ਅੱਤ ਦੀ ਸਰਦੀ ਸ਼ੁਰੂ ਹੋ ਚੁੱਕੀ ਸੀ।ਸਾਲ ਆਪਣੇ ਆਖਰੀ ਪੜਾਅ ਵਿੱਚੋਂ ਲੰਘ ਰਿਹਾ ਸੀ।ਸਰਦੀ ਦੀ ਛੁੱਟੀਆਂ ਹੋ ਚੁੱਕੀਆਂ ਸਨ।ਇਹਨਾਂ ਛੁੱਟੀਆਂ ਦਾ ਸ਼ਾਇਦ ਇੰਨਾ ਚਾਅ ਬੱਚਿਆਂ ਨੂੰ ਨਹੀਂ ਸੀ, ਜਿੰਨਾਂ ਕਿ ਜਸਦੇਵ ਨੂੰ ਸੀ।ਜਸਦੇਵ ਨੂੰ ਉਸ ਦੇ ਇਸ ਹਫਤੇ ਦੀਆਂ ਛੁੱਟੀਆਂ ਵਿੱਚ ਕਈ ਜਰੂਰੀ ਕੰਮ ਕਰਨ ਦੀ ਵਿਉਂਤਬੰਦੀ ਕੀਤੀ। ਉਹ ਛੁੱਟੀਆਂ ਦੇ ਪਹਿਲੇ ਦਿਨ ਤੋਂ ਹੀ ਆਪਣੇ ਕੰਮਾਂ ਵਿੱਚ ਰੁੱਝ ਗਿਆ।
ਜਸਦੇਵ ਕਈ ਦਿਨਾਂ ਤੋਂ ਆਪਣੇ ਗੈਸ ਕੁਨੈਕਸ਼ਨ ਦੀ ਤਬਦੀਲੀ ਕਰਵਾ ਕੇ ਆਪਣੀ ਬਦਲੀ ਵਾਲੀ ਜਗ੍ਹਾ ਤੇ ਲਿਜਾਣਾ ਚਾਹੁੰਦਾ ਸੀ। ਉਸ ਨੇ ਪਹਿਲਾਂ ਏਜੰਸੀ ਵਾਲਿਆ ਨਾਲ ਗੱਲ ਕੀਤੀ ਅਤੇ ਆਪਣੀ ਬਦਲੀ ਕਿਸੇ ਹੋਰ ਜਗ੍ਹਾ ਹੋਣ ਦੀ ਸਾਰੀ ਗੱਲ ਦੱਸੀ।ਏਜ਼ੰਸੀ ਵਾਲੇ ਕਰਮਚਾਰੀ ਨੇ ਭਰੋਸਾ ਦਿੱਤਾ ਕਿ ਕੰਮ ਦੇ ਦਿਨਾਂ ਵਿੱਚ ਕਿਸੇ ਵੀ ਦਿਨ ਆ ਜਾਣਾ ਤੁਹਾਡਾ ਕੰਮ ਹੋ ਜਾਵੇਗਾ।
ਹਫਤੇ ਦੀਆਂ ਛੁੱਟੀਆਂ ਦਾ ਫ਼ਾਇਦਾ ਉਠਾਉਂਦੇ ਹੋਏ। ਉਸ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਸੋਚੀ। ਉਹ ਸਵੇਰੇ ਹੀ ਅੱਤ ਦੀ ਧੁੰਦ ਵਿੱਚ ਗੈਸ ਏਜੰਸੀ ਪਹੁੰਚ ਗਿਆ। ਉਸ ਨੇ ਸਭ ਤੋਂ ਪਹਿਲਾਂ ਬੈਠੇ ਕਰਮਚਾਰੀ ਨੂੰ ਕਿਹਾ, " ਮੈਂ ਜੀ ਆਪਣੇ ਗੈਸ ਕੁਨੈਕਸ਼ਨ ਕਿਤੇ ਹੋਰ ਤਬਦੀਲ ਕਰਵਾਉਣਾ ਚਾਹੁੰਦਾ ਹਾਂ। ਪਹਿਲਾ ਵੀ ਤੁਹਾਨੂੰ ਇਸ ਵਾਰੇ ਦੱਸ ਕੇ ਗਿਆ ਸੀ"।
" ਹੂੰ…ਅੱਛਾ! ਉਧਰ ਅੰਦਰ ਜਾਉ " ਮੋਟੀ ਐਂਨਕ ਵਿੱਚੋਂ ਦੀ ਝਾਕਦੇ ਹੋਏ ਕਰਮਚਾਰੀ ਨੇ ਕਾਲੇ ਸ਼ੀਸ਼ਿਆ ਵਾਲੇ ਕਮਰੇ ਵੱਲ ਇਸ਼ਾਰਾ ਕੀਤਾ।
ਜਸਦੇਵ ਅੰਦਰ ਚਲਿਆ ਗਿਆ। ਉੱਥੇ ਬੈਠੇ ਕਰਮਚਾਰੀ ਗੈਸ ਕੁਨੈਕਸ਼ਨ ਦੀ ਤਬਦੀਲੀ ਬਾਰੇ ਫੇਰ ਸਭ ਦੱਸਿਆ।
" ਅੱਛਾ ! ਕਿਉਂ ਤਬਦੀਲੀ ਕਰਵਾਉਣੀ ਚਾਹੁੰਦੇ ਹੋ ?ਇੱਥੇ ਕੀ ਪਰਾਬਲਮ ਹੈ ?ਇਹ ਨੀਂ ਹੋਣਾ.."। ਅੰਦਰ ਬੈਠੇ ਕਰਮਚਾਰੀ ਨੇ ਜਸਦੇਵ ਦੇ ਪੈਰ ਉਖੇੜ ਦਿੱਤੇ
" ਜੀ ਮੇਰੀ ਬਦਲੀ ਕਿਸੇ ਹੋਰ ਜਗ੍ਹਾ ਹੋ ਗਈ ਹੈ। ਮੈਨੂੰ ਇੱਥੇ ਗੈਸ ਲੈਣ ਵਿੱਚ ਦਿੱਕਤ ਆਉਂਦੀ ਹੈ"।ਨੌਕਰੀ ਦੇ ਅਜੇ ਸ਼ਬਦ ਜਸਦੇਵ ਦੇ ਹਲਕ ਵਿੱਚ ਹੀ ਸਨ ।
ਕਰਮਚਾਰੀ ਇੱਕ ਟੁੱਕ ਜਸਦੇਵ ਵੱਲ ਦੇਖ ਕੇ ਬੋਲਿਆ " ਠੀਕ ਹੈ, ਸਿਲੰਡਰ , ਰੈਗੂਲੇਟਰ ਹੋਰ ਨਿੱਕ ਸੁੱਕ ਨਾਲ ਲਿਆਏ ਹੋ ?"
" ਜੀ ਹਾਂ, ਮੈਂ ਇੱਕ ਸਿਲੰਡਰ ਅਤੇ ਬਾਕੀ ਸਮਾਨ ਲਿਆਇਆ ਹਾਂ" । ਜਸਦੇਵ ਨੇ ਕੰਮ ਹੋਣ ਦੀ ਉਮੀਦ ਨਾਲ ਕਿਹਾ।
" ਪਰ ਕਾਪੀ ਤੇ ਤਾਂ ਦੋ ਸਿਲੰਡਰ ਹਨ। ਤੁਸੀਂ ਦੋ ਕਿਉਂ ਨਹੀਂ ਲਿਆਏ" । ਕੰਪਿਊਟਰ ਤੇ ਉਗਲਾਂ ਮਾਰਦੇ ਹੋਏ ਕਰਮਚਾਰੀ ਨੇ ਜਸਦੇਵ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ।
" ਜੀ ਮੈਂ ਪੁੱਛ ਕੇ ਗਿਆ ਸੀ । ਮੈਨੂੰ ਤਾਂ ਇੱਕ ਸਿਲਡਰ ਹੀ ਲਿਆਉਣ ਨੂੰ ਕਿਹਾ ਸੀ"। ਜਸਦੇਵ ਨੇ ਕੰਮ ਨਾ ਹੁੰਦੇ ਦੇਖ ਕੇ ਤਰਲਾ ਜਿਹਾ ਕੀਤਾ।
" ਤੁਸੀਂ ਜੀ ਕੱਲ ਆਣਾ । ਦੋਵੇਂ ਸਿਲੰਡਰ ਨਾਲ ਲੈ ਕੇ ਆਣਾ ਤੁਹਾਡਾ ਕੰਮ ਹੋ ਜਾਵੇਗਾ"।ਕਰਮਚਾਰੀ ਨੇ ਬੇਧਿਆਨੇ ਜਿਹੇ ਜਸਦੇਵ ਨੂੰ ਜਾਣ ਦੇ ਇਸ਼ਾਰੇ ਨਾਲ ਕਿਹਾ।
ਕਰਮਚਾਰੀ ਦੇ ਕਹੇ ਅਨੁਸਾਰ ਦੂਜੇ ਦਿਨ ਜਸਦੇਵ ਦਫ਼ਤਰ ਖੁੱਲ੍ਹਣ ਦੇ ਸਮੇਂ ਅਨੁਸਾਰ ਸਭ ਤੋਂ ਪਹਿਲਾਂ ਪਹੁੰਚ ਗਿਆ। ਪਤਾ ਕਰਨਾ ਤੇ ਜਸਦੇਵ ਸਿੰਘ ਨੂੰ ਪਤਾ ਲੱਗਿਆ ਕਿ ਜਿਸ ਕਰਮਚਾਰੀ ਨੇ ਉਸ ਦਾ ਕੰਮ ਕਰਨਾ ਹੈ। ਉਹ ਅਜੇ ਤੱਕ ਨਹੀਂ ਆਇਆ। ਇਸ ਲਈ ਜਸਦੇਵ ਬਾਹਰ ਆ ਕੇ ਇੱਕ ਚਾਹ ਵਾਲੇ ਨੂੰ ਇੱਕ ਕੱੱਪ ਚਾਹ ਦਾ ਬਣਾਉਣ ਲਈ ਕਿਹਾ । ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ । ਜਿਵੇਂ ਚਾਹ ਵਾਲਾ ਚਾਹ ਬਣਾਉਣ ਨੂੰ ਬਹੁਤ ਦੇਰ ਲਾ ਰਿਹਾ ਹੋਵੇ। ਉਸ ਦੀ ਚਾਹ ਪੀਂਦੇ ਹੋਏ ਦੀ ਅੱਖ ਦਫਤਰ ਦੇ ਗੇਟ ਵੱਲ ਹੀ ਸੀ। ਜਿਉਂ ਹੀ ਉਸ ਨੇ ਉਸ ਕਰਮਚਾਰੀ ਨੂੰ ਅੰਦਰ ਵੜਦੇ ਹੋਏ ਦੇਖਿਆ। ਉਸ ਨੇ ਚਾਹ ਦੀਆਂ ਚੁਸਕੀਆਂ ਤੇਜ਼ ਕਰ ਦਿੱਤੀਆਂ ਅਤੇ ਜਲਦੀ ਜਲਦੀ ਚਾਹ ਦੇ ਪੈਸੇ ਦਿੰਦਾ ਹੋਇਆ ਦਫਤਰ ਨੂੰ ਹੋ ਲਿਆ।
ਦਫ਼ਤਰ ਅੰਦਰ ਜਾ ਉਹ ਬਿਨਾਂ ਕਿਸੇ ਝਿਜਕ ਦੇ ਸ਼ੀਸ਼ਿਆ ਵਾਲੇ ਕਮਰੇ ਦੇ ਅੰਦਰ ਚਲਾ ਗਿਆ। ਅਂੰਦਰ ਬੈਠੇ ਕਰਮਚਾਰੀ ਨੇ ਉਸ ਨੂੰ ਪੁਛਿਆ, " ਹਾਂ ਜੀ, ਦੋਵੇਂ ਸਿਲੰਡਰ ਲੈ ਆਏ"॥
" ਹਾਂ ਜੀ"। ਮੈਂ ਦੋਵੇਂ ਸਿਲੰਡਰ , ਰੈਗੂਲੈਟਰ ਤੇ ਨਿੱਕ ਸੁੱਕ ਲੈ ਆਇਆ ਹਾਂ।
" ਇੱਕ ਨੰਬਰ ਕਾਉਂਟਰ ਤੇ ਜਾਉ। ਉਹੀ ਤੁਹਾਡਾ ਕੰਮ ਕਰਨਗੇ"। ਕਰਮਚਾਰੀ ਨੇ ਜਾਣ ਦੇ ਇਸ਼ਾਰੇ ਨਾਲ ਕਿਹਾ।
ਜਸਦੇਵ ਇੱਕ ਨੰਬਰ ਕਾਊਂਟਰ ਤੇ ਗਿਆ ਜਿੱਥੇ ਇੱਕ ਭਾਰੇ ਸਰੀਰ ਦਾ ਮੋਟੀ ਐਂਨਕ ਵਾਲਾ ਬਾਬੂ ਬੈਠਾ ਸੀ। ਜਸਦੇਵ ਨੇ ਉਸ ਨੂੰ ਸਾਰੀ ਗੱਲ ਦੱਸੀ। ਉਸ ਨੇ ਸਿਲੰਡਰ ਵਾਲੀ ਕਾਪੀ ਜਸਦੇਵ ਤੋਂ ਫੜ ਕੇ ਕੰਪਿਊਟਰ ਤੇ ਉਂਗਲਾਂ ਮਾਰਨ ਲੱਗਾ।
" ਬਾਊਚਰ ਦਿਉ ਜੀ"। ਉਸ ਨੇ ਉੱਪਰ ਨੂੰ ਹੱਥ ਕਰਦੇ ਹੋਏ ਕਿਹਾ।
" ਕਿਹੜੇ ਬਾਊਚਰ ਜੀ"।ਮੈਂ ਤਾਂ ਕੋਈ ਬਾਊਚਰ ਨੀਂ ਲੈ ਕੇ ਆਇਆ। ਮੈਂਨੁੰ ਜਿੰਨਾਂ ਕੁੱਝ ਤੁਸੀਂ ਕਿਹਾ ਮੈ ਲੈ ਆਇਆ।
" ਜੀ ਨਹੀਂ ਸਾਰੀ ਸਕਿਊਰਟੀ ਬਾਊਚਰਾਂ ਤੇ ਹੁੰਦੀ ਹੈ।ਉਸ ਤੋਂ ਬਿਨਾਂ ਤਬਦੀਲੀ ਨਹੀਂ ਹੋ ਸਕਦੀ। ਉਹ ਬਹੁਤ ਜਰੂਰੀ ਨੇ।ਪਹਿਲਾਂ ਉਹ ਲੈ ਕੇ ਆਉ"।ਕਾਪੀ ਜਸਦੇਵ ਵੱਲ ਕਰਦੇ ਹੋਇਆ ਬਾਬੂ ਦੁਬਾਰਾ ਕੰਪਿਊਟਰ ਤੇ ਉਂਗਲਾਂ ਮਾਰਨ ਲੱਗ ਗਿਆ।
ਜਸਦੇਵ ਦੀਆਂ ਉਮੀਦਾਂ ਤੇ ਫੇਰ ਪਾਣੀ ਫਿਰ ਗਿਆ। ਉਸ ਦਾ ਫਿਰ ਅੱਜ ਦਾ ਵੀ ਸਾਰਾ ਦਿਨ ਖਰਾਬ ਹੋ ਗਿਆ। ਉਸ ਨੂੰ ਉਮੀਦ ਸੀ। ਕਿ ਉਹ ਅੱਜ ਇੱਥੋਂ ਕੰਮ ਕਰਵਾ ਕੇ ਅੱਗੇ ਜਲਦੀ ਜਮ੍ਹਾ ਕਰਵਾ ਦੇਵੇਗਾ। ਉਸ ਇਹ ਵੀ ਫ਼ਿਕਰ ਸੀ।ਕਿਉਂ ਕਿ ਦੋਵੇਂ ਸਿਲੰਡਰ ਉਸ ਨੇ ਕਿਸੇ ਤੋਂ ਮੰਗਕੇ ਜਮ੍ਹਾ ਕਰਵਾਏ ਸਨ। ਉਸ ਦਾ ਆਪਣਾ ਇੱਕ ਸਿਲੰਡਰ ਚੱਲ ਰਿਹਾ ਸੀ ਅਤੇ ਦੂਜਾ ਐਡਵਾਂਸ ਭਰਵਾ ਕੇ ਰੱਖਿਆ ਹੋਇਆ ਸੀ।ਉਹ ਸੋਚਦਾ ਸੀ ਕਿ ਜੇਕਰ ਗੁਆਢੀਆਂ ਨੂੰ ਸਿਲੰਡਰ ਦੀ ਜਲਦੀ ਲੋੜ ਪੈ ਗਈ ਤਾਂ ਉਹ ਕੀ ਕਰੇਗਾ ?। ਫੇਰ ਉਹ ਆਪਣੇ ਆਪ ਨੂੰ ਘਰੇ ਭਰੇ ਪਏ ਸਿਲੰਡਰਾਂ ਦੀ ਧਰਵਾਸ ਦਿੰਦਾ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਉਸ ਸਮੇਂ ਪਿੰਡ ਨੂੰ ਆਇਆ ਦੋ ਖਾਲੀ ਸਿਲੰਡਰ ਮੋਟਰ ਸਾਇਕਲ ਤੇ ਲਟਕਾਈ । ਜਿਵੇਂ ਕੋਈ ਦੋਧੀ ਦੁੱਧ ਪਾ ਕੇ ਵਾਪਿਸ ਪਰਤਦਾ ਹੈ।
ਘਰ ਆ ਕੇ ਉਸ ਨੇ ਬਾਊਚਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸਾਰੀਆਂ ਜਰੂਰੀ ਫਾਈਲਾਂ ਫੋਲ ਮਾਰੀਆਂ, ਘਰਵਾਲੀ ਨੂੰ ਵੀ ਮਦਦ ਲਈ ਨਾਲ ਲਾ ਲਿਆ, ਪਰ ਬਾਊਚਰ ਉਸ ਨੂੰ ਕਿਤੋ ਵੀ ਨਾ ਲੱਭੇ। ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬੈੱਡ ਤੇ ਲਿਟ ਗਿਆ ਉਸ ਦੀ ਦੁਬਾਰਾ ਵਾਪਿਸ ਜਾਣ ਦੀ ਸਕੀਮ ਵੀ ਫੇਲ੍ਹ ਹੋ ਗਈ। ਉਹ ਸੋਚਦਾ ਸੀ ਕਿ ਘਰੋ ਬਾਊਚਰ ਲਿਆ ਕਿ ਅੱਜ ਹੀ ਕੰਮ ਨਿਪਟਾ ਲਵੇਗਾ,ਪਰ ਜਦੋਂ ਉਸ ਨੇ ਕਲਾਕ ਵੱਲ ਧਿਆਨ ਮਾਰਿਆ ਤਾਂ ਚਾਰ ਤੋਂ ਉਪਰ ਟਾਈਮ ਹੋ ਚੁੱਕਿਆ ਸੀ। ਉਸ ਨੂੰ ਬਾਬੂ ਦੀ ਕਹੀ ਗੱਲ ਦਾ ਚੇਤਾ ਆਇਆ ਜਿਸ ਨੇ ਕਿਹਾ ਸੀ, "ਸਰਦਾਰ ਜੀ, ਚਾਰ ਵਜੇ ਤੋਂ ਪਹਿਲਾ –ਪਹਿਲਾ ਆਉਣਾ।ਦਫਤਰ ਦਾ ਸਮਾਂ ਤਾਂ ਪੰਜ ਵਜੇ ਤੱਕ ਹੈ। ਪਰ ਅਸੀਂ ਹੋਰ ਵੀ ਬਹੁਤ ਕੰਮ ਨਿਪਟਾਉਣੇ ਹੁੰਦੇ ਨੇ"।
ਨਿਰਸ਼ਤਾ ਦੇ ਆਲਮ ਵਿੱਚ ਅੱਜ ਕੰਮ ਨਾ ਹੁੰਦਾ ਦੇਖ ਕਿ ਉਸ ਨੇ ਘਰਵਾਲੀ ਨੂੰ ਚਾਹ ਬਣਾਉਣ ਲਈ ਕਿਹਾ ਅਤੇ ਸੋਚਿਆ , " ਹੁਣ ਤਾਂ ਕੱਲ ਹੀ ਦੇਖਦਾ। ਕੀ ਬਣੂ ?"।
ਅਗਲੇ ਦਿਨ ਉਹ ਫਿਰ ਸਵਖਤੇ ਹੀ ਏਜ਼ੰਸੀ ਪਹੁੰਚ ਗਿਆ। ਉਸ ਨੇ ਕਲਰਕ ਨੂੰ ਜਾ ਕੇ ਕਿਹਾ , " ਜੀ ਬਾਊਚਰ ਤਾਂ ਮਿਲੇ ਨਹੀਂ"।
" ਪਰ ਅਸੀਂ ਤੁਹਾਨੂੰ ਦਿੱਤੇ ਸੀ"।ਕਲਰਕ ਬਾਬੂ ਨੇ ਕੰਪਿਊਟਰ ਤੋਂ ਉੱਪਰ ਨੂੰ ਮੂੰਹ ਅਤੇ ਐਂਨਕ ਦਾ ਸ਼ੀਸ਼ਾ ਸਾਫ਼ ਕਰਦੇ ਹੋਏ ਕਿਹਾ।
" ਉਹ ਜੀ ਕਿਤੇ ਰੱਖ ਕੇ ਭੁੱਲ ਗਏ ਹੋਵਾਂਗੇ, ਤੁਸੀਂ ਅੱਗੇ ਦਾ ਰਸਤਾ ਦੱਸੋ । ਕਈ ਦਿਨ ਹੋ ਗਏ ਗੇੜੇ ਮਾਰਦੇ ਨੂੰ "। ਉਸ ਨੇ ਇੱਕ ਤਰ੍ਹਾਂ ਤਰਲਾ ਕੀਤਾ।
" ਤਸੀਂ ਇੰਝ ਕਰੋ, ਕਚਿਹਰੀਆਂ ਜਾਉ, ਉੱਥੇ ਮੇਰਾ ਇੱਕ ਦੋਸਤ ਹੈ। ਫੌਜੀ, ਉਸ ਤੋਂ ਇੱਕ ਐਫੀਡਿਵੈਟ ਤਿਆਰ ਕਰਵਾ ਲਿਆਉ, ਆਹ ਫੜੋ !ਪਰਚੀ, ਜੋ ਕੁੱਝ ਇਸ ਉੱਤੇ ਲਿਖਿਆ ਹੋਇਆ ਲਿਖਵਾ ਲਿਆਉ"।ਕਲਰਕ ਬਾਬੂ ਨੇ ਅਹਿਸਾਨ ਜਿਹਾ ਕਰਦੇ ਹੋਏ ਉਸ ਦੇ ਹੱਥ ਪਰਚੀ ਫੜ੍ਹਾ ਦਿੱਤੀ।
ਜਸਦੇਵ ਇੱਕ ਨਵੇਂ ਹੀ ਉਤਸ਼ਾਹ ਨਾਲ ਜਲਦੀ ਜਲਦੀ ਆਪਣੇ ਮੋਟਰ ਸਾਇਕਲ ਤੇ ਗੈਸ ਲਿਸੰਡਰ ਲਮਕਾਈ । ਕਚਹਿਰੀਆਂ ਨੂੰ ਹੋ ਲਿਆ।ਉਹ ਸੋਚ ਰਿਹਾ ਸੀ ਕਿ , " ਭਲਿਆ ਮਾਣਸਾ,ਕੱਲ ਹੀ ਦੱਸ ਦਿੰਦਾ।ਮੈਂ ਕੱਲ ਘਰ ਜਾਣ ਦੀ ਵਜਾਏ, ਕੱਲ ਹੀ ਕਚਿਹਰੀਆਂ'ਚੋ ਕੰਮ ਕਰਵਾ ਲੈਂਦਾ"।
ਉਸ ਨੇ ਕਚਹਿਰੀਆਂ ਪਹੁੰਚ ਉਸ ਫੌਜੀ ਬਾਰੇ ਪੁੱਛਿਆ ਤੇ ਦੱਸਣ ਵਾਲੇ ਸਾਹਮਣੇ ਇਸ਼ਾਰਾ ਕਰ ਦਿੱਤਾ।
" ਅੱਛਾ! ਬਾਬੂ ਜੀ ਨੇ ਭੇਜਿਆ"।ਫੌਜੀ ਨੇ ਕਿਹਾ।
" ਜੀ ਹਾਂ"। ਜਸਦੇਵ ਨੇ ਉਤਸੁੱਕਤਾ ਨਾਲ ਉੱਤਰ ਦਿੱਤਾ।
" ਪਰਚੀ ਲਿਆਏ ਹੋ"।
" ਜੀ ਹਾਂ, ਆਹ ਫੜੋ!"। ਜਸਦੇਵ ਜਲਦੀ ਕੰਮ ਕਰਵਾਉਣ ਲਈ ਉਤਸੁੱਕ ਸੀ।
" ਬੈਠ ਜਾਉ, ਇੱਕ ਘੰਟਾ ਲੱਗੇਗਾ, ਜੇ ਕੋਈ ਹੋਰ ਕੰਮ ਹੈ, ਤਾਂ ਕਰ ਆਉ"। ਫੌਜੀ ਨੇ ਪਰਚੀ ਅਤੇ ਗੈਸ ਵਾਲੀ ਕਾਪੀ ਜਸਦੇਵ ਤੋਂ ਫੜਕੇ ਫਾਈਲਾਂ ਦੇ ਥੱਲੇ ਰੱਖਦੇ ਹੋਏ ਕਿਹਾ।
" ਘੰਟਾ……ਘੰਟਾ ਤਾਂ ਬਹੁਤ ਜ਼ਿਆਦਾ ਜੀ………ਜਲਦੀ ਕਰ ਦਿੰਦੇ। ਮੈਂ ਅੱਗੇ ਵੀ ਜਾਣਾ"। ਪਰ ਜਸਦੇਵ ਦੀ ਦਲੀਲ ਦਾ ਫੌਜੀ ਤੇ ਕੋਈ ਅਸਰ ਨਾ ਹੋਇਆ।
ਕਚਹਿਰੀਆਂ ਵਿੱਚ ਦੋ-ਢਾਈ ਘੰਟੇ ਖ਼ਰਾਬ ਕਰਕੇ ਜਸਦੇਵ ਦੁਬਾਰਾ ਗੈਸ ਏਜ਼ੰਸੀ ਵੱਲ ਜਾ ਰਿਹਾ ਸੀ। ਉਸ ਨੂੰ ਭੁੱਖ ਤ੍ਰੇਹ ਕੁੱਝ ਵੀ ਯਾਦ ਨਹੀਂ ਸੀ। ਉਸ ਨੂੰ ਤਾਂ ਸ਼ਾਇਦ ਇਹ ਵੀ ਯਾਦ ਨਹੀਂ ਸੀ ਕਿ ਹੁਣ ਕੀ ਸਮਾਂ ਹੋ ਗਿਆ ਸੀ।
ਏਜ਼ੰਸੀ ਪਹੁੰਚ ਉਸ ਨੇ ਦੇਖਿਆ ਕਿ ਉੱਥੇ ਕੁਰਸੀਆਂ ਤੇ ਕੋਈ ਨਹੀਂ ਸੀ। ਜਸਦੇਵ ਨੂੰ ਪਤਾ ਕਰਨ ਤੇ ਪਤਾ ਚਲਿਆ ਕਿ ਲੰਚ ਟਾਈਮ ਹੋ ਚੁੱਕਿਆ ਹੈ।ਜਦੋਂ ਬਾਬੂ ਜੀ ਆਏ । ਜਸਦੇਵ ਨੇ ਐਫੀਡਿਫਟ ਉਹਨਾਂ ਨੂੰ ਫੜਾ ਦਿੱਤਾ। ਉਹਨਾਂ ਦੇ ਮੂੰਹੋ ਕੋਈ ਹੋਰ ਫਰਮਿਲੈਟੀ ਸੁਣਨ ਤੋਂ ਜਿਵੇਂ ਕੰਨਾਂ ਨੂੰ ਬਚਾ ਰਿਹਾ ਹੋਵੇ।ਪਰ ਇੰਝ ਨਹੀਂ ਹੋਇਆ।
ਐਫੀਡਿਫਟ ਫੜ੍ਹ ਕੇ ਕਲਰਕ ਬਾਬੂ ਨੇ ਕਿਹਾ , " ਇੱਕ ਰਾਸ਼ਨ ਕਾਰਡ ਦੀ ਫੋਟੋ ਸਟੇਟ, ਇੱਕ ਅਧਾਰ ਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਸਟੇਟ ਦੇਵੋ"।
ਬੁਖਲਾਹਟ ਵਿੱਚ ਜਸਦੇਵ ਸਿੰਘ ਨੇ ਕਿਹਾ, " ਜੀ……ਜੀ………ਉਹ ਕਿਸ ਵਾਸਤੇ। ਅਧਾਰ ਕਾਰਡ ਦੀ ਕਾਪੀ ਤਾਂ ਥੌੜ੍ਹੇ ਦਿਨ ਪਹਿਲਾਂ ਹੀ ਮੈਂ ਦੇ ਕੇ ਗਿਆ ਸੀ"।
" ਉਹ ਤਾਂ ਤੁਹਾਨੂੰ ਸਬਸਿਡੀ ਦਵਾਉਣ ਵਾਸਤੇ ਲਿਆ ਸੀ। ਉਹ ਤਾਂ ਅਸੀਂ ਬੈਂਕ ਜਮ੍ਹਾ ਕਰਵਾ ਦਿੱਤੀ।ਹੁਣ ਤਾਂ ਤੁਹਾਡਾ ਰਿਕਾਰਡ ਸਾਡੇ ਕੋਲ ਹੋਣਾ ਚਾਹੀਦਾ ਹੈ ਕਿ ਇਹ ਆਦਮੀ ਸਾਡੇ ਕੋਲੋਂ ਟਰਾਂਸਫਰ ਕਰਵਾ ਕੇ ਲੈ ਗਿਆ ਹੈ"। ਕਲਰਕ ਬਾਬੂ ਨੇ ਗੁਣੀ ਗਿਆਨੀ ਹੋਣ ਦੇ ਲ਼ਿਹੇਜੇ ਨਾਲ ਕਿਹਾ।
" ਉਹ ਤਾਂ ਜੀ ਮੇਰੇ ਕੋਲ ਇਸ ਵਕਤ ਹੈ ਨਹੀਂ। ਨਾ ਹੀ ਤੁਸੀਂ ਮੈਂਨੂੰ ਕੱਲ ਇਸ ਸਬੰਧੀ ਕੁੱਝ ਦੱਸਿਆ"। ਜਸਦੇਵ ਨੂੰ ਇੱਕ ਦਿਨ ਪਹਿਲਾਂ ਵਾਲਾ ਸਾਰਾ ਨਜ਼ਾਰਾ ਅੱਖਾਂ ਅੱਗੇ ਘੁੰਮ ਜਾਣ ਕਰਕੇ ਜਿਵੇਂ ਚੱਕਰ ਜਿਹਾ ਆਉਣ ਲੱਗਿਆ।
" ਦੇਖੋ ਜੀ, ਸਾਡਾ ਕਿਹੜਾ ਇੱਕ ਪਾਸੇ ਧਿਆਨ ਰਹਿੰਦਾ। ਸਾਨੂੰ ਵੀ ਸੋ ਕੰਮ ਨੇ ਨਾਲੇ ਇਥੇ ਕਿਹੜਾ ਅਸੀਂ ਪੂਰੇ ਮੁਲਾਜ਼ਮ ਹਾਂ। ਸਾਨੂੰ ਸੋ ਸੋ ਕੰਮ ਦੇ ਰੱਖਿਆ"। ਕਲਰਕ ਬਾਬੂ ਨੇ ਆਪਣਾ ਪੱਖ ਰੱਖਿਆ।
" ਅੱਛਾ ਜੀ ! ਇੱਕ ਮਿਹਰਬਾਨੀ ਕਰੋ। ਜੇ ਕੋਈ ਹੋਰ ਕੁੱਝ ਵੀ ਹੈ, ਹੁਣੇ ਦੱਸ ਦਿਉ।ਮੈਂ ਬਹੁਤ ਪ੍ਰੇਸ਼ਾਨ ਹੋ ਚੁੱਕਿਆ ਹਾਂ"। ਜਸਦੇਵ ਹੋਰ ਪ੍ਰੇਸ਼ਾਨੀ ਤੋਂ ਬਚਣ ਲਈ ਕਲਰਕ ਅੱਗੇ ਹੱਥ ਜੋੜੀ ਖੜ੍ਹਾ ਸੀ।
" ਨਹੀਂ ਹੋਰ ਕੁੱਝ ਨਹੀਂ। ਬਾਕੀ ਸਭ ਪੂਰਾ ਹੈ" ਕਲਕਰ ਬਾਬੂ ਨੇ ਫਾਈਲ ਵੱਲ ਨਜ਼ਰ ਮਾਰਦੇ ਹੋਏ ਕਿਹਾ।
ਜਸਦੇਵ ਦਾ ਇੱਕ ਦਿਨ ਹੋਰ ਕੁੱਝ ਕੁ ਕੰਮ ਦੀ ਭੇਟ ਚੜ੍ਹ ਗਿਆ ਸੀ। ਉਹ ਉਸੇ ਤਰ੍ਹਾਂ ਦੋਵੇ ਖਾਲੀ ਸਿਲ਼ੰਡਰ ਮੋਟਰ ਸਾਇਕਲ ਤੇ ਲਟਕਾ ਕੇ ਘਰ ਵਾਪਿਸ ਆ ਗਿਆ।
ਜਸਦੇਵ ਨੂੰ ਅੱਜ ਫਿਰ ਕੰਮ ਨਾ ਹੁੰਦਾ ਦੇਖ ਕੇ ਬੜਾ ਅਫਸੋਸ ਹੋਇਆ, ਛੁੱਟੀਆਂ ਵੀ ਬੀਤ ਦੀਆਂ ਜਾ ਰਹੀਆ ਸਨ।ਉਸ ਨੇ ਆਪਣੀ ਭੈਣ ਕੋਲ ਜਾਣ ਦਾ ਵੀ ਪ੍ਰੋਗਰਾਮ ਇਸ ਛੁੱਟੀਆਂ ਵਿੱਚ ਹੀ ਬਣਾਇਆ ਸੀ। ਘਰ ਦੇ ਕੁੱਝ ਹੋਰ ਨਿੱਕੇ ਮੋਟੇ ਕੰਮ ਇਸ ਛੁੱਟੀਆਂ ਦੀ ਉਡੀਕ ਕਰ ਰਹੇ ਸਨ।
ਤੀਜੇ ਦਿਨ ਉਹ ਸਾਰੇ ਦਸ਼ਤਾਵੇਜ ਲੈ ਕੇ ਸਰਦੀ ਤੋਂ ਬਚਦਾ ਹੋਇਆ ਥੋੜ੍ਹਾ ਅਰਾਮ ਨਾਲ ਗਿਆ। ਜੋ ਜੋ ਕਲਰਕ ਬਾਬੂ ਨੇ ਕਹੇ ਸੀ ਲੈ ਕੇ ਜਸਦੇਵ ਗੈਸ ਏਜ਼ੰਸੀ ਅਪੜ ਗਿਆ।ਉਸ ਨੇ ਕਲਰਕ ਬਾਬੂ ਨੂੰ ਕੁਰਸੀ ਤੇ ਨਾ ਬੈਠੇ ਹੋਏ ਦੇਖ ਕੇ ਨਾਲ ਵਾਲੇ ਕਰਮਚਾਰੀ ਤੋਂ ਪੁੱਛਿਆ , " ਇਹ ਬਾਬੂ ਜੀ ਕਿੱਥੇ ਨੇ ?"।
" ਛੁੱਟੀ 'ਤੇ" ਕਰਮਚਾਰੀ ਨੇ ਸਹਿਜ ਸੁਭਾਅ ਉੱਤਰ ਦਿੱਤਾ।
" ਛੁੱਟੀ 'ਤੇ………ਛੁੱਟੀ 'ਤੇ ! ਪਰ ਵੀਰ ਜੀ ਮੇਰੇ ਕੰਮ ਕੋਣ ਕਰੂ ?"। ਜਸਦੇਵ ਦੀ ਜਿਵੇਂ ਚੀਕ ਹੀ ਨਿਕਲ ਗਈ ਹੋਵੇ।
" ਉਹੀ ਕਰਨਗੇ। ਇਸ ਕੰਮ ਨੂੰ ਉਹੀ ਡੀਲ ਕਰਦੇ ਨੇ" ਕਰਮਚਾਰੀ ਨੇ ਉੱਤਰ ਦਿੱਤਾ।
ਜਸਦੇਵ ਦੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਖਿਸਕਦੀ ਜਾ ਰਹੀ ਹੋਵੇ। ਉਸ ਨੂੰ ਦਫ਼ਤਰ ਦੀਆਂ ਚਮਕਦਾਰ ਕੁਰਸੀਆਂ ਘੁੰਮਦੀਆਂ ਨਜ਼ਰ ਆਈਆਂ।ਦਫ਼ਤਰ ਦੇ ਕਾਲੇ ਸ਼ੀਸ਼ੇ ਅਤੇ ਅੰਦਰ ਚਲਦੇ ਹੀਟਰ , ਜਿੱਥੇ ਕੇ ਜਸਦੇਵ ਅੰਦਰ ਵੜਨ ਵੇਲੇ ਕੁੱਝ ਨਿੱਘ ਮਹਿਸੂਸ ਕੀਤਾ ਸੀ।ਸਭ ਕੁੱਝ ਸੁੰਨ ਨਾਲ ਠਰਦਾ ਜਾਪਿਆ।
ਜਸਦੇਵ ਨੂੰ ਅੱਜ ਦਿਨ ਵੀ ਬੇਕਾਰ ਹੁੰਦਾ ਲੱਗਿਆ। ਉਸ ਦਾ ਜੀਅ ਕਰੇ ਕਿ ਉਹ ਮੋਟਰ ਸਾਈਕਲ ਤੋਂ ਖਾਲੀ ਸਿਲੰਡਰ ਲਾਹ ਕੇ ਵਗਾਹ ਮਾਰੇ ਤੇ ਉੱਚੀ ਉੱਚੀ ਸੜਕ ਤੇ ਖਲੋ ਕੇ ਚੀਕਾਂ ਮਾਰੇ।ਪਰ ਉਹ ਕੁੱਝ ਨਾ ਕਰ ਸਕਿਆ। ਪਰ ਅੰਦਰੋਂ ਲੀਰੋ ਲੀਰ ਹੋ ਚੁੱਕਿਆ ਸੀ। ਫੇਰ ਉਸ ਨੂੰ ਕੁੱਝ ਸੁੱਝਿਆ ਤੇ ਉਹ ਦੁਬਾਰਾ ਉਸ ਕਰਮਚਾਰੀ ਕੋਲ ਚਲਾ ਗਿਆ।
" ਵੀਰ ਜੀ, ਕੱਲ ਆਉਣਗੇ, ਬਾਬੂ ਜੀ ?"
" ਕਿਉਂ ਨੀਂ ਆਉਣਗੇ, ਜਰੂਰ ਆਉਣਗੇ" ਕਰਮਚਾਰੀ ਨੇ ਮੁਸ਼ਕਰਉਂਦੇ ਹੋਏ ਕਿਹਾ।
" ਅੱਜ ਫੇਰ ਆਹ! ਸਿਲੰਡਰ ਮੋੜ ਲਿਆਏ। ਕੀ ਗੱਲ ਅੱਜ ਵੀ ਨੀਂ ਹੋਇਆ ਕੰਮ ?" ਦਰਵਾਜ਼ੇ ਦਾ ਗੇਟ ਖੋਲ੍ਹਦੇ ਹੋਏ ਜਸਦੇਵ ਦੀ ਘਰਵਾਲੀ ਮਨਜੀਤ ਨੇ ਪੁੱਛਿਆ।
" ਹੋਰ! ਅੱਜ ਕਹਿੰਦੇ । ਰਾਸ਼ਨ ਕਾਰਡ, ਅਧਾਰ ਕਾਰਡ, ਵੋਟਰ ਕਾਰਡ ਦੀਆਂ ਫੋਟੋ ਸਟੇਟ ਕਾਪੀਆਂ ਲੈ ਕੇ ਆਉਣੀਆ ਸਨ"। ਮੋਟਰ ਸਾਇਕਲ ਤੋਂ ਸਿਲੰਡਰ ਉਤਾਰਦੇ ਹੋਏ ਜਸਦੇਵ ਨੇ ਕਿਹਾ।
" ਛੱਡੋ ਜੀ ਪਰੇ! ਜੇ ਨਹੀਂ ਹੁੰਦਾ ਟਰਾਂਸਫਰ। ਐਦਾ ਹੀ ਔਖੇ ਸੋਖੇ ਕੰਮ ਸਾਰ ਲਵਾਂਗੇ।ਕਿੰਨੇ ਦਿਨ ਹੋ ਗਏ ਤੁਹਾਨੂੰ ਇੰਨੀ ਠੰਡ ਵਿੱਚ ਫਿਰਦਿਆਂ ਨੂੰ, ਆਪਣੀਆਂ ਤਾਂ ਜੀ ਸਾਰੀਆਂ ਛੁੱਟੀਆਂ ਹੀ ਇਸੇ ਕੰਮ ਦੇ ਲੇਖੇ ਲੱਗ ਗਈਆਂ "।ਮਨਜੀਤ ਨੇ ਤਰਸ਼ ਦੀ ਭਾਵਨਾ ਨਾਲ ਜਸਦੇਵ ਨੂੰ ਕਿਹਾ।
" ਕੋਈ ਨਾ, ਤੂੰ ਚਿੰਤਾਂ ਨਾ ਕਰ,ਹੋ ਜਾਊ ਕੰਮ"।ਜਸਦੇਵ ਸਿੰਘ ਨੇ ਮੋਟਰ ਸਾਈਕਲ ਨੂੰ ਸਟੈਂਡ ਤੇ ਲਾਉਂਦੇ ਹੋਏ ਕਿਹਾ। ਭਾਵੇਂ ਉਸ ਨੂੰ ਕੱਲ ਦੀ ਚਿੰਤਾਂ ਵੀ ਸੀ ਕਿ ਪਤਾ ਨੀਂ ਕੱਲ੍ਹ ਨੂੰ ਕੀ ਹੋਊ?
ਅਗਲੇ ਦਿਨ ਜਾਨੀਂ ਕਿ ਪੰਜਵੇਂ ਦਿਨ ਉਹ ਬੜੀ ਹੀ ਨਿਰਾਸ਼ਤਾ ਨਾਲ ਗੈਸ ਏਜ਼ੰਸੀ ਗਿਆ। ਬਾਬੂ ਵੀ ਆਪਣੀ ਕੁਰਸੀ ਤੇ ਹਾਜ਼ਰ ਸੀ।
ਪਰ ਉਸ ਨੇ ਕਿਹਾ , "ਤੁਹਾਡਾ ਕੰਮ ਬਾਅਦ ਦੁਪਿਹਰ ਹੋਵੇਗੇ।ਜਿਸ ਲੜਕੇ ਨੇ ਸਿਲੰਡਰ ਜਮ੍ਹਾ ਕਰਵਾਉਣੇ ਹਨ। ਉਸ ਨੂੰ ਕਿਸੇ ਕੰਮ ਭੇਜਿਆ ਹੋਇਆ ਹੈ"।ਇਸ ਕਰਕੇ ਬਾਅਦ ਦੁਪਿਹਰ ਆਉਣਾ।
ਜਸਦੇਵ ਨੂੰ ਬਹੁਤ ਗੁੱਸਾ ਆਇਆ । ਉਸ ਦਾ ਜੀਅ ਕਰੇ ਕਿ ਉਹ ਜੁੱਤੀ ਲਾਹ ਕੇ ਬਾਬੂ ਦਾ ਸਿਰ ਹੀ ਸਿਰ ਕੁੱਟ ਦੇਵੇ। ਪਰ ਉਹ ਕੁੱਝ ਨਾ ਕਰ ਸਕਿਆ। ਬਾਹਰ ਜਾ ਕੇ ਚਾਹ ਵਾਕੀ ਦੁਕਾਨ ਤੇ ਚਾਹ ਪੀਣ ਲੱਗਿਆ।
ਉਸ ਨੇ ਸਿਲੰਡਰ ਜਮ੍ਹਾ ਕਰਵਾ ਦਿੱਤੇ ਜਸਦੇਵ ਇੱਕ ਜੇਤੂ ਅੰਦਾਜ਼ ਵਿੱਚ ਉੱਥੋਂ ਚੱਲਿਆ। ਜਿਵੇਂ ਕਬੱਡੀ ਦਾ ਖਿਡਾਰੀ ਵਿਰੋਧੀ ਖਿਡਾਰੀ ਨੂੰ ਹੱਥ ਲਾ ਕੇ ਭੱਜਣ ਦੀ ਕਰਦਾ ਹੈ।ਉਸ ਤਰ੍ਹਾਂ ਜਸਦੇਵ ਨੇ ਵੀ ਆਪਣੀ ਮੋਟਰ ਸਾਇਕਲ ਨੂੰ ਪੂਰੀ ਸਪੀਡ ਨਾਲ ਦੂਜੀ ਗੈਸ ਏਜ਼ੰਸੀ ਦੇ ਪਾੜੇ ਵਿੱਚ ਲਿਆ ਖੜ੍ਹਾਇਆ। ਉਹ ਜਲਦੀ ਜਲਦੀ ਅੰਦਰ ਗਿਆ।। ਉਸ ਨੇ ਸਾਰੇ ਆਪਣੇ ਕਾਗਜ਼ ਫੜਾਏ।
ਅੱਗੋ ਜਵਾਬ ਆਇਆ, " ਪਰਸੋ ਸੋਮਵਾਰ ਆਉਣਾ , ਅੱਜ ਸਮਾਂ ਹੋ ਚੁੱਕਿਆ ਹੈ"।
ਜਸਦੇਵ ਪਿਛਲੀ ਸਾਰੀ ਕਹਾਣੀ ਯਾਦ ਕਰਕੇ ਅਤੇ ਆਉਣ ਵਾਲੀ ਬਿਪਤਾ ਦੇ ਡਰ ਕਾਰਨ ਸਾਰੀ ਰਾਤ ਸੌਂ ਨਹੀਂ ਸਕਿਆ।