ਮੇਰੇ ਹਿੱਸੇ ਦਾ ਅਦਬੀ ਸੱਚ (ਪੁਸਤਕ ਪੜਚੋਲ )

ਗੁਰਦੀਪ ਸਿੰਘ ਢਿੱਲੋ    

Cell: +91 94177 8654
Address: ਗੁਰੂ ਨਾਨਕ ਕਾਲਜ
ਬੁਢਲਾਡਾ India
ਗੁਰਦੀਪ ਸਿੰਘ ਢਿੱਲੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੇ ਹਿੱਸੇ ਦਾ ਅਦਬੀ ਸੱਚ ( ਸਾਹਿਤਕ ਲੇਖ)
ਪੰਨੇ- 104       ਮੁੱਲ- 120 ਰੁਪਏ 
ਪੰਜਾਬੀ ਪਬਲੀਕੇਸ਼ਨਜ਼ – ਬਾਲੀਆਂ ਕਲਾਂ ( ਸੰਗਰੂਰ)

ਨਿਰੰਜਣ ਬੋਹਾ ਸਾਹਿਤ ਸਿਰਜਣਾ ਤੇ ਸਾਹਿਤ ਸਮੀਖਿਆ ਦੇ ਖੇਤਰ ਵਿਚ ਘੱਟ ਪਰ ਪੁੱਖਤਾ ਲਿੱਖਣ ਵਾਲੇ ਉਹਨਾਂ ਲੇਖਕਾਂ ਵਿਚੋਂ ਹੈ ਜਿਨ•ਾ ਨੇ ਆਪਣੀ ਪਹਿਚਾਣ ਬੁੱਧੀ/ਵਿਵੇਕ ਤੇ  ਰਚਨਾਤਮਕ ਵਿਵੇਕ ਕਰਕੇ ਬਣਾਈ ਹੈ, ਜੁਗਾੜਬੰਦੀਆ ਕਰਕੇ ਨਹੀਂ । ਮੰਡੀ ਦੇ ਛਲਾਵੇ ਛੜਯੰਤਰਾਂ ਨੇ ਸਮਕਾਲੀ ਸਾਹਿਤਕ ਦ੍ਰਿਸ਼ ਨੂੰ ਘਾੜਿਤ ਵੱਲ ਧਕੇਲਿਆ ਹੈ ਜਿਸ ਨਾਲ ਸਾਹਿਤ ਰਚਨਾ ਦ੍ਰਿਸ਼ਟੀ ਤੇ ਲੇਖਕ ਦਾ ਜੀਵਨ ਪੱਧਰ ਪ੍ਰਭਾਵਿਤ ਹੋਇਆ ਹੈ । ਨਵ ਘਾੜਿਤਾਂ ਦੇ ਬੜਬੋਲੇ ਹੜੁੱਲ ਨੇ ਸਿਰਜਨਕਾਰੀ ਅੰਦਰ ਭੁਲੇਖਾ ਪਾਊ ਪ੍ਰਪੰਚ ਜਾਂ ਸੰਕਟਮਈ ਸਥੀਤਿਆਂ ਖੜ•ੀਆ ਕੀਤੀਆਂ ਹਨ। ਨਿਰੰਜਣ ਬੋਹਾ ਦੀ ਵਿਚਾਰ ਅਧੀਨ ਪੁਸਤਕ ' ਮੇਰੇ ਹਿੱਸੇ ਦਾ ਅਦਬੀ ਸੱਚ' ਇਹਨਾਂ ਭੁਲੇਖਾ ਪਾਊ ਪ੍ਰਪੰਚਾਂ ਤੇ ਸਾਹਿਤ ਸਿਰਜਣਕਾਰੀ ਦੇ ਪੰਡਤਾਊ ਮਾਹੌਲ ਨਾਲ ਨਿਜੱਠਦੀ ਹੈ। ਬੋਹਾ ਦੀ ਸਿਰਜਣਕਾਰੀ ਸਾਹਿਤਕ ਰੁਝਾਣਾਂ ਦੇ ਕੱਚ ਸੱਚ ਨੂੰ ਮਰਿਆਦਾ ਪੂਰਵਕ/ ਲਿਹਾਜਨੁਮਾ ਦ੍ਰਿਸ਼ਟੀ ਰਾਹੀਂ ਵੇਖਣ ਦੀ ਬਜਾਇ ਬੁੱਤ ਸ਼ਿਕਨ ਦ੍ਰਿਸ਼ਟੀ ਰਾਹੀਂ ਪਰਖਦੀ ਹੈ , ਅਜਿਹਾ ਕਰਦਿਆਂ ਉਹ ਪ੍ਰਸੰਸਾਂ ਦੀ ਬਜਾਇ ਬੇਬਾਕਪੁਣੇ ਦਾ ਰਾਹ ਅਖਤਿਆਰ ਕਰਦਾ ਹੈ। ਵਾਰਤਿਕ ਸ਼ੈਲੀ ਪੱਖੋ ਰੈਟਰਿਕ ਭਾਸਾਂ ਨਹੀਂ  ਸਗੋਂ ਰਸਕਿਰਿਤ ਸ਼ੈਲੀ ਵਰਤਦਾ ਹੈ। ਸਵੈ ਕਥਨ ਵਜੋਂ ਬੋਹਾ ਲਿੱਖਦਾ ਹੈ ਕਿ ਅਨੇਕਾਂ ਲੇਖਕਾਂ ਪਾਠਕਾ ਇਸ ਕਾਲਮ ਦੀ ਸਲਾਘਾ ਕੀਤੀ ਹੈ ਪਰ ਗਿਣਤੀ ਦੇ ਚਾਰ ਪੰਜ ਦੋਸਤਾ ਨੇ ਮੈਨੂੰ ਕੌੜ ਭਰੇ ਸ਼ਬਦਾਂ  ਵਾਲੇ ਉਲਾਭਿਆਂ ਨਾਲ ਵੀ ਨਿਵਾਜਿਆ ਹੈ। ਵਿਵਾਦਗ੍ਰਸਤ ਸਾਹਿਤਕ ਮਸਲਿਆਂ ਬਾਰੇ ਲਿੱਖਣਾ , ਫੋਕੀ ਅਡੰਰਬਾਜੀਆਂ ਤੋਂ ਉਪਰ ਵਜੂਦ ਦੀ ਪ੍ਰਮਾਣਿਕਤਾ ਨੂੰ ਸਮਝਣਾ ਅਤੇ ਮੁੱਲਵਾਨ ਧਾਰਨਾਵਾਂ ਦੇਣੀਆ ਇਸ ਪੁਸਤਕ ਦੇ ਹਿੱਸੇ ਆਇਆ ਤੱਤਸਾਰ ਹੈ।
                      ਇਸ ਪੁਸਤਕ ਵਿਚ ਸ਼ਾਮਿਲ ਸਵੈ ਜੀਵਨੀ ਮੂਲਕ ਲੇਖਾਂ ਵਿੱਚੋਂ  ਬੋਹਾ ਦੇ ਨਿੱਜ ਦੀਆਂ ਤਲਖ ਹਕੀਕਤਾਂ ਤੇ ਸੰਘਰਸ਼ਾ  ਦੀ ਭਰਵੀਂ ਝਲਕ ਮਿਲਦੀ  ਹੈ। ਖੇਡਣ ਦੀ ਉਮਰੇ ਉਹ  ਸੋਕੜੇ ਦੀ ਬਿਮਾਰੀ ਦਾ ਸ਼ਿਕਾਰ ਹੋਇਆ ਤੇ ਬਾਦ ਵਿਚ ਕੁਝ ਵਰ•ੇ ਹੀਣ ਭਾਵਨਾਂ ਦਾ ।  ਦੋਸਤਾਂ ਵੱਲੋ ਕੀਤੀ 'ਪਹਿਲਵਾਨੀ' ਦੀ ਟਿੱਚਰ ਨੇ ਉਸ ਨੂੰ ਸਾਹਿਤਕ ਖੇਤਰ ਦਾ ਪਹਿਲਵਾਨ ਬਣਾ ਦਿੱਤਾ। ਹਮ ਜਮਾਤੀਆਂ ਵੱਲੋਂ ਪ੍ਰਗਟਾਈ ਡਾਕਟਰ ਇੰਜਨੀਅਰ ਜਾਂ ਫੌਜੀ ਬਨਣ ਦੀ ਇੱਛਾ ਦੇ ਸਮਰੂਪ ਬੋਹਾ ਨੇ ਲੇਖਕ ਜਾਂ ਫਿਲਾਸਫਰ ਬਨਣ ਦੀ ਇੱਛਾ ਪ੍ਰਗਟਾਈ। ਬੋਹਾ ਤੋਂ ਬਾਘਾਪੁਰਾਣਾ ਦੇ ਪਰਵਾਸ ਨੇ ਉਸ ਨੂੰ  ਨਵੇਂ ਰਾਹ ਦਿੱਤੇ ਤੇ ਇਹ  ਰਾਹ  ਹੀ  ਉਸ ਲਈ ਸਾਹਿਤ ਸਿਰਜਣਾ ਦੀ ਚਿਣਗ ਬਣੇ। ਬੋਹਾ ਮੰਨਦਾ ਹੈ ਕਿ ਜੇ ਉਸਦਾ ਬਾਘਾਪੁਰਾਣਾ ਵੱਲ ਜਾਣ ਦਾ ਸਬੱਬ ਨਾ ਬਣਦਾ  ਤਾਂ ਸ਼ਾਇਦ ਉਸ ਅੰਦਰ ਪੈਦਾ ਹੋਇਆ ਲੇਖਕ ਛੇਤੀ ਹੀ ਦਮ ਤੋੜ ਜਾਂਦਾ । 'ਨਾਲ ਮਲੰਗਾਂ ਦੋਸਤੀ' ਨੇ ਉਸ ਅੰਦਰਲੇ ਲੱਘੂ ਖਿਆਲਾਂ ਨੂੰ ਵਿਰਾਟ ਭਾਵੀ ਮੱਸ ਵਿਚ ਬਦਲਿਆ। ਬੋਹਾ ਇਸ ਲੇਖ  ਜ਼ਰੀਏ ਸਪਸ਼ਟੀਕਰਨ ਦੇਂਦਾ ਹੈ ਕਿ ਕਾਰਪੋਰੇਟ ਘਰਾਣਿਆ , ਯੂ. ਪੀ. ਏ, ਐਨ. ਡੀ. ਏ . ਆਮ ਆਦਮੀ ਪਾਰਟੀ ਤੇ ਖੱਬੇ ਪੱਖੀ ਪਾਰਟੀਆਂ ਦੀਆਂ  ਆਰਥਿਕ ਨੀਤੀਆਂ ਦਾ ਫਰਕ ਜੇਕਰ ਉਹ ਸਮਝਣ ਯੋਗ ਹੋਇਆ ਹੈ ਤਾਂ ਉਸ ਦੀ ਬਾਘਾ ਪੁਰਾਣਾ ਵਿਚਲੀ ਫੋਟੋਗ੍ਰਾਫੀ ਦੀ ਦੁਕਾਨ ਵਿਚ ਆਉਂਦੇ ਜਿਉਂਦੇ ਭੂਤਾਂ ਕਾਰਨ ਹੀ  ਹੋਇਆ ਹੈ। ਆਪਣੀ  ਕਹਿਣੀ ਤੇ ਕਰਨੀ ਵਿਚ ਸੁਰਤਾਲ ਰੱਖਣ ਵਾਲਿਆ ਨੂੰ ਮਲੰਗਾਂ ਦਾ ਤੱਖਲਸ ਦੇਣਾ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ ਅਤੇ  ਉਸ ਲਈ ਮਸਤ ਮਲੰਗੀ ਦੇ ਖੇਤਰ ਵਿਚ ਝੂਠੀ ਸ਼ੋਹਰਤ ਦੀ ਬਜਾਇ ਸਾਹਿਤਕ ਮੱਸ ਰੱਖਣ ਵਾਲੇ ( ਨਾਮਵਰ ਲੇਖਕ) ਫਕੀਰ ਹੀ  ਆਉੰਦੇ ਹਨ। 
                        ਗਰੜ ਮਰੜੀਆਂ ਤੇ ਕੱਚ ਘਰੜ  ਲਿੱਖਤਾ ਦੀ ਬਜਾਇ ਕੱਥ ਤੇ ਵੱਥ ਪੱਖੋਂ ਗੁਣਵਤਾ ਭਰੀ ਸਾਹਿਤਕ ਰਚਨਾ ਆਪਣਾ ਪਰਚਾਰ ਆਪ ਕਰਦੀ ਹੈ। ਡੁਗਡੁਗੀ ਵਜਾ ਕੇ ਸਵੈ ਪ੍ਰਗਟਾਅ ਦਾ ਵਿਮੋਚਨ ਕਰਨ ਵਾਲੇ ਸਾਹਿਤਕਾਰਾਂ ਦਾ ਅਸਲ  ਪੁਸਤਕ ਦੇ ਲੇਖ 'ਲੇਖਕ ਬਮਾਮ ਪਾਠਕ' ਤੇ  'ਲੇਖਕ ਹੋਣ ਦਾ ਭਰਮ' ਰਾਹੀਂ ਚੰਗੀ ਤਰਾਂ ਰੂਪਮਾਨ ਹੋ ਜਾਂਦਾ ਹੈ।  ਲੇਖ ' ਪੰਜਾਬੀ ਲੇਖਕਾਂ ਸੰਗ ਵਿਚਰਦਿਆ' ਅਨੁਸਾਰ ਬੋਹਾ ਨੇ  ਘਰ ਫੂਕ ਤਮਾਸ਼ਾ ਵੀ ਵੇਖਿਆ ਹੈ ਤੇ ਪੰਜਾਬੀ ਲੇਖਕਾਂ ਦੀਆ ਸਿਧਾਂਤਕ ਜੁਗਾਲੀਆਂ ਤੇ ਵਿਵਹਾਰਕ ਅਮਲ ਦਾ ਰੱਹਸ ਵੀ ਜਾਣਿਆ ਹੈ। ਬੋਹਾ ਦਾ ਵਿਚਾਰ ਹੈ ਕਿ ਕੁਝ ਲੇਖਕ( ਖਾਸ ਤੌਰ ਤੇ ਕਵੀ) ਹਰ ਸਮੇ ਆਪਣੇ ਲੇਖਕ ਹੋਣ ਦਾ ਭਰਮ ਪਾਲੀ ਰੱਖਦੇ ਹਨ। ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਕਵਿਤਾ ਲਿਖਦੇ ਹੀ ਨਹੀਂ ਸਗੋਂ ਕਵਿਤਾ ਜਿਉਂਦੇ ਵੀ ਹਨ । ਇਸ ਪ੍ਰਸੰਗ ਦੀ ਪੜਚੋਲ ਕਰਦਿਆਂ  ਉਹ  ਅਨੇਕਾ ਅਜਿਹੇ ਲੇਖਕਾਂ ਨੂੰ ਬੇ- ਪਰਦ ਕਰਦਾ ਹੈ ਜੋ ਨਸ਼ਿਆਂ ਦੇ ਆਦੀ ਹਨ ਤੇ ਔਰਤ ਪ੍ਰਤੀ ਅਵੈੜਪੁਣਾ ਰੱਖਦੇ ਹਨ। ਦੂਜੇ ਪਾਸੇ ਉਹ ਕੁਝ ਸਾਹਿਤਕ ਜੋੜੀਆਂ ਦੀ ਪ੍ਰਸ਼ੰਸ਼ਾ ਵੀ ਕਰਦਾ ਹੈ । ਭੁਲੇਖਾਕਾਰੀ ਦਾ ਪ੍ਰਪੰਚ ਸਿਰਜਣ ਵਾਲੇ ਆਖੌਤੀ ਸਾਹਿਤਕਾਰਾਂ ਦਾ ਪੰਜਾਬੀ ਪ੍ਰਤੀ ਮੋਹ' ਸਦੀਵੀ ਹੈ ਜਾਂ ਛਿਣ ਭਰ ਦਾ, ਇਸ ਪੁਸਤਕ ਵਿਚੋ ਉਸਦੀ ਵਾਸਵਿਕਤਾ ਸਾਹਮਣੇ ਆਉਂਦੀ ਹੈ।
                 ਰੇਖਾ ਚਿਤਰ ਨੁਮਾਂ ਆਰਟੀਕਲ 'ਵਿਵਾਦ ਤੋਂ ਉਪਜਿਆ ਵਿਵਾਦ = ਡਾਂ ਤੇਜਵੰਤ ਮਾਨ ਵਾਦ' ਤੇ 'ਇਕ ਹੁੰਦਾ ਸੀ ਪਾਲੀ ਉਰਫ ਮਿੰਨੀ ਮੰਟੋ'  ਕੁਝ ਲਿਹਾਜ ਨੁਮਾ ਲੇਖ ਜਾਪਦੇ ਹਨ। ਲੇਖਕ ਅਨੁਸਾਰ ਪੁਆੜੇ ਹੱਥੀ ਆਲੋਚਨਾਂ ਦਾ ਸਿਰਜਕ ਡਾ: ਮਾਨ ਆਪਣੇ ਆਪ ਵਿੱਚ ਹੀ ਇਕ ਵਾਦ ਹੈ ਤੇ ਆਜੋਕੇ ਉਤਰ ਆਧੁਨਿਕਤਾ ਦੇ ਦੌਰ ਵਿਚ ਵੀ ਉਸਦਾ ਮਾਰਕਸਵਾਦ ਪ੍ਰਸੰਗਿਕ ਹੈ। ਇਹ ਲੇਖ ਮਾਨ ਦੀ ਵਿਚਾਰਧਾਰਾ ਨੂੰ  ਮਕੁੰਮਲ ਵਾਦ ਨਿਸਚਿਤ ਕਰਦਾ ਹੈ। ਯੂਨੀਵਰਸਟੀਆਂ ਦੇ ਵਿਦਵਾਨਾ ਵੱਲੋਂ ਉਸ ਬਾਰੇ ਧਾਰੀ ਸ਼ਾਜਿਸੀ ਚੁੱਪ  ਉਸਦੇ ਵਿਪੱਖ ਦਾ ਸੂਚਕ ਹੈ। ਹਰਪਾਲਜੀਤ ਪਾਲੀ ਉਰਫ ਮਿੰਨੀ ਮੰਟੋ ਨਾਲ ਸਬੰਧਤ ਲੇਖ  ਵਿਚ ਉਹ ਉਸਦੀ ਅਵਾਰਗੀ,ਬੇ -ਸਿਰਨਾਵੀ ਭਟਕਣਾ, ਉਸਦੇ ਸਾਹਿਤਕ ਤੇ ਅਕਾਦਿਮਕ ਸਫਰ ਦੀ ਦ੍ਰਿਸ਼ਕਾਰੀ ਕਰਦਾ ਹੈ। ਮੰਟੋ ਵਾਂਗ ਉਸ ਦੇ ਸਾਹਿਤਕ ਵੱਥ ਉਪਰ ਅਸ਼ਲੀਲਤਾ ਦਾ ਦੋਸ਼ ਲੱਗਿਆ ਪਰ ਉਹ ਬੇ-ਪ੍ਰਵਾਹ ਫਕੀਰ ਦਰਿਆਈ ਪਾਣੀਆ ਵਾਂਗ ਵਹਿੰਦਾ ਰਿਹਾ। ਬੋਹਾ ਇੱਕਲਤਾ ਵਿਚੋਂ ਉਸਦੀ ਜਿੰਦਗੀ ਦੇ ਅਰਥ ਤਲਾਸ਼ਦਾ ਹੈ । ਨਿਰੰਜਣ ਬੋਹਾ ਨਾਲ ਉਸਦੀ ਸਾਂਝ ਸਦੀਵੀ ਹੈ ਇਸ ਗੱਲ ਦਾ ਸੂਚਕ ਉਸ ਵੱਲੋਂ ਲਿੱਖੇ ਲਫਜ਼ਾਂ ਨੂੰ ਨਿਜ਼ੀ ਲਾਇਬਰੇਰੀ ਵਿਚ ਸੰਭਾਲ ਕੇ ਰੱਖਣਾ ਹੈ।
                          ਨਿਰੰਜਣ ਬੋਹਾ ਰੀਵੀਊਕਾਰੀ ਦੇ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਂ ਹੈ । ਇਸ ਪੁਸਤਕ ਵਿਚਲਾ 'ਲੇਖ ਸਾਹਿਤ ਚੋਰਾਂ ਨਾਲ ਨਿਜਠਦਿਆ' ਉਸਦੀ ਗੰਭੀਰਤਾ ਨੂੰ ਹੋਰ ਗੰਭੀਰ ਬਣਾਉਂਦਾ ਹੈ। ਸਾਹਿਤ ਚੋਰਾਂ ਦੀ ਪਹਿਚਾਣ ਕਰਨੀ ਤੇ ਉਹਨਾਂ ਤੋਂ ਚੋਰੀ ਕਬੂਲ ਕਰਾਉਣਾ  ਵੱਡੀ ਪ੍ਰਾਪਤੀ ਹੈ। ਇਸ ਤਰਾਂ ਮੁੱਲ ਦੀ ਲੜਾਈ ਲੈਣਾ ਸਿਰਫ ਬੋਹਾ ਦੇ ਹਿੱਸੇ ਹੀ ਆਇਆ ਹੈ।  ਇਹ  ਗੱਲਾਂ ਬੋਹਾ ਦੇ  ਤੀਖਣ ਸਾਹਿਤਜ ਸੁਝ ਬੂਝ ਦਾ ਪ੍ਰਮਾਣ ਦੇਂਦੀਆਂ ਹਨ।  ਸਾਹਿਤ ਵਿਚ ਚੋਰੀ ਦੇ ਰੁਝਾਣ ਨੂੰ ਰੋਕਣ ਲਈ ਬੋਹਾ ਵਰਗੇ  ਬੇਬਾਕ ਰੀਵੀਊਕਾਰ ਦੀ ਲੋੜ ਹੈ , ਉਹਨਾਂ ਦੀ ਨਹੀਂ ਜੋ ਸੁੰਘ ਕੇ ਰੀਵਿਊ ਕਰਦੇ ਹਨ।
                    'ਬੇਬੇ ਵੱਲੋਂ ਮਿੰਦੂ ਪੁੱਤ ਦੀ ਕਿਤਾਬ ਦਾ ਵਿਮੋਚਨ ਅਤੇ 'ਕਿਵੇਂ ਪਿੰਡ ਪਿੰਡ ਪਹੁੰਚੇ ਸਾਹਿਤਕ ਲਹਿਰ' ਦੋਂਹੇ ਲੇਖ ਸਾਹਿਤਕ ਗੋਸ਼ਟੀਆ ਦਾ ਉਸਾਰੂ ਮਾਡਲ ਸਿਰਜਦੇ ਹਨ । ਜਿਹਨਾਂ ਪੇਂਡੂ ਪਾਠਕਾਂ ਨੂੰ ਲੱਗਦਾ ਹੈ ਕਿ ਸਾਹਿਤ ਸਿਰਜਣਾ ਪੈਸੇ ਦਾ ਵਰਤਾਰਾ ਹੈ, ਉਹਨਾਂ ਦਾ ਭਰਮ ਦੂਰ ਹੁੰਦਾ ਹੈ। ਦੂਜਾ ਪੁਸਤਕਾਂ ਤੋਂ ਡਰਨ ਦੀ ਬਜਾਇ ਪੜ•ਣ ਦੀ ਬਿਰਤੀ ਪੈਦਾ ਹੁੰਦੀ ਹੈ। ਸਾਹਿਤਕ ਕਿਰਤਾਂ ਵਿਚਲੇ ਪਾਤਰਾਂ ਨਾਲ ਪਿੰਡ ਪਿੰਡ ਜਾ ਕੇ ਸੰਵਾਦ ਰਚਾਉਣਾ  ਅਸਲੋਂ ਨਿਵੇਕਲਾ ਵਰਤਾਰਾ ਹੈ। ਹਰਮੋਹਿੰਦਰ ਚਾਹਲ ਦੇ ਕਹਾਣੀ ਸੰਗ੍ਰਹਿ ਦੀ ਉਸ ਦੀ ਮਾਂ ਦੇ ਹੱਥੋਂ ਘੁੰਡ ਚੁਕਾਈ ਕਰਨਾ ਤੇ ਮਾਂ ਵੱਲੋਂ ਅਲੋਚਕਾ ਦੇ ਸਿਰ ਉਪਰੋਂ ਪੰਜਾਹ ਪੰਜਾਹ ਰੁਪਏ ਦੇ ਨੋਟ ਵਾਰਣਾ ਤੇ ਪਿੰਡਾਂ ਵਿਚ ਗੋਸ਼ਟੀਆਂ ਰੱਖਣਾ ਸਾਹਿਤ ਖੇਤਰ ਦੀਆਂ ਪ੍ਰੇਰਣਾ ਦਾਇਕ ਘਟਨਾਵਾਂ ਹਨ।  ਗਿਦੜਬਾਹਾ ਦੇ ਖੇਤਰ ਦੇ ਪਿੰਡ ਮਾਹੂਆਣਾ ਵਿਚ ਸਾਹਿਤ ਪ੍ਰਤੀ ਪਿੰਡ ਦੀ ਪੰਚਾਇਤ ਵੱਲੋਂ ਵਿਖਾਈ ਦਿਲਚਸਪੀ ਤੇ ਪਹਿਲਕਦਮੀ ਵੀ ਅਸਲੋਂ ਨਵੀਆਂ ਪਿਰਤਾਂ ਹਨ । ਅਨਪ•ੜ ਪੰਚਾਇਤ ਮੈਂਬਰਾਂ ਦਾ ਗੋਸ਼ਟੀ ਵਿਚ ਆਉਣਾ ਪੰਜਾਬੀਆਂ ਦੀ ਸਾਹਿਤ ਵਿਚ ਦਿਲਚਸਪੀ ਨਾ ਰੱਖਣ ਬਾਰੇ ਬਣੀ ਧਾਰਨਾ ਨੂੰ ਤੋੜਦਾ ਹੈ।  ਅਕਸਰ ਕਿਹਾ ਜਾਂਦਾਂ ਹੈ ਕਿ ਪੰਜਾਬੀਆਂ  ਦੇ ਘਰਾਂ ਵਿਚ ਖੁਸ਼ਹਾਲੀ ਦਾ ਪੱਧਰ  ਦਾਰੂ ਦੇ ਬਰੈਂਡਾ ਤੋਂ ਲਾਇਆ ਜਾਂਦਾ ਹੈ  ਘਰ ਵਿਚਲੀਆਂ ਕਿਤਾਬਾਂ ਤੋਂ ਨਹੀਂ । ਨਿਰੰਜਣ ਬੋਹਾ  ਵੱਲੋਂ ਪੰਚਾਇਤ ਮੈਂਬਰੀ ਦੌਰਾਨ ਪਿੰਡ ਵਿਚ ਲਾਇਬਰੇਰੀ ਖੁਲਵਾਉਣਾ  ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ  ਦਾ ਯਤਨ ਹੈ। ਬੋਹਾ ਪੁਸਤਕ ਸਭਿਆਚਾਰ ਨੂੰ ਸਮਾਜਿਕ ਲੋੜ ਵਜੋਂ ਉਭਾਰਦਾ ਹੈ ਪਰ  ਇਕਹਰੇ  ਵਿਅਕਤੀਗਤ ਯਤਨ ਨਾਲ ਸੰਭਵ ਨਹੀਂ ਸਗੋਂ  ਸੰਸਥਾ ਮੂਲਕ ਕਾਰਜ਼  ਹੈ। 
                         'ਪਹਾੜਾਂ ਤੇ ਹੁੰਦੀਆ ਗੋਸ਼ਟੀਆ', 'ਸਾਹਿਤਕ ਗੋਸ਼ਟੀਆ ਵਿਚ ਗਾਇਬ ਹੋ ਰਿਹਾ ਗੋਸ਼ਿਟ' , ਸਾਹਿਤਕ ਖੇਤਰ ਦੇ ਹਾਜ਼ਰੀ ਲੁਆਊ ਬੁਲਾਰੇ , ਸਾਹਿਤ ਦੀ ਮੂਲ ਭਾਵਨਾਂ ਨਾਲੋਂ ਟੁੱਟਦਾ ਜਾ ਰਿਹਾ ਲੇਖਕ ਅਤੇ ਸਾਹਿਤਕ ਗੋਸ਼ਟੀਆ ਦੇ ਵਹਿਣ  ਆਦਿ ਲੇਖਾਂ ਵਿਚ   ਸਾਹਿਤ ਦੀਆਂ ਭਵਿੱਖੀ ਸੰਭਾਵਨਾਂ ਤੇ   ਸੀਮਾਵਾਂ ਦਾ ਚਿੰਤਨ  ਸਮੋਇਆ ਹੈ।ਸਵਾਲ ਬਣਦਾ ਹੈ ਕਿ ਕੀ  ਦੀਵਾ ਬਲੇ ਸਾਰੀ ਰਾਤ ਵਾਲੀਆਂ ਗੋਸ਼ਟੀਆਂ ਵਿਚਲਾ ਗੋਸ਼ਿਟ ਤੇ ਪਹਾੜਾਂ ਵਾਲੀਆਂ ਗੋਸ਼ਟੀਆਂ ਦਾ ਗੋਸ਼ਿਟ ਵੱਖਰਾ ਹੈ ? ਜੇ ਵੱਖਰਾ ਹੈ ਤਾਂ ਕਿਵੇਂ? ਬੋਹਾ ਇਹਨਾਂ ਸੁਆਲਾ ਦਾ ਉਤਰ ਦੇਣ ਲਈ ਹੀ ਇਹਨਾਂ ਲੇਖਾਂ ਦੀ ਸਿਰਜਣਾ ਕਰਦਾ ਹੈ। ਪਹਾੜਾਂ ਉਪਰ ਹੋਣ ਵਾਲੀਆਂ ਗੋਸ਼ਟੀਆਂ ਸਾਹਿਤਕਾਰਾਂ ਅੰਦਰ  ਭਰਮ ਸਿਰਜਦੀਆਂ ਹਨ । ਬਹੁਤੇ ਲੇਖਕ ਇਸ ਬਹਾਨੇ ਪਹਾੜਾ ਦੀ ਸ਼ੈਰ ਦਾ ਬਹਾਨਾ ਲੱਭਦੇ ਹਨ। ਗੋਸ਼ਟੀ ਖਤਮ ਹੋਣ ਤੇ ਪੰਡਤਾਉ ਅੰਡਬਰੀ ਭਾਰੂ ਹੋ ਜਾਂਦੀ ਹੈ।  ਬੋਹਾ ਦਾ ਮੰਨਣਾ  ਹੈ ਕਿ ਸਾਡੀਆਂ ਆਜੋਕੀਆ ਗੋਸ਼ਟੀਆਂ ਦਾ ਸਰੂਪ ਅੰਡਬਰੀ, ਸਵੈ ਪ੍ਰਸ਼ੰਸ਼ਾਂ ਵਾਲਾ ਤੇ ਸੰਵੇਦਨਾ ਰਹਿਤ ਬਣਦਾ ਜਾ ਰਿਹਾ ਹੈ। ਇਹ ਸਮਕਾਲ ਦਾ ਵੱਡਾ ਫਿਕਰ ਹੈ। ਡੰਗ ਟਪਾਊ ਆਲੋਚਕ ਤੇ ਲੇਖਕ ਉਹਨਾਂ ਗੋਸ਼ਟੀਆਂ ਦਾ ਨਿੱਘ ਜਿਆਦਾ ਮਾਣਦੇ ਹਨ ਜਿੱਥੇ ਮਾਣ ਸਨਮਾਨ ਤੇ ਸ਼ੋਹਰਤ ਮਿਲੇ। ਬੋਹਾ ਏਨਾ ਬਾਗੀ ਹੋ ਕੇ ਗੱਲ ਕਹਿਣਾ ਸਾਹਿਤਕ ਦੁਸ਼ਮਣ ਪੈਦਾ ਕਰਨ ਦੇ ਬਰਾਬਰ ਹੈ। ਰਚਨਾਕਾਰ ਕੇਂਦਰਿਤ ਗੋਸ਼ਟੀਆ ਜਾਂ ਤਾਂ ਪ੍ਰਸ਼ੰਸਾਮਈ ਬਣਦੀਆਂ ਹਨ ਜਾਂ ਨਿੰਦਾਜਨਕ । ਪਰਵਾਸੀ ਲੇਖਕਾ ਨਾਲ ਫੋਟੋਆ ਖਿਚਵਾ ਕੇ ਆਪਣੇ ਆਪ ਨੂੰ ਲੇਖਕ ਮੰਨਣ ਵਾਲਿਆਂ ਦਾ ਬੋਹਾ ਬੇ ਝਿਝਕ ਪਰਦਾ ਫਾਸ ਕਰਦਾ ਹੈ। ਉਹ ਇਹ ਐਲਾਣ ਵੀ ਕਰਦਾ ਹੈ ਕਿ ਗੋਸ਼ਟੀਆਂ ਵਿਚ ਡੰਗ ਟਪਾਊ ਜਿਆਦਾਂ ਤੇ ਗਹਿਰ ਗੰਭੀਰ ਪਾਠਕ ਤੇ ਲੇਖਕ ਘੱਟ ਹੁੰਦੇ ਹਨ।  ਉਸ ਨੂੰ ਸਾਹਿਤਕ ਗੋਸ਼ਟੀਆਂ ਵਿਚ ਹਾਜਰੀ ਲੁਆ ਕਿ ਡੰਗ ਟਪਾਉਣ ਵਾਲੇ ਲੇਖਕਾਂ ਤੋਂ ਚਿੜ ਹੈ। 
                  ਵਿਸ਼ਵ ਪੱਧਰ ਤੇ ਧੜਾਧੜ ਛਾਪੀਆਂ ਜਾ ਰਹੀਆਂ ਪੁਸਤਕਾਂ ਜਿਨ•ਾਂ ਵਿਚ ਸਾਹਿਤ ਵਰਗੀ ਕੋਈ ਗੱਲ ਨਹੀਂ , ਉਸ ਦੀ ਨਜ਼ਰਾਂ ਵਿੱਚ ਸਾਹਿਤਕ ਪ੍ਰਦੂਸ਼ਨ ਹੈ। ਪੁਸਤਕਾ ਦੇ ਢੇਰ ਸਾਹਮਣੇ ਖੜ•ਾ ਬੰਦਾ  ਸਮਝਦਾ ਹੈ ਕਿ  ਖੇਤੀ ਵਾਂਗ ਇਹ ਵੀ ਉਤਪਾਦਨ ਹੋ ਰਿਹਾ ਹੈ ਪਰ ਇਸ ਪ੍ਰਦੂਸ਼ਨ ਵਿਚ ਨਾਮਵਰ ਲੇਖਕਾ ਦੀ ਵੀ ਹਿੱਸੇਦਾਰੀ ਹੈ। ਇਨਾਮ ਹਾਸਿਲ ਕਰਨ ਲਈ ਲੇਲੜੀਆ ਕੱਢਣਾ , ਜਾਣ ਬੁਝ ਕੇ ਅਸ਼ਲੀਲਤਾ ਪਰੋਸਣਾ , ਮਰਦ ਲੇਖਕਾ ਦਾ  ਜੁਆਨ ਕੁੜੀਆਂ  ਪ੍ਰਤੀ ਅਵੈੜਪੁਣਾ ਵੀ ਉਸ ਲਈ ਸਾਹਿਤਕ ਪ੍ਰਦੂਸਨ ਦੇ ਅਰਥ ਰੱਖਦਾ ਹੈ। ਬੋਹਾ ਦਾ ਇਸ  ਲੇਖ ਵਿਚ  ਸਮੇਂ ਤੋਂ  ਜੁਆਬ ਮੰਗਦਾ ਹੈ।
                    ਇਹ ਪੁਸਤਕ ਸਮਕਾਲੀ ਸਾਹਿਤ ਦਾ ਹਾਸਿਲ ਹੈ। ਇਸ ਵਿਚਲੇ ਲੇਖਾ ਦੀ ਸੁਰ ਭਾਵੇਂ ਭਾਸ਼ਣੀ ਹੈ ਪਰ ਸ਼ੈਲੀ ਸੁਹਜ ਸੁਆਦ ਵਾਲੀ ਤੇ ਵਿਅੰਗਭਾਵੀ ਹੈ । ਵਾਰਤਕ ਖੇਤਰ ਵਿਚ ਅਜਿਹੀਆ ਲਿਖਤਾਂ ਥੋੜੀਆਂ ਪਰ ਮੁੱਲਵਾਨ ਹਨ। ਇਸ ਪੁਸਤਕ ਦਾ ਹਾਰਦਿਕ ਸੁਆਗਤ ਹੈ।