ਕਲਮ ਮੇਰੀ ਕਿਰਤੀਆਂ ਨੂੰ ਕਹਿ ਰਹੀ ਹੈ ਦੋਸਤੋ
ਕਿਰਤੀਆਂ ਦੇ ਦਰਦ ਨੂੰ ਵੀ ਸਹਿ ਰਹੀ ਹੈ ਦੋਸਤੋ।
ਸਾਮਰਾਜੀ ਸ਼ਕਤੀਆਂ ਦਾ ਅੰਤ ਨਹੀਂ ਹੁਣ ਬਹੁਤ ਦੂਰ
ਕਿਰਤ ਸ਼ਕਤੀ ਜ਼ਾਲਮਾਂ ਨਾਲ ਖਹਿ ਰਹੀ ਹੈ ਦੋਸਤੋ।
ਮਹਿਲਾਂ ਵੰਲ ਨੂੰ ਤੁਰ ਪਏ ਨੇ ਝੁੱਗੀਆਂ ਚੋਂ ਕਾਫਲੇ
ਰਾਜਸ਼ਾਹੀ ਧੌਂਸ ਦੀ ਨਾ ਸਹਿ ਰਹੀ ਹੈ ਦੋਸਤੋ।
ਚਾਨਣੇ ਦੀ ਲੀਕ ਚੋਂ ਡਰਦਾ ਹਨ•ੇਰਾ ਹੈ ਸਦਾ
ਧਰਮ ਨਾਲ ਹੁਣ ਰਾਜਨੀਤੀ ਰਹਿ ਰਹੀ ਹੈ ਦੋਸਤੋ।
ਬੇਈਮਾਨੀ , ਝੂਠ, ਠੱਗੀ, ਲਾਰਿਆਂ ਦਾ ਰਾਜ ਹੈ
ਪਾਪ ਦੀ ਜੰਝ ਕੁਰਸੀਆਂ ਤੇ ਬਹਿ ਰਹੀ ਹੈ ਦੋਸਤੋ।
ਲਹਿਰ ਬਣ ਉੱਭਰੋ ਧਰਤ ਚੋਂ ਸੋਨਾ ਉਗਲਣ ਵਾਲਿਉ
ਰੋਕੋ, ਜੋ ਰੱਤ ਮਜ਼ਦੂਰ ਦੀ ਹੁਣ ਵਹਿ ਰਹੀ ਹੈ ਦੋਸਤੋ
ਮਰਮਰੀ ਮਹਿਲਾਂ ਦੇ ਗੁੰਬਦ ਗਰਦਸ਼ਾਂ ਵਿਚ ਗਰਕ ਨੇ
ਮੰਦਰ , ਮਸਜਿਦ ਚੇਤਿਆਂ ਚੋਂ ਢਹਿ ਰਹੀ ਹੈ ਦੋਸਤੋ।