚਨਾ ਨਾਲ ਸਭਾ ਵਿੱਚ ਪਹਿਲੀ ਵਾਰੀ ਹਾਜ਼ਰੀ ਲਵਾਕੇ ਤਾੜੀਆਂ ਲੈ ਲਈਆਂ –
“ਹਿੰਦੂ, ਸਿੱਖ, ਇਸਾਈ ਹੋਵੇਂ, ਜਾਂ ਫਿਰ ਮੁਸਲਮਾਨ ਓ ਬੰਦੇ
ਇਸ ਤੋਂ ਪਹਿਲਾਂ ਬਣ ਜਾਈਂ ਤੂੰ, ਸੱਚਾ ਇਕ ਇਨਸਾਨ ਓ ਬੰਦੇ”
ਹਰਨੇਕ ਸਿੰਘ ‘ਬੱਧਨੀ’ ਹੋਰਾਂ ਆਪਣੀ ਇਸ ਗ਼ਜ਼ਲ ਰਾਹੀਂ ਬਹੁਤ ਕੁਝ ਸੋਚਣ ਤੇ ਮਜਬੂਰ ਕਰ ਦਿੱਤਾ –
“ਕੱਢ ਕੇ ਘਰ ਚੋਂ ਮਾਪਿਆਂ ਨੂੰ, ਲੋਕ ਕੁੱਤੇ ਪਾਲਦੇ ਐ
ਕੁੱਤਿਆਂ ਵਿੱਚ, ਆਪਣੇ ਮਾਪਿਆਂ ਤੋਂ ਵਧ ਵਫਾਦਾਰੀ ਭਾਲਦੇ ਐ”
ਜਗਦੀਸ਼ ਸਿੰਘ ਚੋਹਕਾ ਹੋਰਾਂ ਡਾ.ਜਸਵੰਤ ਸਿੰਘ ਨੇਕੀ ਅਤੇ ਜਸਵੰਤ ਜ਼ਫ਼ਰ ਵਲੋਂ ਮਾਂ ਬੋਲੀ ਪੰਜਾਬੀ ਲਈ ਪਾਏ ਯੋਗਦਾਨ ਲਈ, ਉਨ੍ਹਾਂ ਦੀ ਮੌਤ ਤੇ ਸਭਾ ਵਲੋਂ ਦੁਖ ਦਾ ਮਤਾ ਪੇਸ਼ ਕੀਤਾ। ਉਹਨਾਂ ਕੈਨੇਡਾ ਸੰਸਦ ਲਈ ਹੋ ਰਹੀਆਂ ਚੋਣਾਂ ਵਿੱਚ ਸਭਨੂੰ ਉਸਾਰੂ ਰੋਲ ਅਦਾ ਕਰਨ ਦੀ ਅਪੀਲ ਵੀ ਕੀਤੀ।
ਪ੍ਰਭਦੇਵ ਸਿੰਘ ਗਿੱਲ ਹੋਰਾਂ ਆਪਣੀਆਂ ਇਹਨਾਂ ਸਤਰਾਂ ਨਾਲ ਬੁਲਾਰਿਆਂ ‘ਚ ਹਾਜ਼ਰੀ ਲਵਾਈ –
“ਕਾਹਦੀ ਤੇਰੀ ਯਾਰੀ ਯਾਰਾ, ਕਾਹਦੀ ਤੇਰੀ ਯਾਰੀ
ਬਿੰਨ ਦੰਦਿਆਂ ਤੋਂ ਆਰੀ ਯਾਰਾ, ਬਿੰਨ ਦੰਦਿਆਂ ਤੋਂ ਆਰੀ
ਨਾ ਇਹ ਵੱਢੇ, ਨਾ ਇਹ ਛੱਡੇ, ਸੂਲੀ ਜਿੰਦ ਲਟਕਾਈ.
ਵਿਚ ਥਲਾਂ ਦੇ ਸੜ ਗਈ ਸੱਸੀ ਤਰਸ ਨਾ ਆਇਆ ਕਾਈ।....”
ਸ਼ਾਹਿਦ ਪਰਵੇਜ਼ “ਸ਼ਾਹਿਦ” ਨੇ ਆਪਣੀ ਇਕ ਉਰਦੂ ਗ਼ਜ਼ਲ ਸਾਂਝੀ ਕਰ ਵਾਹ-ਵਾਹ ਲੁੱਟ ਲਈ –
“ਇਲਾਹੀ ਤੇਰੀ ਦੁਨਯਾ ਮੇਂ ਵਫ਼ਾਓਂ ਪਰ ਜਫ਼ਾ ਕਯੂੰ ਹੈ?
ਯੇ ਇਨਸਾਨੇ-ਮੁਅੱਜ਼ਮ, ਬੇਮੁਰੱਵਤ ਬੇਵਫ਼ਾ ਕਯੂੰ ਹੈ?
ਬੁਰਾਈ ਪਰ ਨ ਰੰਜੀਦਾ, ਗੁਨਾਹੋਂ ਪਰ ਨਾ ਸ਼ਰਮਿੰਦਾ
ਸਮਝਤਾ ਅਬ ਯੇ ਅਪਨੇ ਆਪਕੋ ਅਪਨਾ ਖ਼ੁਦਾ ਕਯੂੰ ਹੈ?”
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀ ਇਸ ਗ਼ਜ਼ਲ ਨਾਲ ਤਾੜੀਆਂ ਲੁੱਟ ਲੀਆਂ-
“ਠਰਿਆ ਨਹੀਂ ਮੈਂ ਚਾਹੇ ਐਹਸਾਸ ਠਰ ਗਏ ਨੇ
ਕੈਸੀ ਇਹ ਬੇਰੁਖੀ ਹੈ ਨਗਮੇਂ ਵੀ ਮਰ ਗਏ ਨੇ।
ਮੁਸ਼ਕਲ ਜੁਦਾਈ ਪਲ ਦੀ, ਅਰਸੇ ਗੁਜ਼ਰ ਗਏ ਨੇ
ਮਿਲਣੇ ਦਾ ਕਰਕੇ ਵਾਅਦਾ ਮਹਿਰਮ ਵਿਸਰ ਗਏ ਨੇ।
ਜੱਸ ਚਾਹਲ ਨੇ ਆਪਣੇ ਹਿੰਦੀ ਵਿਚ ਕੁਛ ਸ਼ੇ’ਅਰ ਸੁਣਾਕੇ ਵਾਹ-ਵਾਹ ਲੈ ਲਈ-
“ਜ਼ਿੰਦਗੀ ਨਾਮ ਹੈ ਚਲਨੇ ਕਾ, ਚਲਤੇ ਰਹਨਾ
ਕੋਈ ਸਾਂਚਾ ਹੋ, ਹਰ ਸਾਂਚੇ ਮੇਂ ਢਲਤੇ ਰਹਨਾ”।
ਡਾ. ਮਨਮੋਹਨ ਬਾਠ ਹੋਰਾਂ ਦਾ ਫ਼ੋਟੋਗ੍ਰਾਫੀ ਕਰਨ ਤੇ ਲਈ ਖ਼ਾਸ ਧੰਨਵਾਦ ਕੀਤਾ ਗਿਆ।
ਸਕੱਤਰ ਨੇ ਅਪਣੇ ਅਤੇ ਰਾਈਟਰਜ਼ ਫੋਰਮ ਦੇ ਪਰਧਾਨ ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ 7 ਨਵੰਬਰ 2015 ਨੂੰ ਹੋਣ ਵਾਲੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਜੱਸ ਚਾਹਲ