ਬੇਟੀ ਦੇ ਵਿਆਹ ਦਾ ਕਾਰਡ
ਕਾਰਡ ਵਾਲੇ ਲਿਫਾਫੇ ਦੇ ਸਾਹਮਣੇ ਪਾਸੇ ਜਾਂ ਮਿਠਾਈ ਵਾਲੇ ਡੱਬੇ ਉੱਤੇ ਉੱਪਰ:
ਮਹਿੰਦੀ ਦਾ ਰੰਗ ਲਾਲ,ਪੱਤਰ ਹਰੇ-ਹਰੇ
ਆਏ ਦਿਨ ਸੁਹਾਵੇ, ਸ਼ਗਨਾਂ ਨਾਲ ਭਰੇ
ਜਾਂ
* ਸਾਨੂੰ ਬਾਬਲ ਦਿੱਤਾ ਵਰ ਟੋਲ ਕੇ
ਦਿੱਤਾ ਫੁੱਲ ਗੁਲਾਬੀ ਤੋੜ ਕੇ *
……(ਵਿਆਂਹਦੜ ਕੁੜੀ ਦਾ ਨਾਂ)……ਦਾ ਸ਼ੁਭ ਸੰਜੋਗ ……
(ਲਾੜੇ ਦਾ ਨਾਂ)……ਨਾਲ
……ਮਿਤੀ……ਦਿਨ……
ਹੇਠਾਂ:
……( ਵਿਆਂਹਦੜ ਕੁੜੀ ਦੇ ਮਾਤਾ-ਪਿਤਾ ਦਾ ਨਾਂ)……ਸਿਰਨਾਵਾਂ……
ਫੋਨ ਨੰ:……ਈਮੇਲ……ਆਦਿ
ਕਾਰਡ ਦਾ ਪਹਿਲਾ ਸਫ਼ਾ:
#ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ#
ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ
ਉਹ ਸੁਲੱਖਣੀ ਘੜੀ ਆ ਗਈ ਹੈ
ਜਦੋਂ ਸਾਡੇ ਵਿਹੜੇ ਉੱਤਰੀ ਨਿੱਕੀ ਜਿਹੀ ਪਰੀ
……( ਵਿਆਂਹਦੜ ਕੁੜੀ ਦਾ ਨਾਂ)……
ਆਪਣੇ ਖ਼ਾਬਾਂ ਦੇ ਸ਼ਹਿਜ਼ਾਦੇ
……(ਲਾੜੇ ਦਾ ਨਾਂ)……
ਸਪੁੱਤਰ……(ਲਾੜੇ ਦੇ ਮਾਤਾ-ਪਿਤਾ ਦੇ ਨਾਂ)……
ਵਾਸੀ……(ਲਾੜੇ ਦੇ ਪਿੰਡ/ਸ਼ਹਿਰ ਦਾ ਨਾਂ)……
ਦਾ ਲੜ ਫੜ ਕੇ
ਆਪਣੀਆਂ ਹਸਰਤਾਂ ਦੇ ਘਰ ਵੱਲ ਉੱਡਣ ਲੱਗੀ ਹੈ
ਆਪ ਜਾਣਦੇ ਹੀ ਓ ਕਿ
ਧੀਆਂ 'ਕੱਲਿਆਂ 'ਕੱਲਿਆਂ ਨਹੀਂ ਤੋਰੀਆਂ ਜਾਂਦੀਆਂ
ਏਸ ਵੇਲੇ ਲੋੜੀਦੇ ਹੁੰਦੇ ਨੇ ਤੁਹਾਡੇ ਵਰਗੇ ਸੂਰਜੀ ਅੰਗ-ਸਾਕ
ਤੇ ਚਾਨਣ ਦੀਆਂ ਫਾੜੀਆਂ ਵਰਗੇ ਸ਼ਹਿਦ-ਭਿੰਨੇ ਬੋਲ
ਏਨਾ ਜ਼ਰੂਰ ਕਰਿਓ
ਕਿ ਮਿਤੀ……ਦਿਨ……ਨੂੰ……ਵਜੇ
ਸੰਦਲੀ ਪੌਣ ਬਣਕੇ ਤੇ ਅਸੀਸਾਂ ਦੀ ਬੁੱਕਲ ਮਾਰਕੇ
ਸਾਡੇ ਵਿਹੜੇ ਪੱਬ ਧਰਿਓ!
ਅਸੀਂ ਤੁਹਾਡੇ ਇਕ ਇਕ ਕਦਮ ਦੇ ਤਲਬਗਾਰ ਹਾਂ
ਤੁਹਾਨੂੰ ਪਿਆਰ ਭਰੀ ਹਾਕ ਮਾਰਨ ਵਾਲੇ:
……(ਮਾਤਾ-ਪਿਤਾ ਦਾ ਨਾਮ ਜਾਂ ਹੋਰ ਜਿਸਦਾ ਵੀ ਨਾਮ ਲਿਖਣਾ ਹੋਵੇ)……
……ਸਿਰਨਾਵਾਂ……ਫੋਨ ਨੰ:……
ਕਾਰਡ ਦਾ ਦੂਜਾ ਸਫ਼ਾ:
ਸਥਾਨ:ਅੰਮੜੀ ਦੇ ਵਿਹੜੇ
(ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ 'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਦੇ ਦਿੱਤਾ ਜਾਵੇ)
ਮਹਿੰਦੀ:……ਮਿਤੀ ……ਦਿਨ……ਸਮਾਂ……ਵਜੇ
* ਨੀ ਲੈ ਦੇ ਮਾਏ! ਕਾਲ਼ਿਆਂ ਬਾਗਾਂ ਦੀ ਮਹਿੰਦੀ *
ਮਾਂਈਆਂ/ਵਟਣਾ/ਹਲਦੀ-ਹੱਥ……ਮਿਤੀ……ਦਿਨ……
ਸਮਾਂ……ਵਜੇ
*ਵਾਹ!ਵਾਹ!ਕਿ ਵਟਣਾ ਕਟੋਰੇ ਦਾ,ਵਾਹ!ਵਾਹ!ਮਲੇਂਦੀਆਂ ਦੋ ਜਣੀਆਂ*
ਸੁਹਾਗ-ਸੰਗੀਤ: ……ਮਿਤੀ……ਦਿਨ……ਸਮਾਂ……ਵਜੇ
* ਦੇਵੀਂ ਵੇ ਬਾਬਲ ਓਸ ਘਰੇ
ਜਿੱਥੇ ਸੱਸ ਭਲੀ ਪਰਧਾਨ,ਸਹੁਰਾ ਸਰਦਾਰ ਹੋਵੇ *
ਸੁਹਾਗ ਦੇ ਗੀਤਾਂ ਸੰਗ
ਸੁਰੰਗੜੀ ਵਲਟੋਹੀ ਉੱਤੇ
ਲਟੋ-ਲਟ ਦੀਵਿਆਂ ਦੀ 'ਜਾਗੋ'
ਤੁਸੀਂ ਹੀ ਰੁਸ਼ਨਾਉਣੀ ਹੈ..
ਤੇ ਤੁਹਾਡੇ ਨਾਲ ਹੀ
ਇਹਨਾਂ ਰੌਣਕਾਂ ਨੇ
ਆਪਣੇ ਪੂਰੇ ਜਲੌਅ 'ਤੇ ਆਕੇ
ਖੁਸ਼ਨੁਮਾ ਚੇਤਿਆਂ ਦੀ
ਇਬਾਰਤ ਬਣਨਾ ਹੈ!
ਸਿੱਠਣੀਆਂ ਸੰਗ ਆਪਣੇ ਹੁਨਰ ਦਿਖਾਉਂਦੀਆਂ ਹੋਈਆਂ
ਜੀ ਆਇਆਂ ਕਹਿਣਗੀਆਂ:
ਨਾਨਕੀਆਂ-ਦਾਦਕੀਆਂ
ਕਾਰਡ ਦਾ ਤੀਜਾ ਸਫ਼ਾ
ਵਿਆਹ ਦਾ ਸਥਾਨ ਤੇ ਸਿਰਨਾਵਾਂ:……ਮਿਤੀ……ਦਿਨ:……
ਬਰਾਤ ਦਾ ਸਵਾਗਤ: ਸੰਦਲੀ ਕਿਰਨਾਂ ਨਾਲ…… ਸੁਬ੍ਹਾ……ਵਜੇ
* ਆਇਆ ਲਾੜੀਏ!ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਿਆਇਆ ਲਾੜੀਏ ਨੀ!
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ *
ਸ਼ੁਭ ਅਨੰਦ ਕਾਰਜ: ਗੁਰਬਾਣੀ ਦੀ ਓਟ ਵਿੱਚ……ਸਵੇਰ……ਵਜੇ
……(ਗੁਰਦਵਾਰਾ ਸਾਹਿਬ ਦਾ ਸਿਰਨਾਵਾਂ) ……
#ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ#
ਪ੍ਰੀਤੀ ਭੋਜਨ: ਜਾਂਝੀਆਂ/ਮੇਲੀਆਂ ਦੇ ਸੰਗ.. ਦੁਪਹਿਰ……ਵਜੇ
* ਮੇਰੇ ਬਾਬਲ ਦੇ ਨੌਕਰੋ!ਵੇ ਖਾਣਾ ਖ਼ੂਬ ਬਣਾਇਓ
ਬਾਬਲ ਮਹਿਲਾਂ ਦਾ ਰਾਜਾ!ਵੇ ਕਿਤੇ ਨਿੰਦਿਆ ਨਾ ਜਾਵੇ *
ਡੋਲੀ: (ਬਾਬਲ ਦੇ ਬੂਹੇ ਤੋਂ ਜਾਂ ਸਥਾਨ)…… ਸ਼ਾਮ……ਵਜੇ
* ਬਾਬਲ ਵਿਦਿਆ ਕਰੇਂਦਿਆ! ਮੈਨੂੰ ਰੱਖ ਲੈ ਅੱਜ ਦੀ ਰਾਤ ਵੇ!
ਕਿੱਕਣ ਰੱਖਾਂ ਧੀਏ ਮੇਰੀਏ! ਮੈਂ ਤਾਂ ਸੱਜਣ ਸਦਾ ਲਏ ਆਪ ਨੀ *
ਆਇਓ ਜ਼ਰੂਰ!
ਅਸੀਂ ਪਲਕਾਂ ਦੇ ਦੀਵਟ ਉੱਤੇ
ਇੰਤਜ਼ਾਰ ਦੇ ਚੌਮੁਖੀਏ ਦੀਵੇ ਬਾਲ ਕੇ
ਆਪ ਦੇ ਮੋਹ-ਭਿੱਜੇ ਸਾਥ ਲਈ
ਬੇਤਾਬ ਹਾਂ
……(ਜਿਹੜੇ ਵੀ ਨਾਂ ਲਿਖਣੇ ਹੋਣ)……
……ਘਰ ਦਾ ਸਿਰਨਾਵਾਂ……ਫੋਨ ਨੰ:……
ਕਾਰਡ ਦਾ ਚੌਥਾ ਤੇ ਆਖਰੀ ਸਫ਼ਾ
* ਮੇਰੀ ਡੋਲੀ ਨੂੰ ਹੌਲੀ ਹੌਲੀ ਤੋਰ ਵੇ!
ਮੇਰੇ ਪੈਣ ਕਲੇਜੜੇ ਹੌਲ ਵੇ!
ਲੱਗੀ ਹੋਣ ਵਿਦਾਈ
ਹਾਇ ਓ ਰੱਬਾ! ਮੈਂ ਤਾਂ ਹੋਈ ਜੀ ਪਰਾਈ (……ਲਾੜੀ ਦਾ ਨਾਂ……)
ਮੇਰੀ ਡੋਲੀ 'ਤੇ ਫੁੱਲਾਂ ਦੇ ਹਾਰ ਵੇ !
ਇਹਨਾਂ ਮਾਪਿਆਂ ਦੀ ਬੜੀ ਜੀ ਬਹਾਰ ਵੇ!
ਹੁਣ ਪੈ ਗਈ ਜੁਦਾਈ
ਪੇਕੜਿਓ! ਧੀ ਹੋਈ ਜੀ ਪਰਾਈ (……ਸਾਰੇ ਰਿਸ਼ਤੇਦਾਰ……)
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ!
ਵੀਰਾ ਮਿਲਦਾ ਤਾਂ ਚੜ੍ਹ ਜਾਂਦਾ ਚੰਦ ਵੇ!
ਹੁਣ ਪੈ ਗਈ ਜੁਦਾਈ
ਵੀਰਨਾ! ਭੈਣ ਹੋਈ ਜੀ ਪਰਾਈ (……ਵੀਰ/ਵੀਰਾਂ ਦਾ ਨਾਂ……)
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ!
ਭਾਬੀ ਮਿਲਦੀ ਤਾਂ ਲੱਗ ਜਾਂਦੇ ਰੰਗ ਵੇ!
ਹੁਣ ਪੈ ਗਈ ਜੁਦਾਈ
ਭਾਬੀਏ!ਨਣਦ ਹੋਈ ਜੀ ਪਰਾਈ (……ਭਾਬੀ/ਭਾਬੀਆਂ ਦਾ ਨਾਂ……)
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ!
ਭਤੀਜੇ ਮਿਲਦੇ ਤਾਂ ਮਿਲ ਜਾਂਦੀ ਖੰਡ ਵੇ!
ਹੁਣ ਪੈ ਗਈ ਜੁਦਾਈ
ਸੋਹਣਿਓ! ਭੂਆ ਹੋਈ ਜੀ ਪਰਾਈ (……ਭਤੀਜੇ/ਭਤੀਜੀਆਂ ਦੇ ਨਾਂ:……)
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ!
ਬਾਬਲ ਮਿਲਦਾ ਤਾਂ ਪੈ ਜਾਂਦੀ ਠੰਢ ਵੇ
ਹੁਣ ਪੈ ਗਈ ਜੁਦਾਈ
ਬਾਬਲਾ!ਬੇਟੀ ਹੋਈ ਜੀ ਪਰਾਈ (……ਪਿਤਾ ਦਾ ਨਾਂ……)
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ!
ਮਾਂ ਮਿਲਦੀ ਤਾਂ ਲੱਗ ਜਾਂਦੇ ਖੰਭ ਵੇ!
ਹੁਣ ਪੈ ਗਈ ਜੁਦਾਈ
ਅੰਮੜੀਏ! ਲਾਡੋ ਹੋਈ ਨੀ ਪਰਾਈ (……ਮਾਤਾ ਦਾ ਨਾਂ……)
ਕਾਰਡ ਵਾਲੇ ਲਿਫਾਫੇ ਦੇ ਪਿਛਲੇ ਪਾਸੇ :
ਇਹਨਾਂ ਹੰਝੂਆਂ ਤਾਈਂ ਸੰਭਾਲ ਭੈਣੇਂ !
ਲੱਗ ਵੀਰ ਦੀ ਹਿੱਕ ਦੇ ਨਾਲ ਭੈਣੇਂ!
ਤੇਰੀ ਡੋਲੀ ਨੂੰ ਧੱਕਾਂ
ਘੁੱਗ ਵਸੇਂ ਘਰ ਆਪਣੇ ਨੀਂ! ਤੈਨੂੰ ਰੱਬ ਦੀਆਂ ਰੱਖਾਂ!
ਜਾਂ
* ਮੇਰੀ ਡੋਲੀ ਨੂੰ ਰੱਜ ਕੇ ਦੇਖ ਨੀ ਮਾਂ!
ਧੀ ਚੱਲੀ ਮਾਹੀ ਦੇ ਦੇਸ ਨੀ ਮਾਂ! *
ਜਾਂ
* ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ
ਹੱਸ ਹੱਸ ਤੋਰੀਂ ਬਾਬਲਾ! *
ਬੇਟੀ ਦੇ ਵਿਆਹ ਦੇ ਕਾਰਡ ਦੀ ਦੂਜੀ ਵੰਨਗੀ :
ਕਾਰਡ ਵਾਲੇ ਲਿਫਾਫੇ ਦੇ ਸਾਹਮਣੇ ਪਾਸੇ ਜਾਂ
ਮਿਠਾਈ ਵਾਲੇ ਡੱਬੇ ਉੱਤੇ
ਉੱਪਰ:
* ਨੀ ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਬਾਬਲ ਜੀ ਦੇ ਦੁਆਰ, ਬਾਬਲ ਵਰ ਲੋੜੀਏ!
ਬਾਬਲ ਜਿਉਂ ਤਾਰਿਆਂ 'ਚੋਂ ਚੰਦ,ਚੰਦਾਂ 'ਚੋਂ ਕਾਹਨ ਕਨ੍ਹੱਈਆ ਵਰ ਲੋੜੀਏ *
ਜਾਂ
* ਬਾਬਲ ਇਕ ਮੇਰਾ ਕਹਿਣਾ ਕੀਜੀਏ
ਮੈਨੂੰ ਰਾਮ ਰਤਨ ਵਰ ਦੀਜੀਏ
ਜਾਈਏ! ਲੈ ਆਂਦਾ ਵਰ ਟੋਲ ਕੇ
ਜਿਉਂ ਰੰਗ ਕਸੁੰਭੜਾ ਘੋਲ ਕੇ *
……(ਕੰਨਿਆ ਦਾ ਨਾਂ)……ਦਾ ਸ਼ੁਭ ਵਿਆਹ……(ਵਰ ਦਾ ਨਾਂ)……ਨਾਲ
……ਤਰੀਕ……ਦਿਨ……
ਹੇਠਾਂ:
……( ਕੰਨਿਆ ਦੇ ਮਾਤਾ-ਪਿਤਾ ਦਾ ਨਾਂ)……ਸਿਰਨਾਵਾਂ……
ਫੋਨ ……ਈਮੇਲ ……ਆਦਿ
ਕਾਰਡ ਦਾ ਪਹਿਲਾ ਸਫ਼ਾ
ਭਗਵਾਨ ਦੀ ਕਿਰਪਾ ਨਾਲ
ਵੱਡ-ਵਡੇਰਿਆਂ ਦੀ ਠੰਢੀ ਛਾਂ ਵਿੱਚ ਮੌਲੀ
ਸਾਡੀ ਲਾਡਾਂ-ਪਾਲੀ ਧੀ……(ਕੰਨਿਆ ਦਾ ਨਾਮ)……
ਆਪਣੇ ਜੀਵਨਸਾਥੀ……( ਵਰ ਦਾ ਨਾਮ)……ਦੇ ਸੰਗ
ਗ੍ਰਹਿਸਤ ਜੀਵਨ ਵਿੱਚ ਪੈਰ ਧਰ ਰਹੀ ਹੈ
ਜਿਹੜਾ……( ਵਰ ਦੀ ਮਾਤਾ ਦਾ ਨਾਮ)……
ਅਤੇ ……( ਵਰ ਦੇ ਪਿਤਾ ਦਾ ਨਾਮ)……
ਵਾਸੀ……( ਵਰ ਦੇ ਪਿੰਡ/ਸ਼ਹਿਰ ਦਾ ਨਾਮ)……
ਦੀਆਂ ਅੱਖੀਆਂ ਦਾ ਤਾਰਾ ਹੈ
ਇਸ ਵੇਲੇ ਉਹ ਸਤਰੰਗੀਆਂ ਉਮੀਦਾਂ ਨਾਲ
ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਲੋੜਦੀ ਹੈ
ਆਓ !
ਇਹਨਾਂ ਕਰਮਾਂ ਵਾਲੇ ਪਲਾਂ ਵਿੱਚ
'ਸੀਸਾਂ ਦਾ ਚੰਦੋਆ ਤਾਣੀਏ
ਤੇ ਸ਼ਗਨਾਂ ਵਾਲੀ ਡੋਲੀ ਨੂੰ
ਜ਼ਿੰਦਗੀ ਦੀ ਦਹਿਲੀਜ਼ ਵੱਲ ਵਿਦਾ ਕਰੀਏ!
……(ਮਾਤਾ-ਪਿਤਾ ਦਾ ਨਾਮ ਜਾਂ ਹੋਰ ਜਿਸਦਾ ਵੀ ਨਾਮ ਲਿਖਣਾ ਹੋਵੇ)…
……ਸਿਰਨਾਵਾਂ ……ਫੋਨ ਨੰ:……
ਕਾਰਡ ਦਾ ਦੂਜਾ ਸਫ਼ਾ
ਅੰਮੜੀ ਦੇ ਵਿਹੜੇ:
(ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਦੇ ਦਿੱਤਾ ਜਾਵੇ)
ਮਹਿੰਦੀ……ਮਿਤੀ……ਦਿਨ……ਸਮਾਂ……ਵਜੇ
* ਮਹਿੰਦੀ ਨੀ ਮਹਿੰਦੀ!ਤੈਨੂੰ ਰਲ ਮਿਲ ਲਾਵਣ ਆਈਆਂ ਨੀ
ਭੈਣਾਂ ਤੇ ਭਰਜਾਈਆਂ ਨੀ *
ਮਾਂਈਆਂ/ਵਟਣਾ/ਹਲਦੀ-ਹੱਥ……ਮਿਤੀ……ਦਿਨ……ਸਮਾਂ …ਵਜੇ
* ਆਵੋ ਸਹੀਓ ਨੀ!ਰਲ ਗਾਵੋ ਸਹੀਓ
ਮੇਰੀ ਲਾਡੋ ਨੂੰ ਵਟਣਾ ਲਾਵੋ ਸਹੀਓ *
ਸੁਹਾਗ-ਸੰਗੀਤ……ਮਿਤੀ……ਦਿਨ……ਸਮਾਂ……ਵਜੇ
* ਲੰਮੀਏ!ਨੀ ਰਸ-ਭਰੀਏ ਖਜੂਰੇ!ਕੀਹਨੇ ਵਰ ਟੋਲਿਆ ਦੂਰੇ *
ਢੋਲਕੀ ਦੇ ਗੀਤਾਂ,ਸੁਹਾਗਾਂ ਦੀ ਹੇਕ
ਮੇਲਣਾਂ ਦੀਆਂ ਝਾਂਜਰਾਂ ਦੀ ਛਮਕ,
ਜਾਗੋ ਦੀ ਚਮਕ ਤੇ ਗਿੱਧੇ ਦੀ ਧਮਕ
ਆਪ ਦੀ ਮੁਹੱਬਤੀ ਹਾਜ਼ਰੀ
ਵਿੱਚ ਹੀ ਬੁਲੰਦੀ 'ਤੇ ਪਹੁੰਚਣੀ ਹੈ
ਤੇ ਆਪ ਦੇ ਆਉਣ ਨਾਲ ਹੀ
ਸਾਡੀਆਂ ਖ਼ੁਸ਼ੀਆਂ ਨੂੰ
ਗੂੜ੍ਹੇ ਮਜੀਠ ਰੰਗ ਚੜ੍ਹਨੇ ਹਨ
ਇਸ ਲਈ ਐਨ ਸਮੇਂ ਸਿਰ
ਜ਼ਰੂਰ ਦਰਸ਼ਨ ਦੇਣਾ!
ਸਵਾਗਤ ਕਰਨਗੇ: ਨਾਨਕੇ-ਦਾਦਕੇ
ਕਾਰਡ ਦਾ ਤੀਜਾ ਸਫ਼ਾ
ਸ਼ਾਦੀ ਦਾ ਸਥਾਨ ਤੇ ਸਿਰਨਾਵਾਂ……ਮਿਤੀ……ਦਿਨ……
ਬਰਾਤ ਦਾ ਸਵਾਗਤ: …… ਸਮਾਂ…ਵਜੇ
* ਚੜ੍ਹ ਚੌਧਵੀਂ ਦਿਆ ਚੰਦਾ ਵੇ! ਚਾਨਣ ਕਰੀਂ ਵੇ ਚੁਫੇਰੇ
ਕਿਸ ਰਾਜੇ ਨੇ ਢੁਕਣਾ ਵੇ! ਧਰਮੀ ਬਾਬਲ ਦੇ ਵਿਹੜੇ *
ਫੇਰਿਆਂ ਦੀ ਰਸਮ/ਕੰਨਿਆਦਾਨ:...(ਸਥਾਨ ਤੇ ਸਿਰਨਾਵਾਂ) ..ਸਮਾਂ…ਵਜੇ
* ਔਖਾ ਬੇਟੀਆਂ ਦਾ ਦਾਨ ਬਾਬਲਾ!ਵੇ ਧੀਆਂ ਪਰਦੇਸਣਾਂ! *
ਪ੍ਰੀਤੀ ਭੋਜਨ:ਨਵੇਂ/ਪੁਰਾਣੇ ਸੱਜਣਾਂ ਦੇ ਨਾਲ……ਸਮਾਂ…ਵਜੇ
* ਚਿੱਟੀਆਂ ਪੂਣੀਆਂ ਤੰਦ ਲੈਣ ਹੁਲ੍ਹਾਰੇ,ਕਿਸ ਧਰਮੀ ਨੇ ਸੱਜਣ ਸਦਾ'ਲੇ
ਚਿੱਟੀਆਂ ਪੂਣੀਆਂ ਤੰਦ ਲੈਣ ਹੁਲ੍ਹਾਰੇ,ਵੀਰੇ ਧਰਮੀ ਨੇ ਸੱਜਣ ਸਦਾ'ਲੇ *
ਡੋਲੀ: …ਸਥਾਨ… ਸਮਾਂ…ਵਜੇ
* ਗਲੀਆਂ ਤੇ ਹੋਈਆਂ ਬਾਬਲ ਭੀੜੀਆਂ,ਤੇਰਾ ਆਂਗਣ ਹੋਇਆ ਪਰਦੇਸ
ਸਾਂਭ ਮਾਏ ਘਰ ਆਪਣਾ, ਲਾਡੋ ਚੱਲੀ ਬੇਗਾਨੜੇ ਦੇਸ *
ਇਹਨਾਂ ਦਿਲਕਸ਼ ਰਸਮਾਂ-ਰਿਵਾਜ਼ਾਂ ਦਾ
ਮੁਹੱਬਤੀ ਹਿੱਸਾ ਬਣਨ ਲਈ
ਵਕਤ ਸਿਰ ਜ਼ਰੂਰ ਉੱਪੜਿਓ!
ਅਸੀਂ ਤੁਹਾਡੇ ਰਾਹਾਂ ਵਿੱਚ
ਉਡੀਕਾਂ ਦੀਆਂ ਔਸੀਆਂ
ਧਰੀਆਂ ਹੋਈਆਂ ਨੇ
……(ਜਿਹੜੇ ਵੀ ਨਾਂ ਲਿਖਣੇ ਹੋਣ)……
……(ਘਰ ਦਾ ਸਿਰਨਾਵਾਂ)……ਫੋਨ ਨੰ:……
ਕਾਰਡ ਦਾ ਚੌਥਾ/ਪਿਛਲਾ ਸਫ਼ਾ
* ਸਾਡਾ ਚਿੜੀਆਂ ਦਾ ਚੰਬਾ ਵੇ!ਬਾਬਲ ਅਸਾਂ ਉੱਡ ਵੇ ਜਾਣਾ
ਸਾਡੀ ਲੰਬੀ ਉਡਾਰੀ ਵੇ!ਬਾਬਲ ਕਿਹੜੇ ਦੇਸ ਜਾਣਾ *
ਬਾਬਲ ਦਾ ਨਾਂ:……
* ਟੱਲੀਆਂ! ਮਾਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ *
ਅੰਮੜੀ ਦਾ ਨਾਂ:……
* ਵੀਰਾ!ਆਈਂ ਵੇ ਭੈਣ ਦੇ ਵਿਹੜੇ,ਪੁੰਨਿਆ ਦਾ ਚੰਦ ਬਣ ਕੇ *
ਵੀਰ/ਵੀਰਾਂ ਦਾ ਨਾਂ:……
* ਸਾਗ ਬੀਬੀ ਨਣਦੇ!ਲੱਗਣ ਘਰਾਂ ਨੂੰ ਭਾਗ ਬੀਬੀ ਨਣਦੇ *
ਭਾਬੀ/ਭਾਬੀਆਂ ਦਾ ਨਾਂ:……
ਚੰਦ ਵਰਗੇ ਭਤੀਜੇ ਤੇ ਭਤੀਜੀਆਂ ਸੁਫ਼ਨੇ 'ਚ ਦੇਖਾਂ ਖੇਡਦੇ
ਭਤੀਜੇ/ਭਤੀਜੀਆਂ ਦਾ ਨਾਂ:……
ਕਾਰਡ ਵਾਲੇ ਲਿਫਾਫੇ ਦੇ ਪਿਛਲੇ ਪਾਸੇ:
* ਤੇਰੀ ਡੋਲੀ ਨੂੰ ਲੱਗੇ ਸਿਤਾਰੇ
ਤੈਨੂੰ ਵਿਦਿਆ ਕਰੇਂਦੇ ਸਾਰੇ
ਧੀਏ ਘਰ ਜਾ ਆਪਣੇ *
ਜਾਂ
ਰੋਵੇ ਦਿਲ ਤੇ ਜ਼ਿਹਨ ਹੱਸੇ, ਧੀ ਦੀ ਡੋਲੀ ਤੋਰ ਕੇ
ਇਸ ਤਰ੍ਹਾਂ ਵਸਦੇ ਨੇ ਹੰਝੂ ਹਾਸਿਆਂ ਦੇ ਨਾਲ ਨਾਲ!
ਜਾਂ
ਨੱਕ-ਨੱਥੜੀ, ਸੀਸ 'ਤੇ ਲਾਲ ਸਾਲੂ,
ਵੀਣੀ ਉੱਤੇ ਕਲ੍ਹੀਰੜੇ ਝੁੱਲਦੇ ਨੇ
ਬਾਬਲ ਸੁਬ੍ਹਕਦਾ ਹਿੱਕ ਦੇ ਨਾਲ ਲਾ ਕੇ,
ਸਾਵਣ ਮਾਂ ਦਿਆਂ ਨੈਣਾਂ 'ਚੋਂ ਡੁੱਲ੍ਹਦੇ ਨੇ
ਲੜਕੀ ਦੇ ਵਿਆਹ ਦੇ ਕਾਰਡ ਵਿੱਚ ਵਰਤੇ ਜਾ ਸਕਣ
ਵਾਲੇ ਕੁਝ ਹੋਰ ਗੀਤਾਂ ਦੀਆਂ ਤੁਕਾਂ:
1. * ਬਾਬਾ! ਹੱਥ ਕਰ ਸੋਟੀ,ਸਿਰ ਕਰ ਗੱਠੜੀ,ਪੋਤੀ ਦਾ ਵਰ ਢੂੰਢਣ ਜਾਣਾ *
2. * ਨਿੱਕੜੀ ਸੂਈ ਵੱਟਵਾਂ ਧਾਗਾ,ਬੈਠ ਕਸੀਦਾ ਕੱਢ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀ ਆਂ?
ਬਾਬਲ ਮੇਰੇ ਕਾਜ ਰਚਾਇਆ,ਮੈਂ ਪਰਦੇਸਣ ਹੋ ਰਹੀ ਆਂ *
3. * ਸੁਣਿਓ ਸੁਣਿਓ ਨਵਿਂਓ ਕੁੜਮੋ!ਅਰਜ਼ਬੰਦੀ ਸਾਡੀ ਸੁਣਿਓ ਜੀ
ਜੇ ਅਸੀਂ ਦਿੱਤੀਆਂ ਪਾਟੀਆਂ ਲੀਰਾਂ,ਰੇਸ਼ਮ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤੜੇ ਚਾਂਦੀ ਦੇ ਗਹਿਣੇ,ਸੋਨਾ ਕਰਕੇ ਜਾਣਿਓ ਜੀ *
4. * ਵਣ ਵਣ ਪੀਲ੍ਹਾਂ ਪੱਕੀਆਂ ਨੀ ਮੇਰੀ ਰਾਣੀਏ ਮਾਏ!
ਕੋਈ ਹੋਈਆਂ ਲਾਲ-ਗੁਲਾਲ ਨੀ ਭਲੀਏ!
ਧੀਆਂ ਨੂੰ ਸਹੁਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ!
ਤੇਰਾ ਕੇਹਾ ਕੁ ਲੱਗਦਾ ਜੀਅ ਨੀ ਭਲੀਏ! *
5. * ਸਾਡੇ ਵਿਹੜੇ ਦਿਆ ਅੰਬਾ!ਤੇਰੀ ਠੰਢੀ ਠੰਢੀ ਛਾਂ ਵੇ!
ਬੇਟੀ ਕਿਸ ਦੀ ਜੋ ਕਹੀਏ? ਕੀ ਰੱਖੀਏ ਜੋ ਨਾਂ ਵੇ?
ਬੇਟੀ……(ਲਾੜੀ ਦੇ ਪਿਤਾ ਦਾ ਨਾਮ)……ਦੀ ਕਹੀਏ
……( ਲਾੜੀ ਦਾ ਨਾਮ)……ਰੱਖੀਏ ਜੋ ਨਾਂ ਵੇ! *
6. * ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ
ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ *
7. * ਬੀਬੀ ਛੱਡ ਦੇ ਮੰਜੇ ਦਾ ਪਾਵਾ
ਪਾਵੇ ਦਾ ਕੀ ਦਾਅਵਾ,ਦਾਅਵੇ ਵਾਲੇ ਲੈ ਨੀ ਚੱਲੇ *
ਲੜਕੀ ਦੇ ਵਿਆਹ ਵਾਲੇ ਕਾਰਡ ਦੇ ਪਿਛਲੇ/ਆਖਰੀ ਸਫ਼ੇ ਉੱਤੇ ਵਰਤਣ ਲਈ ਹੋਰ ਵਿਦਾਈ ਗੀਤ:
1.
ਸਮੁੰਦਰ 'ਚ ਠ੍ਹਿਲ ਚੱਲੀ ਨਿੱਕੀ ਜਿਹੀ ਕਿਸ਼ਤੀ
ਕਿਨਾਰਿਓ ਵੇ ! ਮੈਨੂੰ ਵਿਦਿਆ ਕਰੋ!
ਗੁੰਮ-ਸੁੰਮ ਰਾਤ ਵਾਂਗਰ ਤੁਰ ਚੱਲੀ ਹਾਂ ਮੈ
ਚੰਨ ਤਾਰਿਓ ਵੇ! ਮੈਨੂੰ ਵਿਦਿਆ ਕਰੋ!
ਤੋਰੋ ਅੱਜ ਗੁਡੀਓ ! ਪਟੋਲ੍ਹਿਓ ਵੇ!
ਚੌਂਕੇ ਹਾਰਿਓ ਵੇ! ਮੈਨੂੰ ਵਿਦਿਆ ਕਰੋ!
ਚੱਲੀ ਹਾਂ ਫੁੱਲਾਂ ਦੀ ਆਬ ਲੈ ਕੇ
ਮੇਰੇ ਸਾਰਿਓ ਵੇ! ਮੈਨੂੰ ਵਿਦਿਆ ਕਰੋ!
ਤੱਤੀ 'ਵਾ ਵੀ ਮੈਨੂੰ ਲੱਗਣ ਨਾ ਦਿੱਤੀ
ਮਾਪੇ ਹੀਰਿਓ ਵੇ! ਮੈਨੂੰ ਵਿਦਿਆ ਕਰੋ!
ਚੇਤੇ ਹਰ ਸਾਹ ਨਾਲ ਕਰਾਂਗੀ ਮੈਂ
ਭੈਣੋ! ਵੀਰਿਓ ਵੇ! ਮੈਨੂੰ ਵਿਦਿਆ ਕਰੋ!
ਨਿੱਕਾ ਜਿਹਾ ਦੀਵਾ ਛੱਡ ਚੱਲਿਆ ਏ ਘਰ ਨੂੰ
ਸੂਰਜਾ! ਵਾਅਦਾ ਕਰ ਰੌਸ਼ਨੀ ਦਾ
ਨਿੱਕੀ ਜਿਹੀ ਜਿੰਦ ਚੱਲੀ ਦੇਸ ਪਰਾਏ
ਕਿਸਮਤੇ! ਵਾਅਦਾ ਕਰ ਜ਼ਿੰਦਗੀ ਦਾ
ਘੁੱਗ ਵਸੇ ! ਤੇਰਾ ਖੇੜਾ ਬਾਬਲ !
ਮਾਫ਼ ਕਰ ਦੇਣਾ ਹਰ ਕਸੂਰ ਮੇਰਾ
ਰਾਜੇ ਰਾਣੇ ਵੀ ਧੀਆਂ ਨਾ ਰੱਖ ਸਕਦੇ
ਜੱਗ ਡਾਢਿਆ! ਇਹ ਕੀ ਦਸਤੂਰ ਤੇਰਾ !
ਕਾਰਡ ਦੇ ਪਿਛਲੇ/ਆਖਰੀ ਸਫ਼ੇ ਉੱਤੇ ਵਰਤਣ ਲਈ
ਇਕ ਹੋਰ ਵਿਦਾਈ ਗੀਤ:
2 ਨਵੇਂ ਬਣੇ ਮਾਪਿਆਂ (ਸਹੁਰਿਆਂ) ਨੂੰ ਮੁਖ਼ਾਤਿਬ:
* ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ
ਧੀ ਨੇ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਜਾਣਾ
ਇਹਨੇ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਜਾਣਾ
ਵਗੇ ਹੰਝੂਆਂ ਦਾ ਚੇਤਾ ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਲੈ ਕੇ ਇੱਜ਼ਤਾਂ ਦਾ ਸਾਲੂ , ਤੁਹਾਡੇ ਨਾਲ ਤੁਰ ਪੈਣਾ
ਲਾ ਕੇ ਸਬਰਾਂ ਦੀ ਬਿੰਦੀ,ਪਾ ਕੇ ਹੁਨਰਾਂ ਦਾ ਗਹਿਣਾ
ਇਹਨਾਂ ਹੁਨਰਾਂ ਦਾ ਰੰਗ ਜੀ ਨਿੱਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਏਸ ਨਦੀ ਨੂੰ ਨਾ ਦਾਜ ਵਾਲੇ ਭਾਂਬੜੀਂ ਮਚਾਇਓ
ਇਹਨੇ ਛੱਡਣੇ ਪਹਾੜ, ਤੁਸੀਂ ਕੰਢੇ ਬਣ ਜਾਇਓ
ਸਾਂਝਾਂ ਸਿਖਰਾਂ ਦਾ ਪੁਲ, ਜੀ ਉਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਇਹਨੂੰ ਦੇਣਾ 'ਮੂੰਹ-ਦਿਖਾਈ',ਤੁਸੀਂ ਹਾਸੇ ਅਤੇ ਖੇੜੇ
ਲਾਉਣੇ ਬੂਟੇ ਅਨਮੋਲ, ਇਹਨੇ ਆਪ ਜੀ ਦੇ ਵਿਹੜੇ
ਨੀਲੀ ਝੀਲ ਉੱਤੇ ਚੰਦ, ਜੀ ਨਿਤਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ!
ਕਾਰਡ ਦੇ ਪਿਛਲੇ/ਆਖਰੀ ਸਫ਼ੇ ਉੱਤੇ ਵਰਤਣ ਲਈ
ਇਕ ਹੋਰ ਵਿਦਾਈ ਗੀਤ:
3.
ਬਾਬਲ……(ਲਾੜੀ ਦੇ ਪਿਤਾ ਦਾ ਨਾਮ)………
ਸੋਹਣੇ ਸਿਹਰੇ ਵਾਲਿਆ ! ਦੇਵਾਂ ਅੱਜ ਪਿਆਰ ਮੈਂ ਤੈਨੂੰ
ਖਿੜੇ ਹੋਏ ਇਸ ਬਾਗ਼ ਮੇਰੇ ਦੀ, ਦੇਵਾਂ ਅੱਜ ਬਹਾਰ ਮੈਂ ਤੈਨੂੰ
ਅੱਜ ਤੱਕ ਮੇਰੀ ਜਿੰਦ ਰਿਹਾ ਜੋ, ਦੇਵਾਂ ਉਹ ਸੰਸਾਰ ਮੈਂ ਤੈਨੂੰ
ਦੇਖੀਂ ਇਹਦਾ ਸਾਥ ਨਾ ਛੱਡੀਂ, ਦੇਵਾਂ ਧੀ ਮੁਟਿਆਰ ਮੈਂ ਤੈਨੂੰ
ਲੱਖ ਵਲਵਲੇ ਦਿਲ ਵਿੱਚ ਲੈਕੇ, ਦੇਵਾਂ ਲਾਵਾਂ ਚਾਰ ਮੈਂ ਤੈਨੂੰ
ਅੰਮੀ:…… (ਲਾੜੀ ਦੀ ਮਾਤਾ ਦਾ ਨਾਮ)………
ਜਿਸਮ'ਚੋਂ ਇਕ ਬੋਟੀ ਵੱਖ ਕਰਕੇ,ਜਿਉਂਦਾ ਬੁੱਤ ਬਣਾਇਆ ਮੈਂ
ਚੁੰਮ ਚੁੰਮ ਕੇ ਇਹ ਤੁਲਸੀ ਪਾਲ਼ੀ, ਮਮਤਾ-ਜਲ ਚੜ੍ਹਾਇਆ ਮੈਂ
ਅੱਜ ਜਦ ਇਹਨੂੰ ਵੱਖ ਕਰਾਂ ਤਾਂ, ਅੰਦਰੋਂ ਲਾਟਾਂ ਨਿੱਕਲਦੀਆਂ
ਆਪਣੇ ਹੱਥੀਂ ਤੋੜ ਨਗੀਨਾ, ਤੇਰੀ ਝੋਲੀ ਪਾਇਆ ਮੈਂ
ਭੈਣ: ……… (ਲਾੜੀ ਦੀ ਭੈਣ/ਭੈਣਾਂ ਦੇ ਨਾਮ)……
ਇਕੋ ਥਾਲੀ ਰੋਟੀ ਖਾਧੀ , ਪਿੱਪਲੀਂ ਪੀਂਘਾਂ ਪਾਈਆਂ
ਰਲ ਕੇ ਪਾਈ ਕਿੱਕਲੀ,ਨਾਲੇ ਖੇਡੀਆਂ ਛੂਹਣ-ਛੁਹਾਈਆਂ
ਅੱਜ ਮੈਥੋਂ ਇਹ ਦੂਰ ਚੱਲੀ, ਮੇਰੀ ਜਾਨ ਨਿਕਲਦੀ ਜਾਵੇ
ਖ਼ੁਸ਼ ਰੱਖੀਂ ਵੇ ਜੀਜਾ!ਮੇਰੀਆਂ ਹੱਥ ਬੰਨ੍ਹ ਹਾਲ-ਦੁਹਾਈਆਂ
ਵੀਰ:……… (ਲਾੜੀ ਦੇ ਵੀਰ/ਵੀਰਾਂ ਦੇ ਨਾਮ)……
ਅੱਜ ਤਾਈਂ ਇਸ ਸੋਹਲ ਕਲੀ ਨੂੰ,ਪਰਦਿਆਂ ਵਿੱਚ ਲੁਕਾਇਆ ਮੈਂ
ਆਪਣੇ ਹੱਥੀਂ ਤੋਰਨ ਲੱਗਾਂ , ਇਹਦਾ ਅੰਮਾ-ਜਾਇਆ ਮੈਂ
ਰੱਖੜੀਆਂ ਬੰਨ੍ਹਵਾ ਕੇ, ਜਿਸਦੀ ਰਾਖੀ ਦੀ ਸਹੁੰ ਖਾਧੀ ਸੀ
ਸਾਂਭ ਕੇ ਰੱਖੀਂ, ਉਹਦਾ ਪੱਲਾ ਤੇਰੇ ਹੱਥ ਫੜਾਇਆ ਮੈਂ
ਕਾਰਡ ਦੇ ਪਿਛਲੇ/ਆਖਰੀ ਸਫ਼ੇ ਉੱਤੇ ਵਰਤਣ ਲਈ
ਇਕ ਹੋਰ ਵਿਦਾਈ ਗੀਤ:
4.
ਚੱਲੀ ਮਾਂ ਦੀ ਲਾਡਲੀ, ਬਾਬਲ ਦਾ ਵਿਹੜਾ ਛੱਡ ਕੇ
ਦੁੱਧ-ਮੱਖਣਾਂ ਨਾਲ ਪਾਲੜੀ, ਤੁਰ ਚੱਲੀ ਜੇਰਾ ਕੱਢ ਕੇ
ਘਰ ਬਾਬਲ ਦਾ,ਰਾਜ ਧੀਆਂ ਦਾ ਹੋਇਆ ਅੱਜ ਬੇਗਾਨਾ
ਛੁੱਟਿਆ ਤਾਜ ਪਿਆਰਾਂ ਵਾਲਾ, ਬਚਪਨ ਜਿਹਾ ਖਜ਼ਾਨਾ
ਗੁੱਡੀਆਂ ਅਤੇ ਪਟੋਲੇ ਵੀ, ਰੋਂਦੇ ਨੇ ਬਾਹਵਾਂ ਕੱਢ ਕੇ
ਚੱਲੀ ਭੈਣ ਦੀ ਲਾਡਲੀ, ਬਾਬਲ ਦਾ ਵਿਹੜਾ ਛੱਡ ਕੇ
ਵਿੱਛੜ ਚੱਲੀ ਸਖੀ ਤ੍ਰਿੰਜਣੋਂ, ਲੈ ਸੂਹੀ ਫੁਲਕਾਰੀ
ਨਿੱਖੜ ਚੱਲੀ ਕੂੰਜ ਡਾਰ 'ਚੋਂ, ਜਿੱਧਰ ਚੋਗ ਖਿਲਾਰੀ
ਰੋਂਦੀ ਰੋਂਦੀ ਲੈ ਚੱਲੀ ਏ,ਸਭ ਦਾ ਜਿਗਰਾ ਵੱਢ ਕੇ
ਚੱਲੀ ਵੀਰ ਦੀ ਲਾਡਲੀ, ਬਾਬਲ ਦਾ ਵਿਹੜਾ ਛੱਡ ਕੇ
ਲੱਭਣ ਚੱਲੀ ਮੀਤ ਦਿਲਾਂ ਦਾ, ਲਾਵਾਂ ਦੀ ਪਰਨਾਈ
ਢੂੰਢਣ ਚੱਲੀ ਮਾਨਸਰੋਵਰ, ਹੰਸਣੀ ਇੱਕ ਤਿਰਹਾਈ
ਖ਼ਾਬਾਂ ਦੇ ਕਲ੍ਹੀਰੇ ਪਾ, ਯਾਦਾਂ ਦੀ ਮੋਹੜੀ ਗੱਡ ਕੇ
ਚੱਲੀ ਸਭ ਦੀ ਲਾਡਲੀ, ਬਾਬਲ ਦਾ ਵਿਹੜਾ ਛੱਡ ਕੇ
ਦੁੱਧ-ਮੱਖਣਾਂ ਨਾਲ ਪਾਲੜੀ, ਤੁਰ ਚੱਲੀ ਜੇਰਾ ਕੱਢ ਕੇ।
-------------------------------
*ਲੋਕਗੀਤ
...ਚਲਦਾ...