ਹਲੂਣਾ (ਪੁਸਤਕ ਪੜਚੋਲ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੇਖਕ: ਗੁਰਬਚਨ ਸਿੰਘ ਲਾਡਪੁਰੀ
ਪ੍ਰਕਾਸ਼ਕ: ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ (ਚੰਡੀਗੜ੍ਹ)
ਮੁੱਲ: 175/- ਰੁਪਏ, ਸਫ਼ੇ: 130 

ਹੱਥਲੀ ਪੁਸਤਕ, 108 ਗੀਤਾਂ, ਗ਼ਜ਼ਲਾਂ ਤੇ ਕਵਿਤਾਵਾਂ ਦੇ ਸੰਗ੍ਰਹਿ ਵਿਚ ਸਮੇਟੀ ਹੋਈ ਸਾਂਭਣਯੋਗ ਪੁਸਤਕ  ਹੈ। ਮੁਖਬੰਦ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਲਿਖਿਆ ਹੈ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦਾ ਹਲੂਣਾ ਕਿਸੇ ਭਵਿੱਖਮੁਖੀ ਹੁਲਾਸ ਦੀ ਸੰਭਾਵਨਾ ਦਾ ਆਧਾਰ ਬਣਦਾ ਹੈ। ਪੰਜਾਬੀ ਸੁਭਾਅ ਵਿਚਲੀ, ਇਸ ਹਲੂਣਨ ਦੀ ਪ੍ਰਵਿਰਤੀ ਦੀ, ਗੁਰਬਚਨ ਸਿੰਘ ਲਾਡਪੁਰੀ ਨੇ, ਆਪਣੇ ਇਸ ਨੌਵੇਂ ਕਾਵਿ-ਸੰਗ੍ਰਹਿ, 'ਹਲੂਣਾ' ਦੀ ਕਾਵਿ ਸਿਰਜਣਾ ਵਿਚ ਬਾਖ਼ੂਬੀ ਪਹਿਚਾਣ ਕੀਤੀ ਹੈ।
ਕਵੀ ਨੇ ਬੜੇ ਹੀ ਸੁੰਦਰ ਸ਼ਬਦਾ ਵਿਚ ਲਿਖਿਆ ਹੈ ਕਿ ਹਲੂਣਾ ਜਾਂ ਤਾਂ ਕਿਸੇ ਨੂੰ ਪ੍ਰੇਰਿਤ ਕਰਨ ਲਈ ਦਿੱਤਾ ਜਾਂਦਾ ਹੈ ਜਾਂ ਖੁਸ਼ੀ ਵਿਚ ਖਿੜਦੇ ਹੋਏ ਅਤੇ ਝੂਮਦੇ ਹੋਏ ਹਲੂਣਾ ਆਉਂਦਾ ਹੈ। ਇਹੋ ਹੀ ਕਵੀ ਦੀਆਂ ਰਚਨਾਵਾਂ ਦਾ ਮੁੱਖ ਮਨੋਰਥ ਹੈ। ਪਾਠਕਾਂ ਨੂੰ ਪ੍ਰੇਰਿਤ ਕਰਨ ਲਈ- ਮਖ਼ਮਲਾ 'ਤੇ, ਵਿਗੜੀ ਫ਼ਿਜ਼ਾ, ਨਵਾਂ ਵਰ੍ਹਾ, ਮਾਪੇ ਲੱਭਣੇ ਨਹੀਂ, ਧਰਤ ਪੰਜਾਬ, ਰੀਝਾਂ ਦੇ ਸਵੇਰੇ, ਨਸ਼ਿਆਂ ਦੀ ਇੱਲਤ, ਭਰੂਣ ਹੱਤਿਆ, ਆਪਣਾ ਸੱਭਿਆਚਾਰ, ਵਤਨ ਤੋਂ ਦੂਰ, ਕੁਰਸੀ ਦਾ ਨਸ਼ਾ ਆਦਿ ਅਨੇਕ ਵਿਸ਼ੇ ਹਨ ਤੇ ਦੂਸਰੇ ਪਾਸੇ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ, ਖੁਸ਼ੀ-ਖੇੜਾ ਪ੍ਰਾਪਤ ਹੁੰਦਾ ਹੈ, ਉਹ ਹਨ-ਹਲੂਣਾ, ਵਿਸਾਖੀ ਦਾ ਮੇਲਾ, ਸੱਚੀਆਂ ਗੱਲਾਂ, ਰੰਗਲਾ ਪੰਜਾਬ, ਜੀਵਨ ਦੀ ਗੱਡੀ, ਮਾਰ ਕੁੜੀਏ, ਸੱਜਰਾ ਪੰਜਾਬ ਆਦਿ।   

'ਹਲੂਣਾ' ਪੁਸਤਕ ਸੱਚਮੁੱਚ ਹੀ ਸੁੱਤੀ, ਅਵੇਸਲੀ ਹੋਈ ਕੌਮ ਨੂੰ ਜਗਾਉਣ, ਝਿਜੋੜਨ ਦੇ ਸਮਰੱਥ ਹੈ। ਖ਼ਾਸ ਕਰਕੇ ਨੌਜਵਾਨ ਵੀਰਾਂ-ਭੈਣਾਂ ਵਿਚ ਹੁਲਾਸ ਪੈਦਾ ਕਰਦੀ ਹੈ ਕਿ ਉੱਠੋ ਨੌਜਵਾਨੋ! ਆਪਣੇ ਦੇਸ਼, ਕੌਮ ਦੀ ਵਾਗ-ਡੋਰ ਸੰਭਾਲੋ, ਨਸ਼ੇ ਤਿਆਗੋ; ਮਾਪਿਆਂ ਦਾ ਸਤਿਕਾਰ ਕਰੋ, ਰਿਸ਼ਤਿਆਂ ਦੀ ਪਛਾਣ ਕਰੋ; ਜੀਵਨ-ਕੀਮਤਾਂ ਨਾਲ ਜੁੜੋ, ਹੱਥੀਂ ਕੰਮ ਕਰਨ ਦੀ ਆਦਤ ਪਾਓ, ਆਦਿ, ਆਦਿ; ਜੇ ਇਨ੍ਹਾਂ ਵਿਚ ਕੁਝ ਊਣਤਾਈਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਨ ਲਈ ਸਮਾਜ ਨੂੰ ਚੇਤੰਨ ਕਰੋ; ਫਿਰ ਹੀ ਸਮਾਜ ਚੜ੍ਹਦੀਆਂ ਕਲਾ ਵਿਚ ਰਹਿ ਸਕਦਾ ਹੈ, ਤਰੱਕੀ ਦੀਆਂ ਮੰਜ਼ਿਲਾਂ ਪਾ ਸਕਦਾ ਹੈ। ਆਓ ਦੇਖਦੇ ਹਾਂ, 87 ਸਫ਼ੇ 'ਤੇ "ਹਲੂਣਾ' ਦੀਆਂ ਕੁਝ ਸਤਰਾਂ:

ਆ ਕੱਠੇ ਹੋ ਜ਼ੋਰ ਲਗਾਈਏ,
ਆਪਣੀ ਰਹਿੰਦੀ ਹੋਂਦ ਬਚਾਈਏ,
ਘਰ ਘਰ ਸੁੱਤਿਆਂ ਤਾਈਂ ਜਗਾਈਏ,
'ਲਾਡਪੁਰੀ' ਫਿਰ ਭਾਉਣਾ ਤੂੰ।
ਕਿਸਮਤ ਜੋ ਸੁੱਤੀ ਪਈ ਸੀ ਚਿਰ ਤੋਂ,
ਉਸ ਨੂੰ ਫੇਰ ਜਗਾਉਣਾ ਤੂੰ।

ਲਾਡਪੁਰੀ ਇਕ ਦਿਨ ਵਧੀਆ ਸ਼ਾਇਰ, ਗੀਤਕਾਰ, ਗ਼ਜ਼ਲਕਾਰ ਵਜੋਂ ਸਥਾਪਿਤ ਹੋਇਆ ਹੈ। ਇਕ ਦਰਜਨ ਦੇ ਕਰੀਬ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦਾ ਖ਼ਜ਼ਾਨਾ ਭਰਪੂਰ ਕੀਤਾ ਹੈ। ਸੰਵੇਦਨਸ਼ੀਲ ਵਿਚਾਰਾਂ, ਖ਼ਿਆਲਾਂ, ਜ਼ਜਬਾਤਾਂ ਤੇ ਅਹਿਸਾਸਾਂ ਨੂੰ ਆਪਣੀਆਂ ਰਚਨਾਵਾਂ ਵਿਚ ਪਰੋਣ ਦੀ ਜਾਚ ਉਹ ਅੱਛੀ ਤਰ੍ਹਾਂ ਜਾਣਦਾ ਹੈ। 
ਕਵੀ ਨੇ ਇਸ ਪੁਸਤਕ ਰਾਹੀਂ ਸਭਨਾਂ ਨੂੰ ਹਲੂਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਮਾਜ ਦੀ ਉਲਝੀ ਹੋਈ ਤਾਣੀ ਲਾਮਬੰਦ ਹੋ ਸਕੇ। ਕਈ ਰਚਨਾਵਾਂ ਬਹੁਤ ਵਧੀਆ ਹਨ; ਪਾਠਕਾਂ ਦਾ ਧਿਆਨ ਲਾਜ਼ਮੀ ਖਿੱਚਣਗੀਆਂ। ਲਾਡਪੁਰੀ ਦੇ ਇਸ ਕਾਵਿ-ਸੰਗ੍ਰਹਿ ਨੂੰ, ਖੁਸ਼ਆਮਦੀਦ ਆਖਦਾ ਹੋਇਆ, ਆਸ ਕਰਦਾ ਹਾਂ ਕਵੀ ਦੀਆਂ ਪਹਿਲੀਆਂ ਪੁਸਤਕਾਂ ਦੀ ਤਰ੍ਹਾਂ ਹੀ, ਇਹ ਪੁਸਤਕ ਵੀ, ਪਾਠਕਾਂ ਦੇ ਹੱਥਾਂ ਤੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਜ਼ਰੂਰ ਬਣੇਗੀ।