ਚੌਮੁਖੀਆ ਇਬਾਰਤਾਂ - (ਕਿਸ਼ਤ 1) (ਸਾਡਾ ਵਿਰਸਾ )

ਗੁਰਮਿੰਦਰ ਸਿੱਧੂ (ਡਾ.)   

Email: gurmindersidhu13@gmail.com
Cell: +1 604 763 1658
Address:
ਸਰੀ British Columbia Canada
ਗੁਰਮਿੰਦਰ ਸਿੱਧੂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾ. ਗੁਰਮਿੰਦਰ ਸਿਧੂ ਬਹੁ ਪੱਖੀ ਲੇਖਿਕਾ ਹਨ। ਕਵਿਤਾ ਦੇ ਖੇਤਰ ਵਿਚ ਉਨ੍ਹਾਂ ਦੀ ਵਿਲੱਖਣ ਪਹਿਚਾਨ ਹੈ। ਹੁਣੇ ਜਿਹੇ ਉਨ੍ਹਾਂ ਦੀ ਕਾਵਿ ਮਈ ਵਾਰਤਕ ਪੁਸਤਕ ਆਈ ਹੈ ਜਿਸ ਵਿਚ ਉਨ੍ਹਾਂ ਦੇ ਪੰਜਾਬੀ ਭਾਸ਼ਾ ਲਈ ਮੋਹ ਦੀ ਝਲਕ ਮਿਲਦੀ ਹੈ। ਇਸ ਵਿਚ ਉਨ੍ਹਾਂ ਨੇ ਵਖ ਵਖ ਮੌਕਿਆਂ ਤੇ ਭੇਜੇ ਜਾਣ ਵਾਲੇ ਸੱਦਾ ਪੱਤਰਾਂ ਦੀ ਇਬਾਰਤ ਨੂੰ ਪੰਜਾਬੀ ਵਿਚ ਪੇਸ਼ ਕੀਤਾ ਹੈ ਤਾਂ ਜੋ ਪਾਠਕ ਆਪਣੇ ਸੁਨੇਹੇ ਅੰਗਰੇਜੀ ਦੀ ਥਾਂ ਪੰਜਾਬੀ ਵਿਚ ਲਿਖ ਸਕਣ। ਬਹੁਤ ਹੀ ਮਿਹਨਤ ਨਾਲ ਲਿਖੀ ਇਸ ਪੁਸਤਕ ਵਿਚੋਂ ਕੁਝ ਇਬਾਰਤਾਂ ਅਸੀਂ ਲੜੀਵਾਰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ।   

ਲੇਖਿਕਾ ਵੱਲੋਂ--

ਦੋਸਤੋ!ਕਹਿੰਦੇ ਨੇ ਕਵਿਤਾ ਲੋਕਾਂ ਤੋਂ ਦੂਰ ਹੋ ਰਹੀ ਹੈ ਤੇ ਇਹ ਸ਼ਾਇਦ ਕੁਝ ਹੱਦ ਤੱਕ ਸੱਚ ਵੀ ਹੈ।ਇਸ ਦੇ ਨਾਲ ਹੀ ਪੰਜਾਬੀ ਬੋਲੀ,ਪੰਜਾਬੀ ਸੱਭਿਆਚਾਰ ਵੀ ਸਾਡੀ ਜੀਵਨ-ਸ਼ੈਲੀ ਵਿਚੋਂ ਅਲੋਪ ਹੁੰਦਾ ਜਾ ਰਿਹੈ,ਅੰਗਰੇਜ਼ੀ ਵਰਤ ਕੇ ਤੇ ਹੋਰ ਗਤੀਵਿਧੀਆਂ ਨਾਲ ਆਪਣੇਆਪ ਨੂੰ ਬਹੁਤ ਅਗਾਂਹਵਧੂ ਦਿਖਾਉਣ ਲਈ ਪੱਬਾਂ ਭਾਰ ਹੋਏ ਪੰਜਾਬੀ ਆਪਣੀ ਮਾਂ-ਬੋਲੀ ਨੂੰ ਨੀਂਵੀਂ ਸਮਝਣ ਲੱਗ ਪਏ ਹਨ।ਪਰ ਇਸ ਗੂੜ੍ਹੇ ਹਨ੍ਹੇਰੇ ਵਿੱਚ ਇਕ ਚਾਨਣ ਦੀ ਲਿਸ਼ਕੋਰ ਵੀ ਹੈ,ਮੈਂ ਕੁਝ ਅਜੇਹੇ ਪੰਜਾਬੀ ਧੀਆਂ-ਪੁੱਤਾਂ ਨੂੰ ਮਿਲੀ ਹਾਂ ਜਿਹੜੇ ਵਿਆਹ,ਜਨਮ-ਦਿਨ ਆਦਿ ਦੇ ਕਾਰਡ ਛਪਾਉਣ ਵੇਲੇ ਜਾਂ ਕਿਸੇ ਨੂੰ ਸ਼ੁਭ ਇਛਾਵਾਂ ਭੇਜਣ ਵੇਲੇ ਪੰਜਾਬੀ ਵਰਤਣੀ ਤਾਂ ਚਾਹੁੰਦੇ ਹਨ,ਪਰ ਉਹਨਾਂ ਨੂੰ ਸ਼ਬਦ ਨਹੀਂ ਲੱਭਦੇ।ਉਹਨਾਂ ਦੀ ਸਹਾਇਤਾ ਲਈ ਤੇ ਇਸ ਰੀਝ ਨਾਲ ਕਿ ਸ਼ਾਇਦ ਬਾਕੀਆਂ ਨੂੰ ਵੀ ਉਹਨਾਂ ਤੋਂ ਪ੍ਰੇਰਨਾ ਮਿਲੇ,ਮੈਂ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ,ਆਪਣੀ ਹੁਣੇ ਛਪੀ ਕਿਤਾਬ 'ਚੌਮੁਖੀਆ ਇਬਾਰਤਾਂ' ਰਾਹੀਂ,ਜਿਸ ਵਿੱਚ ਖ਼ੁਸ਼ੀ ਅਤੇ ਗਮੀ ਦੇ ਮੌਕਿਆਂ ਸਮੇਂ ਲਿਖਣ ਵਾਲੀਆਂ ਕਾਵਿਕ ਇਬਾਰਤਾਂ ਹਨ।
          ਵਿੱਚ ਵਿੱਚ ਦਿਖਾਈ ਖਾਲੀ ਥਾਂ ਅੰਦਰ ਆਪਣੀ ਲੋੜ ਅਨੁਸਾਰ,ਨਾਮ,ਸਿਰਨਾਵਾਂ, ਦਿਨ,ਮਿਤੀ,ਸਥਾਨ,ਸਮਾਂ,ਜਸ਼ਨ ਦਾ ਮੌਕਾ, ਫੋਨ ਨੰਬਰ ਆਦਿ ਭਰੇ ਜਾ ਸਕਦੇ ਹਨ ਤੇ ਇਹ ਇਬਾਰਤਾਂ ਕਿਸੇ ਵੀ ਖੁਸ਼ੀ ਦੇ ਮੌਕੇ ਲੋੜੀਂਦੀ ਫੇਰਬਦਲ ਨਾਲ ਕਿਸੇ ਦੂਜੇ ਲਈ ਵੀ ਵਰਤੀਆਂ ਜਾ ਸਕਦੀਆਂ ਹਨ,ਇੰਟਰਨੈਟ ਦੇ ਕਿਸੇ ਪੰਜਾਬੀ ਫੌਂਟ ਵਿੱਚ ਬਦਲ ਕੇ ਕਿਸੇ ਵੀ ਸ਼ੋਸ਼ਲ ਸਾਈਟ,ਫੇਸਬੁਕ,ਵਟਸ-ਅਪ,ਮੋਬਾਈਲ ਫੋਨ-ਸੁਨੇਹੇ,ਈਮੇਲ ਰਾਹੀਂ ਭੇਜੀਆਂ ਜਾ ਸਕਦੀਆਂ ਹਨ।
         ਜਾਣਦੀ ਹਾਂ ਕਿ ਆਪ ਸਭ ਇਸ ਤੋਂ ਵਧੀਆ ਸਿਰਜਣਾ ਕਰਨ ਦੇ ਸਮਰੱਥ ਹੋ,ਪਰ ਜੇ ਇਹ ਕੋਸ਼ਿਸ਼ ਲੋਕ-ਦਹਿਲੀਜ਼ਾਂ ਟੱਪ ਕੇ ਉਹਨਾਂ ਦੇ ਵਰਤੋਂ-ਵਿਹਾਰ ਦਾ ਹਿੱਸਾ ਹੋ ਸਕੇ, ਉਹਨਾਂ ਦੇ ਮਨ-ਅੰਬਰਾਂ 'ਤੇ ਚੰਨ-ਤਾਰੇ ਜੜ ਸਕੇ,ਤਾਂ ਮੈਨੂੰ ਭਰਪੂਰ ਸਕੂਨ ਮਿਲੇਗਾ।ਇਸ ਲਈ ਜੇ ਹੋ ਸਕੇ ਤਾਂ ਆਪਣੇ ਪੰਜਾਬੀ ਦਾ ਮੋਹ-ਤੇਹ ਕਰਨ ਵਾਲੇ ਦੋਸਤਾਂ,ਰਿਸ਼ਤੇਦਾਰਾਂ ਤੱਕ ਇਸ ਕਿਤਾਬ ਦੀ ਪੀਡੀਐਫ ਫਾਈਲ ਜਾਂ ਅਨਮੋਲੁਫੌਂਟ ਦੀ ਲਿਖਤ ਈਮੇਲ,ਫੇਸਬੁਕ,ਬਲੌਗ ਆਦਿ ਰਾਹੀਂ ਨੱਥੀ ਕਰਕੇ ਜਾਂ ਜਿਵੇਂ ਆਪ ਨੂੰ ਠੀਕ ਲੱਗੇ ਭੇਜ ਦੇਣਾ,ਮੈਂ ਦਿਲ ਦੀ ਧੁਰ ਅੰਦਰਲੀ ਤਹਿ ਤੋਂ ਆਪ ਦੀ ਧੰਨਵਾਦੀ ਹੋਵਾਂਗੀ।                  
                 ਸ਼ਾਦੀਆਂ ਤੇ ਹੋਰ ਜਸ਼ਨਾਂ ਲਈ ਸੱਦਾ-ਪੱਤਰਾਂ ਦੀ ਵੰਨਗੀ ਦੇਣ ਦਾ ਯਤਨ ਇਸ ਉਮੀਦ ਨਾਲ ਵੀ ਕੀਤਾ ਹੈ ਕਿ ਖੌਰੇ ਅੰਗਰੇਜ਼ੀ ਵਿੱਚ ਕਾਰਡ ਛਪਵਾਉਂਦੇ ਪੰਜਾਬੀ ਆਪਣੀ ਸ਼ੀਰੀਂ ਮਾਂ-ਬੋਲੀ ਵਿੱਚ ਵੀ ਛਪਵਾਉਣ ਲੱਗ ਜਾਣ,ਜਿਵੇਂ ਕਿ ਦੂਜੇ ਪ੍ਰਾਂਤਾਂ ਤੇ ਦੇਸ਼ਾਂ ਦੇ ਲੋਕ ਕਰਦੇ ਨੇ।
             ਮੇਰਾ ਇਹ ਯਤਨ ਲੋਕਾਂ ਨੂੰ ਪੰਜਾਬੀ ਨਾਲ ਜੋੜਨ ਲਈ,ਸਾਹਿਤ ਨਾਲ ਜੋੜਨ ਲਈ,ਵਿਰਸੇ ਨਾਲ ਜੋੜਨ ਲਈ ਤਾਂ ਹੈ ਹੀ,ਪਰ ਉਸ ਤੋਂ ਵੱਧ ਸੁੱਚੇ ਅਹਿਸਾਸਾਂ ਨਾਲ ਜੋੜਨ ਲਈ ਹੈ,ਆਪਣਿਆਂ ਨਾਲ ਜੋੜਨ ਲਈ ਹੈ।ਜਦੋਂ ਅਸੀਂ ਕਿਸੇ ਸਮਾਗਮ 'ਤੇ ਜਾਂਦੇ ਹਾਂ ਤਾਂ ਬੱਸ ਲਿਫਾਫੇ ਵਿਚ ਬਣਦੇ ਸਰਦੇ ਰੁਪਏ ਦੇ ਕੇ ਪਰਤ ਆਉਂਦੇ ਹਾਂ,ਕਿਸੇ ਮਸ਼ੀਨ ਵਾਂਗ,ਕਿਸੇ ਰੌਬਟ ਵਾਂਗ...ਮੇਜ਼ਬਾਨਾਂ ਨਾਲ ਕਿਤੇ ਕਿਸੇ ਸਾਂਝ ਦਾ ਲਿਸ਼ਕਾਰਾ ਨਹੀਂ,ਕਿਸੇ ਅਪਣੱਤ ਦੀ ਮਹਿਕ ਨਹੀਂ,ਕੋਈ ਕੂਲਾਪਨ ਨਹੀਂ।ਪੁਰਾਣੇ ਵੇਲਿਆਂ ਵਾਲਾ ਮੋਹ-ਮੁਹੱਬਤ ਮਨਫੀ ਜਿਹਾ ਹੋ ਗਿਐ ਸਾਡੇ ਰਿਸ਼ਤਿਆਂ ਵਿੱਚੋਂ.......ਬੱਸ ਮੇਰੀ ਹਸਰਤ ਹੈ ਕਿ ਕੁਝ ਤਾਂ ਹੋਵੇ ਜੋ ਲਿਫਾਫਾ ਖੋਲ੍ਹਣ ਵਾਲੇ ਦੇ ਦਿਲ ਵਿੱਚ ਧੜਕੇ,ਕਿਸੇ ਸਾਂਝ-ਸਕੀਰੀ ਨੂੰ ਗੂੜ੍ਹਿਆਂ ਕਰੇ।ਜਿਹੜੇ ਰੁਪਏ,ਡਾਲਰ,ਪੌਂਡ ਆਦਿ ਅਸੀਂ ਲਿਫਾਫੇ ਵਿੱਚ ਪਾਉਂਦੇ ਹਾਂ,ਜੇ ਉਹ ਕਿਸੇ ਅਜੇਹੇ ਕਾਗ਼ਜ਼ ਵਿੱਚ ਲਪੇਟੇ ਜਾਣ ਜਿਸ 'ਤੇ ਕੁਝ ਮਨ ਦੇ ਮੋਹ ਵਰਗਾ ਲਿਖਿਆ ਹੋਵੇ,ਇਹ ਕੋਈ ਗੁਲਾਬੀ ਸੰਧੂਰੀ ਕਾਗ਼ਜ਼ ਹੋਵੇ,ਜਾਂ ਉਸ ਨੂੰ ਰੰਗ ਬਿਰੰਗੇ ਚਮਕਦਾਰ ਅਬਰਕ ਨਾਲ ਸਜਾਇਆ ਹੋਵੇ,ਹੋਰ ਨਹੀਂ ਤਾਂ ਉਸ ਉੱਤੇ ਖੰਮ੍ਹਣੀ ਹੀ ਬੰਨ੍ਹ ਦਿੱਤੀ ਜਾਵੇ,ਤਾਂ ਇਸ ਦੌਰ ਦੇ ਬਖਸ਼ੇ ਤਲਖੀਆਂ, ਤੁਰਸ਼ੀਆਂ, ਕਾਹਲੀਆਂ, ਖੁਦਗਰਜ਼ੀਆਂ ਦੇ ਮਾਰੂਥਲ ਵਿਚ ਕੁਝ ਤਾਂ ਹਰਿਆਵਲ ਵਰਗਾ ਬੀਜਿਆ ਹੀ ਜਾਏਗਾ।                          


ਸੱਦਾ-ਪੱਤਰ

ਇਹ 'ਸੱਦਾ-ਪੱਤਰ' ਕਿਸੇ ਵੀ ਖ਼ੁਸ਼ੀ ਦੇ ਜਸ਼ਨ ਵੇਲੇ ਸਨੇਹੀਆਂ ਨੂੰ ਬੁਲਾਉਣ ਲਈ ਵਰਤਿਆ ਜਾ ਸਕਦਾ ਹੈ, ਇਹ ਆਮ ਤੌਰ 'ਤੇ ਇਕ ਸਫ਼ੇ ਦਾ ਹੁੰਦਾ ਹੈ,ਇਸ
ਵਿੱਚ ਦਿਖਾਈ ਖਾਲੀ ਥਾਂ ਵਿੱਚ ਆਪਣੀ ਲੋੜ ਅਨੁਸਾਰ ਮੌਕਾ, ਨਾਮ, ਦਿਨ, ਮਿਤੀ, ਸਥਾਨ, ਸਮਾਂ ਆਦਿ ਭਰੇ ਜਾ ਸਕਦੇ ਹਨ ਤੇ ਇਸ ਜਸ਼ਨ ਵਿੱਚ ਸ਼ਾਮਿਲ ਹੋਣ ਵਾਲੇ ਦੋਸਤ-ਰਿਸ਼ਤੇਦਾਰ ਲਿਫਾਫੇ ਵਿੱਚ ਇਹੋ ਜਿਹੀਆਂ ਸ਼ੁਭ-ਇਛਾਵਾਂ, ਦੁਆਵਾਂ ਵਾਲੇ 'ਸ਼ਬਦਾਂ ਦੇ ਸ਼ਗਨ' ਲਿਖ ਕੇ ਦੇ ਸਕਦੇ ਹਨ।
ਇਹ ਇਬਾਰਤਾਂ ਕਿਸੇ ਵੀ ਖੁਸ਼ੀ ਦੇ ਮੌਕੇ ਲੋੜੀਂਦੀ ਫੇਰਬਦਲ ਨਾਲ ਕਿਸੇ ਦੂਜੇ ਲਈ ਵੀ ਵਰਤੀਆਂ ਜਾ ਸਕਦੀਆਂ ਹਨ।



ਦੁਖ-ਸੁਖ ਵਿਚ ਨਾਲ ਹੰਢਣ ਵਾਲੇ ਦੋਸਤੋ!
ਸਾਡੀ ਜ਼ਿੰਦਗੀ ਵੱਚ
ਉਹ ਭਾਗਾਂ-ਭਰਿਆ ਦਿਹਾੜਾ ਆਇਆ ਹੈ
ਜਦੋਂ ਸਾਡੇ ਵਿਹੜੇ
ਗੁਲਾਨਾਰੀ ਕਿਰਨਾਂ ਨੇ ਲਿਸ਼ਕੋਰ ਮਾਰੀ ਹੈ
ਸਾਡੇ ਸਾਹਾਂ ਵਿੱਚ ਰੁਮਕਦੀ ਪੌਣ
ਵੰਝਲੀ ਦੀ ਹੇਕ ਹੋ ਗਈ ਹੈ
ਤੇ ਮਨ ਦੀ ਕੰਧੋਲੀ ਦੇ ਮੋਰ
ਪੈਲਾਂ ਪਾਉਣ ਲੱਗ ਪਏ ਹਨ
ਇਹ ਖੁਸ਼ੀ……(ਮੌਕੇ ਦਾ ਨਾਂ)……ਦੀ ਹੈ
ਇਹ ਵੇਲਾ ਜਸ਼ਨ ਦਾ ਹੈ
ਇਸ ਲਈ……ਮਿਤੀ……ਦਿਨ……ਨੂੰ
……ਸਮਾਂ……ਵਜੇ……ਸਥਾਨ……ਵਿਖੇ
ਜ਼ਰੂਰ ਬਰ ਜ਼ਰੂਰ ਪਹੁੰਚਿਓ!
ਕਿ ਆਪਾਂ ਇਸ ਦਿਨ ਦਾ ਅਨੰਦ ਮਾਣੀਏ
ਤੇ ਚੇਤਿਆਂ ਦੇ ਰੁਮਾਲ ਵਿੱਚ
ਕੁਝ ਮਖਾਣਿਆਂ ਵਰਗਾ ਬੰਨ੍ਹ ਲਈਏ!
ਮੌਲਸਰੀ ਦੀ ਖ਼ੁਸ਼ਬੋ ਵਰਗੀ ਤੁਹਾਡੀ ਆਮਦ ਨੂੰ ਉਡੀਕਦੇ ਹੋਏ
ਨਾਮ……ਸਿਰਨਾਵਾਂ……
ਫੋਨ ਨੰ:……ਈਮੇਲ ……ਆਦਿ

ਸ਼ਬਦਾਂ ਦੇ ਸ਼ਗਨ:

ਬੱਚੇ ਦੇ ਜਨਮ ਦਿਨ 'ਤੇ:

ਨਾ ਆਵੇ ਕਦੀ ਤੇਰੀ ਅੱਖ ਵਿੱਚ ਅੱਥਰੂ
ਨਾ ਟੁੱਟੇ ਕਦੀ ਤੇਰੀ ਖੁਸ਼ੀਆਂ ਦੀ ਗਾਨੀ
ਸਦਾ ਮੁਸਕੁਰਾਵਂੇ , ਸਦਾ ਖਿੜਖਿੜਾਵੇਂ
ਤੇਰੇ 'ਤੇ ਰੱਬ ਦੀ ਰਹੇ ਮਿਹਰਬਾਨੀ!
ਸੁੱਖਾਂ-ਲੱਧੇ (ਬੱਚੇ ਦਾ ਨਾਮ)……ਨੂੰ ਅੱਜ ਦੇ ਸੋਹਣੇ ਦਿਨ
ਪਿਆਰੀ……(ਮਾਂ ਦਾ ਨਾਮ) ……ਦੀ ਮਮਤਾਵਾਨ ਗੋਦੀ ਵਿੱਚ ਆਉਣਾ
ਬਹੁਤ ਬਹੁਤ ਮੁਬਾਰਕ ਹੋਵੇ, ਏਹੋ ਅਰਦਾਸ ਹੈ ਕਿ ਇਹਦੇ ਅੰਦਰ ਵੱਡੀਆਂ
ਪੁਲਾਂਘਾਂ ਪੁੱਟਣ ਦਾ ਜਜ਼ਬਾ ਜਗਦਾ ਰਹੇ ਤੇ ਇਹ ਅਣਕਿਆਸੀਆਂ ਉਚਾਈਆਂ
ਦਾ ਸੁਲਤਾਨ ਹੋਵੇ!
ਸੱਤੇ ਖੈਰਾਂ ਮੰਗਦੇ ਹੋਏ ਅਸੀਂ ਹਾਂ,
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ

ਬੱਚੀ ਦੇ ਜਨਮ ਦਿਨ 'ਤੇ:

ਕਰਾਂ ਦੁਆਵਾਂ! ਤੇਰਾ ਹਰ ਦਿਨ ਸਿਉਨੇ-ਰੰਗਾ ਆਵੇ
ਉਮਰ ਦਾ ਚਰਖਾ ਚਾਅਵਾਂ ਦੇ ਨਿੱਤ ਨਵੇਂ ਗਲੋਟੇ ਲਾਹਵੇ
ਤੇਰੀਆਂ ਰਾਤਾਂ ਵਿਚੋਂ ਹਰ ਇਕ ਨ੍ਹੇਰਾ ਮਨਫ਼ੀ ਹੋਵੇ
ਪੁੰਨਿਆ ਦਾ ਚੰਦ ਏਦਾਂ ਤੇਰੇ ਦਰ 'ਤੇ ਅਰਘ ਚੜ੍ਹਾਵੇ!
ਨਿੱਕੀ ਜਿਹੀ ਪਰੀ……(ਬੱਚੀ ਦਾ ਨਾਮ)……ਦੇ ਇਸ ਧਰਤੀ 'ਤੇ ਉਤਰਨ
ਵਾਲੇ ਦਿਨ ਉਹਦੇ ਹਰ ਸੁੱਖ-ਅਨੰਦ ਲਈ ਪ੍ਰਾਰਥਨਾ ਕਰਦੇ ਹਾਂ,ਕੋਈ ਬਲਾਅ
ਉਹਦੇ ਨੇੜਿਉਂ ਨਾ ਗੁਜ਼ਰੇ,ਉਹਦੇ ਪਰਾਂ ਨੂੰ ਨਿੱਤ ਨਵੀਂ ਉਡਾਣ ਮਿਲੇ ਤੇ ਉਹਦੇ
ਹਿੱਸੇ ਦਾ ਅਸਮਾਨ ਸੱਤਾਂ ਬਹਿਸ਼ਤਾਂ ਸੰਗ ਹਾਜ਼ਿਰ ਹੋ ਕੇ ਮਿਲੇ!
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ

ਬੇਟੀ ਦੀ ਆਮਦ, ਜਨਮ-ਦਿਨ ਜਾਂ ਉਸ ਦੀ ਕਿਸੇ ਹੋਰ ਖ਼ੁਸ਼ੀ ਮੌਕੇ:

1 .

ਇਹ ਨੇ ਸਾਉਣ ਦੀ ਫੁਹਾਰ, ਇਹ ਨੇ ਖਿੜੀ ਕਚਨਾਰ
ਕਦੇ ਕਿੱਕਲੀਆਂ ਪਾਉਣ,ਘੋੜੀ ਵੀਰਿਆਂ ਦੀ ਗਾਉਣ
ਵਾਰੀ ਮਾਪਿਆਂ ਤੋਂ ਜਾਣ, ਦੁੱਖ ਆਪਣੇ ਛਿਪਾਣ
ਕਿਤੇ ਵੰਗਾਂ ਛਣ-ਛਣ ਤੇ ਪੰਜੇਬਾਂ ਛਮ-ਛਮ
ਪਾਉਣ ਵਿਹੜੇ ਛਣਕਾਰ, ਧੀਆਂ ਘਰ ਦਾ ਸ਼ਿੰਗਾਰ!
ਤੁਹਾਡੇ ਘਰ ਦੇ ਇਸ ਸ਼ਿੰਗਾਰ……(ਬੇਟੀ ਦਾ ਨਾਮ)……ਨੂੰ ਬੇਸ਼ੁਮਾਰ ਅਸੀਸਾਂ,
ਇਸ ਬਾਲੜੀ ਦੇ ਟੱਲੀਆਂ ਵਾਂਗ ਟੁਣਕਦੇ ਹਾਸੇ ਤੁਹਾਡੇ ਘਰ ਦੀ ਫਿਜ਼ਾ ਵਿੱਚ
ਲਹਿਰੀਏ ਬੁਣ ਦੇਣ,ਜ਼ਮਾਨੇ ਦੀ ਹਰ ਨਿਹਮਤ ਇਹਦੀਆਂ ਹਥੇਲੀਆਂ ਦਾ
ਹਾਸਿਲ ਬਣੇ।ਧੀਆਂ ਤਾਂ ਨਿਰੀ ਮੁਹੱਬਤ ਹੁੰਦੀਆਂ ਹਨ,ਨਿਰੀ ਕਵਿਤਾ ਹੁੰਦੀਆਂ
ਹਨ ਤੇ ਸੱਟਾਂ ਖਾਧੇ ਪਿੰਡੇ ਲਈ ਲੋਗੜ ਦੀ ਮੱਠੀ ਮੱਠੀ ਟਕੋਰ ਵੀ!
ਇਸ ਧੀ ਲਈ ਨੂਰੀ ਦਰਗਾਹ ਤੋਂ ਦੁਆ ਮੰਗਦੇ ਹੋਏ,
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ

2.

ਮਿਸ਼ਰੀ ਵਰਗੀ ਮਿੱਠੀ ਧੀ
ਕਰਮਾਂ ਵਾਲਿਆਂ ਡਿੱਠੀ ਧੀ
ਰੱਬ ਨੇ ਹੱਥੀਂ ਲਿਖ ਕੇ ਭੇਜੀ
ਖੁਸ਼ਹਾਲੀ ਦੀ ਚਿੱਠੀ ਧੀ
ਕੱਲ੍ਹ ਨੂੰ ਉੱਚੜਾ ਮਾਣ ਬਣੇਗੀ
ਅੱਜ ਲੱਗਦੀ ਹੈ ਨਿੱਕੀ ਧੀ!
ਸਤਿਕਾਰਯੋਗ..(ਸੱਦਾ ਭੇਜਣ ਵਾਲੇ ਦਾ ਨਾਂ)…ਜੀਓ!ਤੁਸੀਂ ਕੋਈ ਸੁੱਚੇ
ਮੋਤੀ ਪੁੰਨ ਕੀਤੇ ਹੋਣਗੇ,ਜੋ ਆਪ ਦੇ ਘਰ ਇਹ ਅਗੰਮੀ ਸੁਗਾਤ ਆਈ
ਹੈ।ਇਸ ਭਾਗਾਂ-ਭਰੀ ਲੱਛਮੀ ਦੇ ਆਗਮਨ 'ਤੇ ਲੱਖ ਲੱਖ ਮੁਬਾਰਕਾਂ
ਦਿੰਦੇ ਹੋਏ ਇਸ ਦੀ ਹਰ ਖੁਸ਼ੀ ਲਈ ਅਰਦਾਸ ਕਰਦੇ ਹਾਂ।
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ

ਲੜਕੇ ਦੀ ਕਿਸੇ ਪ੍ਰਾਪਤੀ 'ਤੇ:

ਤੇਰੇ ਮਸਤਕ 'ਚ ਸੂਰਜ ਲਿਸ਼ਕਦਾ ਰਹੇ
ਚਾਨਣ ਵੰਡੀ ਜਾਵੇਂ ਤੂੰ ਚੁਫ਼ੇਰੇ
ਤੇਰੀ ਹਿੰਮਤ ਬਣੇ ਤਕਦੀਰ ਤੇਰੀ
ਸਿਤਾਰੇ ਆ ਕਿਰਨ ਰਾਹਾਂ 'ਚ ਤੇਰੇ!
……(ਸੱਦਾ ਦੇਣ ਵਾਲੇ ਦਾ ਨਾਮ)……ਦੇ ਨੈਣਾਂ ਦੇ ਚਿਰਾਗ
……(ਲੜਕੇ ਦਾ ਨਾਮ)……ਨੂੰ ਏਡੇ ਵੱਡੇ ਹਾਸਿਲ ਦੀ ਬਹੁਤ ਬਹੁਤ
ਵਧਾਈ।ਸ਼ਾਲਾ! ਉਹਦੀ ਪ੍ਰਤਿਭਾ ਮੀਂਹ ਪਿੱਛੋਂ ਨਿੰਬਲ ਹੋਏ ਅਸਮਾਨ ਵਾਂਗ
ਨਿੱਖਰੇ, ਉਹ ਪੌੜੀ-ਦਰ ਪੌੜੀ ਬੁਲੰਦੀਆਂ ਵੱਲ ਕਦਮ ਵਧਾਉਂਦਾ ਰਹੇ ਤੇ ਇਕ
ਦਿਨ ਮਾਂ-ਬਾਪ ਦੀਆਂ ਉਮੰਗਾਂ ਦੀ ਸਿਖਰ ਨੂੰ ਹੱਥ ਲਾਵੇ!
ਬਹੁਤ ਸਾਰੀਆਂ ਸ਼ੁਭ-ਕਾਮਨਾਵਾਂ ਸਹਿਤ,
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ

ਤਰੱਕੀ, ਮਕਾਨ ਦੀ ਚੱਠ, ਵਿਆਹ ਦੀ ਵਰ੍ਹੇ-ਗੰਢ, ਕੋਈ ਵਿਸ਼ੇਸ਼ ਹਾਸਿਲ ਜਾਂ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ:

1.
ਕਦੇ ਰੁੱਤ ਕੁਸ਼ਗਨੀ ਆਵੇ ਨਾ
ਨਾ ਹੋਂਠਾਂ ਤੋਂ ਕੋਈ ਗੀਤ ਖੁਰੇ
ਸੰਗ ਤੇਰੇ, ਤੇਰੇ ਖ਼ਾਬਾਂ ਵਿੱਚ,
ਨਾ ਜ਼ਖ਼ਮ ਤੁਰੇ ਨਾ ਪੀੜ ਤੁਰੇ
ਸੱਧਰਾਂ ਦੇ ਸ਼ਗੂਫੇ ਖਿੜ ਜਾਵਣ
ਹੋ ਪੂਰਾ ਹਰ ਅਰਮਾਨ ਰਹੇ
ਤੇਰੇ ਸਿਰ ਤੋਂ ਸਦਕੇ ਸੁਰਗ ਸਭੇ
ਤੈਨੂੰ ਕਿਸਮਤ ਦਾ ਵਰਦਾਨ ਰਹੇ!
……(ਜੋ ਵੀ ਇਸ ਖ਼ੁਸ਼ੀ ਨਾਲ ਸਬੰਧਿਤ ਹੈ ਉਸਦਾ ਨਾਮ)… ਨੂੰ
ਇਸ……(ਖ਼ਾਸ ਮੌਕੇ ਦਾ ਨਾਂ)……ਦੀ ਬਹੁਤ ਬਹੁਤ ਵਧਾਈ,ਰੱਬ ਕਰੇ ਕਿ
ਤੇਰੇ ਧੌਲਰਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ,ਸੁੱਖਾਂ ਦੇ ਸਾਵੇ ਗਲੀਚੇ ਵਿਛੇ ਰਹਿਣ
ਤੇ ਤਪਦੀਆਂ-ਮੱਚਦੀਆਂ ਪਗਡੰਡੀਆਂ ਵਿੱਚ ਬੋਹੜਾਂ ਦੀ ਸੰਘਣੀ ਛਾਂ ਵਰਗਾ
ਸਕੂਨ ਮਿਲੇ!
ਏਹੋ ਜਿਹੀਆਂ ਹਜ਼ਾਰਾਂ ਸ਼ੁਭ ਇਛਾਵਾਂ ਸਹਿਤ,
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ

2.
ਸਾਡੇ ਦਿਲ ਦੀ ਹਰ ਧੜਕਣ ਏਹੋ ਦੁਆ ਕਰੇ
ਤੇਰੇ ਵਿਹੜੇ ਖੁਸ਼ੀ ਦੀ ਬੱਦਲੀ ਕੋਈ ਵਰ੍ਹੇ
ਜ਼ਿੰਦਗੀ ਦਾ ਰੁੱਖ ਮੌਲੇ ਇਸ ਅਦਾ ਦੇ ਨਾਲ
ਜ਼ਖ਼ਮ ਹਰੇ ਹੋਣ ਨਾ , ਪੱਤੇ ਰਹਿਣ ਹਰੇ!
……(ਜਿਸ ਵਿਅਕਤੀ ਦੇ ਸਬੰਧ ਵਿਚ ਇਹ ਜਸ਼ਨ ਹੈ,
ਉਸਦਾ ਨਾਮ)………ਨੂੰ ਅਤੇ ਸਾਰੇ ਪਰਿਵਾਰ ਨੂੰ ਇਹ ਸੁਭਾਗਾ ਦਿਨ ਬਹੁਤ
ਬਹੁਤ ਮੁਬਾਰਕ ਹੋਵੇ, ਉਮੀਦਾਂ ਦੇ ਬਿਰਖ ਫ਼ਲਦਾਰ ਹੋਣ, ਹਰ ਸੁਫ਼ਨਾ ਹਕੀਕਤ
ਦਾ ਲਿਬਾਸ ਪਹਿਨੇ ਤੇ ਰਾਹ ਦੇ ਭੱਖੜਿਆਂ ਨੂੰ ਮਖ਼ਮਲਾਂ ਦੀ ਜੂਨ ਨਸੀਬ ਹੋਵੇ!
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ

 

...ਚਲਦਾ...