ਸ਼ਾਬਾਸ਼ ਦੀਆਂ ਇਬਾਰਤਾਂ:
ਇਹ 'ਸ਼ਾਬਾਸ਼ ਦੀਆਂ ਇਬਾਰਤਾਂ' ਕਿਸੇ ਧੀ-ਧਿਆਣੀ ਦੇ ਇਨਾਮ-ਸਨਮਾਨ ਲੈਣ, ਖੇਡਾਂ ਵਿੱਚ ਮੱਲਾਂ ਮਾਰਨ, ਗੀਤ-ਸੰਗੀਤ, ਚਿੱਤਰਕਲਾ, ਨਾਟਕ, ਨੌਕਰੀ ਜਾਂ ਕਿਸੇ ਵੀ ਮੈਦਾਨ ਵਿੱਚ ਕਿਸੇ 'ਵਿਸ਼ੇਸ਼ ਹਾਸਿਲ' ਦੇ ਜਸ਼ਨ ਵੇਲੇ ਸ਼ਗਨ ਦੇ ਰੂਪ ਵਿੱਚ ਲਿਖੀਆਂ ਜਾ ਸਕਦੀਆਂ ਹਨ ਜਾਂ ਚਿੱਠੀ, ਈਮੇਲ, ਮੋਬਾਈਲ ਸੁਨੇਹੇ, ਕਿਸੇ ਸ਼ੋਸ਼ਲ ਸਾਈਟ ਆਦਿ ਰਾਹੀਂ ਵੀ ਉਹਨੂੰ ਭੇਜੀਆਂ ਜਾ ਸਕਦੀਆਂ ਹਨ। ਖਾਲੀ ਥਾਂ ਉੱਤੇ ਨਾਮ, ਸਿਰਨਾਵਾਂ, ਫੋਨ, ਮਿਤੀ, ਈਮੇਲ ਆਦਿ ਭਰ ਲਏ ਜਾਣ।
1
ਤੇਰੇ ਜਨਮ 'ਤੇ ਸੀ ਉਦਾਸ ਮਾਂ ਤੇਰੀ
ਤੂੰ ਉਹਦੇ ਲਈ ਗੌਰਵ ਦਾ ਨਗਮਾ ਬਣੀ ਹੈਂ
ਸੀਨੇ ਦਾ ਪੱਥਰ ਸੀ ਆਖਿਆ ਲੋਕਾਂ
ਤੂੰ ਸੀਨੇ ਲਈ ਬਾਬਲ ਦੇ ਤਗਮਾ ਬਣੀ ਹੈਂ!
ਅੰਤ-ਪਿਆਰੀ…… (ਵਿਸ਼ੇਸ਼ ਪ੍ਰਾਪਤੀ ਵਾਲੀ ਬੱਚੀ ਦਾ ਨਾਮ)……
ਅੱਜ ਸੂਰਜ ਦੀਆਂ ਕਿਰਨਾਂ ਨਾਲ ਨਾਹਤਾ-ਧੋਤਾ ਉਹ ਦਿਨ ਹੈ, ਜਦੋਂ ਤੂੰ ਆਪਣੇ ਖਾਨਦਾਨ ਦਾ ਨਾਂ ਸੋਨੇ ਦੇ ਅੱਖਰਾਂ ਵਿੱਚ ਮੜ੍ਹਾਇਆ ਹੈ,ਏਹੋ ਦੁਆ ਕਰਦੇ ਹਾਂ ਕਿ ਕੋਈ ਅੱਥਰਾ ਵਾਵਰੋਲਾ ਤੇਰੇ ਸੁਫ਼ਨਿਆਂ ਦੀਆਂ ਤਿਤਲੀਆਂ ਦਾ ਨਸੀਬ ਨਾ ਬਣੇ,ਤੇਰੀ ਮਾਣ-ਮੱਤੀ ਝੋਲ਼ ਹਮੇਸ਼ਾ ਇਹੋ ਜਿਹੀਆਂ ਅਸ਼ਰਫੀਆਂ ਨਾਲ ਦਮਕਦੀ ਰਹੇ ਤੇ ਤੂੰ ਇਸ ਸੰਸਾਰ ਨੂੰ ਦਿਖਾ ਦੇਵੇਂ ਕਿ ਧੀਆਂ ਪੁੱਤਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੀਆਂ!
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ
2.
ਇੱਕ ਦਿਨ ਹੰਘਾਲਣੇ ਤੂੰ ਸਭ ਪਤਾਲ
ਇੱਕ ਦਿਨ ਖਹਿਣਾ ਹੈ ਤੂੰ ਅਰਸ਼ਾਂ ਦੇ ਨਾਲ
ਚੰਦ ਤਾਰਿਆਂ 'ਤੇ ਪਾਉਣੇ ਆਲ੍ਹਣੇ!
ਕੂਲੇ ਪੱਬਾਂ ਵਿੱਚ ਮਿਹਨਤਾਂ ਦੀਆਂ ਬਿਜਲੀਆਂ ਭਰਕੇ ਵੱਡੀਆਂ ਮੱਲਾਂ ਮਾਰਨ ਵਾਲੀ ਬੇਟੀ……(ਵਿਸ਼ੇਸ਼ ਪ੍ਰਾਪਤੀ ਵਾਲੀ ਬੱਚੀ ਦਾ ਨਾਮ)……ਨੂੰ ਬਹੁਤ
ਬਹੁਤ ਸ਼ਾਬਾਸ਼ ਤੇ ਮੁਬਾਰਕ! ਧੀ ਰਾਣੀਏ! ਤੂੰ ਅੱਜ ਆਪਣੇ ਮਾਤਾ-ਪਿਤਾ ਦਾ ਉਹ ਸੁਫ਼ਨਾ ਪੂਰਾ ਕੀਤਾ ਹੈ, ਜਿਹੜਾ ਉਹਨਾਂ ਨੇ ਸ਼ਾਇਦ ਲਿਆ ਵੀ ਨਹੀਂ ਸੀ,ਤੇਰਾ ਸਿਰੜ ਤੇ ਸਿਦਕ ਗਵਾਹੀ ਭਰਦਾ ਹੈ ਕਿ ਇਕ ਦਿਨ ਤੂੰ ਟੀਸੀ ਦੇ ਬੇਰ ਲਾਹੁਣੇ ਨੇ।ਰੱਬ ਕਰੇ,ਤੂੰ ਨਵੇਂ ਸੰਕਲਪਾਂ ਦੇ ਖੰਭਾਂ 'ਤੇ ਉੱਡ ਕੇ ਨਿੱਤ ਨਵਂੇ ਆਕਾਸ਼ ਛੋਹੇਂ, ਕੋਈ ਬਾਜ਼,ਕੋਈ ਸ਼ਿਕਰਾ ਤੇਰੀ ਉਡਾਣ ਨੂੰ ਗ੍ਰਹਿਣ ਨਾ ਲਾਵੇ ਤੇ ਤੂੰ ਆਪਣੇ ਨਛੱਤਰਾਂ ਦੀ ਆਪ ਸਿਕੰਦਰ ਬਣੇ!
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ
3.
ਸਿਤਾਰੇ ਅੰਬਰਾਂ ਦੇ ਹੀ ਰਾਤ ਰੌਸ਼ਨ ਨਹੀਂ ਕਰਦੇ,
ਤੂੰ ਚਾਹੇਂ ਤਾਂ ਸਿਤਾਰੇ ਚੁੰਨੀ ਦੇ ਵੀ ਜਗਮਗਾ ਜਾਣੇ
ਤੇਰੇ ਪੈਰਾਂ 'ਚ ਉਹ ਦਮ ਹੈ,ਤੇਰੇ ਸੀਨੇ 'ਚ ਉਹ ਅਗਨੀ
ਤੇਰੇ ਸਾਹਵੇਂ ਜ਼ਮਾਨੇ ਦੇ ਸਿਤਮ ਸਭ ਡਗਮਗਾ ਜਾਣੇ!
……(ਵਿਸ਼ੇਸ਼ ਮੱਲਾਂ ਮਾਰਨ ਵਾਲੀ ਬੱਚੀ ਦਾ ਨਾਂ)…… ਨੂੰ,
ਸਿਦਕਵਾਨ ਬੱਚੀਏ! ਜਿਉਂਦੀ ਵਸਦੀ ਰਹਿ ਤੇ ਜਿਉਂਦੀ ਵਸਦੀ ਰਹੇ ਤੇਰੀ ਜੁੱਅਰਤ,ਤੇਰੇ ਇਰਾਦੇ,ਤੇਰੀ ਲਗਨ,ਤੂੰ ਇਕ ਦਿਨ ਜ਼ਰੂਰ ਦੁਨੀਆਂ ਦੇ ਸਾਹਮਣੇ
ਇਕ ਮਿਸਾਲ ਬਣ ਕੇ ਖੜ੍ਹੀ ਹੋਏਂਗੀ ਤੇ ਵਕਤ ਦੇ ਦਮਘੋਟੂ ਹਨੇਰਿਆਂ ਨੂੰ ਇਕ ਮਸ਼ਾਲ ਬਣ ਕੇ ਰੌਸ਼ਨ ਕਰੇਂਗੀ! ਤੇਰੇ ਅੰਦਰ ਕੁਝ ਕਰ ਵਿਖਾਉਣ ਦਾ ਵੇਗਮੱਤਾ ਦਰਿਆ ਸ਼ੂਕਦਾ ਰਹੇ ਤੇ ਇਹ ਸਾਰਾ ਜੱਗ ਤੇਰੀ ਬਾਤ ਦਾ ਹੁੰਗਾਰਾ ਬਣੇ!
ਤੇਰੇ 'ਤੇ ਵੱਡਾ ਸਾਰਾ ਮਾਣ ਕਰਦੇ ਹੋਏ,
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ
4.
ਏਵੇਂ ਹੀ ਮੱਲਾਂ ਮਾਰੇਂ
ਉੱਡੇਂ ਤੂੰ ਤਿਤਲੀ ਬਣਕੇ
ਜ਼ੁਲਮਾਂ ਦੇ ਬੱਦਲਾਂ 'ਚੋਂ
ਲੰਘ ਜਾਵੇਂ ਬਿਜਲੀ ਬਣ ਕੇ
ਜ਼ਿੰਦਗੀ ਦੇ ਸਫ਼ਰ ਅੰਦਰ
ਕੰਡਿਆਲੀ ਰਾਹ ਨਾ ਆਵੇ
ਆਵੇ ਤਾਂ ਤੇਰੀ ਹਿੰਮਤ
ਸਭ ਵਾੜਾਂ ਟੱਪ ਜਾਵੇ
ਤੂੰ ਰਾਜ-ਭਾਗ ਮਾਣਂੇ
ਖਲਕਤ ਸਵਾਲੀ ਹੋਵੇ
ਹਰ ਘਰ'ਚ ਤੇਰੇ ਵਰਗੀ
ਕੋਈ ਕਰਮਾਂ ਵਾਲੀ ਹੋਵੇ!
……(ਸ਼ਗਨ/ਸ਼ੁਭਕਾਮਨਾਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ
ਸਾਹਾ-ਚਿੱਠੀ
ਲਿਫਾਫੇ ਉੱਤੇ ਲਿਖੀ ਜਾਣ ਲਈ ਇਬਾਰਤ:
ਵੱਡੜੇ ਸਾਡੇ ਭਾਗ ਕਿ ਰੱਬ ਨੇ ਸੋਹਣੇ ਸੱਜਣ ਮਿਲਾਏ
ਚਿੱਟੇ ਚੌਲ ਹੋਣੇ ਪੁੰਨ ਕੀਤੇ, ਤਾਂ ਹੀ ਇਹ ਦਿਨ ਆਏ
ਉੱਚੜੀ ਤੁਹਾਡੀ ਸੋਭਾ, ਸਾਥੋਂ ਸਿਫ਼ਤ ਕਹੀ ਨਾ ਜਾਏ
ਤੁਸਾਂ ਨੇ ਢੁਕਣਾ ਸਾਡੇ,ਸਾਥੋਂ ਚਾਅ ਚੱਕਿਆ ਨਾ ਜਾਏ
ਇਕ ਗੁਜ਼ਾਰਿਸ਼ ਹੱਥ ਬੰਨ੍ਹ ਕਰਦੀ ਕੁੱਲ ਸਕੀਰੇਦਾਰੀ
ਨਾ ਪੁੱਟੇ ਕੋਈ ਤੋਪਾ ਉਹਦਾ, ਨਾ ਰੀਝਾਂ ਦੀ ਕਿਆਰੀ
ਧੀ ਦੀ ਖਾਤਿਰ ਕੱਢ ਰਹੀ ਹੈ ਅੰਮੜੀ ਜੋ ਫੁਲਕਾਰੀ
ਡੁੱਲ੍ਹੇ ਕੇਸਰ ਪੈਰੀਂ ਤੁਹਾਡੇ, ਬਣੀ ਰਹੇ ਸਰਦਾਰੀ!
ਇਹ 'ਸਾਹਾ-ਚਿੱਠੀ' ਧੀ ਦੇ ਸਹੁਰਿਆਂ ਨੂੰ ਭੇਜੀ ਜਾਂਦੀ ਹੈ ਅਤੇ ਆਮ ਤੌਰ 'ਤੇ ਇਕ ਸਫ਼ੇ ਦੀ ਹੁੰਦੀ ਹੈ, 'ਵਿਆਹ ਦਾ ਕਾਰਡ' ਆਮ ਤੌਰ 'ਤੇ ਚਾਰ ਸਫ਼ੇ ਦਾ ਹੁੰਦਾ ਹੈ ਪਰ ਲੋੜ ਅਨੁਸਾਰ ਸਫੇ ਵੱਧ-ਘੱਟ ਕੀਤੇ ਜਾ ਸਕਦੇ ਹਨ।
'ਅਸੀਸਾਂ ਦੇ ਸ਼ਗਨ' ਸਾਕ-ਸਬੰਧੀਆਂ ਵੱਲੋਂ ਕਾਗਜ਼ ਉੱਤੇ ਲਿਖ ਕੇ ਲਿਫਾਫੇ ਵਿਚ ਪਾ ਕੇ ਦਿੱਤੇ ਜਾ ਸਕਦੇ ਹਨ।
ਖਾਲੀ ਥਾਂ ਉੱਤੇ ਨਾਮ,ਸਿਰਨਾਵਾਂ, ਫੋਨ, ਮਿਤੀ, ਸਥਾਨ, ਸਮਾਂ ਆਦਿ ਭਰ ਲਏ ਜਾਣ।
ਸਾਹਾ-ਚਿੱਠੀ
< ਸਤਿਗੁਰ ਪ੍ਰਸਾਦਿ॥
ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ॥
ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ॥
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥#
ਪਰਮ ਸਤਿਕਾਰਯੋਗ ਸਰਦਾਰਨੀ…(ਲਾੜੇ ਦੀ ਮਾਤਾ ਦਾ ਨਾਮ)…ਅਤੇ
ਸਰਦਾਰ……(ਲਾੜੇ ਦੇ ਪਿਤਾ ਦਾ ਨਾਮ)……ਜੀਓ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਅਕਾਲਪੁਰਖ ਦੀ ਅਥਾਹ ਮਿਹਰ ਸਦਕਾ ਆਪ ਜੀ ਦੇ ਸਪੁੱਤਰ ……(ਲਾੜੇ ਦਾ ਨਾਂ)……ਅਤੇ ਅਸਾਡੀ ਸਪੁੱਤਰੀ……(ਲਾੜੀ ਦਾ ਨਾਂ) ……ਨੂੰ ਗ੍ਰਹਿਸਤ ਧਰਮ ਵਿੱਚ ਪਰਵੇਸ਼ ਕਰਾਉਣ ਲਈ ਸ਼ੁਭ ਅਨੰਦ ਕਾਰਜ ਦਾ ਭਾਗਾਂ ਭਰਿਆ ਦਿਹਾੜਾ ਮਿਤੀ……ਦਿਨ……ਨੂੰ ਨਿਯਤ ਹੋਇਆ ਹੈ, ਜੰਝ ਦਾ ਢੁਕਾਅ… (ਸਥਾਨ ਦਾ ਨਾਂ ਤੇ ਸਿਰਨਾਵਾਂ )…ਵਿਖੇ ਹੋਵੇਗਾ।ਆਪ ਜੀ ਨੂੰ ਬੇਨਤੀ ਹੈ ਕਿ #ਗੁਣ ਜੰਝ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ# ਦੇ
ਗੁਰਵਾਕ ਅਨੁਸਾਰ ਜਾਂਝੀਆਂ ਨਾਲ ਸਵੇਰੇ ਠੀਕ…ਵਜੇ …(ਸਥਾਨ ਦਾ ਨਾਂ)… ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ।ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦੇ ਰਾਹਾਂ ਵਿੱਚ ਅੱਖਾਂ ਵਿਛਾਈ ਬੈਠੇ ਹੋਏ,
ਦਰਸ਼ਨ ਅਭਿਲਾਸ਼ੀ,
ਲੜਕੀ ਦੇ ਮਾਤਾ-ਪਿਤਾ/ਰਿਸ਼ਤੇਦਾਰਾਂ/ਪੰਚਾਇਤ/ ਜਾਂ ਮੁਹੱਲੇਦਾਰਾਂ ਦੇ
ਨਾਮ,ਦਸਤਖਤ,ਅਤੇ ਮਿਤੀ……
ਨੋਟ :ਇਹ 'ਸਾਹਾ-ਚਿੱਠੀ' ਨਾਮ,ਪਤਾ ਆਦਿ ਭਰ ਕੇ ਲਿਫਾਫੇ ਵਿੱਚ ਪਾ ਦਿੱਤੀ ਜਾਵੇ,ਨਾਲ ਆਪਣੇ ਰਿਵਾਜ਼ ਅਨੁਸਾਰ ਫੁੱਲ-ਪੱਤੀਆਂ, ਘਾਹ ਦੀਆਂ ਤਿੜਾਂ, ਕੇਸਰ, ਹਲਦੀ, ਚੌਲ, ਮਿਸ਼ਰੀ ਆਦਿ ਪਾ ਕੇ ਉੱਤੇ ਗੋਟਾ ਜਾਂ ਖੰਮ੍ਹਣੀ ਬੰਨ੍ਹੀ ਜਾ ਸਕਦੀ ਹੈ।
ਅਸੀਸਾਂ ਦੇ ਸ਼ਗਨ:
ਇਹ ਅਸੀਸਾਂ ਮਹਿਮਾਨਾਂ ਵੱਲੋਂ ਵਿਆਂਹਦੜ ਕੁੜੀ ਨੂੰ ਸ਼ਗਨ ਵਾਲੇ ਲਿਫਾਫੇ ਵਿਚ ਪਾ ਕੇ ਦਿੱਤੀਆਂ ਜਾ ਸਕਦੀਆਂ ਹਨ (ਉਂਜ ਇਹੋ ਜਿਹੀਆਂ ਅਸੀਸਾਂ ਕਿਤਾਬ ਦੇ ਹੋਰ ਪੰਨਿਆਂ ਤੋਂ ਵੀ ਲਈਆਂ ਜਾ ਸਕਦੀਆਂ ਹਨ)
1.
ਤੇਰੇ ਦਰ ਦੇ ਉੱਤੇ ਨਿੱਤ ਕੋਈ ਘੜੀ ਸੁਲੱਖਣੀ ਆਵੇ
ਸਰਬ-ਸੁਹਾਗਣ ਹੋਵੇਂ , ਤੇਰਾ ਘਰ ਜੰਨਤ ਅਖਵਾਵੇ
ਖ਼ੁਸ਼ੀਆਂ ਦੇ ਫੁੱਲਾਂ ਦੀ ਡਾਲੀ ਭਰ-ਭਰ ਨੀਂਵੀ ਹੋਵੇ
ਤੇਰੇ ਨੈਣਾਂ ਦਾ ਹਰ ਸੁਫ਼ਨਾ , ਅੰਬਰ ਨੂੰ ਹੱਥ ਲਾਵੇ!
……(ਵਿਆਂਹਦੜ ਕੁੜੀ ਦਾ ਨਾਮ)……ਨੂੰ,
ਪੇਕਿਆਂ ਦੇ ਬਨੇਰੇ ਤੋਂ ਉੱਡਣ ਵਾਲੀ ਸੋਨ-ਚਿੜੀਏ!ਰੱਬ ਦੀ ਹਰ ਰਹਿਮਤ ਤੇ ਜੱਗ ਦੀ ਹਰ ਨੇਹਮਤ ਤੇਰੇ ਅੰਗ-ਸੰਗ ਰਹੇ, ਤੇਰੀਆਂ ਦਰੀਆਂ ਦੇ ਘੁੱਗੀਆਂ-ਤੋਤੇ ਤੇਰੇ ਬਾਗਾਂ ਵਿੱਚ ਚਹਿਕਦੇ ਰਹਿਣ ਤੇ ਤੇਰੇ ਪਲੰਘਪੋਸ਼ ਨੂੰ ਮਨ-ਛਿੰਦੀਆਂ ਵਫ਼ਾਵਾਂ ਦੀ ਝਾਲਰ ਲੱਗੀ ਰਹੇ!
ਏਹੋ ਜਿਹੀਆਂ ਬੇਸ਼ੁਮਾਰ ਦੁਆਵਾਂ ਸਹਿਤ,
……(ਸ਼ਗਨ/ਅਸੀਸਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
2.
ਬਾਹੀਂ ਲਾਲ ਚੂੜਾ ਰਹੇ ਸਜਦਾ
ਵੰਝਲੀ ਵਾਂਗ ਟੁਣਕਣ ਬੋਲ ਤੇਰੇ
ਤੇਰੀ ਕੋਠੀ ਵਿੱਚੋਂ ਦਾਣਾ ਨਾ ਮੁੱਕੇ
ਬਰਕਤ ਨਾਲ ਭਰਨ ਹੱਥ ਸੋਹਲ ਤੇਰੇ
ਤੇਰੀ ਟਾਹਣੀ ਖਿੜੇ ਗੀਤਾਂ ਦਾ ਮਰੂਆ
ਸਾਹੀਂ ਦਏ ਸੁਗੰਧੀਆਂ ਘੋਲ ਤੇਰੇ
ਤੇਰੇ ਸੁੱਭਰ ਦਾ ਰੰਗ ਫਿੱਕਾ ਨਾ ਹੋਵੇ
ਕੋਈ ਗ਼ਮ ਬਹੇ ਨਾ ਕੋਲ ਤੇਰੇ!
ਲਾਡਲੀਏ ਧੀਏ…(ਵਿਆਹੁਲੀ ਕੁੜੀ ਦਾ ਨਾਂ !)……
ਅਰਦਾਸ ਕਰਦੇ ਹਾਂ ਕਿ ਤੇਰੇ ਵਿਆਹੁਤਾ ਜੀਵਨ ਦੀ ਕੱਤਣੀ ਖੁਸ਼ੀਆਂ ਦੇ ਗਲੋਟਿਆਂ ਨਾਲ ਭਰੀ ਰਹੇ, ਪ੍ਰੀਤਾਂ ਦੇ ਨੌ-ਲੱਖੇ ਹਾਰ ਤੇਰਾ ਸ਼ਿੰਗਾਰ ਬਣਨ, ਤੇਰੇ ਖ਼ਾਬਾਂ ਦੀ ਆਰਸੀ ਉੱਤੇ ਕਦੇ ਕੋਈ ਝਰੀਟ ਨਾ ਆਵੇ ਤੇ ਤੇਰੇ ਸਿਹਰਿਆਂ ਵਾਲੇ ਦੇ ਦਿਲ 'ਤੇ ਤੇਰੀ ਬਾਦਸ਼ਾਹਤ ਬਣੀ ਰਹੇ!
……(ਸ਼ਗਨ/ਅਸੀਸਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
3.
ਅੱਜ ਸਾਹਾਂ ਦੀ ਬੰਸਰੀ ਏਹੋ ਦੁਆ ਕਰੇ
ਤੇਰੇ ਹਿੱਸੇ ਦੀ ਤਪਸ਼ 'ਤੇ ਸਾਵਣ ਸਦਾ ਵਰ੍ਹੇ
ਦਿਲ ਦੀ ਨੁੱਕਰੇ ਖਿੜ ਜਾਏ ਬੂਟਾ ਗੁਲਾਬ ਦਾ
ਰੂਹ ਦੀ ਦੇਹਲੀ ਰਿਸ਼ਮਾਂ ਦੀ ਬਰਸਾਤ ਉੱਤਰੇ!
ਪਿਆਰੀ ਬੇਟੀ……(ਵਿਆਹੁਲੀ ਕੁੜੀ ਦਾ ਨਾਂ)……ਨੂੰ ਇਸ ਫੁੱਲਾਂ-ਰੰਗੀ
ਰੁੱਤ ਦੀਆਂ ਬਹੁਤ-ਬਹੁਤ ਵਧਾਈਆਂ! ਖ਼ੁਦਾ ਕਰੇ ਤੁਹਾਡੇ ਘਰ ਵਿੱਚ ਹਮੇਸ਼ਾ
ਚਾਅਵਾਂ ਦਾ ਸੰਗੀਤ ਗੂੰਜੇ!
ਕੱਚੇ ਦੁੱਧ ਦੀ ਤਿਉੜ ਵਰਗੀਆਂ ਦੁਆਵਾਂ ਨਾਲ,
……(ਸ਼ਗਨ/ਦੁਆਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ
ਦੁਆਵਾਂ ਦੇ ਸ਼ਗਨ:
ਇਹ ਦੁਆਵਾਂ/ਅਸੀਸਾਂ ਪ੍ਰਾਹੁਣਿਆਂ ਵੱਲੋਂ ਸ਼ਗਨ ਵਾਲੇ ਲਿਫਾਫੇ ਵਿਚ ਪਾ ਕੇ ਸਜ-ਵਿਆਹੀ ਜੋੜੀ ਨੂੰ ਦਿੱਤੀਆਂ ਜਾ ਸਕਦੀਆਂ ਹਨ (ਉਂਜ ਇਹੋ ਜਿਹੀਆਂ ਅਸੀਸਾਂ ਕਿਤਾਬ ਦੇ ਹੋਰ ਪੰਨਿਆਂ ਤੋਂ ਵੀ ਲਈਆਂ ਜਾ ਸਕਦੀਆਂ ਹਨ)
1.
ਨਵੀਂ ਇਹ ਜ਼ਿੰਦਗੀ ਹੋਵੇ ਮੁਬਾਰਕ
ਵਸੋ ਇਕ ਦੂਸਰੇ ਦੀਆਂ ਚਾਹਾਂ ਅੰਦਰ
ਕਿਸਮਤ ਏਦਾਂ ਮਿਹਰਬਾਨ ਹੋ ਜਾਏ
ਬਹਿਸ਼ਤਾਂ ਵਿਛਣ ਤੁਹਾਡੇ ਰਾਹਾਂ ਅੰਦਰ!
ਲਾਡਲੇ……(ਬੰਨੇ ਦਾ ਨਾਮ)……ਨੂੰ,
ਰੱਬ ਕਰੇ ਤੇਰੀ ਸੱਜਰੀ ਪੈੜ ਦਾ ਰੇਤਾ ਹਮੇਸ਼ਾ ਤੇਰੀ ਝਾਂਜਰਾਂ ਵਾਲੀ (……ਵਹੁਟੀ ਦਾ ਨਾਂ……) ਦੀ ਹਿੱਕ ਦਾ ਸਕੂਨ ਬਣਿਆ ਰਹੇ ਤੇ ਉਹਦੀਆਂ ਝਾਂਜਰਾਂ ਦੇ ਬੋਰ ਸਦਾ ਤੇਰੇ ਦਿਲ ਦੀਆਂ ਵਾਦੀਆਂ ਵਿੱਚ ਛਣਕਦੇ ਰਹਿਣ। ਵਸੋ ਰਸੋ! ਜਵਾਨੀਆਂ ਮਾਣੋ!
ਸਜੀਲੀ ਜੋੜੀ ਤੋਂ ਬਲਿਹਾਰ ਜਾਂਦੇ ਹੋਏ,
……(ਸ਼ਗਨ/ਦੁਆਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ
2.
ਘੋੜੀ ਚੜ੍ਹ ਕੇ,ਡੋਲੀ ਚੜ੍ਹ ਕੇ,ਜਿਸ ਮੰਜ਼ਿਲ 'ਤੇ ਪਹੁੰਚੇ ਹੋ
ਉਹ ਮੰਜ਼ਿਲ ਖੁਸ਼ਨੁਮਾ ਹੋਵੇ,ਉਹ ਮੰਜ਼ਿਲ ਚਾਨਣੀ ਦੇਵੇ
ਗਾਨਾ ਬੰਨ੍ਹ ਕੇ, ਵਟਣਾ ਲਾ, ਮੁਬਾਰਕ-ਦਰ 'ਤੇ ਪਹੁੰਚੇ ਹੋ
ਇਹ ਦਰ ਦਿਲਰੁਬਾ ਹੋਵੇ, ਇਹ ਦਰ ਜ਼ਿੰਦਗੀ ਦੇਵੇ!
ਪਿਆਰੇ……(ਬੰਨੇ ਦਾ ਨਾਂ)…… ਤੇ ਉਹਦੇ ਦਿਲ ਦੀ ਮਲਿਕਾ……(ਵਹੁਟੀ ਦਾ ਨਾਂ)……ਨੂੰ ਵੱਡੇ-ਵਡੇਰਿਆਂ ਦੀਆਂ ਦੁਆਵਾਂ ਛਾਵੇਂ ਮਿਲਿਆ ਇਹ ਗ੍ਰਹਿਸਤ ਜੀਵਨ ਪਲ-ਪਲ ਸੁਹੰਢਣਾ ਹੋਵੇ,ਪ੍ਰੀਤਾਂ ਦੇ ਚਸ਼ਮੇ ਫੁੱਟਦੇ ਰਹਿਣ ਤੇ ਤੁਹਾਡੇ ਸਾਹਾਂ ਵਿੱਚ ਸੰਧੂਰੀ ਅੰਬਾਂ ਦੀ ਮਿਠਾਸ ਘੁਲੀ ਰਹੇ!
……(ਸ਼ਗਨ/ਦੁਆਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ ……ਆਦਿ
3.
ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇ ਰਹੀ 'ਬਹਾਰ'
ਬਹੁਤ ਬਹੁਤ ਮੁਬਾਰਕ!
ਰੱਬ ਕਰੇ
ਇਸ ਖ਼ੁਬਸੂਰਤ ਪਲ ਵਿੱਚ
ਦੁਨੀਆਂ ਦੀ ਹਰ ਅਸੀਸ
ਤੁਹਾਡੀ ਝੋਲੀ ਵਿੱਚ ਇੰਜ ਬਰਸੇ
ਕਿ ਜੀਵਨ ਦਾ ਹਰ ਛਿਣ
ਖੁਸ਼ੀਆਂ ਭਰਿਆ ਤੇ ਰਸ-ਭਿੰਨੜਾ ਹੋ ਜਾਵੇ!
ਬਹੁਤ ਹੀ ਮੋਹਵੰਤੇ ……(ਪਰਿਵਾਰ ਦੇ ਮੁਖੀ ਦਾ ਨਾਂ)……ਨੂੰ ਅਤੇ ਪਰਿਵਾਰ ਨੂੰ ਇਸ ਚਿਰ-ਉਡੀਕੀ ਘੜੀ ਦੀ ਬਹੁਤ ਬਹੁਤ ਮੁਬਾਰਕ,ਆਪ ਦੇ ਗੁਲਸ਼ਨ
ਵਿੱਚ ਹਮੇਸ਼ਾ ਬਹਾਰ ਰਹੇ, ਇਹਨਾਂ ਬਹਾਰਾਂ ਦਾ ਰਾਜਾ……(ਲਾੜੇ ਦਾ ਨਾਮ)……ਤੇ ਰਾਣੀ……(ਲਾੜੀ ਦਾ ਨਾਮ)……ਸਦਾ ਮਹਿਕਦੇ, ਟਹਿਕਦੇ
ਤੇ ਚਹਿਕਦੇ ਰਹਿਣ! ……(ਸ਼ਗਨ/ਦੁਆਵਾਂ ਦੇਣ ਵਾਲੇ ਦਾ ਨਾਮ ਤੇ ਸਿਰਨਾਵਾਂ)……
ਫੋਨ ਨੰ:……ਈਮੇਲ……ਆਦਿ
...ਚਲਦਾ...