ਚੜ੍ਹਿਆ ਏ ਵੀਹ ਸੌ ਸੋਲਾਂ ਸਾਲ, ਜੀ ਵਧਾਈ ਹੋਵੇ।
ਲਿਆਏ ਖੁਸ਼ੀਆਂ ਆਪਣੇ ਨਾਲ, ਜੀ ਵਧਾਈ ਹੋਵੇ।
ਨਾ ਬੇਰੋਜ਼ਗਾਰੀ ਹੋਵੇ, ਨਾ ਭ੍ਰਿਸ਼ਟਾਚਾਰੀ ਹੋਵੇ।
ਦੇਸ਼ ਦੇ ਅੰਨ ਦਾਤੇ, ਦੀ ਨਾ ਖੁਆਰੀ ਹੋਵੇ।
ਸਭੇ ਹੋ ਜਾਣ ਖੁਸ਼ਹਾਲ, ਜੀ ਵਧਾਈ ਹੋਵੇ
ਚੜ੍ਹਿਆ ਏ......
ਵਿਗੜਿਆ ਪੁੱਤ ਨਾ ਹੋਵੇ, ਨਸ਼ੇ ਵਿੱਚ ਧੁੱਤ ਨਾ ਹੋਵੇ।
ਮਾਪਿਆਂ ਨੇ ਮਾਪੇ ਰਹਿਣਾ, ਪੁੱਤ ਕਪੁੱਤ ਨਾ ਹੋਵੇ।
ਹੋਏ ਨਾ ਮਾਂ ਦਾ ਭੈੜਾ ਹਾਲ, ਜੀ ਵਧਾਈ ਹੋਵੇ
ਚੜ੍ਹਿਆ ਏ.....
ਕੋਈ ਧੀ ਭੈਣ ਨਾ ਰੋਵੇ, ਖੱਜਲ ਖੁਆਰ ਨਾ ਹੋਵੇ।
ਬਣ ਕੇ ਇੱਜ਼ਤ ਦਾ ਰਾਖਾ, ਹਰ ਇੱਕ ਵੀਰ ਖਲੋਵੇ।
ਧੀਆਂ ਵੀ ਕਰਨ ਕਮਾਲ, ਜੀ ਵਧਾਈ ਹੋਵੇ
ਚੜ੍ਹਿਆ ਏ......
ਦੇਸ ਪਰਦੇਸ ਹੋਵੇ, ਕੋਈ ਵਰੇਸ ਹੋਵੇ।
ਗਿਲੇ ਤੇ ਸ਼ਿਕਵੇ ਭੁਲੀਏ, ਜਿਉਂ ਦਰਵੇਸ ਹੋਵੇ।
ਗੁਣਾਂ ਦੀ ਪਾਈਏ ਧਮਾਲ, ਜੀ ਵਧਾਈ ਹੋਵੇ
ਚੜ੍ਹਿਆ ਏ......
ਘਰ ਪਰਿਵਾਰ ਹੋਵੇ, ਆਪਸ ਵਿੱਚ ਪਿਆਰ ਹੋਵੇ।
'ਦੀਸ਼' ਮਾਂ ਬੋਲੀ ਦਾ ਵੀ, ਹੁੰਦਾ ਸਤਿਕਾਰ ਹੋਵੇ।
ਭੁੱਲੀਏ ਨਾ ਵਿਰਸੇ ਦੀ ਸੰਭਾਲ, ਜੀ ਵਧਾਈ ਹੋਵੇ
ਚੜ੍ਹਿਆ ਏ......