ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ I
ਇਹ ਮ੍ਹਜਬਾਂ ਦੀ ਵਲਗਣ,ਹਟਾ ਕੇ ਤਾਂ ਵੇਖੋ I
ਹੈ ਮਸ਼ਰੂਫ ਸਾਰੇ , ਬਣਾਉਦੇ ਨੇ ਖੰਜਰ,
ਕਿਸੇ ਵੰਝ ਤੋਂ ਵੰਝਲੀ, ਬਣਾ ਕੇ ਤਾਂ ਵੇਖੋ I
ਕਿਓਂ ਹੋ ਰਿਹਾ ਹੈ, ਇਹ ਸੋਚਾਂ ‘ਚ ਨ੍ਹੇਰਾ,
ਤੁਸੀਂ ਚੇਤਨਾ ਨੂੰ,ਜਗਾ ਕੇ ਤਾਂ ਵੇਖੋ I
ਗਮਾਂ ਦਾ ਹੀ ਮੇਲਾ, ਹੈ ਲੱਗਿਆ ਦਿਲਾਂ ਵਿਚ.
ਖੁਸ਼ੀ ਨੂੰ ਦਰਾਂ ਤੇ , ਬੁਲਾ ਕੇ ਤਾਂ ਵੇਖੋ I
ਅਸੀਂ ‘ਮੈਂ’ ਦੀ ਅੱਗ ਵਿਚ,ਸੜੇ ਹਾਂ ਹਮੇਸ਼ਾਂ,
ਖੁਦੀ ਨੂੰ ਦਿਲਾਂ ‘ਚੋਂ , ਮਿਟਾ ਕੇ ਤਾਂ ਵੇਖੋ I
ਜਗਾਉਂਦੇ ਪਏ ਹਾਂ, ਜੋ ਕਬਰਾਂ ਤੇ ਦੀਵੇ,
ਇਹ ਨ੍ਹੇਰੇ ਘਰਾਂ ਵਿਚ, ਜਗਾ ਕੇ ਤਾਂ ਵੇਖੋ I
ਰਿਹਾ ਕੀਲਦਾ ਜੋ, ਸਦਾ ਕਦਮ ਤੇਰੇ,
ਉਹ ਡਰ ਨੂੰ ਮਨਾਂ ‘ਚੋਂ ਮੁਕਾ ਕੇ ਤਾਂ ਵੇਖੋ I
ਕਦੇ ਮੋਮ ਵਾਂਗੂ, ਨਹੀਂ ਪਿਘਲ ਜਾਣਾ,
ਮੁਸੀਬਤ ਦੀ ਅਗ ਨੂੰ, ਹੰਢਾ ਕੇ ਤਾਂ ਵੇਖੋ I
ਕਿਸੇ ਪੈੜ ਉੱਤੇ , ਹੈ ਚੱਲਣਾ ਕਦੋਂ ਤਕ,
ਨਵੇ ਰਾਹ ਖੁਦ ਵੀ, ਬਣਾ ਕੇ ਤਾਂ ਵੇਖੋ I