ਗੰਭੀਰ ਮਸਲੇ ਛੋਹ ਗਿਆ ਨਾਟਕ "ਸਾਢੇ ਤੀਹ ਦਿਨ'
(ਖ਼ਬਰਸਾਰ)
ਟੋਰਾਂਟੋ -- ਇੱਥੋਂ ਦੇ ਨੇੜਲੇ ਅਤੇ ਪੰਜਾਬੀਆਂ ਦੇ ਚਹੇਤੇ ਸ਼ਹਿਰ, ਬਰੈਂਪਟਨ ਦੇ 'ਚਿੰਗਕੂਜ਼ੀ ਸੈਕੰਡਰੀ ਸਕੂਲ' ਵਿੱਚ ਪਿਛਲੇ ਐਤਵਾਰ, 13 ਦਸੰਬਰ ਨੂੰ ਇੱਕ ਸਟੇਜ ਨਾਟਕ 'ਸਾਢੇ ਤੀਹ ਦਿਨ' ਖੇਡਿਆ ਗਿਆ ਜਿਸ ਨੂੰ ਦ੍ਰਸ਼ਕਾਂ ਦੇ ਭਰਵੇਂ ਇਕੱਠ ਨੇ ਖੂਬ ਸਲਾਹਿਆ।
ਥੀਏਟਰ-ਕਲਾ ਦੇ ਖੇਤਰ ਵਿੱਚ ਪੂਰਣ ਨਿਪੁੰਨ ਜਸਪਾਲ ਢਿੱਲੋਂ ਜੀ ਨੇ ਇਸ ਨਾਟਕ ਨੂੰ ਲਿਖਿਆ, ਨਿਰਦੇਸ਼ਣ ਦਿੱਤਾ ਅਤੇ ਇਸ ਦਾ ਮੁੱਖ ਕਿਰਦਾਰ ਵੀ ਨਿਭਾਇਆ। ਇਸ ਦੇ ਨਾਲ ਹੀ ਸੰਗੀਤ ਕਲਾ ਵਿੱਚ ਉਚਾ, ਸੁੱਚਾ ਨਾਂ ਬਣਾ ਚੁੱਕੇ ਰਾਜ ਘੁੰਮਣ ਜੀ ਨੇ ਇਸਨੂੰ ਸੰਗੀਤ ਦੇ ਕੇ ਹੋਰ ਵੀ ਨਿਖ਼ਾਰ ਦਿੱਤਾ। ਸ਼ੁਰੂ ਦੇ ਵਿੱਚ ਭਾਵੇਂ ਇਹੋ ਹੀ ਲਗਦਾ ਸੀ ਕਿ ਇਸ ਨਾਟਕ ਦਾ ਮੁੱਖ ਉਦੇਸ਼ ਸਿਰਫ਼ ਹਾਸਾ ਹੀ ਹੈ, ਪਰ ਹਾਸੇ-ਹਾਸੇ ਵਿੱਚ ਜੋ ਸੰਦੇਸ਼ ਮਿਲੇ, ਉਹ ਤਾਂ ਭਰਮਾਂ, ਰਸਮਾਂ, ਸਮਾਜਿਕ ਵਰਤਾਰੇ ਅਤੇ ਸਿਆਸਤ ਦੇ ਖੋਖਲੇਪਣ ਦੇ ਕੋਝੇ ਚਿਹਰੇ ਨੂੰ ਬੇਨਿਕਾਬ ਕਰ ਗਏ। ਇਨ੍ਹਾਂ ਸਾਰੇ ਸੰਦੇਸ਼ਾਂ ਨਾਲ ਜੁੜੀਆਂ ਸਭ ਘਟਨਾਵਾਂ ਦੀਆਂ ਕੜੀਆਂ ਨੂੰ ਇੱਕੋ ਹੀ ਮਜ਼ਬੂਤ ਅਤੇ ਚਮਕਦੀ ਜੰਜ਼ੀਰ ਵਿੱਚ ਪਰੋਣਾ ਕਿਸੇ ਸੂਝਵਾਨ ਅਤੇ ਹੰਢੇ- ਵਰਤੇ ਕਲਾਕਾਰ ਦੀ ਮਿਹਨਤ ਦਾ ਹੀ ਨਤੀਜ਼ਾ ਹੋ ਸਕਦਾ ਹੈ। ਇਸ ਕਾਰਜ ਨੂੰ ਬਾਖ਼ੂਬੀ ਅੰਜ਼ਾਮ ਦਿੱਤਾ ਜਸਪਾਲ ਢਿੱਲੋਂ ਜੀ ਨੇ ।
ਨਾਟਕ ਦੀ ਕਹਾਣੀ, ਸਾਦੀ ਅਤੇ ਘਰੇਲੂ ਹੋਣ ਕਾਰਨ, ਦਰਸ਼ਕਾਂ ਨੂੰ ਕੋਈ ਓਪਰੀ ਨਹੀਂ ਲੱਗੀ ਲਗਦੀ। ਅਜਿਹੀਆਂ ਘਟਨਾਵਾਂ ਆਮ ਜ਼ਿੰਦਗੀ ਨਾਲ ਹੀ ਤਾਂ ਸੰਬੰਧ ਰਖਦੀਆਂ ਹਨ, ਜਿਵੇਂ ਪਿਉ ਦਾ ਮਰਨੋਂ ਪਹਿਲਾਂ ਬੱਚਿਆਂ ਨੂੰ ਵਿਆਹੁਣਾ (ਖ਼ਾਸ ਕਰਕੇ ਧੀ), ਪੁੱਤ ਦੀ ਪਿਉ ਦੇ ਪੈਸਿਆਂ 'ਤੇ ਲਾਲਸੀ-ਨਿਗ੍ਹਾ, ਕੋਈ ਸਮੱਸਿਆ ਦਿਸੇ ਤਾਂ ਜੋਤਿਸ਼ੀ ਦੀ ਮੱਦਦ ਅਤੇ ਬਾਹਰ ਵਸਦੇ ਭਾਰਤੀਆਂ ਦੀ ਪਿੱਛੇ ਰਹੀ ਜ਼ਾਇਦਾਦ ਦੇ ਮਸਲੇ, ਆਦਿ! ਇਹ ਸਭ ਕੁਝ ਦਿਖਾਉਣ ਲਈ ਹਾਜ਼ਿਰ ਸਨ, ਲੱਖਾ (ਜਸਪਾਲ ਢਿੱਲੋਂ), ਬਿੱਲੋ (ਧੀ ਲੱਖੇ ਦੀ ਧੀ ਦੇ ਰੋਲ ਵਿੱਚ ਲਵਲੀਨ), ਮੱਖਣ (ਬਿੱਲੋ ਦੇ ਸੰਭਾਵੀ ਮੰਗੇਤਰ ਦੇ ਰੂਪ ਵਿੱਚ ਸੁਰਜੀਤ ਢੀਂਡਸਾ), ਜੈਗ (ਲੱਖੇ ਦੇ ਪੱਤਰ ਦੇ ਰੋਲ ਵਿੱਚ ਜੈਗ ਧਾਲੀਵਾਲ),ਯਮਦੂਤ (ਜੁਗਿੰਦਰ ਸੰਘੇੜਾ), ਜੋਤਿਸ਼ੀ (ਕਮਲ ਸ਼ਰਮਾ), ਬੀਮਾ ਏਜੰਟ (ਜੇ ਸਿੰਘ) ਅਤੇ ਲੱਖੇ ਦੇ ਤਿੰਨ ਦੋਸਤ (ਜੁਗਿੰਦਰ ਸੰਘੇੜਾ, ਬਿਕਰਮ ਰੱਖੜਾ, ਅਤੇ ਵਿਵੇਕ ਕੋਹਲੀ)। ਸਾਰਿਆਂ ਦੀ ਹੀ ਅਦਾਕਾਰੀ ਬੇਹੱਦ ਢੁੱਕਵੀਂ ਸੀ ਪਰ ਸੁਰਜੀਤ ਢੀਂਡਸਾ ਅਤੇ ਲਵਲੀਨ ਦੀ ਜੋੜੀ ਸਾਰੇ ਨਾਟਕ ਵਿੱਚ ਛਾਈ ਰਹੀ।
ਨਾਟਕ ਨੂੰ ਸੰਗੀਤ ਦਾ ਤੜਕਾ ਵੀ ਲਾਇਆ ਗਿਆ। ਕੁਲਵਿੰਦਰ ਖਹਿਰਾ ਅਤੇ ਗੁਰਦਾਸ ਮਿਨਹਾਸ ਦੇ ਲਿਖੇ ਗੀਤਾਂ ਨੂੰ ਰਾਜ ਘੁੰਮਣ ਅਤੇ ਰੋਮੀ ਗਿੱਲ ਨੇ ਆਪਣੀਆਂ ਸੁਰੀਲੀਆਂ ਆਵਾਜਾਂæ ਨਾਲ਼ ਸ਼ਿੰਗਾਰ ਕੇ ਦਰਸ਼ਕਾਂ ਦੇ ਕੰਨਾਂ/ਅੱਖਾਂ ਨੂੰ ਮੋਹਿਆ। ਪਿੱਠ-ਭੂੰਮੀਂ ਤੋਂ ਸੰਗੀਤ ਇੰਦਰਜੀਤ ਢਿੱਲੋਂ ਨੇ ਕੰਟਰੋਲ ਕੀਤਾ ਅਤੇ ਫੋਟੋਗ੍ਰਾਫ਼ੀ ਦੀ ਸੇਵਾ ਮਨਦੀਪ ਔਜਲਾ ਵੱਲੋਂ ਨਿਭਾਈ ਗਈ ਜਦਕਿ ਸਟੇਜ ਦੀ ਕਾਰਵਾਈ ਨਵਜੋਤ ਘੁੰਮਣ ਅਤੇ ਰਾਜ ਘੁੰਮਣ ਵੱਲੋਂ ਨਿਭਾਈ ਗਈ।
ਦੋ ਘੰਟੇ ਇਸ ਤਰ੍ਹਾਂ ਲੰਘ ਗਏ ਜਿਵੇਂ ਕੁਝ ਮਿੰਟ ਹੀ ਹੋਣ। ਹਾਸੇ-ਹਾਸੇ ਵਿੱਚ ਕੀ ਕੁਝ ਕਿਹਾ ਗਿਆ, ਇਹ ਤਾਂ ਸਿਰਫ਼ ਦਰਸ਼ਕ ਹੀ ਦੱਸ ਸਕਦੇ ਹਨ। ਘੜੀ ਮੁੜੀ ਤਾੜੀਆਂ ਦੀ ਹੀ ਗੂੰਜ ਸੁਣਾਈ ਦਿੰਦੀ ਸੀ। ਇਤਨਾ ਵਿਅੰਗਮਈ ਹਾਸਾ ਪਹਿਲਾਂ ਕਿਸੇ ਨਾਟਕ ਜਾਂ ਫ਼ਿਲਮ ਵਿੱਚੋਂ ਨਹੀਂ ਲੱਭਿਆ। ਤਕਰੀਬਨ ਸਭ ਦਰਸ਼ਕਾਂ ਦੇ ਮੂੰਹੋਂ 'ਕਮਾਲ' ਜਾਂ ਅਜਿਹਾ ਹੀ ਕੋਈ ਸ਼ਬਦ ਨਿਕਲ ਰਿਹਾ ਸੀ। ਇਸ ਨਾਟਕ ਨੂੰ ਜੇਕਰ ਫ਼ਿਲਮ ਵਿੱਚ ਰੂਪਾਂਤਰ ਕਰ ਦਿੱਤਾ ਜਾਵੇ ਤਾਂ ਵਧੇਰੇ ਦਰਸ਼ਕ ਇਸਦਾ ਆਨੰਦ ਅਤੇ ਜਾਗਰੂਕਤਾ ਮਾਣ ਸਕਦੇ ਹਨ।
ਗੁਰਦਾਸ ਮਿਨਹਾਸ