ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-6) (ਸਫ਼ਰਨਾਮਾ )

    ਬਲਬੀਰ ਮੋਮੀ   

    Email: momi.balbir@yahoo.ca
    Phone: +1 905 455 3229
    Cell: +1 416 949 0706
    Address: 9026 Credit View Road
    Brampton L6X 0E3 Ontario Canada
    ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੇਰੇ ਲੜੀਵਾਰ ਚੱਲ ਰਹੇ ਆਰਟੀਕਲ 'ਪੰਜਾਬ ਵਿਚ ਕੀ ਖਟਿਆ ਕੀ ਗਵਾਇਆ' ਨੂੰ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਫੋਨ ਆਏ ਅਤੇ ਹੋਰ ਆ ਰਹੇ ਹਨ। ਇਹਨਾਂ ਵਿਚੋਂ ਬਹੁਤੇ ਉਹ ਲੋਕ ਹਨ ਜੋ ਪਿਛੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਣੀਆਂ ਜਾਇਦਾਦਾਂ ਜਿਵੇਂ ਜ਼ਮੀਨਾਂ, ਮਕਾਨ, ਕੋਠੀਆਂ ਅਤੇ ਪਲਾਟਾਂ ਨੂੰ ਵੇਚ ਕੇ ਆਪਣੀ ਰਕਮ ਕੈਨੇਡਾ ਲਿਆਣ ਦੇ ਚਕਰਾਂ ਵਿਚ ਫਸੇ ਹੋਏ ਹਨ ਅਤੇ ਫੈਸਲੇ ਲੈਣ ਦੀ ਦੋਚਿੱਤੀ ਵਿਚ ਹਨ। ਬਹੁਤੇ ਲੋਕਾਂ ਤੋਂ ਸੁਣੀਆਂ ਸੁਣਾਈਆਂ ਅਤੇ ਅਖਬਾਰਾਂ ਵਿਚ ਛਪੀਆਂ ਕਈ ਕਿਸਮ ਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਡਰਦੇ ਪੰਜਾਬ ਜਾ ਕੇ ਆਪਣਆਂ ਜਾਇਦਾਦਾਂ ਵੇਚਣ ਦਾ ਨਾਂ ਨਹੀਂ ਲੈਂਦੇ। ਉਹ ਐਨਾ ਕੁ ਜ਼ਰੂਰ ਸਮਝ ਚੁਕੇ ਹਨ ਕਿ ਵੇਚਣ ਵੱਟਣ ਦੀ ਭਾਵੇਂ ਡੀਲ ਕਿੰਨੀ ਵੀ ਕਲੀਅਰ ਕਿਉਂ ਨਾ ਹੋਵੇ, ਸੌਦਾ ਕਰਨ ਜਾਂ ਹੋਣ ਵੇਲੇ ਕਈ ਕਿਸਮ ਦੀਆਂ ਉਲਝਣਾਂ ਜ਼ਰੂਰ ਅਗੇ ਆਉਂਦੀਆਂ ਹਨ। ਕਈ ਵਾਰ ਮਾਲਕੀ ਸਾਬਤ ਕਰਨ ਤੇ ਕਈ ਵਾਰ ਕਬਜ਼ਿਆਂ ਦਾ ਝਗੜਾ ਪੈਦਾ ਹੋ ਜਾਂਦਾ ਹੈ। ਕਈ ਲੋਕਾਂ ਕੋਲ ਮਾਲਕੀ ਦੇ ਪੂਰੇ ਕਾਗਜ਼ ਨਹੀਂ ਹੁੰਦੇ। ਅਸਲੀ ਕਾਗਜ਼ਾਂ ਬਿਨਾਂ ਸੌਦਾ ਨਹੀਂ ਹੋ ਸਕਦਾ। ਕਈ ਮੈਨੂੰ ਇਹ ਵੀ ਕਹਿੰਦੇ ਹਨ ਕਿ ਅਸੀਂ ਤੈਨੂੰ ਇੰਡੀਆ ਦੀ ਜਾਣ ਆਉਣ ਦੀ ਟਿਕਟ ਅਤੇ ਬਾਕੀ ਸਾਰਾ ਖਰਚਾ ਵੀ ਦੇਣ ਨੂੰ ਤਿਆਰ ਹਾਂ। ਤੂੰ ਪੰਜਾਬ ਜਾ ਕੇ ਸਾਡੀ ਜਾਇਦਾਦ ਵੇਚ ਕੇ ਰਕਮ ਸਾਨੂੰ ਕੈਨੇਡਾ ਪੁਜਦੀ ਕਰ ਦੇ। ਅਸੀਂ ਤਾਂ ਆਪਣਾ ਵਕਤ ਤੇ ਜਾਨ ਬਚਾਉਣ ਤਂੋ ਡਰਦੇ ਹੋਏ ਪੰਜਾਬ ਜਾਣ ਲਈ ਤਿਆਰ ਨਹੀਂ ਹਾਂ। ਕੌਣ ਪੰਜਾਬ ਜਾ ਕੇ ਕਦੇ ਸਖਤ ਸਰਦੀ ਵਿਚ ਠਰੂੰ ਠਰੂੰ ਕਰੇ ਤੇ ਕਦੇ ਸਖਤ ਗਰਮੀ ਵਿਚ ਭੁਜੇ ਜਿਥੇ ਪਸੀਨਾ ਵੀ ਨਹੀਂ ਸੁਕਦਾ ਅਤੇ ਪਖੇ ਦੀ ਹਵਾ ਵੀ ਗਰਮ ਹੀ ਆਉਂਦੀ ਹੈ।

    ਕਈਆਂ ਦੇ ਫੋਨ ਆਏ ਤੇ ਆ ਰਹੇ ਹਨ ਕਿ ਇੰਡੀਆ ਦੇ ਬੈਂਕਾਂ ਵਿਚ ਜਾਂ ਸਾਡੇ ਆੜ੍ਹਤੀਆਂ ਕੋਲ ਤੇ ਹੋਰ ਏਧਰ ਓਧਰ ਸਾਡਾ ਤੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਕੋਲ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਪੈਸਾ ਪਿਆ ਹੈ। ਇਹ ਰਕਮ ਅਸੀਂ ਇੰਡੀਆ ਵਿਚੋਂ ਕਢ ਕੇ ਕੈਨੇਡਾ ਕਿਵੇਂ ਲਿਆਈਏ। ਕੋਈ ਮਨੀ ਐਕਸਚੇਂਜ ਵਾਲਾ ਠੱਗੀ ਨਾ ਕਰ ਜਾਵੇ। ਮੈਂ ਉਹਨਾਂ ਦੇ ਮਸਲਿਆਂ ਦਾ ਹੱਲ ਆਪਣੇ ਹਾਲ ਵਿਚ ਹੋਏ ਤਜਰਬੇ ਅਨੁਸਾਰ ਦੱਸ ਦਿੰਦਾ ਹਾਂ। ਜੇ ਕਾਨੂੰਨੀ ਪਖਾਂ ਤੋਂ ਸੋਚਿਆ ਪਰਖਿਆ ਜਾਵੇ ਤਾਂ ਇੰਡੀਆ 'ਚ ਪਿਆ ਪੈਸਾ ਕੈਨੇਡਾ ਲਿਆਉਣਾ ਐਨਾ ਆਸਾਨ ਨਹੀਂ ਹੈ। ਇੰਡੀਆ ਚੋਂ ਬੈਂਕਾਂ ਰਾਹੀਂ ਭੇਜੇ ਜਾ ਰਹੇ ਪੈਸੇ ਦੀ ਵੀ ਲਿਮਟ ਹੁੰਦੀ ਹੈ। ਕੈਨੇਡਾ ਵਿਚ ਰਹਿੰਦੇ ਇਕ ਵਿਅਕਤੀ ਨੂੰ ਸਾਲ ਵਿਚ ਇਕ ਲਖ ਯੂ ਐਸ ਤੋਂ ਵਧ ਦੀ ਰਕਮ ਨਹੀਂ ਭੇਜੀ ਜਾ ਸਕਦੀ ਤੇ ਰੀਜ਼ਰਵ ਬੈਂਕ ਆਫ ਇੰਡੀਆ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ ਜੋ ਐਨੀ ਜ਼ਿਆਦਾ ਆਸਾਨ ਨਹੀਂ ਹੁੰਦੀ। ਪੇਪਰ ਵਰਕ ਵੀ ਬਹੁਤ ਕਰਨਾ ਹੁੰਦਾ ਹੈ ਪਰ ਫਿਰ ਵੀ ਇੰਡੀਆ ਵਿਚੋਂ ਕਰੋੜਾਂ ਰੁਪਿਆ ਕੈਨੇਡਾ ਵਿਚ ਰੋਜ਼ ਆ ਰਿਹਾ ਹੈ। ਕੋਈ ਜ਼ਮਾਨਾ ਸੀ ਕਿ ਰੋਜ਼ ਦਾ ਕਰੋੜਾਂ ਰੁਪਿਆ ਕੈਨੇਡਾ ਵਿਚੋਂ ਇੰਡੀਆ ਨੂੰ ਜਾਂਦਾ ਹੁੰਦਾ ਸੀ। ਫਗਵਾੜੇ ਤੋਂ ਇਕ ਸਰਕਾਰੀ ਬੈਂਕ ਚੋਂ ਰੀਟਾਇਰ ਹੋ ਕੇ ਪੱਕੇ ਤੌਰ ਤੇ ਕੈਨੇਡਾ ਆਏ ਇਕ ਬੈਂਕ ਮੈਨੇਜਰ ਜੋ ਹੁਣ ਰੀਅਲ ਅਸਟੇਟ ਦਾ ਕੰਮ ਕਰਦਾ ਹੈ, ਨੇ ਮੈਨੂੰ ਟਿਮ ਹਾਰਟਨ ਕਾਫੀ ਸ਼ਾਪ  'ਚ ਬੈਠ ਕੇ ਕਾਫੀ ਪੀਂਦਿਆਂ ਇਹ ਦੱਸਿਆ 90ਵਿਆਂ ਵਿਚ ਕਿ ਇਕ ਸਮਾਂ ਐਸਾ ਸੀ ਕਿ ਸਾਰੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਪੈਸਾ ਇਕੱਲੇ ਫਗਵਾੜੇ ਦੇ ਬੈਂਕਾਂ ਵਿਚ ਆਉਂਦਾ ਸੀ। ਇਸ ਵਿਚ ਹਵਾਲੇ ਦਾ ਪੈਸਾ ਸ਼ਾਮਲ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਫਗਵਾੜਾ ਬੈਲਟ ਦੇ ਬਹੁਤ ਲੋਕ ਇੰਗਲੈਂਡ, ਅਮਰੀਕਾ ਤੇ ਕੈਨੇਡਾ ਗਏ ਹੋਏ ਸਨ ਤੇ ਆਪਣੇ ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤ ਮਿਤਰਾਂ ਨੂੰ ਬਹੁਤ ਪੈਸੇ ਭੇਜਦੇ ਰਹਿੰਦੇ ਸਨ। ਸਠਵਿਆਂ ਵਿਚ ਇੰਗਲੈਂਡ ਤੋਂ ਬਹੁਤ ਪੈਸਾ ਇੰਡੀਆ ਆਇਆ, ਓਸ ਵੇਲੇ ਜ਼ਮੀਨਾਂ ਬਹੁਤ ਸਸਤੀਆਂ ਸਨ ਅਤੇ ਐਨ ਆਰ ਆਈਜ਼ ਜਾਂ ਉਹਨਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ ਬਹੁਤ ਜ਼ਮੀਨਾਂ ਖਰੀਦੀਆਂ ਵੀ। ਹੁਣ ਹਾਲਾਤ ਉਲਟ ਹੋ ਗਏ ਹਨ। ਪੰਜਾਬ ਦੇ ਵਿਗੜੇ ਹਾਲਾਤਾਂ ਨੇ ਅਤੇ ਬੇਕਾਨੂੰਨੀ ਨੇ ਲੋਕਾਂ ਦੇ ਦਿਲ ਤੋੜ ਦਿਤੇ ਹਨ। ਹੁਣ ਕੋਈ ਐਨ ਆਰ ਆਈ ਪੰਜਾਬ ਵਿਚ ਸਸਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਖਰੀਦਣ ਨੂੰ ਤਿਆਰ ਨਹੀਂ ਹੈ। ਇਸ ਦੇ ਬਹੁਤ ਸਾਰੇ ਕਾਰਨਾਂ ਪਿਛੇ ਪਰਾਪਰਟੀ ਏਜੰਟਾਂ ਵੱਲੋਂ ਧੋਖਾ ਬਾਜ਼ੀ ਦੇ ਵਿਛਾਏ ਜਾਲਾਂ ਦਾ ਬਹੁਤ ਵਡਾ ਹਥ ਹੈ ਜੋ ਤਹਿਸੀਲਾਂ ਕਚਹਿਰੀਆਂ ਦੇ ਅਹਿਲਕਾਰਾਂ ਨਾਲ ਮਿਲ ਕੇ ਜਾਅਲੀ ਪਾਵਰ ਆਫ ਅਟਾਰਨੀਜ਼ ਬਣਾ ਲੈਂਦੇ ਹਨ ਅਤੇ ਇਕੋ ਪਲਾਟ ਜਾਂ ਜ਼ਮੀਨ ਕਈਆਂ ਨੂੰ ਵੇਚ ਦਿੰਦੇ ਹਨ।

    ਇਸ ਬਾਰੇ ਮੈਂ ਪਹਿਲਾਂ ਵੀ ਕਾਫੀ ਲਿਖ ਚੁਕਾ ਹਾਂ। ਪੰਜਾਬ ਦੇ ਵਡੇ ਭਾਗ ਵਿਚ ਵਸਦੇ ਸਾਧਾਰਨ ਕਿਰਸਾਣੇ ਟੱਬਰਾਂ ਵਾਂਗ ਮੇਰਾ ਜਨਮ ਵੀ ਇਕ ਸਾਧਾਰਨ ਮਧ ਵਰਗੀ ਕਿਰਸਾਣੇ ਘਰ ਵਿਚ ਹੋਇਆ। ਇਸ ਲਈ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤਕ ਕਿਸਾਨਾਂ ਵੱਲੋਂ ਖੁਦਕਸ਼ੀਆਂ ਦੀ ਵਧ ਰਹੀ ਗਿਣਤੀ, ਕਿਸਾਨਾਂ ਨੂੰ ਸਰਕਾਰੀ ਦਰਾਂ ਤੇ ਧਕੇ ਖਾਂਦਿਆਂ, ਕਰਜ਼ੇ ਮੰਗਦਿਆਂ, ਸ਼ਾਹੂਕਾਰਾਂ ਦਾ ਕਰਜ਼ਾ ਲਹੁੰਦਿਆਂ ਤੇ ਮੰਦਹਾਲੀ ਦਾ ਸ਼ਿਕਾਰ ਹੁੰਦਿਆਂ ਹੀ ਵੇਖਿਆ ਹੈ। ਇਸ ਵਿਚ ਮੇਰਾ ਜ਼ਾਤੀ ਤਜਰਬਾ ਵੀ ਸ਼ਾਮਲ ਹੈ ਜਿਸ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਕਿਰਸਾਨੀ ਜ਼ਿਮੀਂਦਾਰਾ ਕਈਆਂ ਨੂੰ ਰਾਸ ਆਇਆ ਹੋਵੇ ਤੇ ਉਹਨਾਂ ਨੇ ਹੌਲੀ ਹੌਲੀ ਇਸ ਕਿੱਤੇ ਵਿਚ ਰਹਿ ਕੇ ਬਹੁਤ ਤਰੱਕੀ ਕੀਤੀ ਹੋਵੇ ਤੇ ਹੋਰ ਜ਼ਮੀਨਾਂ ਵੀ ਬਣਾਈਆਂ ਹੋਣ ਪਰ ਮੈਂ ਸਮਝਦਾ ਹਾ ਕਿ ਜਿੰਨਾ ਔਖਾ ਤੇ ਕੁੱਤਾ ਕੰਮ ਕਿਸਾਨੀ ਜੀਵਨ ਦਾ ਹੈ, ਏਨਾ ਹੋਰ ਕੋਈ ਨਹੀਂ ਹੈ। ਵਾਹੀ ਤੇ ਪੜ੍ਹਾਈ ਦੋਵੇਂ ਬੜੇ ਔਖੇ ਕੰਮ ਹਨ। ਮੈਂ ਇਸਦੀ ਬਹੁਤੀ ਵਿਆਖਿਆ ਵਿਚ ਨਹੀਂ ਜਾਵਾਂਗਾ ਭਾਵ ਇਹ ਕਿ ਜੇ ਇਹ ਕਿਸਾਨੀ ਬਹੁਤ ਲਾਹੇਵੰਦ ਧੰਦਾ ਹੋਵੇ ਤੇ ਛੋਟੇ ਕਿਸਾਨਾਂ ਦੇ ਸਿਰ ਤੇ ਬਹੁਤਾ ਕਰਜ਼ਾ ਨਾ ਚੜ੍ਹਿਆ ਹੋਵੇ ਤਾਂ ਪੰਜਾਬ ਦੇ ਜੱਟਾਂ ਦੇ ਮੁੰਡਿਆਂ ਨੂੰ ਆਪਣਾ ਖੂਬਸੂਰਤ ਦੇਸ਼ ਪੰਜਾਬ ਛਡ ਕੇ ਅਤੇ ਬਾਹਰਲੇ ਮੁਲਕਾਂ ਵਿਚ ਮਿਹਨਤ ਮੁਸ਼ਕਤ ਕਰਨ ਦੀ ਕੀ ਲੋੜ ਹੈ। ਮੇਰੇ ਜੀਵਨ ਵਿਚ ਜ਼ਮੀਨਾਂ ਜਾਇਦਾਦਾਂ ਦੀ ਖਰੀਦੋ-ਫਰੋਖਤ ਵਿਚ ਮੇਰਾ ਕਰੋੜਾਂ ਦਾ ਨੁਕਸਾਨ ਹੋਇਆ ਹੈ, ਲਾਭ ਕਦੇ ਨਹੀਂ ਹੋਇਆ ਜਿਸਦੀ ਸੰਖੇਪ ਕਹਾਣੀ ਇਸ ਤਰ੍ਹਾਂ ਹੈ।

    ਸੰਨ 1880-90 ਦੇ ਵਿਚ੍ਹਕਾਰ ਵਡੇਰਿਆਂ ਵੱਲੋਂ ਮਾਝੇ ਦੇ ਅੰਮਰਿਤਸਰ ਲਾਗੇ ਪੈਂਦੇ ਪਿੰਡ ਨਵਾਂ ਪਿੰਡ ਚੋਂ ਉਠ ਕੇ ਬਾਰ ਦੇ ਮੁਰੱਬਿਆਂ ਵਿਚ ਜੰਗਲ ਸਾਫ ਕਰ ਕੇ ਆਬਾਦ ਕੀਤੀ ਇਕ ਟੱਕ ਦੋ ਮੁਰੱਬੇ ਨਹਿਰੀ ਜ਼ਮੀਨ ਬਣਾਈ ਸੀ ਜਿਸ ਨੂੰ ਵਡੀ ਨਹਿਰ ਵਿਚੋਂ ਨਿਕਲੀ ਨਿੱਕੀ ਨਹਿਰ ਦਾ ਪਹਿਲਾ ਮੋਘਾ ਪੈਂਦਾ ਸੀ। ਪਾਕਿਸਤਾਨ ਬਣਿਆ ਤਾਂ ਜਾਨਾਂ ਬਚਾਉਣ ਲਈ ਇਹ ਜ਼ਮੀਨ ਛਡ ਕੇ ਮੁੜ ਵਸੇਬੇ ਲਈ ਹਿੰਦੋਸਤਾਨ ਆਉਣਾ ਪਿਆ। ਮੁੜ ਵਸਾਊ ਮਹਿਕਮੇ ਅਨੁਸਾਰ ਪਾਕਿਸਤਾਨ ਵਿਚ ਰਹਿ ਗਈ ਜ਼ਰਖੇਜ਼ ਜ਼ਮੀਨ ਦਾ ਮੁੱਲ ਸੋਲਾਂ ਆਨੇ ਫੀ ਸਟੈਂਡਰਡ ਏਕੜ ਪਿਆ। ਉਜੜ ਕੇ ਆਏ ਸ਼ਰਨਾਰਥੀ  ਲੋਕਾਂ ਨੂੰ ਜ਼ਮੀਨ ਬਦਲੇ ਜ਼ਮੀਨ ਦੇਣ ਵੇਲੇ 25% ਕੱਟ ਲਾ ਦਿਤਾ। ਅਸੀਂ 50 ਏਕੜ ਜ਼ਮੀਨ ਛਡਣ ਵਾਲੇ ਸਾਢੇ 37 ਏਕੜ ਜ਼ਮੀਨ ਦੇ ਮਾਲਕ ਰਹਿ ਗਏ। ਇਕ ਥਾਂ ਤੋਂ ਦੂਜੀ ਥਾਂ ਜ਼ਮੀਨ ਅਲਾਟ ਹੋਣ ਵੇਲੇ ਫਿਰ ਹੋਰ ਕੱਟ ਲਗ ਗਈ। ਹੜਾਂ ਨਲ ਸੇਮ ਹੋ ਗਈ ਜ਼ਮੀਨ ਨੂੰ ਫਿਰ ਕਿਸੇ ਹੋਰ ਪਿੰਡ ਅਲਾਟ ਹੋਣ ਵੇਲੇ ਫਿਰ ਕੱਟ ਲਗ ਗਈ ਤੇ ਇਹਨਾਂ ਕੱਟਾਂ ਦੀ ਮਾਰ ਖਾਂਦੇ ਖਾਂਦੇ ਆਖਰ ਤੇ ਅਸੀਂ ਇਹੋ ਜਿਹੀ 22 ਏਕੜ ਜ਼ਮੀਨ ਦੇ ਮਾਲਕ ਰਹਿ ਗਏ ਜਿਸ ਦੀਆਂ ਕਈ ਕਿਸਮਾਂ ਸਨ ਜਿਵੇਂ ਨਹਿਰੀ, ਛਿਮਾਹੀ, ਚਾਹੀ, ਬਰਾਨੀ, ਬੰਜਰ, ਕੱਲਰ, ਭਖੜੇ, ਬੂਈਆਂ ਤੇ ਅੱਕਾਂ ਵਾਲੀ, ਸਰਕੜੇ ਤੇ ਕਾਨਿਆਂ ਵਾਲੀ ਵਗੈਰਾ। ਇਹ ਜ਼ਮੀਨ ਅਗੇ ਕਈ ਟੋਟਿਆਂ ਵਿਚ ਵੰਡੀ ਹੋਈ ਸੀ ਤੇ  ਇਕ ਟੱਕ ਨਹੀਂ ਸੀ। ਇਸ ਤਰ੍ਹਾਂ ਦੀ ਅਲਾਟ ਹੋਈ ਜ਼ਮੀਨ ਵਿਚੋਂ ਰੋਟੀ ਨਹੀਂ ਨਿਕਲਦੀ ਸੀ ਕਿਉਂਕਿ ਨਹਿਰੀ ਪਾਣੀ ਦੀ ਬੜੀ ਘਾਟ ਸੀ। ਪਾਣੀ ਦੀ ਲੋੜ ਲਈ ਮਾਝੇ ਵਾਲੀ ਜੱਦੀ ਜ਼ਮੀਨ ਜੋ ਸ਼ਰੀਕਾਂ ਵਿਚ ਵੰਡ ਹੋ ਕੇ 2 ਏਕੜ ਹੀ ਬਾਕੀ ਰਹਿ ਗਈ ਸੀ, 5 ਹਜ਼ਾਰ ਵਿਚ ਵੇਚ ਕੇ ਲੁਧਿਆਣੇ ਤੋਂ ਡੀਜ਼ਲ ਵਾਲਾ ਕਿਰਲਾਸਕਰ ਦਾ ਇੰਜਣ ਖਰੀਦ ਲਿਆ ਜੋ ਅਕਸਰ ਖਰਾਬ ਹੀ ਰਹਿੰਦਾ। ਰਜਵੀਂ ਰੋਟੀ ਲਈ ਇਹ ਜਗਾੜ ਵੀ ਬਹੁਤਾ ਲਾਹੇਵੰਦ ਨਾ ਨਿਕਲਿਆ। ਹੌਲੀ ਹੌਲੀ ਇਹ ਸਾਰੀ ਖਿੰਡਵੀ ਜ਼ਮੀਨ ਵੇਚ ਵੱਟ ਕੇ ਹਿੰਦੋਸਤਾਨ ਵਿਚੋਂ ਬਾਹਰ ਆ ਗਏ ਤੇ ਨਤੀਜਾ ਇਹ ਸਾਹਮਣੇ ਆਇਆ ਕਿ ਸਸਤ ਭਾਅ ਵੇਚੀਆਂ ਜ਼ਮੀਨਾਂ ਵੇਚਣ ਪਛੋਂ ਜ਼ਮੀਨਾਂ ਦਾ ਭਾਅ ਅਸਮਾਨ ਛੁਹਣ ਲਗੇ ਤੇ ਜਿਹੜੀਆਂ ਜ਼ਮੀਨਾਂ ਅਸੀਂ ਵੇਚੀਆਂ ਸਨ, ਉਹ ਕਰੋੜਾਂ ਦੀਆਂ ਹੋ ਗਈਆਂ। ਪਰ ਸਾਡੇ ਭਥੇ ਵਿਚੋਂ ਤਾਂ ਸਾਰੇ ਤੀਰ ਬਗੈਰ ਕੋਈ ਠੀਕ ਨਿਸ਼ਾਨਾ ਲਗਿਆਂ ਚੱਲ ਚੁਕੇ ਸਨ। ਅਸੀਂ ਜੋ ਕਦੇ ਆਪਣੇ ਆਪ ਨੂੰ ਜ਼ਮੀਨਾਂ ਵਾਲੇ ਸਮਝਦੇ ਸਾਂ, ਹੀਰੋ ਤੋਂ ਜ਼ੀਰੋ ਬਣ ਗਏ ਸਾਂ। ਸੋ ਮੇਰੇ ਤਜਰਬੇ ਅਨੁਸਾਰ ਅਸੀਂ ਜ਼ਮੀਨਾਂ ਵਿਚੋਂ ਦੀ ਖਰੀਦੋ-ਫਰੋਖਤ ਤੇ ਅਲਾਟਮੈਂਟ ਵਿਚ ਕਰੋੜਾਂ ਦਾ ਨੁਕਸਾਨ ਉਠਾਇਆ ਹੈ। ਚੰਡੀਗੜ੍ਹ ਵਿਚ ਇਕ ਪਲਾਟ ਜਿਸਦੀ ਕੀਮਤ ਇਸ ਵੇਲੇ ਦੋ ਕਰੋੜ ਦੇ ਕਰੀਬ ਹੈ, ਕੁਝ ਮਿਹਰਬਾਨਾਂ ਦੀ ਮਿਹਰਬਾਨੀ ਸਦਕਾ ਜਾਂਦਾ ਲੱਗਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਮੈਨੂੰ ਜ਼ਮੀਨਾਂ ਜਾਇਦਾਦਾਂ ਦੇ ਕੰਮਾਂ ਵਿਚ ਸਦਾ ਨੁਕਸਾਨ ਹੀ ਹੋਇਆ ਹੈ। ਅਖੀਰ ਤੇ ਆ ਕੇ ਹੁਣ ਜਦ ਮੈਂ ਚੰਡੀਗੜ੍ਹ ਵਾਲੀ ਕੋਠੀ ਵੇਚ ਕੇ ਆਇਆ ਹਾਂ ਤਾਂ ਸਵਾ ਕਰੋੜ ਤੋਂ ਵਧ ਦਾ ਨੁਕਸਾਨ ਹੋਇਆ ਹੈ।

    ਹੁਣ ਜਿਹੜੇ ਪੰਜਾਬ ਵਿਚ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਐਨ ਆਰ ਆਈ ਬਦੇਸ਼ਾਂ ਵਿਚ ਬੈਠੇ ਹਨ ਅਤੇ ਪੰਜਾਬ ਦੇ ਹਾਲਾਤਾਂ ਮੁਤਾਬਕ ਵਾਪਸ ਜਾਣਾ ਨਹੀਂ ਚਹੁੰਦੇ ਤੇ ਆਪਣੀਆਂ ਪੁਰਾਣੀਆਂ ਜਾਇਦਾਦਾਂ ਦਾ ਬਹੁਤ ਮੋਹ ਰਖਦੇ ਹਨ, ਜੇ ਕਰ ਉਹ ਆਪਣੇ ਆਪ ਆਪਣੀਆਂ ਜਾਰਿਦਾਦਾਂ ਵੇਚਣ ਜਾਂ ਰਖਣ ਦਾ ਸਹੀ ਫੈਸਲਾ ਨਹੀਂ ਕਰਨਗੇ ਤਾਂ ਉਹਨਾਂ ਦੀ ਔਲਾਦ ਨੇ ਤਾਂ ਇਸ ਜਾਇਦਾਦ ਵੇਚਣ ਜਾਂ ਰਖਣ ਲਈ ਪਿਛੇ ਜਾਣਾ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਇਸ ਜਾਇਦਾਦ ਦੀ ਕੋਈ ਪਰਵਾਹ ਕਰਨੀ ਹੈ ਕਿਉਂਕਿ ਉਹਨਾਂ ਦਾ ਓਸ ਪਿਛੇ ਰਹਿ ਗਈ ਜਾਇਦਾਦ ਨਾਲ ਕੋਈ ਲਗਾਓ ਨਹੀਂ ਹੈ ਅਤੇ ਨਾ ਹੀ ਉਹ ਓਥੇ ਜਾ ਕੇ ਵੇਚਣ ਦੇ ਖਲਜਗਨ ਨੂੰ ਫੇਸ ਕਰ ਸਕਣਗੇ।

    ਹੋ ਸਕਦਾ ਹੈ ਕਿ ਕੱਲ ਨੂੰ ਪੰਜਾਬ ਦੇ ਹਾਲਾਤ ਬਦਲ ਹੀ ਜਾਣ ਅਤੇ ਕੋਈ ਨਵੀਂ ਸਰਕਾਰ ਆ ਜਾਵੇ ਤੇ ਐਨ ਆਰ ਆਈਜ਼ ਲਈ ਕੁਝ ਚੰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣ ਜਿਸ ਨਾਲ ਐਨ ਆਰ ਆਈਜ਼ ਦੀਆਂ ਆਪਣੇ ਪਿਆਰੇ ਵਤਨ ਨਾਲੋਂ ਟੁਟਦੀਆਂ ਮੋਹ ਦੀਆਂ ਤੰਦਾਂ ਫਿਰ ਸੁਰਜੀਵ ਹੋ ਜਾਣ ਪਰ ਪੁਲਸ, ਚਾਲਾਕ ਪਰਾਪਰਟੀ ਡੀਲਰ, ਕੋਰਟ ਕਚਹਿਰੀਆਂ ਦੇ ਅਹਿਲਕਾਰ, ਦਲਾਲ ਤੇ ਹੋਰ ਸਬੰਧਤ ਲੋਕ ਜੋ ਕਦੇ ਨਹੀਂ ਬਦਲ ਸਕਦੇ, ਅਜਿਹਾ ਨਹੀਂ ਹੋਣ ਦੇਣਗੇ। ਇਸ ਲਈ ਐਨ ਆਰ ਆਈਜ਼ ਨੂੰ ਆਪਣੀਆਂ ਜਾਇਦਾਦਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ। ਦੋ ਬੇੜੀਆਂ ਵਿਚ ਪੈਰ ਰਖਣ ਵਾਲਾ ਸਦਾ ਡੁਬਦਾ ਹੀ ਆਇਆ ਹੈ ਅਤੇ ਇਕ ਬੇੜੀ ਵਿਚ ਪੈਰ ਰੱਖਣ ਦਾ ਫੈਸਲਾ ਕਰ ਹੀ ਲੈਣਾ ਚਾਹੀਦਾ ਹੈ।
    ...ਚਲਦਾ...