ਪਹਿਰ ਛੇਕੜਲੇ ਤੱਕ ਅੱਖ ਮੇਰੀ
ਪੀੜ ਦੀ ਚਰਖੀ ਕੱਤੇ
ਰੈਣ ਬਣੇ ਨਿੱਤ ਦਰਦੀ,ਮੇਰਾ
ਸਿਰ ਗੋਦੀ ਵਿੱਚ ਰੱਖੇ,
ਕਾਲੀ ਸਿਆਹੀ ਸੀ ਤੇ ਅੱਖਰ
ਵੀ ਸਨ ਮੇਰੇ ਕਾਲੇ
ਕਿਸਨੇ ਡੋਲ੍ਹਿਆ ਰੰਗ ਲਹੂ ਦਾ
ਹੋ ਗਏ ਸਾਰੇ ਰੱਤੇ,
ਓਸੇ ਰੁੱਖੜੇ ਵਰਗੇ ਹਾਂ
ਜਿਸਦੀ ਧੜ ਝੇਲੇ ਟਕੂਏ
ਤੂੰ ਵੀ ਕਰ ਲੈ ਰਾਂਝਾ ਰਾਜ਼ੀ
ਮਾਰ ਲੈ ਸਾਨੂੰ ਟੱਕੇ,
ਸੱਤਾਂ ਜਨਮਾਂ ਵਾਲੀਆਂ ਗੱਲਾਂ
ਸੋਭਣ ਵਿੱਚ ਕਿਤਾਬਾਂ
ਸਾਨੂੰ ਛੱਡ ਉਹ ਵਧੀਆ ਕਟਦੈ
ਦਿਨ ਸੱਤੇ ਦੇ ਸੱਤੇ,
ਸਾਹ ਸਾਹ ਕਰਕੇ ਉਮਰ ਗੁਜ਼ਰ ਗਈ
ਸਾਡੀ ਤਾਂ ਕੁਝ ਏਦਾਂ
ਜਿੱਦਾਂ ਦਿਲਜਲਿਆ ਕੋਈ ਬੈਠਾ
ਝੀਲ ਨੂੰ ਮਾਰੇ ਵੱਟੇ,
ਦੇਹ ਦਾ ਕੀ ਐ,ਠਰ ਜਾਏਗੀ
ਮੌਤ ਮਿਲਣ ਦੇ ਪਿੱਛੋਂ
ਪਰ ਨਈਂ ਠਰਨਾ ਜਜ਼ਬਾਤਾਂ ਨੇ
ਰਹਿਣਗੇ ਤੱਤੇ ਤੱਤੇ,
ਦਿਲ ਮੇਰਾ ਜਿਓਂ ਅੜਬ ਵਹਿੜਕਾ
ਅੜਿਆ ਤੇਰੇ 'ਤੇ ਹੀ
ਕਿਹੜਾ ਖਿੱਚੇ ਨੱਥ ਏਸ ਦੀ
ਕਿਹੜਾ ਇਹਨੂੰ ਹੱਕੇ,
ਪਹਿਰ ਛੇਕੜਲੇ ਤੱਕ ਅੱਖ ਮੇਰੀ
ਪੀੜ ਦੀ ਚਰਖੀ ਕੱਤੇ
ਰੈਣ ਬਣੇ ਨਿੱਤ ਦਰਦੀ,ਮੇਰਾ
ਸਿਰ ਗੋਦੀ ਵਿੱਚ ਰੱਖੇ,
|