ਪਰਦੇਸੀ ਮਹਿਬੂਬ ਨੂੰ
ਖਤ ਲਿਖਦਿਆਂ
ਹੁਣ ਨਹੀਂ ਲਿਖਦੀ ਮੈਂ
ਵੰਗਾਂ ਦੀ ਛਣਕਾਰ
ਬਾਰੂਦਾਂ ਦੇ ਸ਼ੌਰ ਵਿੱਚ
ਰੁਲਦੀਆਂ ਨੇ ਚੂੜੀਆਂ
ਕੁੜੀਆਂ ਨਾਲੋਂ ਤਾਂ
ਚਿੜੀਆਂ ਹੀ ਚੰਗੀਆਂ ਨੇ
ਜੋ ਇਕ ਵਾਰ
ਹੋ ਗਈਆਂ ਅਲੋਪ
ਨਹੀਂ ਹੁੰਦੇ
ਪਲ-ਪਲ ਬਲਾਤਕਾਰ
ਹੁਣ ਨਹੀਂ
ਕੁੱਖਾਂ ਵਿੱਚ
ਮੋਈਆਂ ਸੱਖੀਆਂ
ਤੇਰਾ ਨਾਮ
ਨਹੀਂ ਯਾਦ ਕਰਾਉਂਦੀਆਂ
ਹੁਣ ਚਾਚੇ-ਤਾਏ
ਤੇ ਸ਼ਰੀਕਾ ਭਾਈਚਾਰਾ
ਸਭ ਨੂੰ ਖਾ ਗਈ
ਰਾਜਨੀਤੀ
ਹੁਣ ਤਾਂ
ਪਾਰਟੀਬਾਜਾਂ ਨਾਲ ਹੀ ਨੇ
ਰਿਸ਼ਤੇਦਾਰੀਆਂ
ਤੇ ਭਾਈਚਾਰਾ
ਹੁਣ ਨਹੀਂ
ਉਡਾਉਂਦੀ ਮੈਂ
ਬਨੇਰੇ ਤੋਂ ਕਾਂਗ
ਨਹੀਂ ਬਲਾਉਣਾ
ਮੈਂ ਮਾਹੀ
ਆਪਣੇ ਦੇਸ਼
ਕਿਉਂਕਿ
ਹੁਣ ਏ ਦੇਸ਼
ਦੇਸ਼ ਨਹੀਂ ਰਿਹਾ
ਬਣ ਗਿਆ
ਜੇਲਖਾਨਾ
ਤੇ ਬੇਗਾਨੀ ਹੋ ਗਈ
ਧਰਤ ਪੰਜਾਬ ਦੀ
ਮੈਨੂੰ ਚਾਹੀਦੀ ਏ
ਤੇਰੀ ਖੈਰ
ਨਾ ਆਵੀਂ
ਆਪਣੇ ਦੇਸ਼
ਮੇਰੇ ਮਹਿਬੂਬ।