111
ਇਸ ਕੁਰਸੀ 'ਤੇ ਸਾਧੂ ਸਿੰਘ ਦਾ ਅੱਜ ਆਖ਼ਰੀ ਦਿਨ ਸੀ ।
ਉਸਨੂੰ ਅਫ਼ਸੋਸ ਸੀ ਉਹ ਮੁਕੱਦਮੇ ਦਾ ਫੈਸਲਾ ਖ਼ੁਦ ਨਹੀਂ ਸੀ ਕਰ ਸਕਿਆ । ਪਰ ਮਨ ਨੂੰ ਤਸੱਲੀ ਸੀ । ਆਪਣੀ ਨਿਯੁਕਤੀ ਦੇ ਆਖ਼ਰੀ ਮਿੰਟ ਤਕ ਉਹ ਕੇਸ ਨੂੰ ਸਿਰੇ ਚਾੜ੍ਹਨ ਲਈ ਯਤਨ ਕਰਦਾ ਰਿਹਾ ਸੀ ।
ਫੈਸਲਾ ਨਹੀਂ ਹੋ ਸਕਿਆ ਨਾ ਸਹੀ । ਮੁਦਈ ਧਿਰ ਦੀਆਂ ਗਵਾਹੀਆਂ ਸੁੱਖ-ਸਾਂਦ ਨਾਲ ਭੁਗਤ ਗਈਆਂ, ਸਫ਼ਾਈ ਧਿਰ ਨੂੰ ਲੱਖ ਯਤਨ ਕਰਨ ਦੇ ਬਾਵਜੂਦ ਵੀ ਮਨਮਾਨੀ ਕਰਨ ਦਾ ਮੌਕਾ ਨਹੀਂ ਮਿਲਿਆ, ਸਾਧੂ ਸਿੰਘ ਦੀ ਇਹ ਪ੍ਰਾਪਤੀ ਘੱਟ ਨਹੀਂ ਸੀ ।
ਸਾਧੂ ਸਿੰਘ ਦਾ ਉੱਤਰ-ਅਧਿਕਾਰੀ ਇਸ ਕੇਸ ਦਾ ਕੀ ਫੈਸਲਾ ਕਰਦਾ ਹੈ ਇਸ ਨਾਲ ਸਾਧੂ ਸਿੰਘ ਨੂੰ ਕੋਈ ਮਤਲਬ ਨਹੀਂ ਸੀ । ਪਰ ਜੇ ਸਾਧੂ ਸਿੰਘ ਨੇ ਫੈਸਲਾ ਕਰਨਾ ਹੁੰਦਾ, ਉਹ ਕੀ ਫੈਸਲਾ ਕਰਦਾ, ਇਸ ਬਾਰੇ ਉਹ ਸਪੱਸ਼ਟ ਸੀ ।
ਕਾਨੂੰਨ ਦੀ ਕਸਵੱਟੀ 'ਤੇ ਸਬੂਤ ਖਰੇ ਉਤਰਣ ਜਾਂ ਨਾ ਪਰ ਸੱਚ ਉਹੋ ਸੀ ਜੋ ਗਵਾਹਾਂ ਨੇ ਬਿਆਨਿਆ ਸੀ । ਪੰਕਜ ਅਤੇ ਨੀਰਜ ਨੇ ਜਾਤੀ ਰੰਜਸ਼ ਕੱਢਣ ਲਈ ਇਹ ਸਾਜ਼ਿਸ਼ ਘੜੀ ਸੀ । ਠੇਕੇਦਾਰ ਅਤੇ ਉਸਦੇ ਸਾਥੀਆਂ ਨੇ ਇਹ ਵਾਰਦਾਤ ਕੀਤੀ ਸੀ । ਪੰਚਮ ਦੀ ਥਾਂ ਕਤਲ ਦੀਨੇ ਨੇ ਕੀਤਾ ਜਾਂ ਦੀਨੇ ਦੀ ਥਾਂ ਸੱਟਾਂ ਪੰਡਿਤ ਨੇ ਮਾਰੀਆਂ ਇਹ ਰੱਦੋਬਦਲ ਹੋ ਸਕਦਾ ਸੀ । ਸਚਾਈ ਇਹ ਵੀ ਸੀ ਕਿ ਨੇਹਾ ਨਾਲ ਬਲਾਤਕਾਰ ਹੋਇਆ ਸੀ ।
ਪਰ ਬਦਨਾਮੀ ਤੋਂ ਡਰਦੀ ਉਹ ਆਪਣੇ ਬਲਾਤਕਾਰੀ ਨੂੰ ਦੋਸ਼ ਤੋਂ ਮੁਕਤ ਕਰਨ ਦਾ ਕੌੜਾ ਘੁੱਟ ਪੀ ਗਈ ਸੀ । ਘਰ ਵਿਚੋਂ ਸਮਾਨ ਲੁੱਧਟਿਆ ਗਿਆ ਸੀ ਅਤੇ ਫੇਰ ਦੋਸ਼ੀਆਂ ਵਿਚਕਾਰ ਵੰਡਿਆ ਗਿਆ ਸੀ । ਕਿਸ ਨੇ ਕਿਹੜਾ ਜੁਰਮ ਕਿਸ ਨੀਅਤ ਨਾਲ ਕੀਤਾ ਸੀ ਸਾਧੂ ਸਿੰਘ ਨੇ ਇਨ੍ਹਾਂ ਝੰਜਟਾਂ ਵਿਚ ਨਹੀਂ ਸੀ ਪੈਣਾ । ਉਸਨੇ ਸਾਰੇ ਦੋਸ਼ੀਆਂ 'ਤੇ 'ਸਾਂਝੀ ਨੀਯਤ' ਦਾ ਸਿਧਾਂਤ ਲਗਾ ਕੇ ਸਭ ਨੂੰ ਕਤਲ ਅਤੇ ਡਕੈਤੀ ਦਾ ਦੋਸ਼ੀ ਗਰਦਾਨ ਦੇਣਾ ਸੀ । ਅਤੇ ਫਾਂਸੀ ਦੀ ਸਜ਼ਾ ਸੁਣਾ ਦੇਣੀ ਸੀ ।
ਪੰਚਮ ਵੀਹ ਸਾਲ ਤੋਂ ਘੱਟ ਉਮਰ ਦਾ ਨਹੀਂ ਸੀ । ਹੁੰਦਾ ਵੀ ਫੇਰ ਵੀ ਸਾਧੂ ਸਿੰਘ ਨੇ ਉਸਨੂੰ ਵੀਹ ਸਾਲ ਤੋਂ ਘੱਟ ਉਮਰ ਦਾ ਨਹੀਂ ਸੀ ਮੰਨਣਾ । ਬੱਚਾ ਸਮਝ ਕੇ ਮੁਆਫ਼ ਕਰਨ ਦੀ ਥਾਂ ਉਸਨੇ ਉਸਨੂੰ ਵੀ ਫਾਂਸੀ ਦੇ ਫੰਦੇ ਤਕ ਪਹੁੰਚਾਉਣਾ ਸੀ । ਜ਼ਹਿਰੀਲੇ ਸੱਪਾਂ ਦੇ ਬਚਪਨ ਵਿਚ ਹੀ ਗਲ ਘੁੱਟ ਦੇਣ ਵਿਚ ਬਿਹਤਰੀ ਸੀ ।
ਸ਼ਨਾਖ਼ਤ ਪਰੇਡ ਦੀ ਖਾਮੀ ਵੀ ਸਾਧੂ ਸਿੰਘ ਲਈ ਕੋਈ ਅਹਿਮੀਅਤ ਨਹੀਂ ਸੀ ਰੱਖਦੀ ।
ਇੱਕੀਵੀਂ ਸਦੀ ਵਿਚ ਜੱਜਾਂ ਨੂੰ ਉਨੀਵੀਂ ਸਦੀ ਦੇ ਕਾਨੂੰਨ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਸੀ । ਨਵੇਂ ਸੰਦਰਭ ਵਿਚ ਨਵੇਂ ਕਾਨੂੰਨ ਬਨਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ । ਘਸੇ-ਪਿਟੇ ਕਾਨੂੰਨ ਨੂੰ ਸਿੱਧੀਆਂ ਲੀਹਾਂ 'ਤੇ ਪਾਉਣ ਦਾ ਜਿੰਨਾ ਕੁ ਅਧਿਕਾਰ ਸਾਧੂ ਸਿੰਘ ਨੂੰ ਪ੍ਰਾਪਤ ਸੀ ਉਸ ਦੀ ਵਰਤੋਂ ਉਸਨੇ ਖੁੱਲ੍ਹ ਕੇ ਕਰਨੀ ਸੀ । ਅਦਾਲਤ ਵਿਚ ਪਹਿਲੀ ਵਾਰ ਹੋਈ ਸ਼ਨਾਖ਼ਤ ਨੂੰ ਸਹੀ ਠਹਿਰਾਉਣ ਲਈ ਸਾਧੂ ਸਿੰਘ ਕੋਲ ਆਪਣਾ ਤਰਕ ਸੀ ।
ਸਦਮੇ ਕਾਰਨ ਜੇ ਕੁੜੀ ਫੌਰੀ ਤੌਰ 'ਤੇ ਸਾਰੀ ਘਟਨਾ ਦਾ ਬਿਆਨ ਹੂ-ਬ-ਹੂ ਨਹੀਂ ਕਰ ਸਕੀ ਤਾਂ ਇਸ ਵਿਚ ਉਸਦਾ ਕੀ ਦੋਸ਼ ਸੀ? ਪੁਲਿਸ ਨੇ ਆਪਣੀ ਸੁਵਿਧਾ ਅਨੁਸਾਰ ਉਸ ਦੇ ਬਿਆਨ ਆਪੇ ਲਿਖ ਲਏ ਤਾਂ ਇਸ ਵਿਚ ਉਸ ਦਾ ਕੀ ਦੋਸ਼ ਸੀ? ਕਸੂਰ ਕਾਨੂੰਨ ਦਾ ਸੀ ਜਿਸਨੇ ਪੁਲਿਸ ਨੂੰ ਅਜਿਹੇ ਅਧਿਕਾਰ ਦਿੱਤੇ ਸਨ । ਵਿਸ਼ੇਸ਼ ਚਿੰਨ੍ਹਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਸ਼ਨਾਖ਼ਤ ਕਿਉਂ ਨਹੀਂ ਹੋ ਸਕਦੀ? ਕਤਲ ਕਰਦੇ ਹੱਥ, ਬਲਾਤਕਾਰੀ ਦੇ ਸਰੀਰ ਵਿਚੋਂ ਆਉਂਦੀ ਬੂਦਬੂ... ਸਾਰੀ ਉਮਰ ਭੁਲਾਇਆਂ ਨਹੀਂ ਭੁਲਦੀ । ਇਨ੍ਹਾਂ ਚਿੰਨ੍ਹਾਂ ਦੇ ਆਧਾਰ 'ਤੇ ਹੋਈ ਸ਼ਨਾਖ਼ਤ ਸਹੀ ਸ਼ਨਾਖ਼ਤ ਸੀ । ਮਾਸੂਮ ਕੁੜੀ ਨੇ ਮੁਲਜ਼ਮਾਂ ਨਾਲ ਇਸ਼ਕ ਨਹੀਂ ਸੀ ਲੜਾਇਆ ਕਿ ਉਨ੍ਹਾਂ ਨੂੰ ਝਟ-ਪਟ ਪਹਿਚਾਣ ਜਾਂਦੀ । ਦੋਸ਼ੀਆਂ ਵੱਲ ਤੱਕਣ ਤੋਂ ਪਹਿਲਾਂ ਹੀ ਉਸਦਾ ਕਾਲਜਾ ਫਟਣ ਲਗਦਾ ਸੀ । ਗੁੱਸਾ ਨਾਲ ਉਹ ਲਾਲ-ਪੀਲੀ ਹੋ ਜਾਂਦੀ ਸੀ । ਕਈ ਵਾਰ ਬੇਹੋਸ਼ ਹੋਣ ਤੋਂ ਬਾਅਦ ਉਹ ਦੋਸ਼ੀਆਂ ਵੱਲ ਮੂੰਹ ਕਰ ਸਕੀ ਸੀ । ਉਸ ਨੂੰ ਝੂਠ ਬੋਲ ਕੇ ਇਨ੍ਹਾਂ ਨੂੰ ਫਸਾਉਣ ਦੀ ਕੀ ਜ਼ਰੂਰਤ ਸੀ? ਸਾਧੂ ਸਿੰਘ ਨੇ ਨਵਾਂ ਨਿਯਮ ਘੜ ਦੇਣਾ ਸੀ । ਅੱਗੇ ਹਾਈ ਕੋਰਟ ਜਾਣੇ ਅਤੇ ਉਸਦਾ ਕਾਨੂੰਨ ਜਾਣੇ ।
ਉਹ ਪੰਕਜ ਅਤੇ ਨੀਰਜ ਨੂੰ ਵੀ ਬਖ਼ਸ਼ਣ ਵਾਲਾ ਨਹੀਂ ਸੀ । ਜਿੰਨੇ ਸਬੂਤ ਮਿਸਲ ਤੇ ਆਏ ਸਨ ਉਹ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਬਥੇਰੇ ਸਨ । ਸਾਧੂ ਸਿੰਘ ਨੂੰ ਸਾਜ਼ਿਸ਼ ਸੁਣਦੇ ਝੂਠੇ ਗਵਾਹਾਂ ਦੀ ਜ਼ਰੂਰਤ ਨਹੀਂ ਸੀ । ਸਾਜਿਸ਼ਾਂ ਕਦੇ ਕਿਸੇ ਦੇ ਸਾਹਮਣੇ ਨਹੀਂ ਘੜੀਆਂ ਜਾਂਦੀਆਂ। ਨਾ ਇਸਦਾ ਕੋਈ ਸਬੂਤ ਰਹਿਣ ਦਿੱਤਾ ਜਾਂਦਾ ਹੈ । ਸਾਜਿਸ਼ਾਂ ਦਾ ਅੰਦਾਜ਼ਾ ਹਾਲਾਤਾਂ ਤੋਂ ਲਾਇਆ ਜਾਂਦਾ ਹੈ । ਇਸ ਮੁਕੱਦਮੇ ਦੇ ਹਾਲਾਤ ਬਹੁਤ ਕੁਝ ਪੰਕਜ ਅਤੇ ਨੀਰਜ ਦੇ ਖ਼ਿਲਾਫ਼ ਬੋਲਦੇ ਸਨ ।
ਪਰ ਸਾਧੂ ਸਿੰਘ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ।
ਅਗਲੀ ਪੇਸ਼ੀ ਪੰਡਿਤ ਦੇ ਸਫ਼ਾਈ ਪੇਸ਼ ਕਰਨ ਲਈ ਪੈਣੀ ਸੀ । ਸਫ਼ਾਈ ਪੇਸ਼ ਕਰਨ ਲਈ ਮੁਲਜ਼ਮ ਨੂੰ ਮੁਨਾਸਬ ਸਮਾਂ ਮਿਲਣਾ ਚਾਹੀਦਾ ਸੀ। ਬਦਲੇ ਹਾਲਾਤਾਂ ਵਿਚ ਇਹ ਮੁਨਾਸਬ ਸਮਾਂ ਦਸ ਦਿਨਾਂ ਤੋਂ ਘੱਟ ਕੀ ਹੋ ਸਕਦਾ ਸੀ ?
"ਹੁਣ ਤਾਂ ਖੁਸ਼ ਹੋ !" ਦਸਾਂ ਦਿਨਾਂ ਦੀ ਤਾਰੀਖ਼ ਪਾ ਕੇ ਸਾਧੂ ਸਿੰਘ ਨੇ ਵਿਅੰਗਮਈ ਮੁਸਕਾਨ ਹੋਠਾਂ 'ਤੇ ਲਿਆ ਕੇ ਨੰਦ ਲਾਲ ਤੋਂ ਪੁੱਧਛਿਆ ।
ਸਾਧੂ ਸਿੰਘ ਦਾ ਇਸ਼ਾਰਾ ਸਮਝ ਕੇ ਨੰਦ ਲਾਲ ਸ਼ਰਮ ਨਾਲ ਪੀਲਾ-ਬਸਾਰ ਹੋ ਗਿਆ ।
ਸਾਧੂ ਸਿੰਘ ਦੀ ਇਕੋ ਮੁਸਕਾਨ ਨੇ ਨੰਦ ਲਾਲ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ ।
ਬਤੌਰ ਵਕੀਲ ਨੰਦ ਲਾਲ ਦਾ ਫਰਜ਼ ਸੀ ਇਨਸਾਫ਼ ਕਰਨ ਵਿਚ ਜੱਜ ਦੀ ਮਦਦ ਕਰਨਾ । ਪਰ ਉਸਨੇ ਇਨਸਾਫ਼ ਹੋਣ ਵਿਚ ਰੋੜਾ ਅਟਕਾਇਆ ਸੀ ।
"ਕੀ ਇਹੋ ਉਸਦਾ ਫਰਜ਼ ਸੀ?" ਸਾਧੂ ਸਿੰਘ ਜਿਵੇਂ ਨੰਦ ਲਾਲ ਤੋਂ ਪੁੱਛ ਰਿਹਾ ਸੀ ।
ਨੰਦ ਲਾਲ ਕੋਲੋਂ ਜੱਜ ਨਾਲ ਅੱਖ ਮਿਲਾਉਣ ਦੀ ਹਿੰਮਤ ਜਾਂਦੀ ਰਹੀ ।
ਉਹ ਨੀਵੀਂ ਪਾ ਕੇ ਅਦਾਲਤੋਂ ਬਾਹਰ ਆ ਗਿਆ ।
ਸਾਧੂ ਸਿੰਘ ਦੀ ਬਦਲੀ ਤੋਂ ਬਾਅਦ ਦੀ ਤਾਰੀਖ਼ ਮਿਲਣ 'ਤੇ ਸਾਰੀ ਸਫ਼ਾਈ ਧਿਰ ਜੇਤੂ ਮਹਿਸੂਸ ਕਰ ਰਹੀ ਸੀ ।
ਪਰ ਨੰਦ ਲਾਲ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਜਿਵੇਂ ਉਸਦੀ ਹਾਰ ਹੋਈ ਸੀ ।
112
ਸਾਧੂ ਸਿੰਘ ਦੀ ਥਾਂ ਨੰਦ ਲਾਲ ਭਗਤ ਰਾਮ ਨੂੰ ਮਾਇਆ ਨਗਰ ਲਿਆਉਣਾ ਚਾਹੁੰਦਾ ਸੀ ।
ਭਗਤ ਰਾਮ ਮਾਇਆ ਨਗਰ ਲੱਗਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ।
ਉਹ ਹਰ ਕੇਸ ਵਿਚ ਰਿਸ਼ਵਤ ਨਹੀਂ ਸੀ ਲੈਂਦਾ । ਕਦੇ-ਕਦੇ, ਸੋਚ ਵਿਚਾਰ ਕੇ ਪੈਸ ਲੈਂਦਾ ਸੀ । ਇਸ ਲਈ ਉਸਦਾ ਨਾਂ ਈਮਾਨਦਾਰ ਜੱਜਾਂ ਦੀ ਲਿਸਟ ਵਿਚ ਆਉਂਦਾ ਸੀ । ਉਹ ਸਾਧੂ ਸਿੰਘ ਵਰਗਾ ਅੜੀਅਲ ਨਹੀਂ ਸੀ । ਬਿਨਾਂ ਲਾਲਚ ਕੀਤੇ ਅਫ਼ਸਰਾਂ ਦਾ ਕੰਮ ਕਰਦਾ ਸੀ । ਇਸ ਲਈ ਉਹ ਉੱਪਰਲਿਆਂ ਦਾ ਚਹੇਤਾ ਸੀ ।
ਉਸਦੇ ਮਾਇਆ ਨਗਰ ਆਉਣ ਨਾਲ ਨੰਦ ਲਾਲ ਦਾ ਪਾਸਾ ਸਿੱਧਾ ਪੈਂਦਾ ਸੀ ।
ਨੰਦ ਲਾਲ ਮੋਟੀਆਂ ਅਸਾਮੀਆਂ ਦਾ ਵਕੀਲ ਬਣਦਾ ਸੀ । ਪੈਸੇ ਵਾਲੀਆਂ ਪਾਰਟੀਆਂ ਦਾ ਧਿਆਨ ਪੈਸੇ ਦੇ ਜ਼ੋਰ 'ਤੇ ਮੁਕੱਦਮਾ ਜਿੱਤਣ ਵੱਲ ਹੁੰਦਾ ਸੀ । ਵਕੀਲ ਨੂੰ ਫ਼ੀਸ ਦਿੰਦੇ ਸੌ ਕਿਰਸ ਕਰਨ ਪਰ ਜੱਜ ਨੂੰ ਮੂੰਹ-ਮੰਗੀ ਫ਼ੀਸ ਦਿੰਦੇ ਸਨ । ਮੋਟੀਆਂ ਫ਼ੀਸਾਂ ਵਿਚੋਂ ਨੰਦ ਲਾਲ ਨੂੰ ਮੋਟਾ ਹਿੱਸਾ ਮਿਲਦਾ ਸੀ । ਭਗਤ ਰਾਮ ਨਾਲ ਬੁੱਕਲ ਸਾਂਝੀ ਸੀ । ਉਸਦੇ ਮਾਇਆ ਨਗਰ ਆਉਂਦੇ ਹੀ ਨੰਦ ਲਾਲ ਦੀਆਂ ਪੌਂ ਬਾਰਾਂ ਹੋ ਜਾਣੀਆਂ ਸਨ ।
ਹਜ਼ਾਰੀ ਲਾਲ ਨੂੰ ਚੀਫ਼ ਜਸਟਿਸ ਬਣਵਾ ਕੇ ਚੰਡੀਗੜ੍ਹ ਰਖਵਾਉਣ ਵਾਲਾ ਸਾਬਕਾ ਐਮ.ਪੀ. ਸ਼ੁਕਲਾ ਸੀ, ਇਹ ਸਾਰਾ ਹਾਈ ਕੋਰਟ ਜਾਣਦਾ ਸੀ । ਨੰਦ ਲਾਲ ਦੇ ਸ਼ੁਕਲੇ ਨਾਲ ਨਿੱਜੀ ਸਬੰਧ ਸਨ, ਇਹ ਕੇਵਲ ਭਗਤ ਰਾਮ ਜਾਣਦਾ ਸੀ । ਆਪਣੀ ਮਰਜ਼ੀ ਦਾ ਜੱਜ
ਮਾਇਆ ਨਗਰ ਲਗਵਾਉਣ ਲਈ ਪੰਕਜ ਸ਼ੁਕਲੇ ਨੂੰ ਮੋਟੀ ਰਕਮ ਦੇ ਰਿਹਾ ਸੀ, ਇਹ ਕੇਵਲ ਨੰਦ ਲਾਲ ਜਾਣਦਾ ਸੀ ।
ਪੰਕਜ ਜਿਸ ਜੱਜ ਨੂੰ ਮਾਇਆ ਨਗਰ ਲਿਆਉਣਾ ਚਾਹੁੰਦਾ ਸੀ, ਉਸਦਾ ਇਥੇ ਆਉਣਾ ਅਸੰਭਵ ਸੀ । ਉਸਦਾ ਪਿਛਲਾ ਰਿਕਾਰਡ ਬਹੁਤ ਮਾੜਾ ਸੀ । ਹਰ ਸਟੇਸ਼ਨ 'ਤੇ ਉਸਦੇ ਵਿਰੁਧ ਰੌਲਾ ਪਿਆ ਸੀ । ਉਸਦੇ ਰਿਟਾਇਰ ਹੋਣ ਵਿਚ ਦੋ ਸਾਲ ਰਹਿੰਦੇ ਸਨ। ਉਹ
ਅਗਲੀ ਪਿਛਲੀ ਕਸਰ ਪੂਰੀ ਕਰਨਾ ਚਾਹੁੰਦਾ ਸੀ । ਪੰਕਜ ਦੇ ਬਾਪ ਦਾ ਉਹ ਲੰਗੋਟੀਆ ਯਾਰ ਸੀ । ਪਹਿਲਾਂ ਤੋਂ ਪੰਕਜ ਦਾ ਉਸਦੇ ਘਰ ਆਉਣ-ਜਾਣ ਸੀ । ਪੰਕਜ ਨੂੰ ਬਰੀ ਕਰਨ ਦਾ ਉਸਨੇ ਭਰੋਸਾ ਦਿੱਤਾ ਸੀ । ਕੁਝ ਰਕਮ ਉਹ ਜੱਜ ਆਪਣੇ ਪੱਧਲਿਉਂ ਵੀ ਖ਼ਰਚ ਰਿਹਾ ਸੀ ।
ਨੰਦ ਲਾਲ ਨੂੰ ਪਤਾ ਸੀਧ। ਸੋਸਾਇਟੀ ਦੇ ਜ਼ੋਰ ਕਾਰਨ ਉਸਨੂੰ ਮਾਇਆ ਨਗਰ ਮਿਲਣ ਵਾਲਾ ਨਹੀਂ ਸੀ ।
ਇਸ ਲਈ ਨੰਦ ਲਾਲ ਨੇ ਪੰਕਜ ਦੇ ਚਹੇਤੇ ਜੱਜ ਦੇ ਨਾਲ-ਨਾਲ ਆਪਣੇ ਚਹੇਤੇ ਜੱਜ ਦਾ ਨਾਂ ਵੀ ਸ਼ੁਕਲੇ ਨੂੰ ਸੁਝਾਇਆ ਸੀ ।
ਪਰ ਲਗਦਾ ਸੀ, ਹੁਣੇ ਚੀਫ਼ ਜਸਟਿਸ ਨੇ ਸ਼ੁਕਲੇ ਦੇ ਅਹਿਸਾਨ ਨੂੰ ਭੁਲਾ ਦਿੱਤਾ ਸੀ । ਦੋਹਾਂ ਵਿਚੋਂ ਕਿਸੇ ਵੀ ਜੱਜ ਨੂੰ ਮਾਇਆ ਨਗਰ ਨਹੀਂ ਸੀ ਲਾਇਆ ਗਿਆ। ਬੁੱਕਲ ਵਿਚੋਂ ਕੋਈ ਨਵਾਂ ਮੂੰਗਲਾ ਕੱਢ ਮਾਰਿਆ ਸੀ ।
ਪੰਕਜ ਦੇ ਐਮ.ਪੀ. ਕੋਲੋਂ ਪੁੱਛਣ ਤੋਂ ਪਹਿਲਾਂ ਹੀ ਐਮ.ਪੀ. ਨੇ ਚੀਫ਼ ਕੋਲੋਂ ਪੁੱਛ ਲਿਆ ।
ਪਾਰਟੀ ਕੋਲੋਂ ਮਿਲੀ ਮੋਟੀ ਫ਼ੀਸ ਉਹ ਹਜ਼ਮ ਕਰ ਚੁੱਕਾ ਸੀ । ਉਹ ਪਾਰਟੀ ਨੂੰ ਕੀ ਮੂੰਹ ਦਿਖਾਏ?
"ਪੇੜ ਨਾ ਗਿਣੋ । ਅੰਬ ਖਾਓ । ਮੰਗਤ ਰਾਮ ਆਪਣੇ ਕੰਮ ਦੀ ਸ਼ੁਰੂਆਤ ਪੰਕਜ ਹੋਰਾਂ ਨੂੰ ਬਰੀ ਕਰਕੇ ਕਰੇਗਾ । ਬਿਨਾਂ ਕੋਈ ਝਾਕ ਰੱਧਖੇਧ।"
ਹਜ਼ਾਰੀ ਲਾਲ ਨੂੰ ਦੁੱਧ ਵਿਚ ਮੀਂਗਣਾ ਕਿਉਂ ਘੋਲਣੀਆਂ ਪਈਆਂ, ਇਸ ਦੇ ਕਾਰਨ ਵੀ ਉਸਨੇ ਸਪੱਸ਼ਟ ਕੀਤੇ ।
"ਸੋਸਾਇਟੀ ਦਾ ਪ੍ਰਧਾਨ ਤੁਹਾਡੇ ਵੱਲੋਂ ਲੱਗੀ ਸਿਫਾਰਸ਼ ਦੀ ਸੂਹ ਕੱਢੀ ਫਿਰਦਾ ਹੈ ।
ਉਹ ਖ਼ੁਦ ਮੇਰੇ ਕੋਲ ਆ ਕੇ ਇਤਰਾਜ਼ ਕਰਕੇ ਗਿਆ ਹੈ । ਪੰਕਜ ਨੇ ਜਿਸ ਜੱਜ ਦੀ ਸਿਫਾਰਸ਼ ਕੀਤੀ ਸੀ, ਉਹ ਬੇਵਕੂਫ਼ ਕਈ ਵਾਰ ਸਰਕਾਰੀ ਗੱਡੀ ਵਿਚ ਇਨ੍ਹਾਂ ਦੀ ਕੋਠੀ ਆਇਆ ਸੀ । ਸਰਕਾਰੀ ਫ਼ੋਨ ਤੋਂ ਇਨ੍ਹਾਂ ਨੂੰ ਫ਼ੋਨ ਕਰਦਾ ਰਿਹਾ ਹੈ । ਪ੍ਰਧਾਨ ਸਾਰਾ ਰਿਕਾਰਡ ਚੁੱਕੀ ਫਿਰਦਾ ਹੈ । ਭਗਤ ਰਾਮ ਅਤੇ ਨੰਦ ਲਾਲ ਦੇ ਗੂੜ੍ਹੇ ਸੰਬੰਧਾਂ ਦਾ ਪੁਲੰਦਾ ਵੀ ਉਸ ਕੋਲ ਹੈ । ਦੋਹਾਂ ਵਿਚੋਂ ਜਿਸ ਜੱਜ ਨੂੰ ਵੀ ਮਾਇਆ ਨਗਰ ਲਾਇਆ ਜਾਂਦਾ ਹੈ, ਉਸ ਨੇ ਖ਼ਤਰੇ ਵਿਚ ਪੈ ਜਾਣਾ ਸੀ । ਆਪਣਾ ਕੰਮ ਉਸਨੇ ਕੀ ਕਰਨਾ ਸੀ, ਉਸਨੂੰ ਆਪਣੀ ਜਾਨ ਛੁਡਾਉਣੀ ਔਖੀ ਹੋ ਜਾਣੀ ਸੀ । ਆਪਣੀ ਦੋਹਾਂ ਦੀ ਬਦਨਾਮੀ ਮੁਫ਼ਤ ਵਿਚ ਹੋਣੀ ਸੀ ।"
ਮੰਗਤ ਰਾਮ ਚੀਫ਼ ਦਾ ਵਫ਼ਾਦਾਰ ਸੀ । ਸਾਰੀਆਂ ਸ਼ਰਤਾਂ ਖੋਲ੍ਹ ਕੇ ਉਸਨੂੰ ਮਾਇਆ ਨਗਰ ਲਾਇਆ ਗਿਆ ਸੀ । ਉਹ ਬਹੁਤ ਹੁਸ਼ਿਆਰ ਸੀ । ਉਸਨੇ ਆਪਣੀ ਕਾਰਵਾਈ ਵੀ ਪਾ ਲੈਣੀ ਸੀ ਅਤੇ ਕਿਸੇ ਨੂੰ ਕੰਨੋਂ-ਕੰਨ ਖ਼ਬਰ ਵੀ ਨਹੀਂ ਸੀ ਹੋਣੀ ।
ਸ਼ੁਕਲੇ ਨੂੰ ਚੀਫ਼ ਦੀਆਂ ਗੱਲਾਂ 'ਤੇ ਯਕੀਨ ਆ ਗਿਆ । ਪਰ ਨੰਦ ਲਾਲ ਨੂੰ ਸ਼ੁਕਲੇ ਦੀਆਂ ਗੱਲਾਂ 'ਤੇ ਯਕੀਨ ਨਾ ਆਇਆ । ਸਿਆਸੀ ਬੰਦਿਆਂ ਦੇ ਲਾਰਿਆਂ ਦੇ ਆਧਾਰ 'ਤੇ ਉਹ ਆਪਣੇ ਸਾਇਲਾਂ ਨੂੰ ਜੋਖ਼ਮ ਵਿਚ ਨਹੀਂ ਸੀ ਪਾ ਸਕਦਾ ।
ਪੰਡਤ ਆਪਣੀ ਸਫ਼ਾਈ ਭੁਗਤਾ ਚੁੱਕਾ ਸੀ । ਬਾਕੀ ਦੋਸ਼ੀ ਪਹਿਲਾਂ ਹੀ ਸਫ਼ਾਈ ਬੰਦ ਕਰ ਚੁੱਕੇ ਸਨ ।
ਕੇਸ ਕਈ ਵਾਰ ਬਹਿਸ 'ਤੇ ਲੱਗ ਚੁੱਕਾ ਸੀ । ਪਰ ਪੱਕਾ ਯਕੀਨ ਹੋਣ ਤਕ ਨੰਦ ਲਾਲ ਕਿਸੇ ਨਾ ਕਿਸੇ ਬਹਾਨੇ ਬਹਿਸ ਟਾਲਦਾ ਆ ਰਿਹਾ ਸੀ ।
ਚਾਰ ਤਾਰੀਖ਼ਾਂ ਪਾਉਣ ਬਾਅਦ ਮੰਗਤ ਰਾਮ ਨੂੰ ਹੋਰ ਤਾਰੀਖ਼ ਦੇਣ ਵਿਚ ਦਿੱਕਤ ਮਹਿਸੂਸ ਹੋਣ ਲੱਗੀ । ਬਹੁਤੀਆਂ ਤਾਰੀਖ਼ਾਂ ਦਾ ਮਤਲਬ ਸੀ ਜੱਜ ਕਿਸੇ ਧਿਰ ਨੂੰ ਰਿਸ਼ਵਤ ਲਈ ਉਡੀਕ ਰਿਹਾ ਸੀ । ਮੰਗਤ ਰਾਏ ਨੇ ਦੋ ਅਮੀਰ ਦੋਸ਼ੀਆਂ ਨੂੰ ਬਰੀ ਕਰਨਾ ਸੀ। ਸੋਸਾਇਟੀ ਇਸ ਦੀ ਸੂਹ ਕੱਢ ਸਕਦੀ ਸੀ ।
ਫੈਸਲਾ ਲਟਕਾਉਣਾ ਸਭ ਲਈ ਖ਼ਤਰਨਾਕ ਸੀ ।
ਇਕ ਦਿਨ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ ਜਾ ਕੇ ਮੰਗਤ ਰਾਮ ਨੇ ਮਾਮਲਾ ਚੀਫ਼ ਦੇ ਧਿਆਨ ਵਿਚ ਲਿਆਂਦਾ। ਕੋਈ ਹੀਮ-ਕੀਮ ਹੋ ਗਈ ਤਾਂ ਉਸਨੂੰ ਦੋਸ਼ ਨਾ ਦਿੱਤਾ ਜਾਵੇ ।
ਚੀਫ਼ ਨੇ ਦੇਰ ਦਾ ਕਾਰਨ ਸ਼ੁਕਲਾ ਤੋਂ ਪੁੱਧਛਿਆ । ਸ਼ੁਕਲਾ ਨੇ ਨੰਦ ਲਾਲ ਤੋਂ । ਨੰਦ ਲਾਲ ਫੇਰ ਟਾਲ-ਮਟੋਲ ਕਰ ਗਿਆ ।
ਜਦੋਂ ਅਗਲੀ ਤਾਰੀਖ਼ ਵੀ ਬਿਨਾਂ ਬਹਿਸ ਹੋਏ ਲੰਘ ਗਈ ਤਾਂ ਮੰਗਤ ਰਾਏ ਨੂੰ ਆਪਣਾ ਸਿੰਘਾਸਣ ਡੋਲਦਾ ਨਜ਼ਰ ਆਇਆ । ਦੋਹਾਂ ਪਾਸਿਆਂ ਤੋਂ ਖ਼ਤਰਾ ਵਧ ਰਿਹਾ ਸੀ । ਦੋਸ਼ੀ ਬਰੀ ਨਾ ਹੋ ਸਕੇ, ਚੀਫ਼ ਨੇ ਨਾਰਾਜ਼ ਹੋਣਾ ਸੀ । ਲਟਕਾ ਕੇ ਬਰੀ ਕੀਤੇ ਤਾਂ ਸੋਸਾਇਟੀ
ਨੇ ਵੰਝ ਗੱਡ ਦੇਣਾ ਸੀ ।
ਹਰੀਸ਼ ਲਟਕਦੀ ਬਹਿਸ 'ਤੇ ਗਿਲਾ ਕਰ ਚੁੱਕਾ ਸੀ । ਇਸ਼ਾਰੇ ਨਾਲ ਜੱਜ ਨੂੰ ਸਮਝਾ ਚੁੱਕਾ ਸੀ । ਪਾਰਟੀ ਬੰਦਾ ਲੱਭਦੀ ਫਿਰਦੀ ਸੀ । ਬਹਿਸ ਪੱਕੇ ਪ੍ਰਬੰਧਾਂ ਬਾਅਦ ਹੋਣੀ ਸੀ ।
ਮੌਕਾ ਤਾੜ ਕੇ ਇਕ ਦਿਨ ਮੰਗਤ ਰਾਏ ਨੇ ਨੰਦ ਲਾਲ ਨੂੰ ਆਪਣੇ ਰਿਟਾਇਰਿੰਗ ਰੂਮ ਵਿਚ ਬੁਲਾਇਆ ।
ਜੱਜ ਨੂੰ ਨੰਦ ਲਲ ਦੀ ਸਹਾਇਤਾ ਦੀ ਜ਼ਰੂਰਤ ਸੀ ।
ਇਸ ਵਾਰ ਬਦਲੀਆਂ ਲੇਟ ਹੋਈਆਂ ਸਨ । ਕਾਲਜਾਂ ਵਿਚ ਦਾਖ਼ਲਾ ਲੈਣ ਦੀਆਂ ਤਾਰੀਖ਼ਾਂ ਨਿਕਲ ਗਈਆਂ ਸਨ । ਮੰਗਤ ਰਾਏ ਦੇ ਬੇਟੇ ਨੂੰ ਕਿਸੇ ਕਾਲਜ ਵਿਚ ਦਾਖ਼ਲਾ ਨਹੀਂ ਸੀ ਮਿਲ ਰਿਹਾ । ਮੰਗਤ ਰਾਏ ਹਰੀਸ਼ ਸਮੇਤ ਕਈਆਂ ਵਕੀਲਾਂ ਤੋਂ ਸਹਾਇਤਾ ਮੰਗ
ਚੁੱਕਾ ਸੀ । ਸਭ ਨੇ ਨੰਦ ਲਾਲ ਦਾ ਨਾਂ ਸੁਝਾਇਆ ਸੀ । ਉਹ ਆਰੀਆ ਕਾਲਜ ਦਾ ਪ੍ਰਧਾਨ ਸੀ । ਉਸਦੀ ਕਲਮ ਦੇ ਇਕੋ ਝਟਕੇ ਨਾਲ ਮੁੰਡੇ ਨੂੰ ਦਾਖ਼ਲਾ ਮਿਲ ਜਾਣਾ ਸੀ ।
ਇਸੇ ਬਹਾਨੇ ਉਸਨੇ ਨੰਦ ਲਾਲ ਨੂੰ ਆਪਣੇ ਕੋਲ ਬੁਲਾਇਆ ਸੀ ।
"ਬਾਬੂ ਜੀ ਬਹਿਸ ਕਰੋ । ਚੀਫ਼ ਸਾਹਿਬ ਦਾ ਹੁਕਮ ਹੈ ।"
ਕੁਰਸੀ 'ਤੇ ਬੈਠਣ ਤੋਂ ਪਹਿਲਾਂ ਹੀ ਮੰਗਤ ਰਾਏ ਨੇ ਨੰਦ ਲਾਲ ਨੂੰ ਸਮਝਾਇਆ ।
ਇੱਧਰ-ਉੱਧਰ ਦੀਆਂ ਗੱਲਾਂ ਬਾਅਦ ਵਿਚ ਹੋਈਆਂ ।
113
ਵੇਦ ਪਰਿਵਾਰ ਦਾ ਪਹਿਲਾਂ ਮਾਇਆ ਨਗਰ ਨਾਲੋਂ ਮੋਹ ਟੁੱਧਟਿਆ । ਫੇਰ ਉਸ ਨਾਲ ਨਫ਼ਰਤ ਹੋ ਗਈ । ਕਦੇ-ਕਦੇ ਕਮਲ ਦੀਆਂ ਯਾਦਾਂ ਉਨ੍ਹਾਂ ਨੂੰ ਕੋਠੀ ਵੱਲ ਧੂਹ ਲਿਜਾਂਦੀਆਂ ।ਪਰ ਜਦੋਂ ਤੋਂ ਕੋਠੀ ਵਿਕੀ ਸੀ ਉਨ੍ਹਾਂ ਦਾ ਇਹ ਸੰਬੰਧ ਵੀ ਟੁੱਟ ਗਿਆ । ਮਾਇਆ ਨਗਰ ਦੇ ਲੋਕਾਂ ਨੇ ਵੇਦ ਹੋਰਾਂ ਨੂੰ ਵਿਸਾਰ ਦਿੱਤਾ ਅਤੇ ਉਨ੍ਹਾਂ ਨੇ ਪੂਰੇ ਮਾਇਆ ਨਗਰ ਨੂੰ ।
ਵੇਦ ਦਾ ਕਾਰੋਬਾਰ ਠੱਪ ਸੀ । ਨੇਹਾ ਦੀ ਪੜ੍ਹਾਈ ਛੁੱਟ ਚੁੱਕੀ ਸੀ । ਨੀਲਮ ਘਰ ਜੋਗੀ ਰਹਿ ਗਈ ਸੀ । ਮਿਰਗੀ ਦੇ ਲਗਾਤਾਰ ਪੈਂਦੇ ਦੌਰਿਆਂ ਕਾਰਨ ਉਸਦਾ ਅੰਦਰ-ਬਾਹਰ ਜਾਣਾ ਵਰਜਿਤ ਸੀ ।
ਵੇਦ ਪਰਿਵਾਰ ਨੂੰ ਇਸ ਸ਼ੀਹਰ ਵਿਚ ਆਇਆਂ ਡੇਢ ਸਾਲ ਹੋ ਗਿਆ ਸੀ । ਆਪਣਾ ਸਭ ਕੁਝ ਵੇਚ ਵੱਟ ਕੇ ਵੇਦ ਨੇ ਰੁਪਿਆ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ । ਜਦੋਂ ਤਕ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋ ਜਾਂਦਾ, ਉਦੋਂ ਤਕ ਉਹ ਨਵਾਂ ਕਾਰੋਬਾਰ ਸ਼ੁਰੂ ਨਹੀਂ
ਕਰ ਸਕਦਾ। ਵਿਆਜ ਨਾਲ ਖਰਚਾ ਚੱਲ ਰਿਹਾ ਸੀ ।
ਸਵੇਰੇ ਸ਼ਾਮ ਵੇਦ ਨੀਲਮ ਨੂੰ ਲੈ ਕੇ ਗੀਤਾ ਭਵਨ ਚਲਾ ਜਾਂਦਾ ਸੀ । ਉਥੇ ਕਥਾ ਵਾਰਤਾ ਚਲਦੀ ਰਹਿੰਦੀ ਸੀ । ਦੋਹਾਂ ਦਾ ਮਨ ਪਰਚ ਜਾਂਦਾ ਸੀ ।
ਚਿੰਤਾ ਨੇਹਾ ਦੀ ਸੀ । ਵੇਦ ਆਥਣ-ਉੱਗਣ ਰਾਮ ਨਾਥ 'ਤੇ ਜ਼ੋਰ ਪਾ ਰਿਹਾ ਸੀ ।
ਕੋਈ ਲੋੜੀਂਦਾ ਘਰ ਦੇਖ ਕੇ ਨੇਹਾ ਦੇ ਹੱਥ ਪੀਲੇ ਕਰ ਦਿੱਤੇ ਜਾਣ । ਰਾਮ ਨਾਥ ਵੀ ਇਸੇ ਵਿਚਾਰ ਦਾ ਸੀ । ਪਰ ਕੋਈ ਮੁੰਡਾ ਮਿਲੇ ਤਾਂ ਹੀ ਰਿਸ਼ਤਾ ਹੋਵੇ । ਰਾਮ ਨਾਥ ਨੇ ਸਾਰੇ ਵਾਕਫਾਂ ਕੋਲ ਮੁੰਡਾ ਦੱਸਣ ਦਾ ਸਵਾਲ ਪਾਇਆ ਸੀ । ਕਿਸੇ ਇਕ ਵੱਲੋਂ ਵੀ ਮੁੰਡੇ ਦੀ ਦੱਸ ਨਹੀਂ ਸੀ ਪਈ ।
"ਕੁੜੀ ਨੂੰ ਖੂਹ-ਖ਼ਾਤੇ ਨਹੀਂ ਸੁੱਧਟਿਆ ਜਾ ਸਕਦਾ । ਕਦੇ ਨਾ ਕਦੇ ਹਾਲਾਤ ਬਦਲਣਗੇ । ਉਹ ਵੱਡੋ ਬਾਰ ਨਹੀਂ ਹੋ ਗਈ । ਆਪੇ ਠੀਕ ਰਿਸ਼ਤਾ ਹੋ ਜਾਏਗਾ ।" ਆਖ ਕੇ ਉਹ ਵੇਦ ਦਾ ਮਨ ਰੱਖਦਾ ਆ ਰਿਹਾ ਸੀ ।
ਇਸ ਸ਼ਹਿਰ ਵਿਚ ਉਚੇਰੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਸੀ । ਚਾਹੁੰਦੀ ਹੋਈ ਵੀ ਨੇਹਾ ਐਮ.ਏ. ਵਿਚ ਦਾਖ਼ਲਾ ਨਹੀਂ ਸੀ ਲੈ ਸਕਦੀ ।
ਸਮੇਂ ਨੂੰ ਧੱਕਾ ਦੇਣ ਦਾ ਇਕੋ ਸਾਧਨ ਸੀ। ਕਾਨੂੰਨ ਦੀਆਂ ਕਿਤਾਬਾਂ ਨਾਲ ਮਗਜ਼ ਖਪਾਈ ।
ਨੇਹਾ ਰੁੱਝੀ ਰਹਿਣਾ ਚਾਹੁੰਦੀ ਸੀ । ਕੰਮ ਕੋਈ ਵੀ ਹੋਵੇ । ਮਨੋ-ਚਕਿਤਸਕ ਦੇ ਸੁਭਾਅ 'ਤੇ ਰਾਮ ਨਾਥ ਉਸਨੂੰ ਰੁਝੇ ਰਹਿਣ ਵਿਚ ਮਦਦ ਕਰ ਰਿਹਾ ਸੀ ।
ਰਾਮ ਨਾਥ ਆਪਣੇ ਵੱਲੋਂ ਲੜੇ ਜਾ ਰਹੇ ਕਿਸੇ ਮੁਕੱਦਮੇ ਦਾ ਪਹਿਲਾਂ ਉਸਨੂੰ ਪਿਛੋਕੜ ਸਮਝਾ ਦਿੰਦਾ । ਫੇਰ ਮੁਕੱਦਮੇ ਵਿਚ ਉੱਠਣ ਵਾਲੇ ਨੁਕਤਿਆਂ ਬਾਰੇ ਦੱਸ ਦਿੰਦਾ । ਉਨ੍ਹਾਂ ਨੁਕਤਿਆਂ ਉਪਰ ਹਾਈ ਕੋਰਟ, ਸੁਪਰੀਮ ਕੋਰਟ ਦਾ ਕੀ ਵਿਚਾਰ ਹੈ? ਉਨ੍ਹਾਂ ਫੈਸਲਿਆਂ
ਦੀ ਲਿਸਟ ਬਣਾ ਦਿੰਦਾ । ਬਾਕੀ ਦੀ ਪੜ੍ਹਾਈ ਨੇਹਾ ਉਪਰ ਛੱਡ ਦਿੰਦਾ ।
ਫੈਸਲੇ ਪੜ੍ਹਦੀ-ਪੜ੍ਹਦੀ ਨੇਹਾ ਵਕੀਲਾਂ ਅਤੇ ਜੱਜਾਂ ਦੀ ਚਤੁਰਾਈ 'ਤੇ ਹੈਰਾਨ ਹੋਣ ਲਗਦੀ । ਲਗਭਗ ਹਰ ਕੇਸ ਵਿਚ ਬੜੀ ਚਤੁਰਾਈ ਨਾਲ ਕੋਈ ਨਾ ਕੋਈ ਬਹਾਨਾ ਲੱਭ ਕੇ ਦੋਸ਼ੀ ਨੂੰ ਬਰੀ ਕਰ ਦਿੱਤਾ ਜਾਂਦਾ ਸੀ । ਨੇਹਾ ਵਰਗੇ ਲੋਕ ਵੀ ਮੁਕੱਦਮੇ ਦਾ ਹਿੱਸਾ ਸਨ ।
ਲਗਦਾ ਸੀ ਇਸ ਪੱਖ ਨੂੰ ਅਦਾਲਤ ਨੇ ਉੱਕਾ ਵਿਸਾਰ ਦਿੱਤਾ ਸੀ ।
ਆਪਣੇ ਮੁਕੱਦਮੇ ਨਾਲ ਮਿਲਦੇ-ਜੁਲਦੇ ਫੈਸਲੇ ਪੜ੍ਹਕੇ ਨੇਹਾ ਨੂੰ ਲਗਦਾ ਸੀ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੇ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਜਾਣਾ ਸੀ ।
ਮੁਦਈ ਦੀ ਹੁੰਦੀ ਦੁਰਦਸ਼ਾ ਦੇਖ ਕੇ ਨੇਹਾ ਦਾ ਮਨ ਕੁਝ ਕਰਨ ਲਈ ਤੜਪ ਉਠਦਾ ਸੀ । ਉਹ ਕੀ ਕਰੇ? ਇਹ ਪ੍ਰਸ਼ਨ ਉਹ ਮਾਮੇ ਕੋਲੋਂ ਕਈ ਵਾਰ ਪੁੱਛ ਚੁੱਕੀ ਸੀ ।
ਦੁੱਖ ਹੰਢਾ ਕੇ ਰਾਮ ਨਾਥ ਨੇ ਕਈ ਸਬਕ ਸਿੱਧਖੇ ਸਨ । ਹੁਣ ਉਸਨੂੰ ਮੁਲਜ਼ਮ ਦਾ ਪੱਖ ਪੂਰਦੇ ਝਿਜਕ ਮਹਿਸੂਸ ਹੁੰਦੀ ਸੀ । ਲਗਦੀ ਵਾਹ ਉਹ ਮੁਦਈ ਧਿਰ ਦਾ ਵਕੀਲ ਬਣਦਾ ਸੀ । ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਉਹ ਦਿਨ ਰਾਤ ਇਕ ਕਰਕੇ ਸੰਘਰਸ਼ ਕਰਦਾ
ਸੀ । ਇਸ ਤਰ੍ਹਾਂ ਉਸਨੂੰ ਸਕੂਨ ਮਿਲਦਾ ਸੀ ।
ਸੋਸਾਇਟੀ ਦੇ ਅਸਲ ਉਦੇਸ਼ ਦੀ ਸਮਝ ਰਾਮ ਨਾਥ ਨੂੰ ਹੁਣ ਆਈ ਸੀ । ਜੇ ਨੇਹਾ ਵਕੀਲ ਹੁੰਦੀ ਤਾਂ ਸੋਸਾਇਟੀ ਦੇ ਕੰਮ ਵਿਚ ਹੱਥ ਵੰਡਾ ਦਿੰਦੀ । ਹੁਣ ਨੇਹਾ ਸੋਸਾਇਟੀ ਲਈ ਕੀ ਕਰ ਸਕਦੀ ਸੀ ? ਇਹ ਰਾਮ ਨਾਥ ਨੂੰ ਵੀ ਸਮਝ ਨਹੀਂ ਸੀ ਆਉਂਦੀ ।
"ਮਾਮਾ ਜੀ ਮੈਨੂੰ ਲਾਅ ਵਿਚ ਦਾਖ਼ਲਾ ਨਹੀਂ ਮਿਲ ਸਕਦਾ? ਲਾਅ ਕਰਕੇ ਮੈਂ ਹਰੀਸ਼ ਅੰਕਲ ਦੀ ਸੋਸਾਇਟੀ ਦੀ ਮੈਂਬਰ ਬਣਾਂਗੀ । ਫੇਰ ਮੈਂ ਮੁਲਜ਼ਮ ਪੱਖੀ ਕਾਨੂੰਨ ਦੀਆਂ ਧੱਜੀਆਂ ਉਡਾਵਾਂਗੀ ।"
ਨੇਹਾ ਨੂੰ ਅਚਾਨਕ ਇਕ ਦਿਨ ਫੁਰਨਾ ਫ਼ੁਰਿਆ ਸੀ ।
"ਕਿਉਂ ਨਹੀਂ ਬੇਟਾ? ਤੇਰੇ ਗਰੈਜੂਏਸ਼ਨ ਵਿਚੋਂ ਇੰਨੇ ਨੰਬਰ ਹਨ ਕਿ ਮੈਰਿਟ ਲਿਸਟ ਵਿਚ ਤੇਰਾ ਨਾਂ ਪਹਿਲੇ ਪੰਜਾਂ ਵਿਚ ਹੋਣੈ । ਤੇਰਾ ਵਿਚਾਰ ਉੱਤਮ ਹੈ । ਰੱਬ ਤੈਨੂੰ ਸਫਲਤਾ ਬਖਸ਼ੇ ।"
ਨੇਹਾ ਦੇ ਫੈਸਲੇ ਤੇ ਸਾਰੇ ਪਰਿਵਾਰ ਨੂੰ ਖ਼ੁਸ਼ੀ ਹੋਈ ਸੀ ।
ਉਸਦੇ ਪੜ੍ਹਨੇ ਪੈ ਜਾਣ ਨਾਲ ਕਈ ਸਮੱਸਿਆਵਾਂ ਹੱਲ ਹੋ ਜਾਣੀਆਂ ਸਨ । ਨੇਹਾ ਨੇ ਤਿੰਨ ਸਾਲ ਲਈ ਕੰਮ ਲਗ ਜਾਣਾ ਸੀ । ਯੂਨੀਵਰਸਿਟੀ ਜਾ ਕੇ ਉਸਦਾ ਮਨ ਪਰਚ ਜਾਣਾ ਸੀ ।
ਖ਼ੁਸ਼ੀ-ਖ਼ੁਸ਼ੀ ਨਵੇਂ ਦਾਖ਼ਲੇ ਦਾ ਇੰਤਜ਼ਾਰ ਹੋਣ ਲੱਗਾ ।
114
ਸਾਧੂ ਸਿੰਘ ਦੀ ਆਖ਼ਰੀ ਦਿਨ ਦੀ ਮੁਸਕਾਨ ਨੰਦ ਲਾਲ ਦੇ ਸੀਨੇ ਵਿਚ ਛੁਰੇ ਵਾਂਗ ਖੁਭੀ ਹੋਈ ਸੀ ।
"ਹੁਣ ਤੇ ਖ਼ੁਸ਼ ਹੋ?" ਸਾਧੂ ਸਿੰਘ ਨੇ ਹੁੰਦੇ ਇਨਸਾਫ਼ ਵਿਚ ਰੋੜਾ ਅਟਕਾਉਣ ਵਿਚ ਮਿਲੀ ਕਾਮਯਾਬੀ ਕਾਰਨ ਨੰਦ ਲਾਲ ਨੂੰ ਵਧਾਈ ਦਿੱਤੀ ਸੀ ।
"ਕੀ ਇਸੇ ਦਾ ਨਾਂ ਵਕਾਲਤ ਹੈ?" ਨੰਦ ਲਾਲ ਨੂੰ ਲਗਦਾ ਸੀ, ਜਿਵੇਂ ਸਾਧੂ ਸਿੰਘ ਵਾਰ-ਵਾਰ ਉਸ ਤੋਂ ਇਹ ਪ੍ਰਸ਼ਨ ਪੁੱਛ ਰਿਹਾ ਸੀ ।
ਬੜਾ ਮਾਣ ਸੀ ਨੰਦ ਲਾਲ ਨੂੰ ਆਪਣੀ ਕਾਬਲੀਅਤ ਉੱਪਰ । ਕਿਸ ਕੰਮ ਆਈ ਇਹ ਲਿਆਕਤ? ਪੈਸਾ ਕਮਾਉਣ ਲਈ? ਪੈਸੇ ਵਾਲੇ ਮੁਜਰਮਾਂ ਨੂੰ ਬਰੀ ਕਰਾਉਣ ਲਈ?
ਮੁਲਜ਼ਮਾਂ ਨੂੰ ਸਜ਼ਾ ਦੇ ਭੈਅ ਤੋਂ ਮੁਕਤ ਕਰਾਉਣ ਲਈ? ਜੁਰਮ ਦੇ ਵਧਣ ਫੁੱਲਣ ਵਿਚ ਸਹਾਈ ਹੋਣ ਲਈ?
ਆਪਾ ਪੜਚੋਲ ਕਰਦੇ ਨੰਦ ਲਾਲ ਨੂੰ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਹਾਂ ਵਿਚ ਮਿਲਦਾ ਸੀ ।
ਇਹ ਹਾਂ ਹੁਣ ਉਸਨੂੰ ਪਸ਼ਚਾਤਾਪ ਦੀ ਅੱਗ ਵਿਚ ਸਾੜ ਰਹੀ ਸੀ ।
ਨੰਦ ਲਾਲ ਨੂੰ ਮੁਕੱਦਮੇ ਦੇ ਸਾਰੇ ਹਾਲਾਤ ਦਾ ਪਤਾ ਸੀ । ਸਾਰੇ ਦੋਸ਼ੀਆਂ ਉਪਰ ਲਗੇ ਦੋਸ਼ ਸਹੀ ਸਨ । ਨੰਦ ਲਾਲ ਨੇ ਗਲਤ ਢੰਗ ਤਰੀਕੇ ਵਰਤ ਕੇ ਸਾਰੇ ਸਬੂਤ ਮਿਟਵਾ ਦਿੱਤੇ ਸਨ । ਹੁਣ ਕੋਈ ਵੀ ਜੱਜ ਦੋਸ਼ੀਆਂ ਨੂੰ ਸਜ਼ਾ ਨਹੀਂ ਕਰ ਸਕਦਾ ।
ਪਹਿਲਾਂ ਕਈ ਵਾਰ ਬਹਿਸ ਟਲ ਚੁੱਕੀ ਸੀ । ਇਸ ਵਾਰ ਬਹਿਸ ਹੋਣੀ ਸੀ । ਬਹਿਸ ਕਰਨ ਦਾ ਵਾਅਦਾ ਨੰਦ ਲਾਲ ਕਰਕੇ ਆਇਆ ਸੀ । ਹੋਰ ਤਾਰੀਖ਼ ਲੈਣੀ ਨਾ ਸਾਇਲਾਂ ਦੇ ਹਿਤ ਵਿਚ ਸੀ ਨਾ ਜੱਜ ਦੇ ।
ਪਰ ਹੁਣ ਮੁਲਜ਼ਮਾਂ ਨੂੰ ਬਰੀ ਕਰਾਉਣ ਤੋਂ ਨੰਦ ਲਾਲ ਕਤਰਾ ਰਿਹਾ ਸੀ ।
ਨੰਦ ਲਾਲ ਨੂੰ ਪੰਚਮ ਵਰਗੇ ਪੇਸ਼ਾਵਰ ਮੁਲਜ਼ਮਾਂ ਦਾ ਪੱਖ ਪੂਰਨ ਲਈ ਕਿਸ ਨੇ ਵਕੀਲ ਨਿਯੁਕਤ ਕੀਤਾ ਸੀ? ਪੇਸ਼ਾਵਰ ਮੁਲਜ਼ਮਾਂ ਨੂੰ ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਮੁਹੱਈਆ ਕਰਵਾ ਕੇ ਨੰਦ ਲਾਲ ਨੇ ਆਪਣਾ ਕਿਹੜਾ ਫਰਜ਼ ਨਿਭਾਇਆ ਸੀ? ਕਿਉਂ ਨਿਜੀ ਰਸੂਖ਼
ਵਰਤ ਕੇ ਉਸਨੇ ਤਫ਼ਤੀਸ਼ ਵਿਚ ਰੋੜਾ ਅਟਕਾਇਆ? ਕਿਉਂ ਗਵਾਹ ਮੁਕਰਾਏ? ਕਿਉਂ ਸਾਧੂ ਸਿੰਘ ਨੂੰ ਫੈਸਲਾ ਕਰਨ ਤੋਂ ਰੋਕਿਆ? ਕਿਉਂ ਮੁਲਜ਼ਮਾਂ ਦੀ ਮਰਜ਼ੀ ਦਾ ਜੱਜ ਸਾਧੂ ਸਿੰਘ ਦੀ ਥਾਂ ਲਗਵਾਇਆ?
ਇਹ ਵਕਾਲਤ ਨਹੀਂ, ਕਾਨੂੰਨੀ ਅਪਰਾਧ ਸੀ । ਨੰਦ ਲਾਲ ਭਾਰਤੀ ਦੰਡਾਵਲੀ ਦੀਆਂ ਕਿਹੜੀਆਂ-ਕਿਹੜੀਆਂ ਧਾਰਾਵਾਂ ਤਹਿਤ ਮੁਜਰਮ ਬਣਦਾ ਸੀ? ਤਿੰਨ ਦਿਨਾਂ ਤੋਂ ਘਰ ਬੈਠਾ ਨੰਦ ਲਾਲ ਇਹੋ ਸੋਚ ਰਿਹਾ ਸੀ ।
ਨੰਦ ਲਾਲ ਨੂੰ ਹੁਣ ਸਾਧੂ ਸਿੰਘ ਠੀਕ ਲਗ ਰਿਹਾ ਸੀ । ਹਰੀਸ਼ ਠੀਕ ਲਗ ਰਿਹਾ ਸੀ । ਪਰ ਕਮਾਨੋਂ ਨਿਕਲਿਆ ਤੀਰ ਵਾਪਸ ਨਹੀਂ ਸੀ ਆ ਸਕਦਾ ।
ਭੁਲਿਆ ਬੰਦਾ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਧਲਿਆ ਨਹੀਂ ਆਖਦੇ ।
ਪਰ ਜੇ ਕੋਈ ਸਾਰੀ ਉਮਰ ਹੀ ਭੁੱਧਲਿਆ ਰਿਹਾ ਹੋਵੇ? ਉਸਨੂੰ ਕੀ ਆਖਿਆ ਜਾਵੇ । ਕੋਈ ਲੱਤਾਂ ਕਬਰਾਂ ਵਿਚ ਜਾਣ ਸਮੇਂ ਘਰ ਮੁੜਿਆ ਤਾਂ ਕੀ ਮੁੜਿਆ? ਜਦੋਂ ਜਾਗੋ, ਤਦੇ ਸਵੇਰਾ । ਇਹ ਸੋਚ ਕੇ ਨੰਦ ਲਾਲ ਨੇ ਸਿੰਗਲੇ ਨੂੰ ਆਪਣੇ ਘਰ ਬੁਲਾਇਆ ।
ਸਿੰਗਲੇ ਨੂੰ ਸਾਰੀ ਸਥਿਤੀ ਸਮਝਾਈ ।
ਨੰਦ ਲਾਲ ਦੀ ਤਬੀਅਤ ਖ਼ਰਾਬ ਸੀ । ਉਹ ਬਹਿਸ ਕਰਨ ਦੇ ਯੋਗ ਨਹੀਂ ਸੀ। ਬਹਿਸ ਇਕੱਲੇ ਸਿੰਗਲੇ ਨੂੰ ਕਰਨੀ ਪੈਣੀ ਸੀ ।
ਸਿੰਗਲੇ ਨੂੰ ਘਬਰਾਉਣ ਦੀ ਲੋੜ ਨਹੀਂ ਸੀ । ਉਨ੍ਹਾਂ ਦੇ ਦੋਹਾਂ ਸਾਇਲਾਂ ਨੇ ਬਰੀ ਹੋ ਜਾਣਾ ਸੀ । ਇਸ ਦਾ ਇੰਤਜ਼ਾਮ ਉਨ੍ਹਾਂ ਨੇ ਕਰ ਲਿਆ ਸੀ । ਵਕੀਲਾਂ ਸਿਰ ਵਡਿਆਈ ਦਾ ਸਿਹਰਾ ਮੁਫ਼ਤ ਵਿਚ ਬੱਝਣਾ ਸੀ । ਨੰਦ ਲਾਲ ਅਜਿਹੇ ਸਿਹਰੇ ਬੰਨ੍ਹਵਾ ਬੰਨ੍ਹਵਾ ਥੱਕ
ਚੁੱਕਾ ਸੀ । ਹੁਣ ਵਾਰੀ ਉਸਦੇ ਚੇਲੇ ਦੀ ਸੀ ।
ਸਰਕਾਰ ਨੇ ਨੰਦ ਲਾਲ ਨੂੰ ਪੰਡਿਤ ਦਾ ਵਕੀਲ ਨਿਯੁਕਤ ਕੀਤਾ ਸੀ । ਉਸਦੀ ਪੰਡਿਤ ਵੱਲੋਂ ਬਹਿਸ ਕਰਨ ਦੀ ਇੱਛਾ ਨਹੀਂ ਸੀ । ਸਰਕਾਰ ਵੱਲੋਂ ਮਿਲੀ ਫ਼ੀਸ ਉਹ ਵਾਪਸ ਕਰ ਚੁੱਕਾ ਸੀ । ਉਹ ਪੰਡਿਤ ਵੱਲੋਂ ਆਪਣਾ ਵਕਾਲਤ-ਨਾਮਾ ਵਾਪਸ ਲੈਂਦਾ ਹੈ । ਸਿੰਗਲੇ ਨੇ ਇਸ ਦੀ ਸੂਚਨਾ ਜੱਜ ਨੂੰ ਦੇਣੀ ਸੀ ।
ਨੰਦ ਲਾਲ ਨੇ ਆਪਣੇ ਚੇਲੇ ਨੂੰ ਇਕ ਹੋਰ ਨਸੀਅਤ ਕੀਤੀ ।
"ਲਾਲਚ-ਵੱਸ ਤੂੰ ਗੁਰੂ ਦੀ ਥਾਂ ਪੰਡਿਤ ਦਾ ਵਕੀਲ ਨਾ ਬਣੀਂ । ਉਸਨੂੰ ਆਪਣੇ ਕੀਤੇ ਦੀ ਸਜ਼ਾ ਹੋਣ ਦੇਈਂ ।"
ਬਾਬੂ ਨੰਦ ਲਾਲ ਠੀਕ ਤਾਂ ਸੀ? ਉਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ? ਸਿੰਗਲੇ ਨੂੰ ਕੁਝ ਸਮਝ ਨਹੀਂ ਸੀ ਆਈ ।
115
ਨੀਲਮ ਦੀ ਦਿਮਾਗ਼ ਦੀ ਸੱਟ ਨੂੰ ਠੀਕ ਹੋਣ ਵਿਚ ਬਹੁਤ ਸਮਾਂ ਲੱਗਣਾ ਸੀ ।
ਡਾਕਟਰਾਂ ਦੀ ਸਲਾਹ ਸੀ, ਉਸਨੂੰ ਹਰ ਚਿੰਤਾ ਤੋਂ ਮੁਕਤ ਰੱਧਖਿਆ ਜਾਵੇ । ਚਿੰਤਾ ਕਾਰਨ ਉਸਦੇ ਦਿਮਾਗ਼ ਉਪਰ ਬੋਝ ਪੈਂਦਾ ਸੀ । ਪਏ ਬੋਝ ਕਾਰਨ ਉਸਨੂੰ ਦੌਰੇ ਪੈਣ ਲਗਦੇ ਸਨ ।
ਇਕ ਵਾਰ ਸ਼ੁਰੂ ਹੋਏ ਦੌਰੇ ਕਈ-ਕਈ ਦਿਨ ਚੱਲਦੇ ਸਨ ।
ਇਸ ਲਈ ਹਰ ਭੈੜੀ ਖ਼ਬਰ ਨੀਲਮ ਤੋਂ ਛੁਪਾ ਕੇ ਰੱਖੀ ਜਾਂਦੀ ਸੀ ।
ਪਰ ਕੱਲ੍ਹ ਨੂੰ ਹੋਣ ਵਾਲੇ ਫੈਸਲੇ ਦੀ ਭਿਣਖ ਪਤਾ ਨਹੀਂ ਉਸਨੂੰ ਕਿਥੋਂ ਪੈ ਗਈ?
ਉਹ ਸਵੇਰ ਦੀ ਗੁੰਮ-ਸੁੰਮ ਸੀ ।
ਉਸਦਾ ਗੁੰਮ-ਸੁੰਮ ਹੋਣਾ ਪਰਿਵਾਰ ਲਈ ਖ਼ਤਰੇ ਦੀ ਘੰਟੀ ਸੀ । ਉਸਨੂੰ ਕਿਸੇ ਵੀ ਸਮੇਂ ਦੌਰਾ ਪੈ ਸਕਦਾ ਸੀ ।
ਨੇਹਾ ਨੇ ਨੀਲਮ ਨੂੰ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ । ਸਾਰਾ ਕੰਮ ਉਸਨੇ ਖ਼ੁਦ ਸਮੇਟਿਆ ਸੀ । ਨੀਲਮ ਨੂੰ ਆਰਾਮ ਦੀ ਜ਼ਰੂਰਤ ਸੀ । ਉਸਨੂੰ ਬਿਸਤਰੇ ਵਿਚੋਂ ਉਠਣ ਨਹੀਂ ਸੀ ਦਿੱਤਾ ਜਾ ਰਿਹਾ ।
ਬਰਾਂਡੇ ਵਿਚ ਬੈਠ ਕੇ ਅਖ਼ਬਾਰ ਪੜ੍ਹਦਾ ਵੇਦ ਲਗਾਤਾਰ ਨੀਲਮ ਉਪਰ ਨਜ਼ਰ ਰੱਖ ਰਿਹਾ ਸੀ ।
ਸੁੱਤੀ ਪਈ ਨੀਲਮ ਪਤਾ ਨਹੀਂ ਕਦੋਂ ਜਾਗੀ ਅਤੇ ਕਦੋਂ ਬਾਥਰੂਮ ਗਈ । ਵੇਦ ਨੂੰ ਉਸ ਸਮੇਂ ਹੀ ਪਤਾ ਲੱਗਾ ਜਦੋਂ ਧੜੱਮ ਕਰਕੇ ਡਿਗਦੀ ਨੀਲਮ ਨੇ ਸਾਰਾ ਘਰ ਹਿਲਾ ਦਿੱਤਾ ।
ਅਚਾਨਕ ਆਈ ਇਸ ਮੁਸੀਬਤ ਕਾਰਨ ਵੇਦ ਬੌਂਦਲ ਗਿਆ । ਉਸਦਾ ਸਾਰਾ ਸਰੀਰ ਕੰਬਨ ਲਗਾ ।
ਨੀਲਮ ਦੀ ਜਾਨ ਨੂੰ ਹੋਏ ਖ਼ਤਰੇ ਨੇ ਵੇਦ ਨੂੰ ਸਭ ਕੁਝ ਭੁਲਾ ਦਿੱਤਾ । ਉਹ ਭੁਲ ਗਿਆ, ਉਹ ਪਹਿਲਾਂ ਵਾਲਾ ਵੇਦ ਪਹਿਲਵਾਨ ਨਹੀਂ ਸੀ । ਹੁਣ ਉਸ ਦੀਆਂ ਲੱਤਾਂ ਬਾਹਾਂ ਕਮਜ਼ੋਰ ਸਨ । ਉਸ ਦਾ ਅੰਗ ਅੰਗ ਪਲੇਟਾਂ ਸਹਾਰੇ ਖੜ੍ਹਾ ਸੀ । ਉਸ ਨੂੰ ਚਾਰ ਕਦਮ ਚੱਲਣ
ਲਈ ਸਹਾਰੇ ਦੀ ਜ਼ਰੂਰਤ ਪੈਂਦੀ ਸੀ । ਉਸਨੂੰ ਭਾਰ ਚੁੱਕਣ ਦੀ ਮਨਾਹੀ ਸੀ । ਚਾਰ ਕਦਮ ਤੇਜ਼ ਤੁਰਨ ਦੀ ਮਨਾਹੀ ਸੀ ।
ਸਿਰ 'ਤੇ ਮੰਡਰਾਉਂਦੇ ਖ਼ਤਰੇ ਨੇ ਵੇਦ ਨੂੰ ਸਾਰੀਆਂ ਮਨਾਹੀਆਂ ਭੁਲਾ ਦਿੱਤੀਆਂ ।
ਉਸ ਦੇ ਸਰੀਰ ਵਿਚ ਕਿਧਰੋਂ ਅਥਾਹ ਸ਼ਕਤੀ ਆ ਗਈ । ਉਸ ਸ਼ਕਤੀ ਸਹਾਰੇ ਉਹ ਬਾਥਰੂਮ ਵੱਲ ਦੌੜਿਆ ।
ਨੀਲਮ ਫਰਸ਼ 'ਤੇ ਡਿੱਗੀ ਪਈ ਸੀ। ਉਸਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ ।
ਦੰਦਾਂ ਵਿਚ ਆ ਜਾਣ ਕਾਰਨ ਉਸਦੀ ਜੀਭ ਕੱਟੀ ਗਈ ਸੀ ।
ਵੇਦ ਨੇ ਨੀਲਮ ਨੂੰ ਬਾਹਾਂ ਵਿਚ ਭਰਿਆ ਅਤੇ ਬੈੱਡ ਉਪਰ ਲਿਆ ਸੁੱਧਟਿਆ ।
ਝੱਟ ਉਸਦੀ ਗੈਬੀ-ਸ਼ਕਤੀ ਅਲੋਪ ਹੋ ਗਈ । ਉਸ ਦੀਆਂ ਲੱਤਾਂ ਬਾਹਾਂ ਦਰਦ ਕਾਰਨ ਮੱਚਣ ਲੱਗੀਆਂ । ਉਸਦੀ ਸੱਜੀ ਲੱਤ ਉਪਰ ਆਰਾ ਚੱਲਣ ਲੱਗਾ ।
ਨੇਹਾ ਘਰ ਨਾ ਹੁੰਦੀ ਤਾਂ ਸ਼ਾਇਦ ਕੋਈ ਭਾਣਾ ਵਰਤ ਜਾਂਦਾ ।
ਝੱਟ ਨੇਹਾ ਨਾ ਹੁੰਦੀ ਤਾਂ ਸ਼ਾਇਦ ਕੋਈ ਭਾਣਾ ਵਰਤ ਜਾਂਦਾ ।
ਝੱਟ ਨੇਹਾ ਨੇ ਰਾਮ ਨਾਥ ਨੂੰ ਬੁਲਾਇਆ ।
ਰਾਮ ਨਾਥ ਨੇ ਡਾਕਟਰ ਇਕੱਠੇ ਕਰ ਲਏ ।
ਨੀਲਮ ਨੂੰ ਬਹੁਤਾ ਖ਼ਤਰਾ ਨਹੀਂ ਸੀ । ਉਸਨੂੰ ਸਾਧਾਰਨ ਦੌਰਾ ਪਿਆ ਸੀ । ਇਕ ਦੋ ਦਿਨਾਂ ਵਿਚ ਉਸਨੇ ਤੁਰਨ ਫਿਰਨ ਲਗ ਜਾਣਾ ਸੀ ।
ਵੇਦ ਦੀ ਹਾਲਤ ਚਿੰਤਾਜਨਕ ਸੀ । ਭਾਰ ਚੁਕਣ ਕਾਰਨ ਉਸ ਦੀਆਂ ਕਮਜ਼ੋਰ ਹੱਡੀਆਂ ਜਰਕ ਗਈਆਂ ਸਨ ।
ਲੱਤਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ । ਲਗਦਾ ਸੀ ਭਾਰ ਪੈਣ ਕਾਰਨ ਪਲੇਟ ਵਿੰਗੀਆਂ ਹੋ ਗਈਆਂ ਸਨ ।
ਜੇ ਇੰਝ ਹੋ ਗਿਆ ਹੋਇਆ ਤਾਂ ਫੌਰੀ ਅਪਰੇਸ਼ਨ ਕਰਨਾ ਪੈਣਾ ਸੀ । ਇਸ ਸ਼ਹਿਰ ਵਿਚ ਇਹ ਸੁਵਿਧਾ ਨਹੀਂ ਸੀ ।
ਮਰੀਜ਼ ਨੂੰ ਫੌਰੀ ਤੌਰ 'ਤੇ ਦਯਾਨੰਦ ਹਸਪਤਾਲ ਲਿਜਾਣਾ ਚਾਹੀਦਾ ਸੀ ।
ਸੋਗ ਵਿਚ ਡੁੱਬਾ ਪਰਿਵਾਰ ਮਾਇਆ ਨਗਰ ਜਾਣ ਦੀ ਤਿਆਰੀ ਕਰਨ ਲੱਗਾ ।
116
ਪੂਰੇ ਦੋ ਦਿਨ ਧੂੰਆਂ-ਧਾਰ ਬਹਿਸ ਹੁੰਦੀ ਰਹੀ ।
ਸੁਪਰੀਮ ਕੋਰਟ ਦੇ ਬੀਸੀਆਂ ਫੈਸਲਿਆਂ ਦਾ ਹਵਾਲਾ ਦੇ ਕੇ ਸਫ਼ਾਈ ਧਿਰ ਨੇ ਸਿੱਧ ਕੀਤਾ ਕਿ ਦੋਸ਼ੀਆਂ ਦਾ ਮੌਕੇ ਉਪਰ ਹਾਜ਼ਰ ਹੋਣਾ ਅਤੇ ਵਾਰਦਾਤ ਵਿਚ ਸ਼ਾਮਲ ਹੋਣਾ ਸਾਬਤ ਨਹੀਂ ਹੁੰਦਾ ।
ਉਨ੍ਹਾਂ ਦਾ ਤਰਕ ਸੀ ਕਿ ਵਾਰਦਾਤ ਕਾਲੇ ਕੱਧਛਿਆਂ ਵਾਲੇ ਕਿਸੇ ਗਰੋਹ ਨੇ ਕੀਤੀ ਸੀ । ਅਜਿਹੀ ਵਾਰਦਾਤ ਮਾਇਆ ਨਗਰ ਵਿਚ ਪਹਿਲੀ ਵਾਰ ਹੋਈ ਸੀ । ਡਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਪਰਗਟਾਉਣ ਲਈ ਅਖ਼ਬਾਰਾਂ ਨੇ ਮੁਕੱਦਮੇ ਨੂੰ ਤੂਲ ਦੇ ਦਿੱਤਾ । ਆਪਣਾ
ਖਹਿੜਾ ਛੁਡਾਉਣ ਲਈ ਪੁਲਿਸ ਨੇ ਸਾਧਾਰਨ ਕਿਸਮ ਦੇ ਮੁਜਰਮਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ । ਰਾਮ ਨਾਥ ਕਾਨੂੰਨ ਦਾ ਜਾਣਕਾਰ ਸੀ । ਜਾਤੀ ਰੰਜ਼ਸ਼ ਕੱਢਣ ਲਈ ਉਸਨੇ ਬੜੀ ਹੁਸ਼ਿਆਰੀ ਨਾਲ ਪੰਕਜ ਅਤੇ ਨੀਰਜ ਨੂੰ ਮੁਕੱਦਮੇ ਵਿਚ ਘੜੀਸ ਲਿਆ ।
ਪਰਚਾ ਤਿੰਨਾਂ ਵਿਚੋਂ ਇਕ ਚਸ਼ਮਦੀਦ ਗਵਾਹ ਵੱਲੋਂ ਦਰਜ ਕਰਵਾਇਆ ਗਿਆ ਸੀ । ਜੇ ਡਾਕਟਰੀ ਰਿਪੋਰਟ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਨੇਹਾ ਦੇ ਕੋਈ ਗੰਭੀਰ ਸੱਟ ਨਹੀਂ ਸੀ ਵੱਜੀ । ਬਿਆਨ ਦਰਜ ਕਰਾਉਣ ਸਮੇਂ ਉਹ ਪੂਰੇ ਹੋਸ਼ੋ-ਹਵਾਸ ਵਿਚ ਸੀ ।
ਜੇ ਉਸਨੂੰ ਮੁਲਜ਼ਮਾਂ ਦੇ ਨਾਵਾਂ ਦਾ ਪਤਾ ਹੁੰਦਾ ਤਾਂ ਉਹ ਉਸਨੇ ਆਪਣੇ ਪਰਚੇ ਵਿਚ ਲਿਖਾਏ ਹੁੰਦੇ। ਤਤੀਮਾਂ ਬਿਆਨ ਦੋਸ਼ੀਆਂ ਨੂੰ ਫੜਨ ਬਾਅਦ ਲਿਖਿਆ ਗਿਆ ਸੀ । ਇਹ ਤਤੀਮਾਂ ਬਿਆਨ ਕਿਹੜਾ ਸੱਚ ਸੀ? ਪੁਲਿਸ ਨੇ ਬਿਆਨ ਵਿਚ ਲਿਖਿਆ ਸੀ ਕਿ ਦੀਨੇ
ਨੇ ਨੇਹਾ ਨਾਲ ਬਲਾਤਕਾਰ ਕੀਤਾ । ਨੇਹਾ ਅਤੇ ਡਾਕਟਰ ਇਸ ਦੋਸ਼ ਨੂੰ ਝੁਠਲਾਉਂਦੇ ਸਨ। ਇਸੇ ਲਈ ਸੁਪਰੀਮ ਕੋਰਟ ਵਾਰ-ਵਾਰ ਜ਼ੋਰ ਦਿੰਦਾ ਸੀ ਕਿ ਪਰਚੇ ਵਿਚ ਦਰਜ ਤੱਥਾਂ ਨੂੰ ਹੀ ਸਹੀ ਮੰਨਿਆ ਜਾਵੇ । ਤਤੀਮੇ ਬਿਆਨਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾਵੇ । ਇਨ੍ਹਾਂ ਤਤੀਮੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਕਸੂਰਵਾਰ ਨਹੀਂ ਠਹਿਰਾਏ ਜਾ ਸਕਦੇ ।
ਦੋਸ਼ੀਆਂ ਉਪਰ ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਜੁਰਮ ਲੱਗੇ ਸਨ । ਦੋਸ਼ ਸਾਬਤ ਹੋਣ ਉਪਰ ਉਨ੍ਹਾਂ ਨੂੰ ਫਾਂਸੀ ਤਕ ਦੀ ਸਜ਼ਾ ਹੋ ਸਕਦੀ ਸੀ । ਅਦਾਲਤ ਦਾ ਫਰਜ਼ ਸੀ ਗਵਾਹੀਆਂ ਨੂੰ ਗਹੁ ਨਾਲ ਵਾਚੇ । ਜਿਥੇ ਕਿਤੇ ਕਹਾਣੀ ਦੇ ਸੱਚ ਹੋਣ 'ਤੇ ਸ਼ੱਕ ਪੈਦਾ
ਹੋਵੇ ਉਸਦਾ ਫ਼ਾਇਦਾ ਦੋਸ਼ੀਆਂ ਨੂੰ ਦੇਵੇ ।
ਇਹ ਵਾਰਦਾਤ ਇਨ੍ਹਾਂ ਹੀ ਦੋਸ਼ੀਆਂ ਨੇ ਕੀਤੀ ਸੀ । ਇਹ ਸਾਬਤ ਕਰਨ ਵਿਚ ਪੁਲਿਸ ਅਸਫ਼ਲ ਰਹੀ ਸੀ । ਪੁਲਿਸ ਨੇ ਜਾਣ-ਬੁਝ ਕੇ ਸ਼ਨਾਖ਼ਤ ਪਰੇਡ ਨਹੀਂ ਸੀ ਕਰਵਾਈ ।
ਵਾਰਦਾਤ ਅਚਾਨਕ ਹੋਈ ਸੀ । ਸੁੱਤੇ ਪਏ ਘਰ ਦੇ ਮੈਂਬਰਾਂ ਨੂੰ ਉਠਾ ਕੇ ਕੁਟਾਪਾ ਚਾੜ੍ਹ ਦਿੱਤਾ ਗਿਆ ਸੀ । ਕਿਸੇ ਗਵਾਹ ਵੱਲੋਂ ਕਿਸੇ ਮੁਲਜ਼ਮ ਨੂੰ ਉਸ ਸਮੇਂ ਪਹਿਚਾਣ ਲੈਣ ਦੀ ਕੋਈ ਸੰਭਾਵਨਾ ਨਹੀਂ ਸੀ । ਸ਼ਨਾਖ਼ਤ ਪਰੇਡ ਕਰਵਾ ਕੇ ਵੀ ਗਵਾਹਾਂ ਕੋਲੋਂ ਦੋਸ਼ੀ
ਪਹਿਚਾਣੇ ਨਹੀਂ ਸਨ ਜਾਣੇ । ਇਸੇ ਲਈ ਗਵਾਹਾਂ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ ਸ਼ਨਾਖ਼ਤ ਪਰੇਡ ਟਾਲ ਦਿੱਤੀ ਗਈ ਸੀ । ਗਵਾਹ ਕਦੋਂ ਦੇ ਠੀਕ ਹੋ ਕੇ ਕੰਮੀ-ਕਾਰੀ ਲੱਗ ਚੁੱਕੇ ਸਨ । ਚਾਰ ਦੋਸ਼ੀ ਹਾਲੇ ਵੀ ਜੇਲ੍ਹ ਵਿਚ ਸਨ । ਉਨ੍ਹਾਂ ਦੇ ਠੀਕ ਹੋਣ ਬਾਅਦ ਸ਼ਨਾਖ਼ਤ ਪਰੇਡ ਕਰਾਈ ਜਾ ਸਕਦੀ ਸੀ । ਪਰ ਪੁਲਿਸ ਦੀ ਨੀਅਤ ਸਾਫ਼ ਨਹੀਂ ਸੀ । ਦੋਸ਼ੀਆਂ ਦੀਆਂ ਫ਼ੋਟੋਆਂ ਉਤਰਵਾਈਆਂ ਗਈਆਂ । ਉਨ੍ਹਾਂ ਦੀਆਂ ਕਾਪੀਆਂ ਗਵਾਹਾਂ ਨੂੰ ਦਿੱਤੀਆਂ ਗਈਆਂ ।
ਵਾਰ-ਵਾਰ ਮੁਲਜ਼ਮਾਂ ਨੂੰ ਗਵਾਹਾਂ ਸਾਹਮਣੇ ਪੇਸ਼ ਕੀਤਾ ਗਿਆ । ਜਦੋਂ ਮੁਲਜ਼ਮਾਂ ਦੀ ਸ਼ਨਾਖ਼ਤ ਪੱਕੀ ਹੋ ਗਈ ਫੇਰ ਉਨ੍ਹਾਂ ਨੂੰ ਅਦਾਲਤ ਵਿਚ ਖੜ੍ਹਾ ਕਰਕੇ ਸ਼ਨਾਖ਼ਤ ਕਰਵਾਇਆ ਗਿਆ । ਸੁਪਰੀਮ ਕੋਰਟ ਪੁਲਿਸ ਦੀ ਇਸ ਚਲਾਕੀ ਤੋਂ ਭਲੀ-ਭਾਂਤ ਵਾਕਿਫ਼ ਹੈ । ਇਸ
ਲਈ ਉਹ ਅਦਾਲਤ ਵਿਚ ਪਹਿਲੀ ਵਾਰੀ ਹੋਈ ਸ਼ਨਾਖ਼ਤ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ । ਗਵਾਹਾਂ ਦੇ ਬਿਆਨ ਸੱਚੇ ਨਹੀਂ ਸਨ । ਗਵਾਹੀਆਂ ਸ਼ੱਕੀ ਸਨ। ਸ਼ੱਕ ਦਾ ਫ਼ਾਇਦਾ ਮੁਲਜ਼ਮਾਂ ਨੂੰ ਮਿਲਣਾ ਚਾਹੀਦਾ ਸੀ ।
ਪੰਚਮ ਦੇ ਵਕੀਲ ਨੇ ਇਕ ਵੱਖਰਾ ਤਰਕ ਦਿੱਤਾ । ਡਾਕਟਰੀ ਰਿਪੋਰਟ ਅਨੁਸਾਰ ਉਸਦੀ ਉਮਰ ਵੀਹ ਸਾਲ ਤੋਂ ਘੱਟ ਸੀ । ਜੇ ਗਵਾਹਾਂ ਨੂੰ ਸਹੀ ਮੰਨ ਲਿਆ ਜਾਵੇ, ਫੇਰ ਵੀ ਉਸਨੂੰ ਵੱਧਧੋ-ਵੱਧ ਤਿੰਨ ਸਾਲ ਲਈ ਕਿਸ਼ੋਰ ਅਪਰਾਧੀਆਂ ਲਈ ਬਣੇ ਸੁਧਾਰ ਘਰ ਵਿਚ ਹੀ ਭੇਜਿਆ ਜਾ ਸਕਦਾ ਸੀ । ਕੋਈ ਹੋਰ ਸਜ਼ਾ ਉਸ ਨੂੰ ਨਹੀਂ ਸੀ ਦਿੱਤੀ ਜਾ ਸਕਦੀ ।
ਜਦੋਂ ਮੁੱਖ ਦੋਸ਼ੀ ਹੀ ਦੋਸ਼ੀ ਸਾਬਤ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪ੍ਰੇਰ ਕੇ ਜੁਰਮ ਕਰਾਉਣ ਦਾ ਦੋਸ਼ ਪੰਕਜ ਹੋਰਾਂ ਸਿਰ ਕਿਸ ਤਰ੍ਹਾਂ ਮੜ੍ਹਿਆ ਜਾ ਸਕਦਾ ਹੈ? ਸਿੰਗਲੇ ਨੇ ਪੰਕਜ ਹੋਰਾਂ ਦੇ ਹੱਕ ਵਿਚ ਇਹੋ ਤਰਕ ਦਿੱਤਾ ਸੀ ।
ਬਹਿਸ ਦਾ ਜਵਾਬ ਦਿੰਦਿਆਂ ਮੁਦਈ ਧਿਰ ਨੇ ਦੋਸ਼ ਸਾਬਤ ਕਰਨ ਲਈ ਆਪਣੀਆਂ ਦਲੀਲਾਂ ਦਿੱਤੀਆਂ ।
ਦੋਸ਼ੀ ਪੇਸ਼ਾਵਰ ਅਪਰਾਧੀ ਸਨ । ਚੋਰੀਆਂ ਅਤੇ ਖੋਹਾਂ ਦੇ ਮੁਕੱਦਮਿਆਂ ਵਿਚ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ । ਇਹੋ ਦੋਸ਼ੀ ਕਾਲੇ ਕੱਧਛਿਆਂ ਵਾਲੇ ਬਣਕੇ ਜੁਰਮ ਕਰਦੇ ਸਨ । ਇਸੇ ਲਈ ਇਨ੍ਹਾਂ ਦੇ ਫੜੇ ਜਾਣ ਬਾਅਦ ਮੁੜ ਅਜਿਹੀ ਵਾਰਦਾਤ ਨਹੀਂ ਸੀ ਹੋਈ ।
ਖ਼ੂਨ ਨਾਲ ਲਿਬੜੇ ਕੱਪੜੇ, ਹਥਿਆਰਾਂ ਅਤੇ ਚੋਰੀ ਦੇ ਮਾਲ ਦਾ ਬਰਾਮਦ ਹੋਣਾ ਦੋਸ਼ੀਆਂ ਨੂੰ ਵਾਰਦਾਤ ਨਾਲ ਜੋੜਦਾ ਸੀ ।
ਠੇਕੇਦਾਰ ਇਸ ਤੋਂ ਪਹਿਲਾਂ ਕਦੇ ਫੈਕਟਰੀ ਆਇਆ ਹੋਵੇ, ਇਸਦਾ ਕੋਈ ਸਬੂਤ ਨਹੀਂ ਮਿਲਦਾ । ਕਿਸੇ ਮਜ਼ਦੂਰ ਨੂੰ ਉਸ ਨੇ ਪੰਕਜ ਕੋਲ ਕੰਮ 'ਤੇ ਲਗਵਾਇਆ ਹੋਵੇ ਸਫ਼ਾਈ ਧਿਰ ਨੇ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ । ਪੰਕਜ ਅਤੇ ਠੇਕੇਦਾਰ ਵਿਚਕਾਰ ਫ਼ੋਨ
ਤੇ ਕਿਸ ਮਸਲੇ ਬਾਰੇ ਗੱਲਬਾਤ ਹੋਈ, ਸਫ਼ਾਈ ਧਿਰ ਨੇ ਇਸਦਾ ਸਪਸ਼ਟੀਕਰਨ ਨਹੀਂ ਦਿੱਤਾ ।
ਮੁਨੀਮ ਇਨ੍ਹਾਂ ਦਾ ਕਰਿੰਦਾ ਸੀ । ਉਸਨੇ ਉਹੋ ਬੋਲਣਾ ਸੀ ਜੋ ਇਨ੍ਹਾਂ ਨੇ ਆਖਣਾ ਸੀ ।
ਪੰਕਜ ਹੋਰਾਂ ਦੀ ਆਪਣੀ ਫੈਕਟਰੀ ਦਾ ਰਿਕਾਰਡ ਉਨ੍ਹਾਂ ਦੀ ਠੇਕੇਦਾਰ ਨਾਲ ਮਿਲੀ-ਭੁਗਤ ਸਾਬਤ ਕਰਨ ਲਈ ਕਾਫ਼ੀ ਸੀ । ਪੰਕਜ ਹੋਰਾਂ ਦੀ ਸਾਜ਼ਿਸ਼ ਸਾਬਤ ਕਰਨ ਲਈ ਇਹ ਸਬੂਤ ਥੋੜ੍ਹੇ ਨਹੀਂ ਸਨ ।
ਪੰਚਮ ਦੀ ਉਮਰ ਸਾਬਤ ਕਰਨ ਲਈ ਡਾਕਟਰ ਬਤੌਰ ਗਵਾਹ ਨਹੀਂ ਸੀ ਭੁਗਤਿਆ ।
ਨਾ ਮੁਦਈ ਧਿਰ ਨੂੰ ਉਸਦੀ ਅਸਲ ਉਮਰ ਸਾਬਤ ਕਰਨ ਦਾ ਮੌਕਾ ਦਿੱਤਾ ਗਿਆ ਸੀ ।
ਅਧੂਰੀ ਰਿਪੋਰਟ ਉਪਰ ਵਿਸ਼ਵਾਸ ਨਹੀਂ ਸੀ ਕੀਤਾ ਜਾ ਸਕਦਾ । ਉਹ ਕਿਸੇ ਰਹਿਮ ਦਾ ਹੱਕਦਾਰ ਨਹੀਂ ਸੀ ।
ਜੱਜ ਨੇ ਆਪਣਾ ਮਨ ਬਨਾਉਣ ਅਤੇ ਫੈਸਲਾ ਲਿਖਾਉਣ ਲਈ ਇਕ ਦਿਨ ਦਾ ਸਮਾਂ ਲਿਆ ਸੀ ।
117
ਅੱਜ ਫੈਸਲਾ ਸੁਣਾਇਆ ਜਾਣਾ ਸੀ ।
ਕੇਸ ਦੇ ਦੋ ਸਾਲ ਪੁਰਾਣਾ ਹੋ ਜਾਣ ਕਾਰਨ ਆਮ ਜਨਤਾ ਨੂੰ ਇਸ ਦੇ ਫੈਸਲੇ ਵਿਚ ਕੋਈ ਦਿਲਚਸਪੀ ਨਹੀਂ ਸੀ । ਇਸ ਘਟਨਾ ਤੋਂ ਬਾਅਦ ਹਜ਼ਾਰਾਂ ਗੰਭੀਰ ਮਸਲੇ ਉਭਰ ਆਏ ਸਨ। ਅੱਜ-ਕੱਲ੍ਹ ਅਖ਼ਬਾਰਾਂ ਵਿਚ ਉਨ੍ਹਾਂ ਦੀ ਚਰਚਾ ਹੁੰਦੀ ਸੀ ।
ਫੇਰ ਵੀ ਇਹ ਮੁਕੱਦਮਾ ਕਈ ਮਹੀਨੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਰਿਹਾ ਸੀ ।
ਇਸ ਲਈ ਕੁਝ ਅਖ਼ਬਾਰਾਂ ਦੇ ਪੱਤਰਕਾਰ ਇਸ ਮੁਕੱਦਮੇ ਦਾ ਫ਼ੈਸਲਾ ਆਪਣੇ ਅਖ਼ਬਾਰਾਂ ਵਿਚ ਛਾਪਣਾ ਚਾਹੁੰਦੇ ਸਨ । ਉਹ ਫ਼ੈਸਲਾ ਸੁਣਨ ਖ਼ੁਦ ਨਹੀਂ ਸਨ ਆਏ। ਉਹ ਵਕੀਲਾਂ ਨਾਲ ਰਾਬਤਾ ਰੱਖ ਰਹੇ ਸਨ ।
ਪੰਕਜ ਅਤੇ ਨੀਰਜ ਨੇ ਆਪਣੇ ਇਕ ਵੀ ਸਮਰਥਕ ਨੂੰ ਕਚਹਿਰੀ ਨਹੀਂ ਸੀ
ਲਿਆਂਦਾ । ਸਿੰਗਲੇ ਦੇ ਕੈਬਨ ਵਿਚ ਬੈਠੇ ਉਹ ਆਰਾਮ ਨਾਲ ਫ਼ੈਸਲੇ ਦੀ ਉਡੀਕ ਕਰ ਰਹੇ ਸਨ ।
ਠੇਕੇਦਾਰ ਦਾ ਸਾਰਾ ਪਰਿਵਾਰ ਕਚਹਿਰੀ ਆਇਆ ਹੋਇਆ ਸੀ । ਉਨ੍ਹਾਂ ਨੂੰ ਬੇਸਬਰੀ ਨਾਲ ਫ਼ੈਸਲੇ ਦੀ ਉਡੀਕ ਸੀ ।
ਬਾਕੀ ਦੋਸ਼ੀ ਇਕੱਲੇ ਕਹਿਰੇ ਸਨ । ਕਿਸੇ ਦਾ ਕੋਈ ਸਮਰਥਕ ਨਹੀਂ ਸੀ । ਮੁਦੱਈ ਧਿਰ ਵੱਲੋਂ ਨੇਹਾ ਅਤੇ ਰਾਮ ਨਾਥ ਆਏ ਸਨ ।
ਅਦਾਲਤ ਦੇ ਬਾਹਰ ਕੋਈ ਗਹਿਮਾ-ਗਹਿਮੀ ਨਹੀਂ ਸੀ । ਸਾਰਾ ਦਿਨ ਹੋਰ ਕੋਈ ਕਾਰਵਾਈ ਨਹੀਂ ਸੀ ਹੋਈ । ਜੱਜ ਅਤੇ ਸਟੈਨੋ ਫ਼ੈਸਲਾ ਲਿਖਾਉਣ ਅਤੇ ਟਾਇਪ ਕਰਨ ਵਿਚ ਮਸਰੂਫ਼ ਰਹੇ ਸਨ ।
ਤਿੰਨ ਕੁ ਵਜੇ ਕਾਰਵਾਈ ਮੁਕੰਮਲ ਹੋ ਗਈ ।
ਫ਼ੈਸਲਾ ਸੁਣਾਉਣ ਲਈ ਜੱਜ ਨੇ ਦੋਹਾਂ ਧਿਰਾਂ ਨੂੰ ਬੁਲਾ ਲਿਆ ।
ਪੂਰੀ ਮਿਸਲ ਪੜ੍ਹਨ ਅਤੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਬਾਅਦ ਜੱਜ ਜਿਸ ਨਤੀਜੇ 'ਤੇ ਪੁੱਜਾ ਉਹ ਇਸ ਪ੍ਰਕਾਰ ਸੀ :
ਘਟਨਾ ਦੇ ਫ਼ੌਰੀ ਬਾਅਦ ਦਰਜ ਹੋਏ ਪਰਚੇ ਵਿਚ ਮੁਲਜ਼ਮਾਂ ਦੇ ਨਾਂ ਅਤੇ ਉਨ੍ਹਾਂ ਵੱਲੋਂ ਕੀਤੇ ਜੁਰਮਾਂ ਦਾ ਵੇਰਵਾ ਨਹੀਂ ਸੀ । ਇਸ ਲਈ ਮਾਮਲਾ ਸ਼ੱਕੀ ਲਗਦਾ ਸੀ । ਗਵਾਹਾਂ ਦੇ ਬਿਆਨ ਪੁਲਿਸ ਨੇ ਆਪਣੀ ਮਰਜ਼ੀ ਨਾਲ ਲਿਖੇ ਸਨ । ਇਹ ਤੱਥ ਨੇਹਾ ਦੇ ਆਪਣੇ
ਬਿਆਨ ਤੋਂ ਸਾਬਤ ਹੁੰਦਾ ਸੀ । ਤਫ਼ਤੀਸ਼ੀ ਅਫ਼ਸਰ ਵੱਲੋਂ ਲਿਖੇ ਬਿਆਨ ਵਿਚ ਬਲਾਤਕਾਰ ਦਾ ਜ਼ਿਕਰ ਸੀ । ਨੇਹਾ ਕਹਿੰਦੀ ਸੀ ਇਹ ਗੱਲ ਉਸਨੇ ਨਹੀਂ ਲਿਖਾਈ । ਅਦਾਲਤ ਗਵਾਹ ਨੂੰ ਠੀਕ ਮੰਨੇ ਜਾਂ ਪੁਲਿਸ ਨੂੰ? ਮਾਮਲਾ ਸ਼ੱਕੀ ਬਣਦਾ ਸੀ । ਸ਼ੱਕ ਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਦਾ ਸੀ ।
ਦੋਸ਼ੀ ਪਹਿਲਾਂ ਕਈ ਵਾਰ ਜੇਲ੍ਹ ਜਾ ਚੁੱਕੇ ਸਨ । ਉਨ੍ਹਾਂ ਦਾ ਕਾਨੂੰਨੀ ਦਾਅ-ਪੇਚਾਂ ਤੋਂ ਵਾਕਿਫ਼ ਹੋਣਾ ਕੁਦਰਤੀ ਸੀ । ਬੇਵਕੂਫ਼ ਤੋਂ ਬੇਵਕੂਫ਼ ਦੋਸ਼ੀ ਵੀ ਵਾਰਦਾਤ ਸਮੇਂ ਇਕ ਦੂਜੇ ਦਾ ਨਾਂ ਨਹੀਂ ਲਏਗਾ । ਨਾਂ ਲੈ ਵੀ ਲਏ ਤਾਂ ਵੀ ਸੱਟਾਂ ਖਾਂਦੇ ਮਜਰੂਬ ਨੂੰ ਨਾਂ ਯਾਦ
ਨਹੀਂ ਰਹੇਗਾ । ਗਵਾਹਾਂ ਦੀ ਗਵਾਹੀ ਦਾ ਇਹ ਹਿੱਸਾ ਵੀ ਮੰਨਣ-ਯੋਗ ਨਹੀਂ ।
ਸ਼ਨਾਖ਼ਤ ਪਰੇਡ ਨਾ ਕਰਵਾ ਕੇ ਪੁਲਿਸ ਨੇ ਗਵਾਹੀ 'ਤੇ ਯਕੀਨ ਕਰਨ ਦੀ ਮਾੜੀ ਮੋਟੀ ਗੁੰਜਾਇਸ਼ ਨੂੰ ਵੀ ਰੱਦ ਕਰਵਾ ਦਿੱਤਾ । ਵਾਰਦਾਤ ਦੇ ਸਾਲ ਬਾਅਦ ਹੋਈ ਸ਼ਨਾਖ਼ਤ ਦੀ ਕੋਈ ਅਹਿਮੀਅਤ ਨਹੀਂ ਸੀ । ਇਸ ਲਈ ਜੇ ਕਾਨੂੰਨ ਵੱਲੋਂ ਸਥਾਪਤ ਮਾਪ-ਦੰਡਾਂ
ਅਨੁਸਾਰ ਗਵਾਹੀ ਨੂੰ ਘੋਖਿਆ ਜਾਵੇ ਤਾਂ ਦੋਸ਼ੀਆਂ ਦਾ ਵਾਰਦਾਤ ਸਮੇਂ ਮੌਕੇ 'ਤੇ ਹਾਜ਼ਰ ਹੋਣਾ ਸਾਬਤ ਨਹੀਂ ਹੁੰਦਾ ।
ਪਰ ਜੱਜ ਨੇ ਇਨ੍ਹਾਂ ਤਰਕਾਂ ਨੂੰ ਦਰ-ਕਿਨਾਰ ਕਰ ਦਿੱਤਾ ।
ਗਵਾਹਾਂ ਨੂੰ ਵੱਜੀਆਂ ਸੱਟਾਂ ਅਤੇ ਪਹੁੰਚੇ ਸਦਮੇ ਕਾਰਨ ਜੱਜ ਨੇ ਪੁਲਿਸ ਦੀ ਮਜਬੂਰੀ ਨੂੰ ਸਹੀ ਮੰਨ ਲਿਆ ।
ਗਵਾਹਾਂ ਦੇ ਬਿਆਨਾਂ ਨੂੰ ਸਹੀ ਮੰਨ ਕੇ ਦੋਸ਼ੀਆਂ ਉਪਰ ਜੋ ਦੋਸ਼ ਸਾਬਤ ਹੁੰਦੇ ਸਨ ਉਹ ਇਸ ਤਰ੍ਹਾ ਸਨ :
ਦੋਹਾਂ ਧਿਰਾਂ ਨੇ ਮੰਨਿਆ ਸੀ ਕਿ ਪੰਜ ਮੁੱਖ-ਦੋਸ਼ੀਆਂ ਵਿਚੋਂ ਚਾਰ ਚੋਰੀ ਅਤੇ ਖੋਹ ਕਰਨ ਦੇ ਆਦੀ ਸਨ।ਮਿਸਲ 'ਤੇ ਲੱਗੇ ਫੈਸਲੇ ਸਾਬਤ ਕਰਦੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਜੁਰਮਾਂ ਵਿਚ ਕਈ ਵਾਰ ਤਿੰਨ ਤਿੰਨ, ਚਾਰ-ਚਾਰ ਮਹੀਨੇ ਦੀ ਕੈਦ ਹੋ ਚੁੱਕੀ ਸੀ । ਚੋਰੀ
ਉਨ੍ਹਾਂ ਨੇ ਕਦੇ ਸਕੂਟਰ ਦੀ ਕੀਤੀ ਸੀ, ਕਦੇ ਟੀ.ਵੀ. ਦੀ। ਖੋਹ ਬਟੂਏ ਦੀ ਜਾਂ ਚੈਨੀ ਦੀ ।
ਪਹਿਲਾਂ ਕੀਤੇ ਜੁਰਮਾਂ ਵਿਚ ਮੁਲਜ਼ਮਾਂ ਨੇ ਨਾ ਕਦੇ ਕਿਸੇ ਮਾਰੂ ਹਥਿਆਰ ਦੀ ਵਰਤੋਂ ਕੀਤੀ ਸੀ ਨਾ ਕਦੇ ਕਿਸੇ ਨੂੰ ਸੱਟ ਮਾਰੀ ਸੀ ।
ਇਸ ਵਾਰਦਾਤ ਸਮੇਂ ਵੀ ਪੰਚਮ ਨੂੰ ਛੱਡ ਕੇ ਕਿਸੇ ਹੋਰ ਮੁਲਜ਼ਮ ਕੋਲ ਮਾਰੂ ਹਥਿਆਰ ਨਹੀਂ ਸੀ । ਨੀਲਮ ਅਤੇ ਵੇਦ ਨੂੰ ਰਾਡ ਨਾਲ ਸੱਟਾਂ ਮਾਰੀਆਂ ਗਈਆਂ ਸਨ । ਕਾਨੂੰਨ ਦੀ ਪਰਿਭਾਸ਼ਾ ਅਨੁਸਾਰ ਰਾਡ ਮਾਰੂ ਹਥਿਆਰ ਨਹੀਂ ਸੀ । ਦੋ ਮੁਲਜ਼ਮਾਂ ਦਾ ਵਾਰਦਾਤ ਸਮੇਂ ਖਾਲੀ ਹੱਥ ਹੋਣਾ ਸਾਬਤ ਹੁੰਦਾ ਸੀ । ਇਸ ਤਰ੍ਹਾਂ ਇਤਫ਼ਾਕਨ ਪੰਜ ਚੋਰਾਂ ਦਾ ਚੋਰੀ ਦੀ ਨੀਅਤ ਨਾਲ ਕਿਸੇ ਦੇ ਘਰ ਦਾਖ਼ਲ ਹੋਣ ਨਾਲ ਡਕੈਤੀ ਦਾ ਦੋਸ਼ ਸਾਬਤ ਨਹੀਂ ਹੋ ਜਾਂਦਾ ।
ਦੋਸ਼ੀਆਂ ਦਾ ਮਾਰੂ ਹਥਿਆਰਾਂ ਨਾਲ ਲੈਸ ਹੋਣਾ ਜ਼ਰੂਰੀ ਸੀ । ਮਾਰੂ ਹਥਿਆਰਾਂ ਦੀ ਅਣਹੋਂਦ ਇਹ ਸਿੱਧ ਕਰਦੀ ਸੀ ਕਿ ਦੋਸ਼ੀਆਂ ਦੀ ਘਰ ਦੇ ਮੈਂਬਰਾਂ ਨੂੰ ਸੱਟਾਂ ਮਾਰਨ ਦੀ ਨੀਅਤ ਨਹੀਂ ਸੀ । ਰਾਡ ਉਨ੍ਹਾਂ ਨੇ ਜਿੰਦੇ, ਅਲਮਾਰੀਆਂ ਤੋੜਨ ਲਈ ਨਾਲ ਲਏ ਸਨ । ਅਚਾਨਕ ਜਾਗੇ ਮੈਂਬਰਾਂ ਨਾਲ ਹੋਈ ਹੱਧਥੋਪਾਈ ਵਿਚ ਸੱਟਾਂ ਅਚਾਨਕ ਵੱਜੀਆਂ ਸਨ ।
ਨਤੀਜਨ ਦੋਸ਼ੀਆਂ ਉਪਰ ਡਕੈਤੀ ਦਾ ਦੋਸ਼ ਸਾਬਤ ਨਹੀਂ ਸੀ ਹੁੰਦਾ ।
ਮਾਰੂ ਹਥਿਆਰ ਕੇਵਲ ਪੰਚਮ ਕੋਲ ਸੀ । ਉਸੇ ਨੇ ਕਮਲ 'ਤੇ ਹਮਲਾ ਕੀਤਾ ਸੀ।
ਉਸਦੇ ਕਾਰਨਾਮੇ ਲਈ ਦੂਜਿਆਂ ਨੂੰ ਦੋਸ਼ੀ ਨਹੀਂ ਸੀ ਠਹਿਰਾਇਆ ਜਾ ਸਕਦਾ । ਬਾਕੀ ਦੋਸ਼ੀਆਂ ਦਾ ਕਮਲ ਨੂੰ ਕਤਲ ਕਰਨ ਲਈ ਪੰਚਮ ਨਾਲ ਸਹਿਮਤ ਹੋਣ ਦਾ ਕੋਈ ਸਬੂਤ ਮਿਸਲ ਉਪਰ ਨਹੀਂ ਸੀ । ਇਸ ਲਈ ਪੰਚਮ ਆਪਣੇ ਕੀਤੇ ਦਾ ਆਪ ਜ਼ਿੰਮੇਵਾਰ ਸੀ ।
ਪੰਚਮ ਦੀ ਉਮਰ ਸੰਬੰਧੀ ਇਕ ਰਿਪੋਰਟ ਮਿਸਲ ਉਪਰ ਮੌਜੂਦ ਸੀ । ਉਸ ਅਨੁਸਾਰ ਪੰਚਮ ਦੀ ਉਮਰ ਵੀਹ ਸਾਲ ਤੋਂ ਘੱਟ ਬਣਦੀ ਸੀ । ਮੁਦਈ ਧਿਰ ਨੇ ਇਸ ਰਿਪੋਰਟ ਨੂੰ ਝੁਠਲਾਉਣ ਲਈ ਕੋਈ ਸਬੂਤ ਪੇਸ਼ ਨਹੀਂ ਸੀ ਕੀਤਾ । ਮੁਦਈ ਧਿਰ ਦੇ ਇਸ ਤਰਕ ਵਿਚ ਕੋਈ ਦਮ ਨਹੀਂ ਸੀ ਕਿ ਸਫ਼ਾਈ ਧਿਰ ਨੇ ਪਹਿਲਾਂ ਇਹ ਪੱਖ ਵਿਚੇ ਛੱਡ ਦਿੱਤਾ ਸੀ ਅਤੇ ਪਿਛੋਂ ਡਾਕਟਰ ਦੀ ਰਿਪੋਰਟ ਸਾਬਤ ਨਹੀਂ ਸੀ ਕੀਤੀ । ਕਿਸ਼ੋਰ ਅਪਰਾਧੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਅਦਾਲਤ ਦੀ ਜ਼ਿੰਮੇਵਾਰੀ ਸੀ । ਜੱਜ ਡਾਕਟਰ ਦੀ ਰਿਪੋਰਟ ਨੂੰ ਨਜ਼ਰ- ਅੰਦਾਜ਼ ਨਹੀਂ ਸੀ ਕਰ ਸਕਦਾ ।
ਪੰਚਮ ਨੂੰ ਕਮਲ ਦਾ ਕਾਤਲ ਠਹਿਰਾਇਆ ਗਿਆ । ਉਸਨੂੰ ਕਿਸ਼ੋਰ ਮੰਨਦੇ ਹੋਏ ਤਿੰਨ ਸਾਲ ਲਈ ਸੁਧਾਰ ਘਰ ਭੇਜਿਆ ਗਿਆ ।
ਪੰਡਤ ਅਤੇ ਕਾਲੀਏ ਦੀ ਸਥਿਤੀ ਵੀ ਇਹੋ ਜਿਹੀ ਸੀ । ਉਨ੍ਹਾਂ ਨੇ ਵੇਦ ਅਤੇ ਨੀਲਮ ਨੂੰ ਰਾਡ ਨਾਲ ਸੱਟਾਂ ਮਾਰੀਆਂ ਸਨ । ਰਾਡ ਮਾਰੂ ਹਥਿਆਰ ਨਹੀਂ ਸੀ । ਇਸ ਲਈ ਉਹ ਵੀ ਤਿੰਨ ਸਾਲ ਦੀ ਕੈਦ ਦੇ ਹੱਕਦਾਰ ਸਨ ।
ਚੋਰੀ ਕਰਨ ਦੀ ਨੀਅਤ ਨਾਲ ਕਿਸੇ ਦੇ ਘਰ ਦਾਖ਼ਲ ਹੋਣ, ਚੋਰੀ ਕਰਨ ਅਤੇ ਚੋਰੀ ਦਾ ਮਾਲ ਬਰਾਮਦ ਹੋਣ ਦੇ ਦੋਸ਼ ਪੰਜਾਂ ਦੋਸ਼ੀਆਂ ਉਪਰ ਸਾਬਤ ਹੁੰਦੇ ਹਨ । ਇਨ੍ਹਾਂ ਦੋਸ਼ਾਂ ਵਿਚ ਵੱਧਧੋ-ਵੱਧ ਸਜ਼ਾ ਪੰਜ ਸਾਲ ਤਕ ਸੀ । ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਤਿੰਨ-ਤਿੰਨ
ਸਾਲ ਦੀ ਸਜ਼ਾ ਸੁਣਾਈ ।
ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਇਕ ਨੁਕਤਾ ਸਪੱਸ਼ਟ ਕੀਤਾ । ਇਨ੍ਹਾਂ ਸਜ਼ਾਵਾਂ ਦਾ ਜੋੜ ਨਹੀਂ ਹੋਣਾ । ਸਾਰੀਆਂ ਸਜ਼ਾਵਾਂ ਨੇ ਇਕੱਠੇ ਚੱਲਣਾ ਸੀ। ਮਤਲਬ ਵੱਧਧੋ-ਵੱਧ ਉਨ੍ਹਾਂ ਨੂੰ ਤਿੰਨ ਸਾਲ ਜੇਲ੍ਹ ਵਿਚ ਰਹਿਣਾ ਪੈਣਾ ਸੀ । ਛੇ, ਨੌਂ ਜਾਂ ਬਾਰਾਂ ਸਾਲ ਲਈ ਨਹੀਂ ।
ਜਦੋਂ ਮੁੱਖ-ਦੋਸ਼ੀਆਂ ਉਪਰ ਸੋਚ ਸਮਝ ਕੇ ਕਤਲ ਕਰਨ ਜਾਂ ਡਾਕਾ ਮਾਰਨ ਦਾ ਦੋਸ਼ ਸਾਬਤ ਨਹੀਂ ਹੋਇਆ ਤਾਂ ਸਾਜ਼ਿਸ਼ ਕਰਕੇ ਇਨ੍ਹਾਂ ਜੁਰਮਾਂ ਨੂੰ ਕਰਾਉਣ ਕਾਰਨ ਕਟਹਿਰੇ ਵਿਚ ਖੜ੍ਹੇ ਦੋਸ਼ੀਆਂ ਨੂੰ ਮੁਜਰਮ ਕਿਸ ਤਰ੍ਹਾਂ ਘੋਸ਼ਿਤ ਕੀਤਾ ਜਾ ਸਕਦਾ ਸੀ?
ਪੰਕਜ ਅਤੇ ਨੀਰਜ ਨੂੰ ਬਾ-ਇੱਜ਼ਤ ਬਰੀ ਕੀਤਾ ਗਿਆ ।
ਫੈਸਲਾ ਸੁਣਾ ਕੇ ਜੱਜ ਉੱਠਿਆ ਅਤੇ ਰਿਟਾਇਰਿੰਗ ਰੂਮ ਵਿਚ ਚਲਾ ਗੁਆ ।
ਪੰਕਜ ਅਤੇ ਨੀਰਜ ਚੁਪਕੇ ਜਿਹੇ ਖਿਸਕ ਗਏ ।
"ਮੁਲਜ਼ਮਾਂ ਨੂੰ ਸਜ਼ਾ ਹੋ ਗਈ" ਇਹ ਸੁਣਕੇ ਠੇਕੇਦਾਰ ਦਾ ਪਰਿਵਾਰ ਠੇਕੇਦਾਰ ਨਾਲ ਚਿੰਬੜ ਕੇ ਧਾਹਾਂ ਮਾਰਨ ਲੱਗਾ ।
ਬਾਕੀ ਦੋਸ਼ੀਆਂ ਦੇ ਵਕੀਲ ਫ਼ੈਸਲਾ ਸੁਣਨ ਨਹੀਂ ਸਨ ਆਏ । ਇਕੱਲਾ ਠੇਕੇਦਾਰ ਦਾ ਵਕੀਲ ਆਇਆ ਸੀ ।
"ਉਏ ਸਜ਼ਾ ਕਿਥੇ ਹੋਈ ਹੈ? ਇਹ 'ਤੇ ਬਰੀ ਹੋ ਗਿਆ । ਕੁੱਲ ਤਿੰਨ ਸਾਲ ਦੀ ਸਜ਼ਾ ਹੋਈ ਹੈ । ਦੋ ਸਾਲ ਕੱਧਟੇ ਗਏ । ਇਕ ਸਾਲ ਦੀ ਸਜ਼ਾ ਸਰਕਾਰ ਨੇ ਮੁਆਫ਼ ਕਰ ਰੱਖੀ ਹੈ ।ਇਹ 'ਤੇ ਸ਼ਾਮ ਨੂੰ ਘਰ ਆਇਆ ਲਓ । ਲਿਆਓ ਮੇਰਾ ਇਨਾਮ ਕੱਢੋ ।"
ਮੁਲਜ਼ਮ ਅਤੇ ਉਸਦੇ ਪਰਿਵਾਰ ਦਾ ਹੌਸਲਾ ਵਧਾਉਂਦਾ ਵਕੀਲ ਫੁੱਧਲਿਆ ਨਹੀਂ ਸੀ ਸਮਾਉਂਦਾ ।
ਸੁੰਨ-ਵੱਟਾ ਬਣੀ ਖੜ੍ਹੀ ਨੇਹਾ ਫ਼ੈਸਲੇ ਦੇ ਅਰਥ ਕੱਢਣ ਲੱਗੀ । ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਦੋਸ਼ੀ ਸਜ਼ਾ ਹੋਏ ਹਨ ਜਾਂ ਬਰੀ ?
ਪਿਛੇ ਖੜ੍ਹਕੇ ਫ਼ੈਸਲਾ ਸੁਣਦਾ ਹਰੀਸ਼ ਨੇਹਾ ਦੀ ਦੁਬਿਧਾ ਤਾੜ ਗਿਆ ।
"ਮਜ਼ਰੂਬ ਹਸਪਤਾਲ ਵਿਚ ਪਏ ਹਨ । ਦੋਸ਼ੀ ਘਰ ਨੂੰ ਚੱਲੇ ਹਨ ।"
ਅੱਗੇ ਵਧ ਕੇ ਨੇਹਾ ਦੇ ਸਿਰ 'ਤੇ ਹੱਥ ਰੱਖ ਕੇ ਨਾਲੇ ਹਰੀਸ਼ ਨੇ ਨੇਹਾ ਨਾਲ ਹਮਦਰਦੀ ਪਰਗਟਾਈ ਨਾਲੇ ਫ਼ੈਸਲੇ ਦੇ ਅਰਥ ਸਮਝਾਏ ।
"ਹੌਸਲਾ ਰੱਖ ਧੀਏ ! ਇਸ ਅਦਾਲਤ ਦਾ ਫ਼ੈਸਲਾ ਅੰਤਿਮ ਨਹੀਂ । ਆਪਾਂ ਉਪਰ ਅਪੀਲ ਕਰਾਂਗੇ ।"
ਨੇਹਾ ਦਾ ਮਨ ਰੱਖਣ ਲਈ ਰਾਮ ਨਾਥ ਨੇ ਇਹ ਆਖਿਆ ਜ਼ਰੂਰ । ਉਂਝ ਉਸ ਨੂੰ ਪਤਾ ਸੀ ਉਪਰ ਵੀ ਇਹੋ ਕੁਝ ਹੋਣ ਵਾਲਾ ਸੀ ।
...ਸਮਾਪਤ...
ਇਹ ਨਾਵਲ ਤੁਸੀਂ ਹੇਠ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ।
https://attachment.fbsbx.com/file_download.php?id=543013109195399&eid=ASsmG4G0zm2kAcoPgDPZWJv2nnQmrM70O8tNtA9uX4pFT3WQQFhnVuf9y8TmTFZybT8&inline=1&ext=1451624623&hash=ASuCzE6ewJ0QKltR