ਲੇਖਕ: ਕਰਮਜੀਤ ਸਿੰਘ ਔਜਲਾ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਮੁੱਲ: 150 ਰੁਪਏ, ਸਫ਼ੇ: 111
'ਬਦਕਾਰ' ਨਾਵਲ, ਜਿਸ ਦੀ ਵਿਥਿਆ 17 ਕਾਂਡਾ ਵਿਚ ਕੀਤੀ ਗਈ ਹੈ, ਸਮਾਜ ਨੂੰ ਹਲੂਣਨ, ਵਿਭਚਾਰ ਨੂੰ ਰੋਕਣ ਅਤੇ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਦੀ ਸਮਰੱਥਾ ਰੱਖਦਾ ਹੋਇਆ, ਸਮਾਜ ਨੂੰ ਬਿਹਤਰ ਬਣਾਉਣ ਦੇ ਆਸ਼ੇ ਵਾਲਾ ਸਮਾਜਿਕ ਨਾਵਲ ਹੈ। ਲੇਖਕ ਦਾ ਸੱਤਵਾਂ ਨਾਵਲ ਹੈ। ਇਸ ਤੋਂ ਸੇਧ ਮਿਲਦੀ ਹੈ ਕਿ ਆਪਣੇ ਬੱਚਿਆਂ ਦਾ ਸਦਾ ਧਿਆਨ ਰੱਖਣਾ ਚਾਹੀਦਾ ਹੈ, ਭਾਵੇਂ ਉਹ ਚਾਲੀ ਸਾਲ ਦੇ ਹੀ ਕਿਉਂ ਨਾ ਹੋ ਗਏ ਹੋਣ। ਇਸੇ ਤਰ੍ਹਾਂ ਹੀ ਪਤੀ-ਪਤਨੀ ਨੂੰ ਆਪਣੇ ਜੀਵਨ ਸਾਥੀ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ, ਭਾਵੇਂ ਉਹ ਸੱਠਵਿਆਂ ਨੂੰ ਪਹੁੰਚਿਆਂ ਹੋਵੇ; ਇਸ ਵਿਚ ਹੀ ਸਮਾਜਿਕ ਭਲਾਈ ਦੀ ਗਾਥਾ ਛੁਪੀ ਹੈ।ਕਿਸੇ 'ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਆਪਣੇ ਧੀ-ਪੁੱਤ, ਭਤੀਜਾ-ਭਤੀਜੀ ਜਾਂ ਫਿਰ ਸਕਾ ਮਾਮਾ ਹੀ ਕਿਉਂ ਨਾ ਹੋਵੇ? ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਹੈ ਕਿ ਘਰ ਦੇ ਚੂਹੇ ਤੇ ਬਾਹਰਲੇ ਕਾਵਾਂ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ, ਭਾਵ ਏਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ।
ਨਾਵਲ ਦੀ ਸਹਿ-ਨਾਇਕਾ ਜਗੀਰ ਕੌਰ, ਜੋ ਆਪਣੇ ਸਕੇ ਮਾਮੇ ਦੇ ਘਰ ਰਹਿੰਦੀ ਸੀ, ਕਲਯੁਗੀ ਮਾਮੇ ਨੇ ਐਸੀ ਡੱਸੀ ਕਿ ਉਸ ਦੀ ਜ਼ਿੰਦਗੀ ਤਬਾਹ ਕਰ 'ਤੀ। ਇਸੇ ਤਰ੍ਹਾਂ ਹੀ ਪ੍ਰਕਾਸ਼ ਕੌਰ, ਉਰਫ਼ ਪਾਸ਼ੋ, ਉਰਫ਼ ਪ੍ਰਧਾਨੋ, ਜੋ ਆਪਣੇ ਪਿੰਡ ਦੇ ਬਜ਼ੁਰਗ ਅਧਿਆਪਕ ਕੋਲ ਦਸਵੀਂ ਦੀ ਟਿਊਸ਼ਨ ਪੜ੍ਹਦੀ ਸੀ, ਗੁਰੂ-ਰੂਪੀ ਠੱਗ ਨੇ ਐਸੇ ਔਜੜੇ ਰਾਹਾਂ 'ਤੇ ਤੋਰੀ ਕਿ ਸਾਰੀ ਉਮਰ ਉਸ ਦੀ ਕਾਮ ਦੀ ਹਵਸ ਪੂਰੀ ਨਾ ਹੋਈ। ਪਟਵਾਰੀ ਪ੍ਰਧਾਨ ਸਿੰਘ, ਜੋ ਸਿੱਧਾ-ਸਾਧਾ ਇਨਸਾਨ ਸੀ, ਸਰਪੰਚਨੀ ਨੇ ਐਸੇ ਚਾਟੇ ਲਾਇਆ ਕਿ ਉਹ ਸ਼ਰਾਬ, ਸ਼ਬਾਬ ਤੇ ਕਬਾਬ ਦਾ ਆਦੀ ਹੀ ਨਹੀਂ, ਸਗੋਂ ਰਿਸ਼ਵਤਖੋਰੀ ਦੇ ਚਿੱਕੜ 'ਚ ਜਾ ਵੜਿਆ।
ਬਿਸਤਰ ਸਾਂਝਾ ਕੀਤਿਆ ਹੀ ਪਾਸ਼ੋ, ਉਰਫ਼ ਪ੍ਰਧਾਨੋ ਨੇ ਕਈ ਕੰਮ ਕਢਵਾ ਲਏ ਸਨ, ਇੱਥੋਂ ਤੀਕਰ ਕਿ ਉਹ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਆਨੰਦ ਮਾਣ ਰਹੀ ਸੀ, ਕਿਉਂਕਿ ਉਸ ਦੀ ਯਾਰੀ ਇਨਸਪੈਕਟਰ ਤੋਂ ਬਣੇ ਬੀ ਡੀ ਓ ਨਾਲ ਸੀ। ਇਸ ਸਦਕਾ ਹੀ ਉਸ ਨੇ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਵਿਚ ਬਹੁਤ ਮਾਅਰਕੇ ਮਾਰੇ ਸਨ; ਉਹ ਤਾਂ ਮਿਲਾਵਟ ਕਰਨ ਦੀ ਵਿਧੀ ਪ੍ਰਤੀ ਵੀ ਉਲੇਰ ਸੀ।
ਅੱਜ ਕੱਲ੍ਹ ਸੰਤੁਸ਼ਟੀ ਰਹੀ ਨਾ। ਜਿਨੂੰ ਮਰਜ਼ੀ ਟੋਹ ਲਈਏ, ਭਾਵੇਂ ਉਹ ਸਾਧੂ ਜਾਂ ਸਾਧਣੀ ਹੋਵੇ, ਜਵਾਨ ਜਾਂ ਬਜ਼ੁਰਗ ਹੋਵੇ, ਵਿਆਹਿਆ ਜਾਂ ਕੁਆਰਾ ਹੋਵੇ, ਵਿਭਚਾਰ ਦੇ ਛੱਪੜ ਵਿਚ ਡੁਬਕੀਆਂ ਲਗਾ ਰਿਹਾ ਹੁੰਦਾ ਹੈ। ਉਹ ਤਾਂ ਇਹੋ ਜਿਹੀ ਗੱਲ ਵੀ ਭੁੱਲ ਜਾਂਦੇ ਨੇ ਕਿ ਇਸ ਖੇਤਰ ਵਿਚ ਛੂਤ ਦੀ ਬੀਮਾਰੀ ਹੋਣ ਦਾ ਵੱਡਾ ਖ਼ਤਰਾ ਹੈ।
ਤਕਰੀਬਨ ਸਾਰੇ ਹੀ ਮੰਤਰੀ-ਸੰਤਰੀ ਸਰਕਾਰੀ ਜਾਇਦਾਦ ਨੂੰ ਆਪਣੀ ਜਾਇਦਾਦ ਸਮਝਦੇ ਨੇ, ਗੁਲਛਣੇ ਉਡਾਉਂਦੇ ਨੇ; ਪਰ ਮੀਡੀਆ, ਇਨਕਮ ਟੈਕਸ ਆਦਿ ਦੀ ਅੱਖ ਤੋਂ ਬਚਣਾ ਮੁਸ਼ਕਲ ਹੈ। ਇਕ ਗੱਲ ਹੋਰ, ਬਿਨਾਂ ਪੱਕੇ ਸਬੂਤ ਦੇ ਕਿਸੇ 'ਤੇ ਉਂਗਲ ਨਹੀਂ ਉਠਾਉਣੀ ਚਾਹੀਦੀ, ਨਹੀਂ ਤਾਂ ਆਪਣੀ ਬੇਜ਼ਿੱਤੀ ਦੇ ਆਪ ਹੀ ਭਾਗੀ ਬਣਨਾ ਪਊ। ਅੱਜ ਦਾ ਦੌਰ ਕਮਜ਼ੋਰਾਂ ਦਾ ਨਹੀਂ, ਸਗੋਂ ਜਾਬਰਾਂ, ਬਹਾਦਰਾਂ ਦਾ ਹੈ। ਸਮੇਂ ਦੇ ਹਾਣੀ ਬਣਿਆ ਹੀ ਸਮਾਜ ਵਿਚ ਥਾਂ ਮਿਲਦੀ ਹੈ। ਬਾਕੀ ਰਹੀ ਗੱਲ, ਸੰਤੁਸ਼ਟੀ ਵਿਚ ਰਹਿਣਾ ਚਾਹੀਦਾ ਹੈ, ਸਮਾਜਿਕ ਕੁਸੰਗਤੀਆਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਹੀਰੇ ਜੈਸਾ ਮਨੁੱਖਾ ਜਨਮ ਵੀ ਕੌਡੀਆਂ ਦੇ ਭਾਅ ਰੁਲ ਜਾਂਦਾ ਹੈ।
ਇਹ ਨਾਵਲ ਵਿਭਚਾਰੀ ਲੋਕਾਂ ਨੂੰ ਨੰਗੇ ਜ਼ਰੂਰ ਕਰਦਾ ਹੈ, ਪਰ ਇਹੋ ਜਿਹੇ ਸਮਾਜ ਦੇ ਦੁਸ਼ਮਣਾਂ ਤੇ ਪਰਿਵਾਰ ਤੋੜੂ ਲੋਕਾਂ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੰਦਾ ਹੋਇਆ ਪਾਠਕਾਂ, ਲਾਇਬ੍ਰੇਰੀਆਂ ਦਾ ਸ਼ਿੰਗਾਰ ਜ਼ਰੂਰ ਬਣੇਗਾ, ਮੈਨੂੰ ਪੂਰੀ ਆਸ ਹੈ। ਨਾਵਲਕਾਰ ਨੂੰ ਲੱਖ ਮੁਬਾਰਕ।