ਸੁਪਨਾ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਤੂੰ ਮੈਨੂੰ ਆਪਣਾ ਫੈਂਸਲਾ ਦੱਸ ਹੀ ਦੇ……? ਰੋਜ਼ ਦਾ ਕੀ ਪਾਖੰਡ ਫੜਿਆ ਹੋਇਆ ਹੈ…? ਭਾਈ ਤੂੰ ਦੱਸ ਕੋਈ ਬੈਂਕ ਦਾ ਮੈਨੇਜਰ ਲੱਗਿਆ ਹੋਇਆ ਹੈਂ, ਰੋਜ਼ ਕੰਮ ਤੇ ਦੱਸ ਵਜੇ ਆ ਵੜਦਾ ਹੈਂ। ਬਾਕੀ ਬੰਦੇ ਵੀ ਸਵੇਰੇ ਕੰਮ ਤੇ ਆਉਂਦੇ ਹਨ, ਤੈਨੂੰ ਛੇਤੀ ਆਉਣ ਲੱਗਿਆਂ ਕੀ ਹੁੰਦਾ ਹੈ..? ਅੱਜ ਤੂੰ ਮੈਨੂੰ ਆਪਣਾ ਫੈਂਸਲਾ ਦੱਸ ਹੀ ਦੇ…… ਮੈਨੂੰ ਹੋਰ ਵੀ ਬੜੇ ਕੰਮ ਹਨ। ਤੇਰੇ ਨਾਲ ਹੀ ਨਹਂਿ ਮੱਥਾ ਮਾਰੀ ਜਾਣਾ ਮੈਂ। ਪੂਰੇ ਦਾ ਪੂਰਾ ਹਫਤਾ ਲੇਟ ਆਇਆ ਹੈਂ, ਪੈਸੇ ਕੱਟੇ ਗਏ ਤਾਂ ਚੀਕਾਂ ਮਾਰਨੀਆਂ ਨੇ।"
"ਠੇਕੇਦਾਰ ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ, ਬੱਸ ਗੁੱਸੇ ਹੋਣ ਲੱਗ ਪੈਂਦੇ ਹੋ। ਮੈਨੂੰ ਕਈ ਮਜਬੀਰੀਆਂ ਨੇ, ਫਿਰ ਵੀ ਸਮੇਂ ਸਿਰ ਕੰਮ ਤੇ ਆਉਣ ਦੀ ਕੋਸ਼ਿਸ਼ ਹਾਂ। ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਬੱਸ ਇੱਕ ਵਾਰ ਮੁਆਫ ਕਰ ਦੇਵੋ। ਅਗਰ ਕੰਮ ਬੰਦ ਹੋ ਗਿਆ ਤਾਂ ਮੇਰੇ ਪਰਵਾਰ ਵਾਸਤੇ ਮੁਸ਼ਕਿਲ ਹੋ ਜਾਵੇਗੀ…।"
"ਸਾਰੇ ਦੇ ਸਾਰੇ ਬਹਾਨੇ ਤੁਹਾਡੇ ਲੋਕਾਂ ਕੋਲ ਹੀ ਰਹਿ ਗਏ, ਸਾਡੀਆਂ ਵੀ ਤਾਂ ਕਈ ਮਜ਼ਬੂਰੀਆਂ ਅਤੇ ਜਿੰਮੇਵਾਰੀਆਂ ਹਨ। ਅਸੀਂ ਸੱਭ ਕੰਮ ਨਹੀਂ ਕਰਦੇ…? ਅਸੀਂ ਕੰਮ ਤੇ ਨਹੀਂ ਆਉਂਦੇ…? ਤੇਰੀ ਤਰ੍ਹਾਂ ਲੇਟ ਨਹੀਂ ਆਉਂਦੇ ਅਤੇ ਨਾ ਹੀ ਕਦੇ ਛੁੱਟੀ ਕੀਤੀ ਹੈ। ਕੁੱਝ ਤਾਂ ਸ਼ਰਮ ਕਰ ਮੇਂ ਵੀ ਅੱਗੇ ਹਿਸਾਬ ਦੇਣਾ। ਤੇਰੇ ਵਰਗੇ ਦੋ-ਚਾਰ ਹੋਰ ਆ ਗਏ, ਫਿਰ ਤਾਂ ਕੰਮ ਹੋ ਗਿਆ…..।"
ਠੇਕੇਦਾਰ ਕੁੱਝ ਬਦਲ ਕੇ…..
"ਅੱਛਾ-ਅੱਛਾ ਬਹੁਤੀਆਂ ਗੱਲਾਂ ਨਾ ਕਰੀਂ। ਅੱਗੇ ਸਮਾਂ ਬਹੁੱਤ ਹੋ ਗਿਆ ਹੈ। ਅੱਗੇ ਤੋਂ ਕੰਮ ਤੇ ਲੇਟ ਆਇਆ ਤਾਂ ਕੰਮ ਤੇ ਆਉਣ ਦੀ ਕੋਈ ਜ਼ਰੂਰਤ ਨਹੀਂ….।"
"ਨਹੀਂ ਲੇਟ ਆਉਂਦਾ ਸਰਦਾਰ ਜੀ……।"
ਇਸ ਤਰ੍ਹਾਂ ਠੇਕੇਦਾਰ ਉੱਚਾ-ਨੀਵਾਂ ਬੋਲ ਕੇ ਚੱਲਿਆ ਗਿਆ। ਸ਼ਾਮ ਲੇਟ ਤਾਂ ਆਉਂਦਾ ਸੀ, ਅੱਜ ਕਾਫੀ ਲੇਟ ਹੋ ਗਿਆ। ਠੇਕੇਦਾਰ ਨੇ ਆਪਣਾ ਕੰਮ ਵੇਖਣਾ ਸੀ, ਉਹ ਕਹਿੰਦਾ ਜਦ ਮੈਂ ਦਿਹਾੜੀ ਦਿੰਦਾਂ ਹਾਂ ਤਾਂ ਫਿਰ ਬੰਦਾ ਸਮੇਂ ਸਿਰ ਕਿਉਂ ਨਾ ਆਵੇ। ਠੇਕੇਦਾਰ ਦੇ ਜਾਣ ਮਗਰੋਂ ਸ਼ਾਮ ਫਿਰ ਸੋਚਾਂ ਦੇ ਸਮੁੰਦਰਾਂ ਵਿੱਚ ਡੁੱਬ ਗਿਆ। ਉਸਨੂੰ ਆਪਣਾ ਆਉਣ ਵਾਲਾ ਸਮਾਂ ਹਨੇਰੇ ਵਿੱਚ ਆਉਦਾਂ ਜਾਪਣ ਲੱਗਾ। ਸ਼ਾਮ ਤਾਂ ਇੱਕ ਵਾਰ ਜਿੰਦਗੀ ਤੋਂ ਹਾਰ ਮੰਨ ਬੈਠਾ ਸੀ। ਕਈ ਵਾਰ ਮਰ ਜਾਣ ਬਾਰੇ ਸੋਚਦਾ। ਪਾਰੋ ਦੀ ਭੋਲੀ ਸੂਰਤ ਅਤੇ ਕਾਲੇ ਦਾ ਮੋਹ ਸ਼ਾਮ ਨੂੰ ਜਿਊਣ ਵਾਸਤੇ ਮਜਬੂਰ ਕਰ ਰਿਹਾ ਸੀ। ਜਿਆਦਾ ਸੋਚਣ ਨਾਲ ਕੁੱਝ ਨਹੀਂ ਬਣਦਾ ਉਲਟਾ ਸਰੀਰ ਕਮਜ਼ੋਰ ਹੁੰਦਾ ਹੈ। ਦਿਮਾਗ ਤੇ ਜਿਆਦਾ ਬੋਝ ਰੱਖਣ ਨਾਲ ਬੰਦੇ ਦੀ ਸੋਚਣ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ, ਨਾਲੇ ਫਿਰ ਫਿਕਰ/ ਸੋਚਾਂ ਤਾਂ ਬੰਦੇ ਨੂੰ ਘੁੱਣ ਵਾਂਗ ਖਾ ਜਾਂਦੇ…।
*****
ਜਦੋਂ ਪਾਰੋ ਨਵੀਂ ਨਵੀਂ ਵਿਆਹੀ ਆਈ ਸੀ, ਕਿੰਨੀ ਸੋਹਣੀ ਲੱਗਦੀ ਸੀ। ਹੱਥ ਲਾਉਣ ਤੇ ਮੈਲੀ ਹੁੰਦੀ ਸੀ। ਹੁਣ ਤਾਂ ਉਸਦਾ ਸਾਰੇ ਦਾ ਸਾਰਾ ਸਿਰ ਚਿੱਟਾ ਹੋ ਗਿਆ ਸੀ। ਉਸਨੂੰ ਕਦੇ ਮੇਰਾ ਫਿਕਰ, ਕਦੇ ਕਾਕੇਦਾ ਅਤੇ ਕਦੇ ਘਰ ਦਾ। ਮੈਂ ਉਸਨੂੰ ਸੁੱਖ ਤਾਂ ਕੀ ਦੇਣਾ ਸੀ ਉਲਟe ਦੁੱਖ ਹੀ ਦਿੱਤਾ ਹੈ। ਹਾਲੀ ਉਸਦੀ ਉਮਰ ੩੫ ਸਾਲ ਅਤੇ ਮੇਰੀ ਉਮਰ ੪੦ ਸਾਲ ਦੀ ਹੈ। ਅਸੀਂ ਏਸ ਵੇਲੇ ਹੀ ਬੁੱਢੇ ਲੱਗਣ ਲੱਗ ਪਏ ਹਾਂ। ਅਠਾਰਾਂ ਸਾਲ ਦੀ ਉਮਰ ਵਿੱਚ ਸਾਡਾ ਵਿਆਹ ਹੋਇਆ ਸੀ। ਕਾਕਾ ਵੀ ਬਹੁਤ ਦੇਰ ਬਾਅਦ ਹੋਇਆ ਸੀ। ਸੁਖਣਾ ਸੁੱਖ-ਸੁੱਖ ਕੇ ਕਾਕੇ ਨੂੰ ਪਾਇਆ।  ਮੈਂ ਸੋਚਿਆ ਸਾਡੀ ਤਾਂ ਕੱਟੀ ਗਈ ਔਖੇ ਸੋਖੇ। ਮੈਂ ਸੋਚਿਆ ਕਾਕੇ ਨੂੰ ਅਫ਼ਸਰ ਬਣਾਉਣ ਬਾਰੇ, ਉਸਨੂੰ ਅਫ਼ਸਰ ਤਾਂ ਕੀ ਬਣਾਉਣਾ ਸੀ, ਉਸਨੂੰ ਤਾਂ ਰੋਟੀ ਦੇਣੀ ਮੁਸ਼ਕਿਲ ਹੋਈ ਪਈ ਹੈ। ਮੈਂ ਤਾਂ ਮਰ ਜਾਣਾ ਸੀ, ਇਸ ਜਿਊਣ 'ਚ ਕੀ ਰੱਖਿਆ? ਮੇਰਾ ਵਿਆਹ ਕਰਵਾਉਣ ਦਾ ਕੋਈ ਹੱਕ ਨਹੀਂ ਬਣਦਾ ਸੀ। ਮੈਂ ਵਿਆਹ ਕਰਵਾ ਕੇ ਘੋਰ ਪਾਪ ਕੀਤਾ ਹੈ। ਹਾਲੀ ਇਹ ਗੱਲਾਂ ਸ਼ਾਮ ਦੇ ਦਿਮਾਗ ਵਿੱਚ ਘੁੰਮ ਹੀ ਰਹੀਆਂ ਸਨ ਕਿਠੇਕੇਦਾਰ ਫਿਰ ਆਣ ਧਮਕਿਆ ਅਤੇ ਬੋਲਿਆ, "ਓਏ ਰਾਂਝਿਆ! ਕੀ ਸੋਚਦਾ ਪਿਆ ਏਂ…? ਕੰਮ ਕਰਨ ਦੀ ਤੇਰੀ ਮਰਜ਼ੀ ਹੈ ਜਾਂ ਨਹੀਂ….?  ਕੰਮ ਤਾਂ ਤੂੰ ਕਰਨਾ ਹੈ ਕਿਸੇ ਹੋਰ ਨੇ ਨਹੀਂ ਕਰਨਾ। ਜੇਦਿਲ ਨਹੀਂ ਮੰਨਦਾ ਤਾਂ ਕੰਮ ਦਾ ਖਹਿੜਾ ਛੱਡ….੧ ਨਾਲੇ ਫਿਰ ਕਿਤੇ ਹੋਰ ਕੰਮ ਪਤਾ ਲੱਗ ਜਾਊ। ਪੈਸੇ ਕੱਟ ਲਏ ਤਾਂ ਚੀਕਾਂ ਮਾਰਨੀਆਂ ਨੇ, ਫਿਰ ਕਹਿਣਾ ਠਕੇਦਾਰ ਸਾਹਿਬ ਮੁਆਫ ਕਰ ਦੇਵੋ। ਮੈਂ ਪੈਸੇ ਵਿਹਲੇ ਬੈਠਣ ਦੇ ਨਹੀਂ ਦਿੰਦਾ…।"
ਢੇਰ ਸਾਰੀਆਂ ਗੱਲਾਂ ਠੇਕੇਦਾਰ ਦੀਆਂ ਸੁਣੀਆਂ। ਠੇਕੇਦਾਰ ਦੀਆਂ ਗੱਲਾਂ ਖੰਜਰ ਦੀ ਤਰ੍ਹਾਂ ਵੱਜੀਆਂ। "ਅੱਛਾ ਸਰਦਾਰ ਜੀ! ਕਹਿ ਕੇ, ਸ਼ਾਮ ਕੰਮ ਕਰਨ ਲੱਗ ਪਿਆ।"
ਸ਼ਾਮ ਨੂੰ ਆਪਣਾ ਜੀਵਣ ਹਨ੍ਹੇਰੇ ਵਿੱਚ ਆਉਣ ਲੱਗ ਪਿਆ। ਚਾਹੇ ਜੋ ਮਰਜ਼ੀ ਹੈ ਰੋਟੀ ਤਾਂ ਕੰਮ ਕਰਕੇ ਹੀ ਮਿਲਣੀ ਹੈ। ਅੱਜ ਦਿਨ ਮੁੱਕਣ ਤੇ ਨਹੀਂ ਆ ਰਿਹਾ ਸੀ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚੰਗੇ ਦਿਨ ਤਾਂ ਛੇਤੀ-ਛੇਤੀ ਕੱਟੇ ਜਾਂਦੇ ਹਨ ਪਰ ਮਾੜੇ ਵਖਤ ਵਿੱਚ ਘੰਟੇ ਵੀ ਸਾਲ ਦੇਬਰਾਬਰ ਲੱਗਦੇ ਹਨ। ਸ਼ਾਮ ਦੇ ਸੱਤ ਵੱਜ ਗਏ ਨਾਲੇ ਹਫਤੇ ਦਾ ਆਖਰੀ ਦਿਨ ਸੀ, ਹਿਸਾਬ ਕਰਕੇ ਪੈਸੇ ਵੀ ਲੈਣੇ ਸਨ। ਸਾਮ ਨੇ ਹੱਥ ਮੂੰਹ ਧੋਤਾ ਅਤੇ ਕੱਪੜੇ ਪਾ ਕੇ ਤਿਆਰ ਹੋ ਕੇ ਬੈਠ ਗਿਆ। ਕੁੱਝ ਸਮਾਂ ਉਡੀਕ ਕਰਨ ਤੋਂ ਬਾਅਦ ਠੇਕੇਦਾਰ ਆ ਗਿਆ।
"ਵੇਖ ਓਏ! ਪੈਸੇ ਲੈਣ ਲਈ ਤੁਸੀਂ ਘਮਟਾ-ਘੰਟਾ ਉਡੀਕ ਕਰਦੇ ਹੋ, ਕੰਮ ਕਰਨ ਲੱਗਿਆਂ ਬਹਾਨੇ ਆਉਂਦੇ ਹਨ…। ਅੱਛਾ ਕੀ ਹਿਸਾਬ ਹੈ….?"
"ਸਰਦਾਰ! ਸ਼ੱਤ ਦਿਹਾੜੀਆਂ ਦੇ ਹਿਸਾਬ ਨਾਲ ਪੈਸੇ ਬਣਾ ਦਿਉ।"
"ਅੱਛਾ! ਹਿਸਾਬ ਤਾਂ ਤੈਨੂੰ ਬਹੁੱਤ ਆਉਂਦਾ ਹੈ, ਜਿਹੜਾ ਲੇਟ ਆਇਆਂ ਉਸ ਦਾ ਕੋਈ ਹਾਬ ਨਹੀਂ। ਚੰਗਾ ਲਗਾ ਅੰਗੂਠਾ ਤੇ ਲੈ ਫੜ੍ਹ ਪੈਸੇ..।"
"ਸਰਦਾਰ ਜੀ ਦਿਹਾੜੀ ਘੱਟ ਪੈਸੇ ਹੈ….।"
ਠੀਕ-ਠੀਕ ਹੈ, ਪਿੱਛੇ ਹੋ ਕੇ ਗੱਲ ਕਰ ਹੋਰਨਾਂ ਨੂੰ ਵੀ ਪੈਸੇ ਦੇਣੇ ਹਨ, ਲੇਟ ਆਉਣ ਲੱਗਿਆਂ ਨਹੀਂ ਪਤਾ ਲੱਗਦਾ…..?  ਠੀਕ ਤਰ੍ਹਾਂ ਕੰਮ ਕਰਨਾ ਹੈ ਤਾਂ ਠੀਕ ਹੈ ਨਹੀਂ ਤਾਂ ਸਵੇਰ ਤੋਂ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ….।"
ਸ਼ਾਮ ਨੇ ਹੰਝੂ ਭਰੀਆਂ ਅੱਖਾਂ ਪਿੱਛੇ ਨੂੰ ਮੋੜ ਲਈਆਂ ਅਤੇ ਘਰ ਵੱਲ ਨੂੰ ਤੁਰ ਪਿਆ। ਦਿਮਾਗ ਵਿੱਚ ਠੇਕੇਦਾਰ ਬਾਰੇ ਸੋਚਦਾ ਕਿ ਉਹ ੬੦ ਸਾਲ ਦਾ ਹੋ ਗਿਆ ਪਰ ਹਾਲੀ ਵੀ ਜਵਾਨ ਲੱਗਦਾ ਹੈ। ਘਰਵਾਲੀ ਕੱਲ੍ਹ ਦੀ ਕੁੜੀ ਅਤੇ ਮੇਰੀ ਪਾਰੋ ਵਿਚਾਰੀ ਬੁਢੀ ਨਜ਼ਰ ਆਉਣ ਲੱਗ ਪਈ ਹੈ। ਮੈਂ ਕਿਹੜਾ ਜਵਾਨ ਹਾਂ ਬੁੱਢਾ ਤਾਂ ਹੋ ਗਿਆ ਹਾਂ। ਸੋਚਾਂ ਤਾਂ ਕਦੀ ਮੁੱਕਦੀਆਂ ਨਹੀਂ ਬੰਦਾ ਮੁੱਕ ਜਾਂਦਾ ਹੈ। ਸੋਚਾਂ ਸੋਚਦਾ ਸ਼ਾਮ ਆਪਣੇ ਘਰ ਪਹੁੰਚ ਗਿਆ।
ਸ਼ਾਮ ਨੇ ਦਰਵਾਜ਼ਾ ਖੜਕਾਇਆ ਅੰਦਰ ਜਨਾਨੀ ਬੋਲੀ, "ਕੌਣ ਹੈ……?" ਅੱਗੋਂ ਸ਼ਾਮ ਖਿੱਝ ਕੇ ਬੋਲਿਆ, "ਮੈਂ ਹਾਂ, ਹੋਰ ਕੌਣ! ਤੂੰ ਦਰਵਾਜ਼ਾ ਖੋਲ੍ਹ….।"
ਪਾਰੋ ਨੇ ਦਰਵਾਜ਼ਾ ਖੋਲ ਦਿੱਤਾ। ਸ਼ਾਮ ਢਿੱਲਾ ਜਿਹਾ ਮੂੰਹ ਬਣਾ ਕੇ ਅੰਦਰ ਆ ਗਿਆ। ਆਉਂਦੇ ਹੀ ਜਨਾਨੀ ਨੇ ਪੁੱਛਿਆ, "ਕੀ ਗੱਲ ਹੈ…..? ਬੜੇ ਉਦਾਸ-ਉਦਾਸ ਨਜ਼ਰ ਆ ਰਹੇ ਹੋ..?"
"ਬੱਸ ਕੁੱਝ ਨਹੀਂ ਹੈ, ਆਹ ਲੈ ਫੜ੍ਹ ਪੈਸੇ…..!"
ਪਾਰੋ ਪੈਸਿਆਂ ਦੀ ਗਿਣਤੀ ਕਰਦੀ ਬੋਲੀ, "ਇੱਕ ਦਿਹਾੜੀ ਦੇ ਪੈਸੇ ਘੱਟ ਹਨ….?"
"ਠੇਕੇਦਾਰ ਨੇ ਦਿਹਾੜੀ ਕੱਟ ਲਈ…..।"
"ਫਿਰ ਕੀ ਹੋਇਆ, ਇਨੇ ਹੀ ਬਹੁੱਤ ਨੇ, ਮੈਂ ਤਾਂ ਵੈਸੇ ਹੀ ਕਿਹਾ ਸੀ….।"
"ਕਾਕਾ ਕਿੱਥੇ ਹੈ….? ਨਜ਼ਰ ਨਹੀਂ ਆਉਂਦਾ….।"
"ਕਾਕਾ ਬਾਹਰ ਖੇਡਣ ਗਿਆ, ਤੁਸੀਂ ਹੱਥ ਮੂੰਹ ਧੋ ਲਉ! ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਈ……..।"
ਇੰਨ੍ਹੇ ਨੂੰ ਸ਼ਾਮ ਦਾ ਕਾਕਾ ਆ ਗਿਆ। ਸ਼ਾਮ ਨਾਲ ਚਿੰਬੜ ਗਿਆ ਅਤੇ ਬੋਲਿਆ, "ਬਾਪੂ ਅੱਜ ਤੈਨੂੰ ਮੈਂ ਨਹੀਂ ਛੱਡਣਾ, ਤੂੰ ਝੂਠਾ ਹੈਂ…।" ਤੂੰ ਮੇਰਾ ਸਾਈਕਲ ਨਹੀਂ ਲੈ ਕੇ ਆਇਆ…।"
"ਨਹੀਂ ਬੇਟਾ! ਅਗਲੇ ਮਹੀਨੇ ਜ਼ਰੂਰ ਲੈ ਕੇ ਦੇਵਾਂਗਾ। ੁਹਣ ਮੇਰੇ ਕੋਲ ਪੈਸੇ ਨਹੀਂ ਹਨ..।"
"ਨਹੀਂ! ਨਹੀਂ!! ਮੈਨੂੰ ਅੱਜ ਹੀ ਸਾਇਕਲ ਚਾਹੀਦਾ ਹੈ…..।"
ਇਹ ਕਹਿ ਕੇ ਕਾਕਾ ਆਪਣੇ ਪਿਉ ਨਾਲ ਚਿੰਬੜ ਗਿਆ ਅਤੇ ਉੱਚੀ-ਉੱਚੀ ਰੋਣ ਲੱਗ ਪਿਆ।
ਸ਼ਾਮ ਤਾਂ ਅੱਗੇ ਹੀ ਸਵੇਰ ਦਾ ਬੜਾ ਦੁੱਖੀ ਸੀ। ਦੂਜਾ ਕਾਕੇ ਨੇ ਤੰਗ ਕਰ ਦਿੱਤਾ। ਖਿਝੇ ਹੋਏ ਸਾਮ ਨੇ ਕਾਕੇ ਦੇ ਦੋ-ਚਾਰ ਚਪੇੜਾਂ ਕੱਢ ਮਾਰੀਆਂ। ਪੁੱਤ ਨੂੰ ਮਾਰ ਪੈਂਦੀ ਦੇਖ ਪਾਰੋ ਛੇਤੀ-ਛੇਤੀ ਦੋੜ ਆਈ। 
"ਕਿਉਂ ਮਾਰੀ ਜਾਂਦੇ ਹੋ ਕਾਕੇ ਨੂੰ, ਬੱਚਾ ਹੀ ਤਾਂ ਹੈ, ਅੜੀ ਤਾਂ ਕਰੇਗਾ…।"
"ਮੈਂ ਕਿੱਥੋਂ ਇਸ ਨੂੰ ਸਾਈਕਲ ਲੈ ਕੇ ਦੇਵਾਂਗਾ…? ਮੇਰੇ ਕੋਲ ਤਾਂ ਖੁੱਦ ਪੈਸੇ ਨਹੀਂ। ਰੋਟੀ ਪਤਾ ਨਹੀਂ ਕਿਵੇਂ ਚੱਲਦੀ ਹੈ…..?"
"ਆ ਮੇਰਾ ਸੋਹਣਾ ਪੁੱਤ ਮੈਂ ਤੈਨੂੰ ਸਾਇਕਲ ਲੈ ਕੇ ਦੇਵਾਂਗੀ, ਬਾਪੂ ਤਾਂ ਤੇਰਾ ਗੰਦਾ ਹੈ…।"
ਪਾਰੋ ਦੀ ਗੱਲ ਸੁਣ ਕੇ ਕਾਕਾ ਖੁਸ਼ ਹੋ ਗਿਆ। "ਹਾਂ-ਹਾਂ ਪੁੱਤ ਮੈਂ ਤੈਨੂੰ ਜ਼ਰੂਰ ਸਾਇਕਲ ਲੈ ਕੇ ਦੇਵਾਂਗੀ। ਪਾਰੋ ਨੇ ਕਾਕੇ ਨੂੰ ਪੂਰੇ ਆਤਮ ਵਿਸ਼ਵਾਸ਼ ਨਾਲ ਕਿਹਾ।
ਕਾਕਾ ਛੇਤੀ ਨਾਲ ਬਾਹਰ ਦੋੜ ਗਿਆ ਅਤੇ ਆਪਣੀ ਮਾਂ ਵੱਲੋਂ ਸਾਇਕਲ ਲੈ ਕੇ ਦੇਣ ਵਾਲੀ ਗੱਲ ਦੇ ਸੁਪਨੇ ਲੈਣ ਲੱਗ ਪਿਆ।
"ਸ਼ਾਮ ਨੂੰ ਸੱਚਾਈ ਦਾ ਸੱਭ ਪਤਾ ਸੀ ਕਿ ਉਸ ਦੀ ਘਰਵਾਲੀ ਕਾਕੇ ਨੂੰ ਕਦੇ ਵੀ ਸਾਇਕਲ ਨਹੀਂ ਲੈ ਕੇ ਦੇ ਸਕਦੀ। ਸਾਰੇ ਘਰ ਦਾ ਹਾਲ ਸਾਹਮਣੇ ਹੀ ਹੈ। ਸ਼ਾਇਦ ਉਸਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ….।"