ਟੁੱਟੀਆਂ ਸੜਕਾਂ ਡੂੰਘੇ ਟੋਏ
ਸਾਥੋਂ ਹਾਲੇ ਭਰ ਨਹੀਂ ਹੋਏ
ਨਾ ਕੋਈ ਭਰਨ ਦੀ ਆਸ ਹੈ ਯਾਰੋ
ਪਰ ਹੋਇਆ ਬੜਾ ਵਿਕਾਸ ਹੈ ਯਾਰੋ
ਨਸ਼ਿਆਂ ਦੇ ਵਿਚ ਗੁੱਟ ਹੋਏ ਫਿਰਦੇ
ਮਾਂ ਦੇ ਲਾਡਲੇ ਪੁੱਤ ਹੋਏ ਫਿਰਦੇ
ਉੱਜੜ ਗਿਆ ਪ੍ਰੀਵਾਰ ਹੈ ਪੂਰਾ।
ਸਰਕਾਰ ਕਹੇ,,,,,,,,,,,,,,,,,,,,
ਧੂੰਆਂ ਫੈਲਾਵੇ ਪਿੰਡੀਂ ਕਹਿਰ
ਬਚੇ ਨਾ ਇਸਤੋਂ ਸਾਰੇ ਸ਼ਹਿਰ
ਪਾਣੀਆਂ ਦੇ ਵਿਚ ਘੁਲਿਆ ਜ਼ਹਿਰ
ਹਰ ਪਾਸੇ ਹੈ ਛਾਇਆ ਕਹਿਰ
ਬੱਚੇ ਜਨਮ ਤੋਂ ਪਹਿਲਾਂ ਰੋਗੀ
ਮਾਂ ਦਾ ਦੁੱਧ ਵੀ ਹੋਇਆ ਸੋਗੀ।
ਡੋਲ ਰਿਹਾ ਹਰ ਇਕ ਪੰਘੂੜਾ
ਸਰਕਾਰ ਕਹੇ,,,,,,,,,,,,,,,,,,
ਫਿਰ ਵੀ ਸਾਡਾ ਜਿਗਰਾ ਵੇਖੋ
ਪੰਜ ਆਬ ਦੇ ਗੁਣ ਗਾਉਂਦੇ ਹਾਂ
ਭਾਰਤ ਸਾਡਾ ਦੇਸ਼ ਮਹਾਨ
ਗਾ ਸੋਹਲੇ ਜਸ਼ਨ ਮਨਾਉਂਦੇ ਹਾਂ
ਸਾਡੀਆਂ ਅੱਖਾਂ, ਕੰਨ, ਮੂੰਹ ਬੰਦ ਹੈ
ਚੁੱਕ ਬਾਹਾਂ ਨਾਹਰੇ ਲਾਉਂਦੇ ਹਾਂ
ਆਜ ਅਸੀਂ ਸਿਰਦਾਰ ਕਹਾਉਂਦੇ
ਗਾਇਬ ਹੋ ਗਿਆ ਸਾਡਾ ਜੂੜਾ
ਸਰਕਾਰ ਕਹੇ,,,,,,,,,,,,,,,,,,,,
ਹੁਣ ਨਹੀਂ ਕਿਤੇ ਸੁਰੱਖਿਅਤ ਧੀ
ਕਦੋਂ ਕਿਤੇ ਹੋ ਜਾਵੇ ਕੀ
ਸਮੂਹਿਕ ਬਲਾਤਕਾਰ ਦੀਆਂ ਖਬਰਾਂ
ਬਣਦੀਆਂ ਨਿੱਤ ਅਖਬਾਰ ਦੀ ਸੁਰਖੀ।
ਰਿਸ਼ਵਤ ਰੋਕਣ ਜੋ, ਖੁਦ ਦੋਸ਼ੀ
ਭ੍ਰਿਸ਼ਟਾਚਾਰ ਦੇ ਬੀਜਣ ਬੀਅ।
'ਕਾਉਂਕੇ' ਕਲਮ ਚਲਾਈ ਚੱਲ ਤੂੰ
ਅਜੇ ਤਾਂ ਬਹੁਤ ਹਨਰਾ ਗੂੜਾ
ਸਰਕਾਰ ਕਹੇ ਪਰਚਾਰ ਹੈ ਕੂੜਾ