ਇੱਕ ਪਾਸੇ ਤੇ ਸਿੱਖ ਗੁਰੂ ਦੇ,
ਸਿਦਕ ਨਿਭਾਉਣਾ ਸੋਚ ਰਹੇ ਨੇ ।
ਸਬਰ-ਜਬਰ ਦੀ ਜੰਗ ਦੇ ਅੰਦਰ,
ਸਬਰ ਵਿਖਾਉਣਾ ਸੋਚ ਰਹੇ ਨੇ ।
ਜੈਤੋਂ, ਨਨਕਾਣੇ ਦੀ ਨੀਤੀ,
ਮੁੜ ਦੁਹਰਾਉਣਾ ਸੋਚ ਰਹੇ ਨੇ ।
ਜਾਲਿਮ ਦਾ ਸੰਸਾਰ ਸਾਹਮਣੇ,
ਚਿਹਰਾ ਲਿਆਉਣਾ ਸੋਚ ਰਹੇ ਨੇ ।।
ਦੂਜੇ ਪਾਸੇ ਜਾਲਿਮ ਸ਼ਾਸ਼ਕ,
ਜੁਲਮ ਘਿਨਾਉਣਾ ਸੋਚ ਰਹੇ ਨੇ ।
ਸ਼ਾਂਤ ਚਲ ਰਹੀ ਰੋਸ ਲਹਿਰ ਦਾ,
ਰੁਖ ਪਲਟਾਉਣਾ ਸੋਚ ਰਹੇ ਨੇ ।
ਬਦਲੇ ਵਾਲੀ ਲਹਿਰ ਬਣਾਕੇ,
ਲਾਂਬੂ ਲਾਉਣਾ ਸੋਚ ਰਹੇ ਨੇ ।
ਸਹਿਕ ਰਹੇ ਪੰਜਾਬ ਨੂੰ ਉਹ ਤਾਂ,
ਲਾਸ਼ ਬਨਾਉਣਾ ਸੋਚ ਰਹੇ ਨੇ ।।
ਤੀਜੇ ਪਾਸੇ ਡੇਰਿਆਂ ਵਾਲੇ,
ਸੱਚ ਛੁਪਾਉਣਾ ਸੋਚ ਰਹੇ ਨੇ ।
ਦਰਦ-ਪਰੁੰਨੀਆਂ ਭਾਵਨਾਵਾਂ ਨੂੰ,
ਕੈਸ਼ ਕਰਾਉਣਾ ਸੋਚ ਰਹੇ ਨੇ ।
ਸੰਗਤ ਵਾਲੇ ਜੋਸ਼ ਨੂੰ ਆਪਣੇ,
ਖਾਤੇ ਪਾਉਣਾ ਸੋਚ ਰਹੇ ਨੇ ।
ਜਾਗਣ ਲੱਗੀ ਸਿੱਖ ਸੋਚ ਨੂੰ,
ਕਿੰਝ ਸਲਾਉਣਾ ਸੋਚ ਰਹੇ ਨੇ ।।