ਬਲਬੀਰ ਮੋਮੀ 'ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ
(ਖ਼ਬਰਸਾਰ)
ਮਿਸੀਸਾਗਾ -- ਬੀਤੇ ਦਿਨੀਂ Aੁੱਘੇ ਪੰਜਾਬੀ ਲੇਖਕ ਅਤੇ ਪੱਤਰਕਾਰ ਬਲਬੀਰ ਸਿੰਘ ਮੋਮੀ ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ 'ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਉਘੇ ਵਿਦਵਾਨ ਤੇ ਆਲੋਚਕ ਬਲਰਾਜ ਚੀਮਾ ਜਿਨ੍ਹਾਂ ਇਸ ਪਰੋਗਰਾਮ ਦੀ ਪ੍ਰਧਾਨਗੀ ਵੀ ਕੀਤੀ, ਤੋਂ ਇਲਾਵਾ ਮਸ਼ਹੂਰ ਕੈਨੇਡੀਅਨ ਸ਼ਾਇਰਾ ਸੁਰਜੀਤ ਕੌਰ, ਰੇਡੀਓ ਪੱਤਰਕਾਰ ਜੈਕਾਰ ਲਾਲ ਦੁੱਗਲ, ਲੇਖਕ ਅਮਰਜੀਤ ਬਾਵੇਜਾ, ਕੁਲਵਿੰਦਰ ਸਿੰਘ ਸੈਣੀ, ਮੋਹਿੰਦਰ ਪਾਲ ਸਿੰਘ, ਸੰਜੀਵ ਭੱਟੀ, ਮੋਹਿੰਦਰ ਸਿੰਘ ਵਾਲੀਆ, ਰੇਡੀਓ ਹੋਸਟ ਅਰੂਜ ਰਾਜਪੂਤ, ਨਰਦੇਵ ਸਿੰਘ ਸਿੱਧੂ, ਮਨਜਿੰਦਰ ਸਿੰਘ ਔਲਖ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।
ਬਲਰਾਜ ਚੀਮਾ, ਅੰਕਲ ਦੁੱਗਲ, ਅਮਰਜੀਤ ਬਾਵੇਜਾ, ਅਤੇ ਕੁਲਜੀਤ ਜੰਜੂਆ ਨੇ ਮੋਮੀ ਸਾਹਿਬ ਦੇ ਸਾਹਿਤ ਅਤੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦਸਿਆ ਕਿ ਇਹਨਾਂ ਦੇ ਸਾਹਿਤਕ ਕੰਮ ਅਤੇ ਵਖ ਵਿਖ ਵਿਧਾ 'ਚ ਲਿਖੇ ਰਚਨਾ ਸੰਸਾਰ ਤੇ ਕੁਝ ਯੂਨੀਵਰਸਿਟੀਜ਼ ਵਿਚ ਪੰਜ ਵਿਦਿਆਰਥੀ ਪੀ.ਐਚ. ਡੀ. ਕਰ ਚੁਕੇ ਹਨ। ਕੁਝ ਵਿਦਿਆਰਥੀਆਂ ਨੇ ਇਹਨਾਂ ਦੀਆਂ ਕਹਾਣੀਆਂ ਤੇ ਐਮ ਫਿਲ਼ ਵੀ ਕੀਤੀ ਹੈ। ਬਲਰਾਜ ਚੀਮਾ ਨੇ ਦਸਿਆ ਕਿ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੀ ਕਲਚਰ, ਲੋਕ ਜੀਵਨ ਤੇ ਰਹਿਤਲ ਉਤੇ ਇਹਾਂ ਬਹੁਤ ਨਿਠ ਕੇ ਕੰਮ ਕੀਤਾ ਹੈ। ਇਹਨਾਂ ਦੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਪਹਿਲਾਂ ਸ਼ਾਹਮੁਖੀ ਵਿਚ ਲਾਹੌਰ (ਪਾਕਿਸਤਾਨ) ਵਿਚ ਛਪੀ ਤੇ ਪਿਛੋਂ ਭਾਰਤ ਵਿਚ। ਪਾਕਿਸਤਾਨ ਸਰਕਾਰ ਨੇ ਇਹਨਾਂ ਨੂੰ ਹਵਾਈ ਜਹਾਜ਼ ਦੀ ਰੀਟਰਨ ਟਿਕਟ ਅਤੇ ਤਿੰਨ ਮਹੀਨੇ ਦਾ ਓਪਨ ਵੀਜ਼ਾ ਦੇ ਕੇ ਪਾਕਿਸਤਾਨ ਬੁਲਾ ਕੇ ਸਨਮਾਨਿਤ ਕੀਤਾ ਤੇ ਇਸਲਾਮਾਦ, ਗੁਜਰਾਤ ਯੂਨੀਵਰਸਿਟੀ ਅਤੇ ਲਾਹੌਰ ਵਿਚ ਇਹਨਾਂ ਦੀ ਸਵੈ ਜੀਵਨੀ ਰੀਲੀਜ਼ ਕੀਤੀ ਤੇ ਉਸ ਤੇ ਪਰਚੇ ਪੜ੍ਹੇ ਗਏ। ਇਸ ਬਹੁ-ਚਰਚਤ ਸਵੈ ਜੀਵਨੀ ਵਿਚ ਅਨੇਕਾਂ ਅਲੋਕਾਰੀ, ਖੱਟੀਆਂ, ਮਿਠੀਆਂ, ਕੌੜੀਆਂ, ਖਾਰੀਆਂ ਤੇ ਕੁਸੈਲੀਆਂ ਯਾਦਾਂ ਤੇ ਤਜਰਬਿਆਂ ਦੇ ਵਰਨਣ ਤੋਂ ਇਲਾਵਾ1947 ਵਿਚ ਹੋਈ ਭਾਰਤ ਦੀ ਵੰਡ ਦਾ ਅਖੀਂ ਡਿਠਾ ਤੇ ਨੰਗੇ ਪਿੰਡੇ ਤੇ ਹੰਢਾਇਆ ਉਜਾੜਾ ਤੇ ਮੁੜ ਵਸੇਬੇ ਦਾ ਕੁਰਲਾਉਂਦਾ ਦੁਖਾਂਤ ਸ਼ਾਮਲ ਹੈ
ਨਵੰਬਰ ਵਿਚ ਕਮਿਉਨਿਟੀ ਵੱਲੋਂ ਨਾਮਵਰ ਅਦੀਬਾਂ ਤੇ ਬੁਧੀਜੀਵੀਆਂ ਦੇ ਭਾਰੀ ਆਪ ਦਾ ਅੱਸੀਵਾਂ ਜਨਮ ਦਿਨ ਮਨਾਇਆ ਗਿਆ। ਚੇਤੇ ਰਹੇ ਕਿ ਮੋਮੀ ਸਾਹਿਬ ਦੀਆਂ 32 ਪੁਸਤਕਾਂ ਛਪ ਚੁਕੀਆਂ ਹਨ। ਆਪ ਨੇ 14 ਸਾਲ ਦੀ ਉਮਰ ਵਿਚ ਲਿਖਣਾ ਸ਼ੁਰੂ ਕੀਤਾ ਸੀ ਤੇ ਇਸ ਵੇਲੇ ਸਵੈ ਜੀਵਨੀ ਦਾ ਤੀਜਾ ਭਾਗ ਲਿਖ ਰਹੇ ਹਨ।
ਕੁਲਜੀਤ ਸਿੰਘ ਜੰਜੂਆ