ਉੱਚਾ ਲੰਮਾ ਕੱਦ ,ਕਨਕ ਵੰਨਾ ਰੰਗ , ਖੱਦਰ ਪੋਸ਼ ,ਮੋਟੇ 2 ਪਰ ਚਿਹਰੇ ਨਾਲ ਫੱਬਦੇ ਨੈਣ ਨਕਸ਼,ਕਾਲੀਆਂ ਐਨਕਾਂ , ਗੁੱਛੀ ਕਰ ਕੇ ਬੱਧੀ ਹੋਈ ਸਫੇਦ ਦਾੜ੍ਹੀ , ਇੱਕ ਹੱਥ ਵਾਰ ਵਾਰ ,ਆਪਣੇ ਮੂੰਹ ਅਤੇ ਦਾੜ੍ਹੀ ਤੇ ਫੇਰਣਾ ਅਤੇ "ਧੰਨ ਗੁਰੂ ਨਾਨਕ " ਧੰਨ ਗਰੂ ਨਾਨਕ ਵਾਰ 2 ਕਹਿਣਾ ਤੇ ਆਪਣੀ ਗੱਲ ਕਰਦੇ 2 ਧਿਆਨ ਆਪਣੇ ਵੱਲ ਖਿੱਚਣ ਲਈ ਦੂਸਰੇ ਦਾ ਹੱਥ ਫੜ ਕੇ ਘੁੱਟਣਾ ਉੱਸ ਦੀ ਆਮ ਜਿਹੀ ਆਦਤ ਸੀ । ਉੱਸ ਦੀ ਹਰ ਵਕਤ ਖੁਸ਼ ਰਹਿਣ ਦੀ ਅਤੇ ਹਾਸੇ ਮਜ਼ਾਕ ਖੜਾਕੇ ਵਾਲੇ ਸੁਭਾ ਤੋਂ ਉਹ ਸਦਾ ਬਹਾਰ ਤੇ ਹਰ ਵਕਤ ਖਿੜੇ ਰਹਿਣ ਵਾਲਾ ਬੰਦਾ ਸੀ, ਜੀ ਐੱਸ ਗਲੋਰੀ , ਜਦ ਵੀ ਉਹ ਕਦੇ ਆਪਣੇ ਕਿਸੇ ਕੰਮ ਲਈ ਆਪਣਾ ਕਾਗਜ਼ਾਂ ਪੱਤਰਾਂ ਵਾਲਾ ਬੈਗ ਹੱਥ ਵਿੱਚ ਬੜੀ ਸ਼ਾਨ ਨਾਲ ਲਟਕਾਉਂਦਾ ਹੋਇਆ ਦਫਤਰ ਵਿੱਚ ਪੈਰ ਪਾਉਂਦਾ ਤਾਂ , ਨਾਲ ਦੀ ਦੁਕਾਨ ਤੇ ਚਾਹ ਦਾ ਆਰਡਰ ਵੀ ਦੇ ਆਉਂਦਾ ।
ਬਿਨਾਂ ਕਹੇ ਹੀ ਦਫਤਰ ਵਿੱਚ ਜਦ ਚਾਹ ਆ ਜਾਂਦੀ ਤਾਂ ਸਾਰੇ ਦਫਤਰ ਵਿੱਚ ਗਲੋਰੀ ਸਾਹਬ , ਗਲੋਰੀ ਸਾਹਬ ਹੋ ਜਾਂਦੀ , ਬੌਸ ਅੰਦਰੋਂ ਹੀ ਝਾਕ ਕੇ ਵੇਖਦਾ ਕਿ ਇਹ ਨਵਾਂ ਸਾਹਬ ਕਿਹੜਾ ਆ ਗਿਆ ਤਾਂ ਗਲੋਰੀ ਨੂੰ ਵੇਖ ਕੇ ਉਹ ਵੀ ਆਪਣੇ ਕੋਲ ਬੈਠਣ ਲਈ ਬੁਲਾ ਲੈਂਦਾ । ਸਰਕਾਰੀ ਦਫਤਰਾਂ ਵਿੱਚ ਚਾਹ ਪਾਣੀ ਦੀ ਸੇਵਾ ਵੀ ਕੋਈ ਕੰਮ ਕਰਵਾਉਣ ਲਈ ਜਰੂਰੀ ਹੈ। ਜੋ ਉਹ ਬਿਨਾਂ ਕਿਸੇ ਦੇ ਕਹੇ ਪਹਿਲਾਂ ਹੀ ਕਰ ਆਉਂਦਾ ,ਇੱਸ ਤੋਂ ਇੱਕ ਹੋਰ ਵੱਡੀ ਸੇਵਾ æਜੇਬ ਢਿੱਲੀ ਕਰਨ ਵਾਲੀ ਭਾਵ ਨਕਦ ਨਾਰਾਇਣ ਦੇਣ ਵਾਲੀ ਵੀ ਹੁੰਦੀ ਹੈ । ਪਰ ਗਲੋਰੀ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੋਈ ਨਹੀਂ ਸੀ ਕਰ ਸਕਦਾ । ਗਲੋਰੀ ਦੇ ਪੂਰੇ ਨਾਮ ਦਾ ਪਤਾ ਬਹੁਤ ਘੱਟ ਲੋਕਾਂ ਨੂੰ ਸੀ ,ਪਰ ਉਹ ਕਿਸੇ ਚੰਗੇ ਖਾਂਦੇ ਪੀਂਦੇ ਜ਼ਿਮੀਦਾਰ ਘਰ ਦਾ ਕਿਸੇ ਵੇਲੇ ਦਾ ਖਾਲਸਾ ਕਾਲਜ ਵਿੱਚ ਬੀ ਏ ਤੱਕ ਪੜ੍ਹਿਆ ਹੋਇਆ ਯਾਰਾਂ ਦਾ ਯਾਰ ਤੇ ਵਿਲੱਖਣ ਸ਼ਖਸੀਅਤ ਦਾ ਮਾਲਕ ਸੀ । ਮੈਨੂੰ ਉਹ ਕਈ ਵਾਰ ਲੰਚ ਵੇਲੇ ਰੋਟੀ ਖਾਣ ਲਈ ਹੋਟਲ ਤੇ ਜਾਣ ਲਈ ਖਹਿੜੇ ਪੈ ਜਾਂਦਾ , ਪਰ ਮੈਂ ਉੱਸ ਨੂੰ ਹੱਸਦੇ ਹੋਏ ਕਹਿੰਦਾ ਕਿ ਗਲੋਰੀ ਜੀ ਹੋਟਲ ਦੀਆਂ ਰੋਟੀਆਂ ਤਾਂ ਰੋਜ਼ ਖਾਂਦੇ ਹੋ ਆਉ ਅੱਜ ਇੱਥੇ ਹੀ ਤੁਹਾਡੀ ਭਰਜਾਈ ਦੇ ਹੱਥਾਂ ਦੀਆਂ ਪੱਕੀਆਂ ਇੱਥੇ ਹੀ ਬੈਠ ਕੇ ਖਾ ਲਈਏ । ਉਹ ਆਪਣੀ ਆਦਤ ਵਾਂਗ ਮੂੰਹ ਤੇ ਦਾੜ੍ਹੀ ਤੇ ਹੱਥ ਫੇਰਦਾ "ਧੰਨ ਗੁਰੂ ਨਾਨਕ " ਕਹਿੰਦਾ ਹੱਸਦਾ ਹੋਇਆ ਮੰਨ ਜਾਂਦਾ ,ਰੋਟੀ ਖਾਂਦਿਆ ਗੱਲਾਂ ਕਰਦਿਆਂ ਮੈਂ ਉੱਸ ਨੂੰ ਪੱਛ ਹੀ ਬੈਠਾ ਕਿ ਗਲੋਰੀ ਜੀ ਇਹ ਗੱਲ ਦੱਸੋ ਕਿ ਇਹ ਜਿਹੜਾਂ ਤੁਸੀ ਆਮ ਹੀ ਇਹ ਗੱਲੇ 2 "ਧੰਨ ਗੁਰੂ ਨਾਨਕ "ਧੰਨ ਗੁਰੂ ਨਾਨਕ "ਕਹਿੰਦੇ ਓ ਇਹ ਸੱਚੇ ਮਨੋਂ ਕਹਿੰਦੇ ਓ , ਇਹ ਸੁਣ ਕੇ ਗਲੋਰੀ ਂ ਹੱਸਦਾ ਹੋਇਆ ਬੋਲਿਆ ਨਹੀਂ, ਸੱਚ ਤਾਂ ਇਹ ਹੈ ਕਿ ਮੈਂ ਇਹ ਸੱਚੇ ਮਨੋਂ ਨਹੀਂ ਕਹਿੰਦਾ , ਗੁਰੂ ਨਾਨਕ ਦੇ ਸੱਚ ਨੂੰ ਸਮਝਣਾ ਬਹੁਤ ਬਹੁਤ ਔਖਾ ਹੈ ਪਰ ਇਹ ਗੱਲ ਵੀ ਜਰੂਰ ਹੈ ਕਿ ਧੰਨ ਗੁਰੂ ਨਾਨਕ " ਕਹਿ ਕੇ ਮੇਰੇ ਮਨ ਨੂੰ ਕੋਈ ਅਜੀਬ ਜਿਹਾ ਧਰਵਾਸ ਜ਼ਰੂਰ ਮਿਲਦਾ ਹੈ ,ਮੈਂ ਧਰਮਾਂ ਦੇ ਵੱਖਰੇ ਸਿਧਾਂਤਾਂ ਵੱਚ ਨਹੀਂ ਪੈਂਦਾ , ਪਰ ਗੁਰੂ ਨਾਨਕ ਦੀ ਮਹਾਨ ਸਖ਼ਸੀਅਤ ਅੱਗੇ ਮੇਰੇ ਮੂੰਹੋਂ ਆਪੇ ਹੀ" ਧੰਨ ਗੁਰੂ ਨਾਨਕ" " ਧੰਨ ਗੁਰੂਨਾਨਕ " ਨਿਕਲ ਆਉਂਦਾ ਹੈ ।ਗੁਰੂ ਨਾਨਕ ਮਿਹਰ ਰੱਖੇ ਮੇਰ ਨਾਂ ਤਾਂ,ਬਸ ਗਲੋਰੀ ਠੱਗੀ ਠੋਰੀ ਹੀ ਹੈ । ਇੱਕ ਦਿਨ ਲੰਚ ਟਾਈਮ ਵੇਲੇ ਕਿਸੇ ਜ਼ਰੂਰੀ ਦਿਨ ਕਰਕੇ ਸਰਕਾਰੀ ਦਫਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਹੋ ਗਈ ਸਾਰਾ ਸਟਾਫ ਛੁੱਟੀ ਕਰਕੇ ਘਰੋ ਘਰੀਂ ਚਲਾ ਗਿਆ , ਗਰਮੀ ਬਹੁਤ ਸੀ ਅਸੀਂ ਦੋਵੇਂ ਦਫਤਰ ਵਿਚ ਹੀ ਬੈਠੇ ਗੱਪ ਸ਼ੱਪ ਕਰਦੇ ਰਹੇ । ਗਲੋਰੀ ਕਹਿਣ ਲੱਗਾ ਜ਼ਿੰਦਗੀ ਦੇ ਬੜੇ ਰੰਗ ਵੇਖੇ ਹਨ ਉਹ ਕਾਲੇਜ ਦੇ ਪੜ੍ਹਾਈ ਦੇ ਦਿਨ ਬੜੇ ਯਾਦ ਆਉਂਦੇ ਹਨ , ਪੜ੍ਹਾਈ ਮੁਕੰਮਲ ਕਰਨ ਪਿੱਛੋ ਜਦਂ ਮੈਂ ਜਦ ਪਿੰਡ ਵਾਪਸ ਆਇਆ ,ਤਾਂ ਮੈਨੂੰ ਕਈ ਬੜੀਆਂ 2 ਨੌਕਰੀਆਂ ਦੀ ਪੇਸ਼ਕਸ਼ ਆਈ ,ਪਰ ਮੇਰਾ ਨੌਕਰੀ ਕਰਨ ਦਾ ਮਨ ਹੀ ਨਹੀਂ ਬਣਿਆ । ਘਰ ਦਾ ਜਿੰਮੀਦਾਰਾ ਚੰਗਾ ਸੀ , ਪਿੰਡ ਸ਼ਹਿਰ ਦੇ ਲਾਗੇ ਸੀ , ਹਰ ਵੇਲੇ ਕੋਈ ਨਾ ਕੋਈ ਕਿਸੇ ਬਹਾਨੇ ਕਿਸੇ ਨਾ ਕਿਸੇ ਥਾਂ ਬੈਠਣ ਉੇਠਣ ਦਾ ਮੌਕਾ ਵੀ ਬਨਾਈ ਰੱਖਣਾ , ਖੁਲ੍ਹ ਦਿਲਾ ਹੋਣ ਕਰਕੇ ਦੋਸਤ ਮਿੱਤਰਾਂ ਦੀ ਕੋਈ ਘਾਟ ਨਹੀਂ ਸੀ ,ਖਰਚ ਦੀ ਵੀ ਕੋਈ ਪਰਵਾਹ ਨਹੀਂ ਸੀ । ਅੰਗਰੇਜ਼ ਰਾਜ ਵੇਲੇ ਬਾਪੂ ਜੀ ਜ਼ੈਲਦਾਰ ਸਨ ,ਅੰਗਰੇਜ਼ ਚਲੇ ਗਏ ਤੇ ਨਾਲ ਹੀ ਜੈਲ ਦਾਰੀਆਂ ਵੀ , ਇਕ ਵੇਰਾਂ ਰਾਜ ਨੀਤੀ ਵੱਲ ਜਾਣ ਦਾ ਜੀਅ ਵੀ ਕੀਤਾ , ਪਰ ਮੇਰੀ ਆਜ਼ਾਦ ਤਬੀਅਤ ਦੀ ਜ਼ਮੀਰ ਇੱਸ ਗੰਦੀ ਖੇਡ ਵੱਲ ਜਾਣ ਤੋਂ ਅੜ ਗਈ , ਮੈਂ ਪਿੰਡ ਤੋਂ ਦੂਰ ਲਗਦੇ ਜ਼ਮੀਨ ਦਾ ਇੱਕ ਖੇਤ ਵੇਚ ਕੇ ਸ਼ਹਿਰ ਵਿੱਚ ਚੰਗਾ ਟਿਕਾਣਾ ਵੇਖ ਕੇ ਗਲੋਰੀ ਨਾਂ ਦਾ ਨਾਂ ਦਾ ਇੱਕ ਹੋਟਲ ਬਨਾ ਲਿਆ ਜੋ ਕਾਫੀ ਚੱਲਿਆ ਵੀ , ਯਾਰ ਮਿੱਤਰ ਆਉਣੇ ਜਾਣੇ ਖਾਣੀ ਪੀਣੀ ਤੇ ਹੱਸਦੇ ਖੜਾਕੇ ਮਾਰਦੇ ਦੇਰ ਰਾਤ ਗਈ ਸਾਰੇ ਨਿਖੜ ਪਖੁੜ ਜਾਂਦੇ । ਕਈਆਂ ਗਾਹਕਾਂ ਕੋਲੋਂ ਹੁਧਾਰ ,ਮੰਗਣ ਨੂੰ ਜੀਆ ਨਾ ਕਰਨਾ ਤੇ ਕਈਆਂ ਦਾ ਵਾਪਸ ਮੋੜਨ ਨੂੰ ਵੀ ਦਿਲ ਨਾ ਕਰਨਾ , ਕਈਆਂ ਨੇ ਪਿਛਲਾ ਲੇਖਾ ਭੁਲਾ ਕੇ ਅੱਗੇ ਹੁਦਾਰ ਦਾ ਖਾਤਾ ਬੇ ਸਿਰ ਪੈਰੀ ਗੱਲ ਵਾਂਗ ਵਧਾਈ ਜਾਣਾ । ਤੇ ਇੱਸਦਾ ਜੋ ਹਸ਼ਰ ਜੋ ਹੋਣਾ ਸੀ ਆਖਰ ਹੋ ਕੇ ਹੀ ਰਿਹਾ । ਰੋਜ਼ ਹੋਟਲ ਵਿਕ ਗਿਆ ,ਪਰ ਹੋਟਲ ਤੇ ਗਲੋਰੀ ਹੋਟਲ ਨਾਂ ਦਾ ਲਾਇਆ ਫੱਟਾ ਅਜੇ ਵੀ ਓਸੇ ਤਰ੍ਹਾ ਲੱਗਾ ਹੋਇਆ ਹੈ , ਪਰ ਪੜ੍ਹਨ ਜਾਂ ਵੇਖਣ ਦੀ ਅੱਜ ਕਿਸੇ ਨੂੰ ਵਿਹਲ ਨਹੀਂ, ਗਾਹਕ ਆਉਂਦੇ ਹਨ , ਚਲੇ ਜਾਂਦੇ ਹਨ । ਪਰ ਹੋਟਲ ਤੇ ਲੱਗੇ" ਗਲੋਰੀ ਹੋਟਲ ਦੇ ਲੱਗ ਜੰਗਾਲੇ ਜਿਹੇ ਫੱਟੇ "ਵੱਲ ਕਿਸੇ ਯਾਰ ਦੋਸਤ ਦੀ ਨਜ਼ਰ ਹੁਣ ਘੱਟ ਹੀ ਜਾਂਦੀ ਹੈ । ਸਮੇਂ 2 ਦੀ ਗੱਲ ਹੈ ਜਿੱਥੇ ਕਦੇ ਯਾਰਾਂ ਦੀ ਮਹਿਫਲ ਰੋਜ਼ ਲਗਦੀ ਸੀ , ਜਿੱਥੇ ਰੋਜ਼ ਹੋਟਲ ਤੇ ਨਾਂ ਦੇ ਲੱਗੇ ਇੱਸ ਫੱਟੇ ਦੀ ਪਛਾਣ ਵੀ ਕਿਸੇ ਅਤੀਤ ਦੇ ਧੂਏਂ ਨਾਲ ਧੁਆਂਖੀ ਜਾ ਕੇ ਲਗ ਪਗ ਓਝਲ ਹੋਣ ਕਿਨਾਰੇ ਹੈ । ਮੈਂ ਚੁੱਪ ਚਾਪ ਗਲੋਰੀ ਦੀ ਇੱਸ ਬੀਤੀ ਸੁਣਦਾ Aੁੱਸਦੇ ਚਿਹਰੇ ਦੇ ਹਾਵ ਭਾਵ ਪੜ੍ਹ ਰਿਹਾ ਸਾਂ , ਅਚਾਨਕ ਮੇਰੀ ਚੁੱਪ ਤੋੜਦੇ ਹੋਏ ਗਲੋਰੀ ਅਪਨੇ ਬੈਗ ਵਿੱਚੋਂ ਇਕ ਕਾਗਜ਼ ਕੱਢਦਾ ਹੋਇਆ ਬੋਲਿਆ ,ਜੇ ਸੁਨਣਾ ਚਾਹੋ ਤਾਂ ਇਕ ਪੁਰਾਣੀ ਲਿਖੀ ਕਵਿਤਾ ਸੁਨਾਂਵਾਂ । ਮੇਰੇ ਹਾਂ ਕਹਿਣ ਤੇ ਗਲੋਰੀ ਨੇ ਆਪਣੀ ਇਹ ਕਿਸੇ ਵੇਲੇ ਦੀ ਲਿਖੀ ਕਵਿਤਾ ਮੈਨੂੰ ਸੁਨਾਈ । ਸ਼ਾਮਾਂ ਪੈ ਚੁਕੀਆਂ ਸਨ , ਅਸੀਂ ਦੋਵੇਂ ਆਪਣੇ 2 ਘਰਾਂ ਨੂੰ ਵਾਪਸ ਚਲੇ ਗਏ । ਪਰ ਗਲੋਰੀ ਜਿੱਸ ਦਾ ਪੂਰਾ ਨਾਂ ਗੁਲਾਬ ਸਿੰਘ ਗੋਲਰੀ ਸੀ ,ਜੋ ਅਜੇ ਵੀ ਮੇਰੀਆਂ ਯਾਦਾਂ ਦੀ ਸੁੰਦਰ ਕਢਾਈ ਵਾਲੀ ਫੁਲਕਾਰੀ ਤੇ ਕਿਸੇ ਸੁਨਹਿਰੀ ਫੁੱਲ ਵਾਂਗ ਆਪਣੀ ਵੱਖਰੀ ਸ਼ਾਨ ਬਨਾਈ ਬੈਠਾ ਲਗਦਾ ਹੈ । ਵਾਕਿਆ ਹੀ ਗੁਲਾਬ ਵਰਗੇ ਗੁਣਾਂ ਵਾਲੀ ਮਹਿਕ ਤੇ ਰੰਗਾਂ ਨਾਲ ਭਰਪੂਰ ਗਲੋਰੀ ਇੱਕ ਫੱਕਰ ਤਬੀਅਤ ਵਾਲਾ ਇਨਸਾਨ ਸੀ । ਉਹ ਜਾਂਦੀ ਵਾਰੀ ਕਵਿਤਾ ਵਾਲਾ ਕਗਜ਼ ਫੜਾ ਕੇ ਮੈਨੂੰ ਕਹਿਣ ਲੱਗਾ ਇਹ ਆਪਣੇ ਕੋਲ ਹੀ ਰੱਖ ਲਓ । ਮੇਰੇ ਕੋਲ ਇਹ ਕਵਿਤਾ ਮੇਰੀ ਨੋਟ ਬੁੱਕ ਵਿੱਚ ਵੀ ਲਿਖੀ ਪਈ ਹੈ । ਇੱਕ ਦਿਨ ਐਵੇਂ ਪੁਰਾਣੇ ਕਾਗਜ਼æਾਂ ਦੇ ਢੇਰ ਨੂੰ ਹੌਲਾ ਕਰਦਿਆਂ ਉੱਸ ਦੀ ਇਹ ਨਿਸ਼ਾਨੀ ਮਿਲ ਗਈ । ਜਿੱਸ ਦੇ ਫ਼ਟੇ ਪੁਰਾਣੇ ਕਾਗ਼ਜ਼ ਨੂੰ ਜੋੜ ਕੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ।
ਕਈਆਂ ਨੂੰ ਲੋਕੀਂ ਆਖਦੇ ਗੱਦਾਰ ਲੈ ਬੈਠੇ ।
ਸਾਨੂੰ ਤਾਂ ਯਾਰੋ ਆਪਣੇ ਹੀ ਯਾਰ ਲੈ ਬੈਠੇ ।
ਸੋਚਦਾ ਹਾਂ ਹੁਣ ਕਿਸੇ ਜੰਗਲ ,ਚ ਜਾ ਰਹਾਂ ,
ਮੈਨੂੰ ਤਾਂ ਭੀੜਾਂ ਰੌਣਕਾਂ , ਬਾਜ਼ਾਰ ਲੈ ਬੈਠੇ ।