ਤੂੰ ਮੇਰਾ ਰੱਬ ਨਹੀਂ
ਨਾ ਹੀ ਮੇਰਾ ਰਿਜਕਦਾਤਾ ਏਂ !
ਮੈਂ ਤਾਂ ਸਦੀਆਂ ਤੋਂ
ਤੇਰੀਆਂ ਨਸਲਾਂ ਦੀ ਮੁਸ਼ੱਕਤ ਕੀਤੀ ਏ
ਭੱਤਾ ਢੋਇਆ ਏ
ਚੱਕੀ ਪੀਸੀ ਏ
ਚੌਂਕਿਆਂ 'ਚ
ਆਪਣੀ ਕਾਇਆ ਬੁੱਢੀ ਕੀਤੀ ਏ !
ਤੇਰੀ ਕੁਲ ਨੂੰ ਤੋਰੀ ਰੱਖਣ ਲਈ
ਮੈਂ ਹੀ
ਹਰ ਵਾਰ
ਮਾਰੂ ਪੀੜਾਂ ਚੋਂ ਲੰਘਦੀ ਰਹੀ ਹਾਂ !
ਤੇਰੀ ਹਸਤੀ ਦੇ ਅਨੇਕਾਂ ਰੰਗ ਸਹੇ ਨੇ
ਮੈਂ ਆਪਣੇ ਜ਼ਿਹਨ 'ਤੇ
ਆਪਣੇ ਜਿਸਮ 'ਤੇ !
ਘਰ ਤੇ ਬਾਹਰ ਦੇ ਫ਼ਾਸਲੇ ਨਾਪਦੀ
ਮੇਰੀ ਦੇਹੀ
ਉਮਰ ਤੋਂ ਪਹਿਲਾਂ ਕੁੱਬੀ ਹੋ ਜਾਂਦੀ ਰਹੀ !
ਚੇਤੇ ਰੱਖੀਂ
ਮੈਂ ਸਾਰੀ ਉਮਰ
ਮਿਹਨਤ ਦਾ ਤੇ ਸਬਰ ਦਾ
ਘੋਰ ਤਪ ਕੀਤਾ ਏ
ਤੇ ਤੈਨੂੰ ਜੀਵਨ ਦਿਤਾ ਏ !
ਤੂੰ ਮੇਰਾ ਰਿਜਕਦਾਤਾ ਨਹੀਂ
ਮੈਂ ਤੇਰੀ ਜੀਵਨਦਾਤੀ ਹਾਂ !