ਹਰ ਵੇਲੇ ਹੱਥ ਜੋੜ ਅਰਦਾਸ ਕਰਦਾ,
ਮੇਰੀ ਅਰਜ਼ ਸੁਣੋ ਬਾਦਸ਼ਾਹ ਦਰਵੇਸ਼ ਜੀਓ।
ਐਸੀ ਕਰੋ ਕਿਰਪਾ ਸਾਰੇ ਦੇਸ਼ ਉੱਪਰ,
ਖੁਸ਼ੀ ਖੁਸ਼ੀ ਵਸਦਾ ਰਹੇ ਹਮੇਸ਼ ਜੀਓ
ਚੰਦਰੀ ਲੱਗੇ ਨਾ ਨਜ਼ਰ ਕਿਸੇ ਦੀ ਏਸਨੂੰ ਜੀ,
ਖ਼ਤਮ ਹੋ ਜਾਣ ਸਾਰੇ ਝਗੜੇ ਕਲੇਸ਼ ਜੀਓ।
ਭੁੱਖੇ ਚੌਧਰ ਦੇ ਅੱਜ ਬਹੁਤੇ ਲੋਕ ਵੇਖੇ,
ਭਾਂਵੇ ਮੈਂ ਤੇ ਭਾਂਵੇ ਕੋਈ ਹੋਰ ਜੀਓ
ਸੋਝੀ ਸਾਰਿਆਂ ਨੂੰ ਬਖ਼ਸ਼ੋ ਗੁਰੂ ਮੇਰੇ,
ਦੇਵੋ ਸਭ ਨੂੰ ਸਿੱਧੇ ਰਾਹ ਤੋਰ ਜੀਓ।
ਇਕੋ ਪ੍ਰਮਾਤਮਾ ਦੀ ਅੰਸ਼ ਹਾਂ ਅਸੀ ਸਾਰੇ,
ਕਿਹੜੀ ਗੱਲੋਂ ਬਣਾਏ ਧਰਮ ਅੱਜ ਹੋਰ ਜੀਓ
'ਸੁੱਖਿਆ ਭੂੰਦੜਾ' ਸਮਝਣ ਦੀ ਲੋੜ ਸਾਨੂੰ,
6 ਤੇ 9 ਵਿੱਚ ਇਕੋ ਜਿੰਨੇ ਪਏ ਮੋੜ ਜੀਓ।