ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ
(ਲੇਖ )
ਸਿਆਣੇ ਕਹਿੰਦੇ ਨੇ ਕਿ ਸਮਾਂ ਹੀ ਧਨ ਹੈ। ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਤਾਂ ਹੀਰੇ-ਮੋਤੀਆਂ, ਜਵਾਹਰਾਤ, ਸੋਨੇ, ਚਾਂਦੀ, ਆਦਿ ਤੋਂ ਵੀ ਕੀਮਤੀ ਹੈ, ਅਰਥਾਤ ਇਹ ਅਨਮੋਲ ਵਸਤੂ ਹੈ। ਇਸ ਗੱਲ ਤੋਂ ਤਾਂ ਸਾਰੇ ਹੀ ਭਲੀ-ਭਾਂਤ ਜਾਣੂ ਹਨ ਕਿ ਬੀਤਿਆ ਪਲ ਵਾਪਿਸ ਨਹੀਂ ਆਉਂਦਾ, ਭਾਵੇਂ ਕੋਈ ਜਿੰਨਾ ਮਰਜੀ ਜ਼ੋਰ ਲਗਾ ਲਵੇ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਅੱਗੇ ਹਰ ਕੋਈ ਝੁੱਕ ਜਾਂਦਾ ਹੈ, ਅਮੀਰ-ਗ਼ਰੀਬ, ਰਾਜੇ-ਮਹਾਂਰਾਜੇ ਸਭ ਇਸ ਨੂੰ ਸਲਾਮ ਕਰਦੇ ਹਨ। ਇਹ ਕਿਸੇ ਦੇ ਕਹਿਣੇ 'ਤੇ ਨਹੀਂ ਚਲਦਾ ਅਤੇ ਨਾ ਹੀ ਕਿਸੇ ਦੇ ਅੱਗੇ ਰੁਕਦਾ ਹੈ। ਇਹ ਤਾਂ ਵਹਿੰਦੇ ਦਰਿਆ ਦੀ ਤਰ੍ਹਾਂ ਹੈ ਜਾਂ ਇੰਜ ਕਹਿ ਲਈਏ ਕਿ ਇਸ ਨੇ ਕਿਸੇ ਨੂੰ ਨਹੀਂ ਬਖਸ਼ਿਆ, ਭਾਵ ਸਮਾਂ ਬਲਵਾਨ ਹੈ।
ਹੁਣੇ ਜਿਹੇ ਸਾਲ ੨੦੧੨ ਚੜ੍ਹਿਆ ਸੀ, ਯਾਨੀ ੩੬੫ ਦਿਨ ਬੀਤ ਗਏ। ਓਦੋਂ ਸਾਡੀਆਂ ਆਸਾਂ ਤੇ ਉਮੰਗਾਂ ਕੀ ਸਨ? ਉਨ੍ਹਾਂ ਵਿੱਚੋਂ ਕਿਹੜੇ ਟੀਚੇ ਹਾਸਿਲ ਕੀਤੇ ਅਤੇ ਕਿਹੜੇ ਬਾਕੀ ਰਹਿ ਗਏ ਹਨ? ਕਿੰਨੀ ਕੁ ਸਾਡੀ ਮਿਹਨਤ ਰੰਗ ਲਿਆਈ ਏ ਤੇ ਸਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬਾਕੀ ਰਹਿੰਦੇ ਤੇ ਨਵੇਂ ਟੀਚਿਆਂ ਨੂੰ ਹਾਸਿਲ ਕਰ ਸਕੀਏ।
ਭ੍ਰਿਸ਼ਟਾਚਾਰ ਤਾਂ ਮਿੱਠਾ ਜ਼ਹਿਰ ਹੈ। ਇਸ ਨੇ ਕਈ ਘਰ ਬਰਬਾਦ ਕਰ ਦਿੱਤੇ ਤੇ ਕਈਆਂ ਦਾ ਨੰਬਰ ਆਉਣਾ ਬਾਕੀ ਹੈ। ਇਸ ਵਿਚ 'ਕੱਲੇ ਨੇਤਾ ਹੀ ਨਹੀਂ, ਸਗੋਂ ਅਧਿਕਾਰੀ ਤੇ ਛੋਟੇ ਮੁਲਾਜ਼ਮ ਵੀ ਫਸੇ ਹੋਏ ਨੇ। ਇਹ ਸਮੇਂ ਦਾ ਸਭ ਤੋਂ ਭਖਦਾ ਮਸਲਾ ਹੈ। ਇਸ ਦੇ ਕਾਰਣ ਹੀ ਦੇਸ਼ ਦਾ ਤਾਣਾ-ਬਾਣਾ ਹਿੱਲ ਗਿਆ ਹੈ, ਰਾਜਨੀਤਕ ਪਾਰਟੀਆਂ ਵਿਚ ਅਸਥਿਰਤਾ ਆਈ ਹੋਈ ਏ, ਮਹਿੰਗਾਈ ਅੰਬਰਾਂ ਨੂੰ ਛੂਹ ਰਹੀ ਹੈ ਤੇ ਲੋਕ ਭੁੱਖੇ ਮਰ ਰਹੇ ਹਨ। ਇਸ ਗੱਲ ਤੋਂ ਸਾਰੇ ਹੀ ਭਲੀ-ਭਾਂਤ ਜਾਣੂ ਹੋ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ ਜੰਗ ਸ਼ੁਰੂ ਕਰਨ ਲਈ ਸਿਰਫ਼ ਇੱਕ ਚੰਗਿਆੜੀ ਦੀ ਲੋੜ ਹੈ। ਪਰ, ਕੌਣ ਬੰਨ੍ਹੇ ਸ਼ੇਰ ਦੇ ਗਲ਼ ਟੱਲੇ? ਸਰਕਾਰ ਨੂੰ ਸਮੇਂ ਦੇ ਦੀ ਨਬਜ਼ ਪਛਾਣਦਿਆਂ ਹੋਇਆ ਸਾਰੇ ਹੀ ਖਿੱਤੇ ਲੋਕਪਾਲ ਬਿੱਲ ਵਿੱਚ ਸ਼ਾਮਿਲ ਕਰਕੇ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਪ੍ਰਦੂਸ਼ਣ ਦਿਨ-ਪ੍ਰਤੀ-ਦਿਨ ਵੱਧ ਰਿਹਾ ਹੈ, ਜਿਸ ਦੇ ਫਲਸਰੂਪ ਵਾਤਾਵਰਣ 'ਚ ਤਪਸ਼ ਵੱਧ ਰਹੀ ਹੈ, ਪਾਣੀ ਦੂਸ਼ਿਤ ਹੋ ਰਿਹਾ ਹੈ, ਧਰਤੀ-ਮਾਂ ਬੰਜਰ ਬਣਦੀ ਜਾ ਰਹੀ ਹੈ ਅਤੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰੀ ਆਪਣੇ ਪੈਰ ਪਸਾਰ ਰਹੀ ਹੈ, ਜਵਾਨੀ ਨਸ਼ਿਆਂ ਵਿੱਚ ਗਹਿਰਾਉਂਦੀ ਜਾ ਰਹੀ ਹੈ ਤੇ ਨਤੀਜੇ ਵਜੋਂ ਅੱਜ ਉਹ ਪੁੱਠੇ ਪੈਰੀਂ ਚੱਲ ਪਈ ਹੈ; ਲੁੱਟਾਂ-ਖੋਹਾਂ, ਚੋਰੀਆਂ, ਡਾਕੇ, ਝਪਟਾਂ ਮਾਰਨੀਆਂ ਆਦਿ ਕੀ ਕੀ ਦੱਸਾਂ? ਦੱਸਦਿਆਂ ਵੀ ਸ਼ਰਮ ਆਉਂਦੀ ਏ। ਜ਼ਰਾ ਸੋਚੋ ਤਾਂ ਸਹੀ ਕੀ ਖੱਟਿਆ ਤੇ ਕੀ ਗਵਾਇਆ ਹੈ? ਭਾਵੇਂ ਆਪਣੇ ਦੇਸ਼ ਨੇ ਹਰ ਖੇਤਰ ਵਿਚ ਵੱਧ ਚੜ੍ਹ ਕੇ ਮੱਲਾਂ ਮਾਰੀਆਂ ਨੇ, ਪਰ ਕੀ ਕਰਨਾ ਇਨ੍ਹਾਂ ਸਭ ਕਾਸੇ ਨੂੰ ਜਦੋਂ ਮਨੁੱਖ ਹੀ ਖ਼ੁਸ਼ ਨਾ ਹੋਇਆ। ਇਨ੍ਹਾਂ ਸਾਰੇ ਮਸਲਿਆਂ ਨੂੰ ਧਿਆਨ ਗੋਚਰੇ ਰੱਖ ਕੇ ਸਰਕਾਰ ਨੂੰ ਆਪਣੀ ਨੀਤ ਤੇ ਨੀਤੀ ਬਦਲਣੀ ਚਾਹੀਦੀ ਹੈ।
ਵਾਤਾਵਰਣ 'ਚ ਆ ਰਹੀਆਂ ਤਬਦੀਲੀਆਂ ਦੇ ਕਾਰਨ ਹੀ ਸੰਸਾਰ ਦਾ ਹਰ ਪ੍ਰਾਣੀ ਚਿੰਤਾਤੁਰ ਹੈ। ਕਦੇ ਸੁਨਾਮੀ ਲਹਿਰਾਂ ਤੇ ਕਦੇ ਸੈਂਡੀ ਜਾਂ ਨੀਲਮ ਤੂਫ਼ਾਨ ਆ ਭੜਥੂ ਪਾਉਂਦੇ ਨੇ, ਸਾਰਾ ਕੁਝ ਹੀ ਤਹਿਸ-ਨਹਿਸ ਕਰ ਜਾਂਦੇ ਹਨ। ਕੋਪਨਹੇਗਨ (ਡੈਨਮਾਰਕ) ਵਿਖੇ ੭ ਦਸੰਬਰ, ੨੦੦੯ ਨੂੰ ਇੱਕ ਕੌਮਾਂਤਰੀ ਕਾਨਫ਼ਰੰਸ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਜੇ ਵਾਤਾਵਰਣ ਨੂੰ ਸਾਫ਼ ਤੇ ਸਵੱਛ ਬਣਾ ਕੇ ਰੱਖਣਾ ਹੈ ਤਾਂ ਊਰਜਾ ਪੈਦਾ ਕਰਨ ਲਈ ਵੱਧ ਤੋਂ ਵੱਧ ਕੁਦਰਤੀ ਸੋਮਿਆਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ੨੧ਵੀਂ ਸਦੀ ਨਿਊਕਲੀਅਰ ਊਰਜਾ ਦਾ ਜ਼ਮਾਨਾ ਹੈ; ਸੂਰਜੀ ਊਰਜਾ, ਹਵਾ ਤੇ ਹਾਈਡਰੋਜਨ ਬਾਲਣ ਦਾ ਸਮਾਂ ਹੈ । ਸੰਨ ੨੦੦੪ ਤੋਂ ਕੈਨੇਡਾ ਵਿੱਚ ੭੫ ਫ਼ੀਸਦੀ ਗੱਡੀਆਂ ਬਦਲਵੇਂ ਊਰਜਾ ਦੇ ਬਾਲਣ ਨਾਲ ਚੱਲ ਰਹੀਆਂ ਹਨ। ਨਵੀਂ ਤਰ੍ਹਾਂ ਦੇ ਇੰਝਣ ਈਜਾਦ ਜੋ ਮੈਥਨੋਲ ਅਤੇ ਇਥਨੋਲ ਨਾਲ ਚੱਲਦੇ ਅਤੇ ਬਹੁਤ ਹੀ ਘੱਟ ਪ੍ਰਦੂਸ਼ਣ ਪੈਦਾ ਕਰਦੇ ਨੇ। ਭਾਵੇਂ ਸਰਕਾਰ ਵੀ ਸੂਰਜੀ ਊਰਜਾ, ਗੋਬਰ ਗੈਸ ਪਲਾਂਟ ਲਗਾਉਣ ਦੇ ਨਾਲ-ਨਾਲ ਕਾਗਜ਼, ਰਬੜ, ਧਾਤਾਂ, ਸ਼ੀਸ਼ਾ, ਫਾਲਤੂ ਸਾਮਾਨ, ਆਦਿ ਨੂੰ ਦੁਬਾਰਾ ਵਰਤੋਂ ਵਿੱਚ ਲਿਆ ਕੇ ਗਲੋਬਿਲ ਵਾਰਮਿੰਗ ਨੂੰ ਘਟਾਉਣ ਦਾ ਯਤਨ ਕਰ ਰਹੀ ਹੈ, ਪਰ ਇਹ ਕਾਫ਼ੀ ਨਹੀਂ ਹੈ।
ਨਵਾਂ ਸਾਲ ਤਾਂ ਸਾਰੇ ਸੰਸਾਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਇੱਕ ਦੇਸ਼, ਪ੍ਰਾਂਤ ਜਾਂ ਇਲਾਕੇ ਦਾ ਆਪੋ-ਆਪਣਾ ਸੱਭਿਆਚਾਰ ਹੁੰਦਾ ਏ ਤੇ ਉਹ ਆਪੋ-ਆਪਣੇ ਵਿਰਸੇ ਦੇ ਹਿਸਾਬ ਨਾਲ ਮਨਾਉਂਦੇ ਨੇ। ਹਰ ਇੱਕ ਦੇ ਮਨ ਵਿੱਚ ਨਵੀਆਂ ਆਸਾਂ ਤੇ ਉਮੰਗਾਂ ਹੁੰਦੀਆਂ ਨੇ ਜੋ ਨਵੇਂ ਸਾਲ ਵਿੱਚ ਉਹ ਪੂਰੀਆਂ ਕਰਨਾ ਲੋਚਦੇ ਹਨ। ਜੋ ਰਹਿ ਗਈਆਂ ਉਹ ਅਗਲੇ ਸਾਲ ਸਹੀ। ਮਨੁੱਖ ਆਸਾਂ ਨਾਲ ਹੀ ਜਿਊਂਦਾ ਹੈ। ਹਰ ਇੱਕ ਨੂੰ ਤਨੋਂ-ਮਨੋਂ ਮਿਹਨਤ ਕਰਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ; ਕੁਝ ਇਹੋ ਜਿਹਾ ਕੰਮ ਕਰ ਜਾਓ, ਜਿਸ ਤੋਂ ਸਮਾਜ ਸੇਧ ਲੈ ਸਕੇ।
ਭਾਰਤ ਦਾ ਆਪਣਾ ਹੀ ਇੱਕ ਗੌਰਵਮਈ ਵਿਰਸਾ ਹੈ। ਇੱਥੇ ਤਾਂ ਨਵਾਂ ਸਾਲ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਏ। ਪਰ, ਇੱਥੋਂ ਦੇ ਵਸਨੀਕ ਪੱਛਮੀ ਸ਼ੈਲੀ ਮੁਤਾਬਕ ਅੱਜ ਕਿਸੇ ਤੋਂ ਪਿੱਛੇ ਨਹੀਂ ਹਨ ਤੇ ਸਿੱਟੇ ਵਜੋਂ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੀ ਖੁਸ਼ੀ ਮਨਾਈ ਜਾਂਦੀ ਹੈ। ਇਸ ਖੁਸ਼ੀ ਭਰੇ ਮੌਕੇ 'ਤੇ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਕਿ ੩੧ ਦਸੰਬਰ ਦੀ ਰਾਤ ਦੇ ੧੨ ਵੱਜੇ ਤੱਕ ਇੱਕ ਦੂਜੇ ਨੂੰ ਵਧਾਈਆਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਰੰਗ-ਬਰੰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਸੰਸਾਰ ਦੇ ਲਗਭੱਗ ਸਾਰੇ ਹੀ ਦੇਸ਼ ਨਵੇਂ ਸਾਲ ਦੀ ਆਮਦ 'ਤੇ ਖ਼ੂਬ ਖੁਸ਼ੀ ਮਨਾਉਂਦੇ ਨੇ। ਇੰਗਲੈਂਡ ਤੇ ਅਮਰੀਕਾ ਵਿੱਚ ਨਵੇਂ ਸਾਲ ਦਾ ਸਵਾਗਤ ਬੜੇ ਹੀ ਜੋਸ਼-ਖਰੋਸ਼ ਨਾਲ ਕੀਤਾ ਜਾਂਦਾ ਹੈ। ਯੂਗੋਸਲਾਵੀਆ ਵਿਚ ਦੀਵਾਲੀ ਦੇ ਤਿਉਹਾਰ ਵਾਂਗ ਅਤੇ ਸਕਾਟਲੈਂਡ 'ਚ 'ਰੇਸਲੇ ਡੇ' ਵਜੋਂ ਮਨਾਇਆ ਜਾਂਦਾ ਨੇ। ਜਦਕਿ ਇਰਾਨ ਵਿੱਚ ਨਵੇਂ ਸਾਲ ਦਾ ਸਵਾਗਤ ੨੧ ਮਾਰਚ ਨੂੰ ਅਤੇ ਜਰਮਨੀ ਵਿੱਚ ਇਸ ਦਿਨ ਧੀਆਂ ਨੂੰ ਕੀਮਤੀ ਤੋਹਫੇ ਦਿੱਤੇ ਜਾਂਦੇ ਹਨ। ਗੱਲ ਕੀ, ਇਹ ਦਿਨ ਤਾਂ 'ਖੁਸ਼ਹਾਲੀ ਦਾ ਪ੍ਰਤੀਕ' ਵਜੋਂ ਮਨਾਇਆ ਜਾਂਦਾ ਹੈ।
ਦੁਨੀਆਂ ਭਰ ਦੇ ਲੋਕ ਆਪਣੀਆਂ ਉਮੰਗਾਂ ਅਤੇ ਆਸਾਂ ਦੀ ਪੰਡ ਸਜਾ ਕੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਵਿੱਚ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਨੇ ਅਤੇ ਆਸ ਕਰਦੇ ਨੇ ਕਿ ਇਹ ਸਾਲ ਸਭ ਲਈ ਖੁਸ਼ੀਆਂ ਭਰਿਆਂ ਹੋਵੇ। ਸਾਰੇ ਹੀ ਲੋਕ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਦੀ ਡੋਰੀ ਵਿੱਚ ਬੱਝੇ ਰਹਿਣ ਤਾਂ ਜੋ ਚਾਰੇ ਪਾਸੇ ਪਿਆਰ ਹੀ ਪਿਆਰ ਹੋਵੇ ਅਤੇ ਸਾਰੀ ਦੁਨੀਆਂ ਹੀ ਫੁੱਲਾਂ ਵਾਂਗ ਮੁਸਕਰਾਉਂਦੀ ਰਹੇ। ਉੱਘੇ ਗ਼ਜ਼ਲਗੋ ਤ੍ਰੈਲੋਚਨ ਲੋਚੀ ਦਾ ਸ਼ਿਅਰ ਹੈ :
ਬਾਲ਼ ਕੇ ਰਾਹ ਵਿਚ ਦੀਵੇ ਰੱਖੀਂ।
ਰਾਹੀਆਂ ਲਈ ਇਹ ਤੋਹਫ਼ੇ ਰੱਖੀਂ।
--------------------------------------------------------