ਪਤੀ ਪਤਨੀ ਰਿਸ਼ਤਾ- ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿਚ (ਆਲੋਚਨਾਤਮਕ ਲੇਖ )

ਇੰਦਰਜੀਤ ਕੌਰ (ਡਾ.)   

Email: kalsiinderjit@yahoo.com
Address: ਰਾਮਗੜ੍ਹੀਆ ਗਰਲਜ਼ ਕਾਲਜ
ਲੁਧਿਆਣਾ India
ਇੰਦਰਜੀਤ ਕੌਰ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖ ਸਮਾਜਿਕ-ਸਭਿਆਚਾਰਕ ਆਲੇ-ਦੁਆਲੇ ਵਿਚ ਰਹਿਣ ਵਾਲਾ ਸਮਾਜਿਕ-ਸਭਿਆਚਾਰਕ ਜੀਵ ਹੈ| ਮਨੁੱਖ ਦੀ ਇਹ ਵਿਸ਼ੇਸ਼ਤਾ ਉਸ ਨੂੰ ਹੋਰ ਜੀਵਾਂ ਨਾਲੋਂ ਨਿਖੇੜਦੀ ਹੈ ਅਤੇ ਇਸ ਵਿਸ਼ੇਸ਼ਤਾ ਦੀ ਵਾਕਫ਼ੀਅਤ, ਸਮਝ ਤੇ ਪਰਖ ਸਭਿਆਚਾਰਕ ਸਰਵੇਖਣ ਉਤੇ ਅਧਾਰਤ ਹੈ|"1 ਮਨੁੱਖੀ ਇਤਿਹਾਸ ਦੇ ਆਦਿ ਸਮਾਜ ਵਿਚ ਪਰਿਵਾਰ, ਵਿਆਹ, ਰਿਸ਼ਤਾ-ਨਾਤਾ ਆਦਿ ਵਰਗਾ ਕੋਈ ਸੰਕਲਪ ਨਹੀਂ ਸੀ| ਮਨੁੱਖੀ ਸਮਾਜਕ ਵਿਕਾਸ ਦੇ ਖਾਸ ਇਤਿਹਾਸਕ ਪੜਾਅ ਤੇ ਆ ਕੇ ਹੀ ਰਿਸ਼ਤਾ-ਨਾਤਾ ਪ੍ਰਬੰਧ ਹੋਂਦ ਵਿਚ ਆਉਂਦਾ ਹੈ, ਇਸ ਪੜਾਅ ਤੇ ਪਹੁੰਚ ਕੇ ਮਨੁੱਖ ਬਾਕੀ ਜੀਵਾਂ ਨਾਲੋਂ ਵੱਖਰਾ ਵੀ ਹੋ ਜਾਂਦਾ ਹੈ ਅਤੇ ਵਿਸ਼ੇਸ਼ ਵੀ| ਔਰਤ-ਮਰਦ ਦਾ ਪ੍ਰਾਕਿਰਤਕ ਸੰਬੰਧ ਵੀ ਸਮਾਜ-ਸਭਿਆਚਾਰ ਦੇ ਇਸ ਪੜਾਅ ਤੇ ਆ ਕੇ ਸਭਿਆਚਾਰਕ ਵਿਵਸਥਾ ਵਿਚ ਪਤੀ-ਪਤਨੀ ਦਾ ਰੂਪ ਧਾਰ ਲੈਂਦਾ ਹੈ| 
ਪ੍ਰਾਕਿਰਤਕ ਜੀਵ-ਵਿਗਿਆਨਕ ਰਿਸ਼ਤਿਆਂ ਦਾ ਸਭਿਆਚਾਰਕ ਰੂਪ ਵਿਚ ਪਰਿਵਰਤਨ ਸਮਾਜ ਦੀਆਂ ਸੰਸਥਾਵਾਂ ਰਾਹੀਂ ਨਿਸ਼ਚਿਤ ਹੁੰਦਾ ਹੈ ਜਿਵੇਂ ਪਰਿਵਾਰ ਦੀ ਸੰਸਥਾ| ਇਹ ਸੰਸਥਾ ਅੱਗੋਂ ਵਿਆਹ, ਜਾਤ, ਧਰਮ ਆਦਿ ਸੰਸਥਾਵਾਂ ਰਾਹੀਂ ਸਮਾਜਕ ਸੰਤੁਲਨ ਕਾਇਮ ਕਰਨ ਦੇ ਕਾਰਜ ਵਿਚ ਲੱਗੀ ਹੁੰਦੀ ਹੈ| ਰਿਸ਼ਤਿਆਂ ਦੀ ਸਹਿਜ ਸੁਭਾਵੁਕ ਚੇਤਨਾ ਪਰਿਵਾਰ ਤੋਂ ਹੀ ਪੈਦਾ ਹੁੰਦੀ ਹੈ|
ਭਾਰਤੀ/ਪੰਜਾਬੀ ਸਭਿਆਚਾਰ ਦੇ ਮੁੱਢਲੇ ਪੜਾਅ ਵੈਦਿਕ-ਕਾਲ ਵਿਚ ਰਚੇ ਗਏ ਵੇਦਾਂ ਤੋਂ ਔਰਤ ਦੀ ਸਥਿਤੀ ਪੁਰਸ਼ ਦੀ ਤਰ੍ਹਾਂ ਹੀ ਸਨਮਾਨਜਨਕ ਹੋਣ ਦੇ ਵੇਰਵੇ ਮਿਲਦੇ ਹਨ, ਜੋ ਔਰਤ-ਮਰਦ ਸੰਬੰਧਾਂ ਦੇ ਸੁਖਾਵੇਂ ਹੋਣ ਦਾ ਸੰਕੇਤ ਦਿੰਦੇ ਜਾਪਦੇ ਹਨ| ਵੈਦਿਕ ਕਾਲ ਅਤੇ ਉੱਤਰ ਵੈਦਿਕ-ਕਾਲ ਵਿਚ ਇਸਤਰੀਆਂ ਦੀ ਸਮਾਜਿਕ-ਸਥਿਤੀ ਪੁਰਸ਼ਾਂ ਦੇ ਬਰਾਬਰ ਹੀ ਹੁੰਦੀ ਸੀ| ਉਹਨਾਂ ਦਾ ਵੀ ਨਾਮ-ਕਰਨ ਸੰਸਕਾਰ ਤੇ ਸਿੱਖਿਆ ਸੰਸਕਾਰ ਹੁੰਦਾ ਸੀ ਅਤੇ ਉਹ ਵੀ ਗੁਰੂਕਾਲ ਵਿਚ ਵਿਦਿਆ ਅਭਿਆਸ ਕਰਦੀਆਂ ਸਨ| ਨੌਜਾਵਾਨ ਹੋਣ ਤੇ ਉਹ ਸਵੰਬਰ ਦੁਆਰਾ ਪਤੀ ਦੀ ਚੋਣ ਕਰਦੀਆਂ ਸਨ ਅਤੇ ਪਰਿਵਾਰ ਵਿਚ ਰਾਜ ਕਰਦੀਆਂ ਸਨ, ਉਹਨਾਂ ਨੂੰ ਪੁਰਸ਼ ਦੀ ਸਹਿ-ਧਰਮੀ ਜਾਂ ਅਰਧਾਂਗਨੀ ਵੀ ਮੰਨਿਆ ਜਾਂਦਾ ਸੀ| ਕੋਈ ਵੀ ਯੱਗ ਪਤਨੀ ਤੋਂ ਬਗੈਰ ਪੂਰਾ ਨਹੀਂ ਸੀ ਹੁੰਦਾ, ਇਸਤਰੀ ਦੀ ਸਮਾਜ ਵਿਚ ਸਥਿਤੀ ਪੁਰਸ਼ਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ| ਵਿਆਹ-ਸਮੇਂ ਪਤੀ-ਪਤਨੀ ਦੋਵੇਂ ਪ੍ਰਤਿਗਿਆ ਕਰਦੇ ਸਨ, ਜਿਨ੍ਹਾਂ ਦਾ ਉਦੇਸ਼ ਇਕ ਦੂਜੇ ਪ੍ਰਤੀ ਕਰਤੱਵਾਂ ਦਾ ਪਾਲਣ ਕਰਨਾ ਹੁੰਦਾ ਸੀ| ਸਮਾਜ ਵਿਚ ਮਾਤਾ-ਪਦ ਨੂੰ ਬਹੁਤ ਪਵਿੱਤਰ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਸੀ|
ਮੁਸਲਮਾਨਾਂ ਦੀ ਆਮਦ ਨਾਲ ਭਾਰਤੀ/ਪੰਜਾਬੀ ਸਭਿਆਚਾਰ ਦੇ ਇਤਿਹਾਸ ਦਾ ਅਗਲਾ-ਪੜਾਅ ਸ਼ੁਰੂ ਹੁੰਦਾ ਹੈ, ਜਿਸ ਵਿਚ ਪਹੁੰਚਦਿਆਂ ਔਰਤ ਦੀ ਸਥਿਤੀ ਵਿਚ ਬਦਲਾਅ ਆਉਂਦਾ ਹੈ| ਬਹੁ-ਪਤਨੀਵਾਦ ਦੀ ਪ੍ਰਵਿਰਤੀ, ਪਰਦੇ ਦੀ ਰਸਮ ਵਰਗੀਆਂ ਅਲਾਮਤਾਂ ਸਭਿਆਚਾਰਕ ਜੀਵਨ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ, ਜਿਸ ਨਾਲ ਔਰਤ ਦੀ ਸਥਿਤੀ ਵਿਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਅਸਰ ਔਰਤ-ਮਰਦ ਸੰਬੰਧਾਂ ਉਪਰ ਵੀ ਪੈਂਦਾ ਹੈ| ਮਰਦ ਉਪ-ਜੀਵੀ ਬਣਦਾ ਹੈ ਅਤੇ ਔਰਤ ਪਰ-ਜੀਵੀ| ਬਾਹਰੋਂ ਆਏ ਹਮਲਾਵਰਾਂ ਨੇ ਵੀ ਬਾਕੀ ਵਸਤਾਂ ਦੀ ਤਰ੍ਹਾਂ ਹੀ ਔਰਤਾਂ ਨੂੰ ਲੁੱਟਿਆ ਅਤੇ ਗੁਲਾਮ ਬਣਾਇਆ| ਜਵਾਨ ਕੁੜੀਆਂ ਦੇ ਲੁੱਟੇ ਜਾਣ ਅਤੇ ਖੋਹੇ ਜਾਣ ਦੇ ਡਰੋਂ ਬਾਲ-ਵਿਆਹ ਦੀ ਪ੍ਰਥਾ ਨੇ ਜਨਮ ਲਿਆ ਤੇ ਔਰਤ ਦਾ ਜੀਵਨ ਬਦ ਤੋਂ ਬਦਤਰ ਹੋਣ ਲੱਗਾ| ਵਿਦੇਸ਼ੀ ਹਮਲਾਵਰਾਂ ਦੁਆਰਾ ਗੁਲਾਮ ਬਣਾਏ ਜਾਣ ਦੇ ਡਰੋਂ ਹੀ ਰਾਜਪੂਤਾਂ ਵਿਚ ਸਤੀ ਦੀ ਪ੍ਰਥਾ ਨੇ ਵੀ ਜਨਮ ਲਿਆ| ਇਸ ਕਾਲ ਵਿਚ ਔਰਤ ਦੀ ਸੁਤੰਤਰ ਹਸਤੀ ਖ਼ਤਮ ਹੋਣ ਲੱਗੀ, ਮਰਦ ਵੀ ਤਾਕਤਵਰ ਹਾਕਮਾਂ ਸਾਹਮਣੇ ਨਿਰਬਲ ਤੇ ਨਿਤਾਣੇ ਬਣੇ ਹੋਏ ਸਨ, ਅਜਿਹੀਆਂ ਸਥਿਤੀਆਂ ਵਿਚ ਔਰਤ-ਮਰਦ ਸੰਬੰਧਾਂ ਦੇ ਸਾਵੇਂ ਹੋਣ ਦਾ ਸਵਾਲ ਹੀ ਨਹੀਂ ਸੀ ਸਗੋਂ ਮਨੁੱਖ ਨੂੰ ਪੇਸ਼ ਕਰਦੇ ਇਤਿਹਾਸਕ ਵੇਰਵਿਆਂ ਵਿਚ ਤਾਂ ਆਪਣੀ ਜਾਨ-ਬਚਾਉਣ ਦਾ ਫਿਕਰ ਸੀ| ਸਿੱਖ ਧਰਮ ਦੇ ਉਥਾਨ ਰਾਹੀਂ ਔਰਤਾਂ ਦੀ ਤਰਸਯੋਗ ਹਾਲਾਤ ਪ੍ਰਤੀ ਅਵਾਜ਼ ਉਠਾਏ ਜਾਣ ਦੇ ਪ੍ਰਮਾਣ ਮੌਜੂਦ ਹਨ|
ਬਰਤਾਨਵੀ-ਸਮਾਜ ਦੇ ਹੋਂਦ ਵਿਚ ਆਉਣ ਨਾਲ ਅੰਗਰੇਜ਼ਾਂ ਦੁਆਰਾ ਪ੍ਰਦਾਨ ਕੀਤੀਆਂ ਸਹੂਲਤਾਂ ਨੇ (ਭਾਵੇਂ ਉਹ ਉਹਨਾਂ ਦੇ ਆਪਣੇ ਹਿਤ ਦੀ ਨੀਤੀ ਨਾਲ ਸੰਬੰਧਤ ਸਨ), ਲੋਕਾਂ ਅੰਦਰ ਜਾਗ੍ਰਤੀ ਪੈਦਾ ਕੀਤੀ ਜਿਸ ਸਦਕਾ ਔਰਤ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਗੱਲ ਸ਼ੁਰੂ ਹੋਈ, ਔਰਤ ਦੇ ਹੱਕ ਵਿਚ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਗਏ| ਮੱਧ-ਸ਼੍ਰੇਣੀ ਦਾ ਜਨਮ ਹੋਇਆ, ਔਰਤਾਂ ਨੇ ਘਰੋਂ ਬਾਹਰ ਨਿਕਲ ਕੇ ਜਨਤਕ ਕੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ| ਉਦਾਰਵਾਦੀ ਸੋਚ ਸਦਕਾ ਔਰਤ ਦੀ ਹਾਲਤ ਵਿਚ ਸੁਧਾਰ ਹੋਇਆ ਅਤੇ ਔਰਤ ਸਵੈ-ਪ੍ਰਤੀ ਚੇਤਨ ਹੋਣ ਲੱਗੀ| ਕੁਲ ਮਿਲਾ ਕੇ ਔਰਤ ਤੇ ਮਰਦ ਦੇ ਸੰਬੰਧਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ ਕਿਉਂਕਿ ਜਾਗੀਰਦਾਰੀ ਸੋਚ ਦੇ ਅੰਸ਼ ਮਰਦਾਂ ਅੰਦਰ ਬਰਕਰਾਰ ਸਨ, ਉਹ ਆਪਣੇ ਪਿਤਾ-ਪੁਰਖੀ ਸੰਕਲਪ ਅਧੀਨ ਹੀ ਔਰਤ ਨੂੰ ਸਵੀਕਾਰਦੇ ਸਨ|
 ਭਾਰਤੀ/ਪੰਜਾਬੀ ਸਭਿਆਚਾਰ ਵਿਚ ਔਰਤ-ਮਰਦ ਸੰਬੰਧ ਸਭਿਆਚਾਰਕ ਪੱਧਰ ਤੇ ਪਤੀ-ਪਤਨੀ ਦੇ ਰਿਸ਼ਤੇ ਦਾ ਰੂਪ ਤਾਂ ਹੀ ਗ੍ਰਹਿਣ ਕਰਦੇ ਹਨ ਜੇ ਉਨ੍ਹਾਂ ਨੂੰ ਵਿਆਹ-ਪ੍ਰਬੰਧ ਰਾਹੀਂ ਸਮਾਜਿਕ ਪ੍ਰਵਾਨਗੀ ਮਿਲੀ ਹੋਵੇ| šਵਿਆਹ-ਸੰਸਥਾ ਰਾਹੀਂ ਸਮਾਜਕ ਪ੍ਰਵਾਨਗੀ ਤੋਂ ਬਿਨਾਂ ਔਰਤ-ਮਰਦ ਦਾ ਜਿਨਸੀ ਰਿਸ਼ਤਾ ਤਾਂ ਹੋ ਸਕਦਾ ਹੈ ਪਰ ਉਹ ਪਤੀ-ਪਤਨੀ ਨਹੀਂ ਹੋ ਸਕਦੇ|"2 ਸਮਾਜਕ-ਸਭਿਆਚਾਰਕ ਪ੍ਰਸੰਗ ਵਿਚ ਪਤੀ-ਪਤਨੀ ਦਾ ਰਿਸ਼ਤਾ ਹੀ ਸਾਰੇ ਰਿਸ਼ਤਿਆਂ ਦਾ ਧੁਰਾ ਹੈ, ਜਿਸ ਤੋਂ ਅੱਗੇ ਅਨੇਕ ਰਿਸ਼ਤੇ ਪਨਪਦੇ, ਵਿਗਸਦੇ ਤੇ ਫੈਲਦੇ ਹੋਏ ਰਿਸ਼ਤਿਆਂ ਦਾ ਜਾਲ ਬੁਣਦੇ ਜਾਂਦੇ ਹਨ|
ਪ੍ਰਵਾਨਿਤ ਰਿਸ਼ਤਿਆਂ ਵਿਚ ਪਤੀ-ਪਤਨੀ ਦਾ ਰਿਸ਼ਤਾ ਅਹਿਮ ਸਥਾਨ ਰੱਖਦਾ ਹੈ, ਇਹ ਰਿਸ਼ਤਾ ਕੇਂਦਰੀ ਰਿਸ਼ਤਾ ਹੈ ਜਿਸ ਨਾਲ ਬਾਕੀ ਦੇ ਰਿਸ਼ਤੇ ਜੁੜੇ ਹੁੰਦੇ ਹਨ| ਸਮਾਜ ਅਤੇ ਧਰਮ ਦੋਹਾਂ ਨੇ ਇਸ ਰਿਸ਼ਤੇ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਇਹ ਰਿਸ਼ਤਾ ਸਮਾਜਕ ਮਰਿਯਾਦਾ ਅਨੁਸਾਰ ਵਿਆਹ-ਬੰਧਨ ਉਪਰੰਤ ਹੀ ਸਿਰਜਿਆ ਜਾਂਦਾ ਹੈ| ਪਤੀ-ਪਤਨੀ ਨੂੰ ਭਾਈਚਾਰੇ ਦੀ ਪ੍ਰਵਾਨਗੀ ਤੋਂ ਬਾਅਦ ਹਰ ਕਾਰਜ ਸਮਾਜ ਦੇ ਨਿਸ਼ਚਿਤ ਮੁੱਲਾਂ ਅੰਦਰ ਰਹਿ ਕੇ ਹੀ ਕਰਨਾ ਪੈਂਦਾ ਹੈ| ਨਿਸ਼ਚਿਤ ਮੁੱਲਾਂ ਨੂੰ ਤੋੜਨ ਜਾਂ ਉਲੰਘਣਾ ਕਰਨ ਤੇ ਤ੍ਰਿਸਕਾਰ ਦਾ ਪਾਤਰ ਵੀ ਬਣਨਾ ਪੈਂਦਾ ਹੈ|
ਅਪ੍ਰਵਾਨਿਤ ਸੰਬੰਧਾਂ ਦੇ ਅੰਤਰਗਤ ਔਰਤ-ਮਰਦ ਸੰਬੰਧਾਂ ਦੇ ਉਹ ਰੂਪ ਆ ਜਾਂਦੇ ਹਨ, ਜੋ ਲੁਕਵੇਂ ਰੂਪ ਵਿਚ ਜਾਂ ਜ਼ਾਹਰਾ ਰੂਪ ਵਿਚ ਸਮਾਜ ਅੰਦਰ ਹੀ ਹੰਢਾਏ ਜਾਂਦੇ ਹਨ, ਜਿਨ੍ਹਾਂ ਨੂੰ ਸਮਾਜਕ ਪ੍ਰਵਾਨਗੀ ਪ੍ਰਾਪਤੀ ਨਹੀਂ ਹੋਈ ਹੁੰਦੀ| ਅਪ੍ਰਵਾਨਿਤ ਸੰਬੰਧਾਂ ਦਾ ਇਹ ਰੂਪ ਔਰਤ-ਮਰਦ ਦੇ ਵਿਆਹ-ਬੰਧਨ ਵਿਚ ਬੱਝਣ ਤੋਂ ਪਹਿਲਾਂ ਦਾ ਵੀ ਹੋ ਸਕਦਾ ਹੈ ਅਤੇ ਵਿਆਹ-ਬੰਧਨ ਵਿਚ ਬੱਝਣ ਤੋਂ ਬਾਅਦ ਦਾ ਵੀ ਹੋ ਸਕਦਾ ਹੈ, ਜਿਸ ਅਧੀਨ ਔਰਤ-ਮਰਦ ਪਤੀ-ਪਤਨੀ ਦੇ ਰਿਸ਼ਤੇ ਦੀ ਸੀਮਾ ਨੂੰ ਪਾਰ ਕਰਦੇ ਹੋਏ ਵਿਆਹ ਬਾਹਰੇ ਸੰਬੰਧ ਸਿਰਜਦੇ ਹਨ| ਵਿਧਵਾ-ਵਿਆਹ ਉਪਰ ਬੰਦਸ਼ਾਂ ਦਾ ਸਖ਼ਤੀ ਨਾਲ ਲਾਗੂ ਹੋਣਾ ਅਜਿਹੇ ਅਪ੍ਰਵਾਨਿਤ ਸੰਬੰਧਾਂ ਨੂੰ ਜਨਮ ਦੇਣ ਦਾ ਇਕ ਕਾਰਨ ਵੀ ਹੈ| ਡਾ: ਜਸਬੀਰ ਜੈਨ ਵੀ ਮੰਨਦੇ ਹਨ ਕਿ šਵਿਧਵਾ ਵਿਆਹ ਤੇ ਰੋਕ ਦੇ ਕਾਰਨ ਹੀ ਸਮਾਜ ਵਿਚ ਇਹੋ ਜਿਹੀ ਸਥਿਤੀ ਉਤਪੰਨ ਹੁੰਦੀ ਹੈ ਕਿ ਚੋਰੀ ਛਿਪੇ ਰਿਸ਼ਤੇ ਬੰਨ੍ਹੇ ਜਾਂਦੇ ਹਨ|"3 
ਪ੍ਰਾਕਿਰਤਕ ਰੂਪ ਵਿਚ ਹਾਜ਼ਰ ਔਰਤ-ਮਰਦ ਸੰਬੰਧ ਨੂੰ ਨਿਯਮ ਬੱਧ ਰੂਪ ਵਿਚ ਬੰਨ੍ਹਣ ਲਈ ਇਸ ਸੰਬੰਧ ਦੇ ਸਮਾਜੀਕਰਨ ਦੀ ਪ੍ਰਕਿਰਿਆ ਦਾ ਕਾਰਜ ਵਿਆਹ ਸੰਸਥਾ ਕਰਦੀ ਹੈ| ਵਿਆਹ ਸੰਸਥਾ ਰਾਹੀਂ ਸਮਾਜਿਕ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਪਤੀ-ਪਤਨੀ ਜੀਵ-ਵਿਗਿਆਨਕ ਲੋੜਾਂ ਦੀ ਪੂਰਤੀ ਕਰਦੇ ਹਨ ਅਤੇ ਵਾਰਿਸ ਦੀ ਪ੍ਰਾਪਤੀ ਦਾ ਮੰਤਵ ਵੀ ਪੂਰਦੇ ਹਨ| ਵਾਰਿਸ ਦੀ ਪ੍ਰਾਪਤੀ ਦਾ ਸੰਕਲਪ ਉਦੋਂ ਹੋਂਦ ਧਾਰਦਾ ਹੈ ਜਦ ਨਿੱਜੀ ਜਾਇਦਾਦ ਪ੍ਰਤੀ ਮੋਹ ਦਾ ਸੰਕਲਪ ਰੂਪ ਧਾਰਦਾ ਹੈ| ਇਸ ਨਾਲ ਹੀ ਔਰਤ-ਮਰਦ ਸੰਬੰਧਾਂ ਅੰਦਰਲਾ ਸਾਵਾਂਪਣ ਹੀ ਖੰਡਤ ਹੋਣਾ ਸ਼ੁਰੂ ਹੋ ਜਾਂਦਾ ਹੈ| ਮਰਦ ਜਾਇਦਾਦ ਦਾ ਮਾਲਕ ਬਣਦਾ ਹੈ ਅਤੇ ਔਰਤ ਵੀ ਮਰਦ ਦੀ ਜਾਇਦਾਦ ਦਾ ਹੀ ਇਕ ਰੂਪ ਬਣ ਕੇ ਸਾਹਮਣੇ ਆਉਂਦੀ ਹੈ ਪਰ ਔਰਤ-ਮਰਦ ਦੀ ਜਾਇਦਾਦ ਦਾ ਅਜਿਹਾ ਰੂਪ ਹੁੰਦੀ ਹੈ ਜਿਸ ਉਪਰ ਮਰਦ ਸਮਾਜ ਵਿਚ ਰਹਿੰਦਿਆਂ ਮਾਣ ਵੀ ਕਰਦਾ ਹੈ ਅਤੇ ਉਸ ਦਾ ਮਰਜ਼ੀ ਨਾਲ ਹੇਰ-ਫੇਰ ਵੀ ਕਰ ਸਕਦਾ ਹੈ|
ਪੰਜਾਬੀ ਸਭਿਆਚਾਰ ਵਿਚ ਔਰਤ-ਮਰਦ ਨੂੰ ਪਤੀ-ਪਤਨੀ ਦੇ ਰਿਸ਼ਤੇ ਵਿਚ ਰੂਪਾਂਤਰਣ ਕਰਨ ਵਾਲੀ ਵਿਆਹ-ਸੰਸਥਾ ਅਧੀਨ ਵਿਆਹ ਦੇ ਕਈ ਰੂਪ ਮਿਲਦੇ ਹਨ ਜਿਵੇਂ ਪੁੰਨ ਦਾ ਵਿਆਹ, ਵੱਟੇ ਦਾ ਵਿਆਹ, ਕਰੇਵਾ ਜਾਂ ਚਾਦਰ ਪਾਉਣੀ, ਟੱਕੇ ਜਾਂ ਮੁੱਲ ਦਾ ਵਿਆਹ ਆਦਿ| ਵਿਆਹ-ਰੂਪਾਂ ਦੇ ਅੰਤਰਗਤ ਝਾਤੀ ਮਾਰਿਆਂ ਇਨ੍ਹਾਂ ਸਾਰੇ ਰੂਪਾਂ ਵਿਚ ਔਰਤ-ਮਰਦ ਸੰਬੰਧਾਂ ਦੇ ਅਸਾਵੇਂਪਣ ਦੀ ਤਸਵੀਰ ਸਾਫ ਝਲਕਦੀ ਦਿਖਾਈ ਦਿੰਦੀ ਹ
ਸਾਰੇ ਵਿਆਹ-ਰੂਪਾਂ ਤੋਂ ਇਲਾਵਾ ਪੰਜਾਬੀ ਸਭਿਆਚਾਰ ਵਿਚ ਔਰਤ-ਮਰਦ ਸੰਬੰਧ ਨੂੰ ਪੇਸ਼ ਕਰਦਾ ਇਕ ਹੋਰ ਰੂਪ ਪ੍ਰੇਮ-ਵਿਆਹ ਦਾ ਵੀ ਹੈ| ਪ੍ਰੇਮ-ਵਿਆਹ ਭਾਵੇਂ ਔਰਤ ਮਰਦ ਦੇ ਜਿਨਸੀ ਰਿਸ਼ਤੇ ਤੋਂ ਉੱਪਰ ਉੱਠ ਕੇ ਮਨ ਦੇ ਰਿਸ਼ਤੇ ਦੀ ਬਾਤ ਪਾਉਂਦਾ ਹੈ ਪਰ ਜਦੋਂ ਪ੍ਰੇਮੀ-ਪ੍ਰੇਮਿਕਾ ਦੇ ਸਮਾਜਕ-ਸਭਿਆਚਾਰਕ ਮੁੱਲਾਂ ਤਹਿਤ ਪਤੀ-ਪਤਨੀ ਦੇ ਰਿਸ਼ਤੇ ਵਿਚ ਪਰਿਵਰਤਤ ਹੋਣ ਦੀ ਗੱਲ ਆਉਂਦੀ ਹੈ ਤਾਂ ਪ੍ਰੇਮੀ ਜੋੜਿਆ ਲਈ ਜਾਤ-ਪਾਤ ਵਿਤਕਰਾ, ਧਾਰਮਿਕ ਅਤੇ ਆਰਥਿਕ ਵਿਤਕਰੇ ਵਰਗੀਆਂ ਬੰਦਸ਼ਾਂ ਨੂੰ ਪਾਰ ਕਰਨਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੁੰਦਾ ਹੈ| ਸ਼ਹਿਰੀ ਸਭਿਆਚਾਰ ਵਿਚ ਭਾਵੇਂ ਵਿਆਹ ਦੇ ਇਸ ਰੂਪ ਨੂੰ ਜਾਤ-ਪਾਤ ਅਤੇ ਆਰਥਿਕ ਰੁਤਬੇ ਦੇ ਆਧਾਰ ਤੇ ਕੁਝ ਹੱਦ ਤੱਕ ਸਵੀਕਾਰ ਕੀਤਾ ਜਾਣ ਲੱਗ ਪਿਆ ਹੈ ਪਰ ਪੇਂਡੂ ਸਭਿਆਚਾਰ ਵਿਚ ਵਿਆਹ ਦਾ ਇਹ ਰੂਪ ਸਵੀਕਾਰ ਹੀ ਨਹੀਂ ਕੀਤਾ ਜਾਂਦਾ| ਸਵਾਲ ਇਹ ਨਹੀਂ ਕਿ ਪ੍ਰੇਮ-ਵਿਆਹ ਰਾਹੀਂ ਔਰਤ-ਮਰਦ ਪਤੀ-ਪਤਨੀ ਰਿਸ਼ਤੇ ਵਿਚ ਪਰਿਵਰਤਿਤ ਹੁੰਦੇ ਹਨ ਜਾਂ ਨਹੀਂ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਵਿਆਹ ਦਾ ਇਹ ਰੂਪ, ਜਿਸ ਵਿਚੋਂ ਔਰਤ-ਮਰਦ ਸੰਬੰਧਾਂ ਦਾ ਸਾਵਾਂਪਣ ਝਲਕਦਾ ਹੈ, ਸੰਬੰਧਾਂ ਅੰਦਰ ਸਾਵਾਂਪਣ ਰੱਖਣ ਵਿਚ ਕਿੰਨਾ ਕੁ ਸਫਲ ਹੈ ਜਾਂ ਅਸਫਲ? ਅਜੋਕੇ ਦੌਰ ਵਿਚ ਸਮਲੈਗਿੰਕ ਵਿਆਹ ਦੀ ਗੱਲ ਵੀ ਸੁਲਗਣੀ ਸ਼ੁਰੂ ਹੋਈ ਹੈ ਅਜਿਹਾ ਵਿਆਹ ਤਾਂ ਮਰਦ ਔਰਤ ਦੇ ਸਾਵੇਂਪਣ ਅਤੇ ਅਸਾਵੇਂਪਣ ਦੇ ਸਵਾਲ ਨੂੰ ਪਿਛਾਂਹ ਧੱਕ ਕੇ ਸਮਾਜਕ ਸਭਿਆਚਾਰਕ ਕੀਮਤਾਂ ਸਾਹਮਣੇ ਖੁਦ ਇਕ ਅਹਿਮ ਸਵਾਲ ਬਣ ਕੇ ਖੜਾ ਹੈ|
ਪੰਜਾਬੀ ਸਭਿਆਚਾਰ ਵਿਚ ਬਹੁ-ਪਤਨੀਵਾਦ ਦੀ ਪ੍ਰਥਾ ਵੀ ਔਰਤ-ਮਰਦ ਸੰਬੰਧਾਂ ਵਿਚ ਅਸਾਵਾਂਪਣ ਪੈਦਾ ਕਰਦੀ ਹੈ| ਬਹੁ-ਪਤਨੀਵਾਦ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਔਲਾਦ ਦਾ ਨਾ ਹੋਣਾ, ਨਰ-ਸੰਤਾਨ ਦਾ ਨਾ ਹੋਣਾ ਆਦਿ| ਮਰਦ ਪ੍ਰਧਾਨ ਸਮਾਜ ਵਿਚ ਮਰਦ ਦੇ ਹੱਥ ਵਿਚ ਧਨ, ਸ਼ਕਤੀ ਤੇ ਰੁਤਬੇ ਦੀ ਹੋਂਦ ਆਦਿ ਵੀ ਬਹੁ-ਪਤਨੀਵਾਦ ਨੂੰ ਬਲ ਬਖਸ਼ਦੀ ਹੈ| ਇਕ ਧਨੀ ਵਿਅਕਤੀ (ਮਰਦ) ਲਈ ਇਕ ਤੋਂ ਵਧੇਰੇ ਪਤਨੀਆਂ (ਔਰਤਾਂ) ਰੱਖਣਾ ਸਿੱਧੇ ਜਾਂ ਅਸਿੱਧੇ ਤੌਰ ਤੇ ਤਾਕਤ ਦਾ ਵਿਖਾਵਾ ਹੋ ਸਕਦਾ ਹੈ ਪਰ ਇਸ ਦੇ ਮੁਕਾਬਲੇ ਨਿਰਧਨ ਵਿਅਕਤੀ ਲਈ ਪਤਨੀ (ਔਰਤ) ਨੂੰ ਪ੍ਰਾਪਤ ਕਰਨਾ ਇਹ ਅਧੂਰੀ ਖਾਹਿਸ਼ ਬਣ ਕੇ ਰਹਿ ਜਾਂਦਾ ਹੈ|
ਬਹੁ-ਪਤਨੀਵਾਦ ਦੀ ਤਰ੍ਹਾਂ ਬਹੁ-ਪਤੀਵਾਦ ਦੀ ਝਲਕ ਵੀ ਪੰਜਾਬੀ ਸਭਿਆਚਾਰ ਵਿਚ ਮੌਜੂਦ ਹੈ| ਪੇਂਡੂ ਸਮਾਜ ਵਿਚ ਟੁਕੜਿਆਂ ਵਿਚ ਵੰਡੀ ਜਾਂਦੀ ਜ਼ਮੀਨ ਦੀ ਵੰਡ ਨੂੰ ਰੋਕਣ ਲਈ ਸਾਂਝਾ ਚੁੱਲਾ ਰੱਖਣਾ, ਕੁੜੀਆਂ ਦੀ ਘਾਟ ਦਾ ਹੋਣਾ ਜਾਂ ਆਰਥਿਕ-ਕਾਰਨਾਂ ਦਾ ਕਾਰਜਸ਼ੀਲ ਹੋਣਾ ਆਦਿ ਦੇ ਫਲਸਰੂਪ ਹੀ ਵਿਆਹ ਦਾ ਬਹੁ-ਪਤੀਵਾਦ ਦਾ ਲੁਕਵੇਂ ਵਰਤਾਰੇ ਵਾਲਾ ਰੂਪ ਹੋਂਦ ਧਾਰਦਾ ਹੈ| ਦਰੋਪਤੀ ਦਾ ਪੰਜ ਪਾਂਡਵਾਂ ਦੀ ਪਤਨੀ ਹੋਣ ਲੋਕ-ਚੇਤਨਾ ਵਿਚ ਸਮਾਇਆ ਹੋਇਆ ਸੱਚ ਹੈ| ਅਜੋਕੇ ਪੰਜਾਬੀ ਪੇਂਡੂ ਸਭਿਆਚਾਰ ਵਿਚ ਜ਼ਮੀਨ ਹੀ ਆਰਥਿਕਤਾ ਦਾ ਆਧਾਰ ਮੰਨੀ ਜਾਂਦੀ ਹੈ, ਪੇਂਡੂ ਜੀਵਨ ਵਿਚ ਆਰਥਿਕਤਾ ਦੇ ਮੁੱਖ ਰੋਲ ਸਦਕਾ ਦਿਓਰ-ਭਰਜਾਈ ਦੇ ਜਿਨਸੀ ਸੰਬੰਧ ਬਹੁ-ਪਤੀਵਾਦ ਦਾ ਹੀ ਅੰਸ਼ ਹੈ, ਜਿਸ ਨੂੰ ਲੁਕਵੇਂ ਰੂਪ ਵਿਚ ਸਮਾਜ ਨੇ ਮੂਕ ਪ੍ਰਵਾਨਗੀ ਦਿੱਤੀ ਹੋਈ ਹੈ|
šਵਿਆਹ-ਸੰਸਥਾ ਜੋ ਔਰਤ-ਮਰਦ ਸੰਬੰਧਾਂ ਨੂੰ ਸਾਵਾਂਪਣ ਬਖਸ਼ਣ ਲਈ ਹਾਜ਼ਰ ਹੁੰਦੀ ਹੈ, ਇਹ ਲਿੰਗ-ਭੇਦ, ਜਾਤੀ-ਭੇਦ, ਧਨ-ਸ਼ਕਤੀ, ਰੁਤਬਾ ਆਦਿ ਦੀ ਕਾਣੀ ਵੰਡ ਦੀਆਂ ਅਲਾਮਤਾਂ ਦੀ ਸ਼ਿਕਾਰ ਹੈ|"4 ਜਿਸ ਕਰਕੇ ਇਹ ਸੰਸਥਾ ਔਰਤ-ਮਰਦ ਸੰਬੰਧਾਂ ਅੰਦਰ ਸਾਵਾਂਪਣ ਸਿਰਜਣ ਦੀ ਥਾਂ ਅਸਾਵਾਂਪਣ ਪੈਦਾ ਕਰਨ ਦਾ ਕਾਰਨ ਬਣਦੀ ਹੈ| ਸਮਾਜਕ-ਸਭਿਆਚਾਰਕ ਸੰਗਠਨ ਤਹਿਤ ਔਰਤ-ਮਰਦ ਦੇ ਸੁਖਾਵੇਂ ਸੰਬੰਧਾਂ ਲਈ ਉਨ੍ਹਾਂ ਦਾ ਹਾਣ ਪ੍ਰਵਾਨ ਹੋਣਾ ਜ਼ਰੂਰੀ ਹੈ ਪਰ ਪੰਜਾਬੀ ਸਭਿਆਚਾਰ ਵਿਚ ਮਿਲਦੇ ਵਿਆਹ-ਰੂਪ 'ਕਰੇਵਾ' ਜਾਂ ਬਾਲ-ਵਿਆਹ ਆਦਿ ਵਿਚ ਹਾਣ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਇਕ ਦੂਸਰੇ ਨਾਲ ਨਰੜ ਦਿੱਤਾ ਜਾਂਦਾ ਹੈ| ਅਜਿਹੇ ਔਰਤ ਅਤੇ ਮਰਦ ਆਪਣੀ ਇੱਛਾ ਦੀ ਪੂਰਤੀ ਦੋ ਤਰ੍ਹਾਂ ਦੇ ਪ੍ਰਤੀਕਰਮ ਕਰਕੇ ਕਰਦੇ ਹਨ| ਪਹਿਲਾ ਵਿਦਰੋਹ ਕਰਕੇ ਦੂਜਾ ਚੋਰ-ਮੋਰੀਆਂ ਰਾਹੀਂ ਸੰਬੰਧ ਸਿਰਜ ਕੇ ਅਰਥਾਤ ਪ੍ਰਤੀਕਰਮ ਦਾ ਪ੍ਰੋਖ ਰੂਪ ਜਾਂ ਅਪ੍ਰੋਖ ਰੂਪ| ਸਭਿਆਚਾਰ ਅੰਦਰ 'ਵਰ ਤੇ ਘਰ ਦਾ ਸੰਕਲਪ' ਵੀ ਹਾਜ਼ਰ ਹੈ ਪਰ ਵਿਆਹ-ਸੰਸਥਾ ਵਰ ਨਾਲੋਂ ਘਰ ਨੂੰ ਤਰਜੀਹ ਦੇਣਾ ਸ਼ੁਰੂ ਕਰ ਦੇਂਦੀ ਹੈ| ਘਰ ਭਰਨ ਦਾ ਅਰਥ ਦਾਜ ਪ੍ਰਾਪਤ ਕਰਨ ਤੋਂ ਹੈ ਜੋ ਆਰਥਿਕ ਰੁਤਬੇ ਦਾ ਚਿਹਨ ਹੈ| ਇਸ ਤਰ੍ਹਾਂ ਘਰ ਦੀ ਅਹਿਮੀਅਤ ਦਾ ਤੱਤ ਵੀ ਔਰਤ-ਮਰਦ ਸੰਬੰਧਾਂ ਨੂੰ ਅਸੁਖਾਵਾਂ ਬਣਾਉਣ ਵਿਚ ਰੋਲ ਅਦਾ ਕਰਦਾ ਹੈ|
ਵਿਆਹ ਪ੍ਰਤੀ ਲੋਕ-ਮਨ ਨਾਲ ਜੁੜਿਆ 'ਧੁਰੋਂ ਲਿਖੇ ਸੰਜੋਗ' ਦਾ ਸੰਕਲਪ ਵੀ ਔਰਤ-ਮਰਦ ਸੰਬੰਧਾਂ ਵਿਚ ਅਸਵਾਂਪਣ ਸਿਰਜਣ ਦਾ ਇਕ ਕਾਰਨ ਹੋ ਨਿਬੜਦਾ ਹੇ| ਅਜੋਕੇ ਸਮੇਂ ਵਿਚ ਔਰਤ ਵੀ ਮਰਦ ਦੀ ਤਰ੍ਹਾਂ ਕਮਾਊ ਹੈ, ਕਮਾਈ ਕਰਨ ਲਈ ਔਰਤ ਦਾ ਬਾਹਰ ਜਾਣਾ ਤਾਂ ਮਰਦ ਨੂੰ ਪ੍ਰਵਾਨ ਹੈ ਪਰ ਘਰ-ਪਰਿਵਾਰ ਵਿਚ ਵਿਚਰਦਿਆਂ ਮਰਦ ਔਰਤ ਨੂੰ ਜਗੀਰਦਾਰੀ-ਸੋਚ ਵਾਲਾ ਰੁਤਬਾ ਹੀ ਦਿੰਦਾ ਹੈ ਜਿਸ ਨਾਲ ਔਰਤ-ਮਰਦ ਸੰਬੰਧ ਤਣਾਓਸ਼ੀਲ ਰਹਿਣ ਲੱਗਦੇ ਹਨ| ਔਰਤ-ਮਰਦ ਸੰਬੰਧਾਂ ਵਿਚ ਔਰਤ ਆਰਥਿਕ ਸਹਾਰਾ ਤਾਂ ਹੈ ਪਰ ਦੂਜੇ ਪਾਸੇ ਸਰੀਰਕ ਬੋਝ ਦਾ ਮੁੱਲ ਮਾਨਸਕ ਤਣਾਓ ਵਿਚ ਮਿਲਦਾ ਹੈ|
 ਪੰਜਾਬੀ ਸਭਿਆਚਾਰ ਵਿਚ ਸਮਾਜਕ ਸੰਸਥਾ ਦੋਹਰੇ ਮਾਪਦੰਡ ਰੱਖਦੀ ਹੈ ਜੋ ਮਰਦ ਲਈ ਹੋਰ ਹਨ ਅਤੇ ਔਰਤ ਲਈ ਹੋਰ| ਲੋਕ ਮਨ ਵਿਚ 'ਵਿਭਚਾਰੀ ਪਤੀ' ਜਾਂ 'ਵਿਭਚਾਰਨ ਪਤਨੀ' ਦਾ ਸੰਕਲਪ ਫਿਟਕਾਰ ਦਾ ਪਾਤਰ ਹੈ ਪਰ ਸਮਾਜਕ ਮਾਪ-ਦੰਡ ਦੋਹਾਂ ਲਈ ਵੱਖਰੇ ਹਨ| ਜੇ ਮਰਦ 'ਵਿਭਚਾਰੀ ਪਤੀ' ਦੀ ਸ਼੍ਰੇਣੀ ਅੰਦਰ ਆਉਂਦਾ ਹੈ ਤਾਂ ਉਸ ਨੂੰ ਚਰਿੱਤਰਹੀਨ ਕਹਿ ਕੇ ਨਿੰਦਿਆ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ ਪਰ ਜੇ ਔਰਤ 'ਵਿਭਚਾਰਨ-ਪਤਨੀ' ਦੀ ਸ਼੍ਰੇਣੀ ਅੰਦਰ ਸ਼ਾਮਲ ਹੋ ਜਾਏ ਤਾਂ ਉਸ ਨੂੰ ਪਾਪਣ, ਕਾਮਣ, ਦੁਰਾਚਾਰੀ, ਕੁਲਨਾਸ਼ਕ ਆਦਿ ਵਿਸ਼ੇਸ਼ਣਾਂ ਨਾਲ ਸਨਮਾਨਿਆ ਜਾਂਦਾ ਹੈ ਅਤੇ ਭਾਈਚਾਰੇ ਵਿਚੋਂ ਛੇਕ ਦਿੱਤੇ ਜਾਣ ਦੀ ਸਜ਼ਾ ਭੁਗਤਣੀ ਪੈਂਦੀ ਹ ਸਮਾਜਕ-ਸੰਸਥਾ ਅੰਦਰਲੇ ਦੂਹਰੇ ਮਾਪਦੰਡ ਵੀ ਔਰਤ-ਮਰਦ ਸੰਬੰਧਾਂ ਵਿਚ ਅਸਾਵਾਂਪਣ ਪੈਦਾ ਕਰਦੇ ਹਨ| ਸਭਿਆਚਾਰਕ ਕੀਮਤਾਂ ਦੇ ਬਦਲਾਅ ਨਾਲ ਔਰਤ ਵਲੋਂ 'ਇਕੱਲੇ ਰਹਿਣ ਦੇ ਸੰਕਲਪ' ਦੀ ਪਾਲਣਾ ਵੀ ਸ਼ੁਰੂ ਹੋ ਗਈ ਹੈ| ਜੇ ਔਰਤ ਵਿਧਵਾ ਹੈ ਜਾਂ ਤਲਾਕ-ਸ਼ੁਦਾ ਹੈ ਤਾਂ ਉਹ ਆਰਥਿਕ ਤੌਰ ਤੇ ਸੁਤੰਤਰ ਹੋ ਕੇ ਪਰਿਵਾਰ ਉਪਰ ਬੋਝ ਬਣੇ ਰਹਿਣ ਨਾਲੋਂ ਇਕੱਲਿਆਂ ਰਹਿਣਾ ਪਸੰਦ ਕਰਦੀ ਹੈ, ਇਸ ਨਾਲ ਔਰਤ-ਮਰਦ ਸੰਬੰਧਾਂ ਅੰਦਰ ਲਿਵ-ਇਨ-ਸਟਾਈਲ (ਞਕ;.ਵਜਰਅਤੀਜਬ) ਵਾਲਾ ਰੂਪ ਵੀ ਹੋਂਦ ਧਾਰਦਾ ਜਾਪਦਾ ਹੈ|
ਪੰਜਾਬੀ ਸਭਿਆਚਾਰ ਵਿਚ ਮਰਦ ਅੰਦਰ ਨਿੱਜੀ ਜਾਇਦਾਦ ਦੀ ਵਿਰਾਸਤੀ-ਵਿਵਸਥਾ ਵੀ ਸ਼ਾਮਲ ਹੈ, ਜਿਸ ਵਿਚ ਜਾਇਦਾਦ ਦਾ ਵਾਰਿਸ ਮਰਦ ਹੀ ਹੋ ਸਕਦਾ ਹੈ, ਔਰਤ ਨਹੀਂ| ਅਜੋਕੇ ਦੌਰ ਵਿਚ ਕਾਨੂੰਨੀ ਹੱਕ ਔਰਤ ਵੱਲ ਹੋਣ ਦੇ ਬਾਵਜੂਦ ਵੀ ਬਹੁ-ਗਿਣਤੀ ਵਿਚ ਔਰਤਾਂ ਜਾਇਦਾਦ ਦੀ ਵਾਰਿਸ ਬਣਨ ਦਾ ਸਾਹਸ ਨਹੀਂ ਕਰਦੀਆਂ, ਸਿਰਫ਼ ਨਰ-ਔਲਾਦ ਨਾ ਹੋਣ ਵਾਲੇ ਪਰਿਵਾਰਾਂ ਵਿਚ ਵੀ ਔਰਤ ਦੇ ਵਾਰਿਸ ਹੋਣ ਦੇ ਸੰਕੇਤ ਮਿਲਦੇ ਹਨ| ਜਾਇਦਾਦ ਦਾ ਵਾਰਿਸ ਬਣਨ ਦੀ ਲਾਲਸਾ ਨੇ ਔਰਤ-ਮਰਦ ਸੰਬੰਧਾਂ ਵਿਚਲੀ ਸਹਿਜਤਾ ਨੂੰ ਘੱਟ ਕਰਕੇ ਰਿਸ਼ਤਿਆਂ ਅੰਦਰ ਵਿਗਾੜ ਤੇ ਤਣਾਓ ਨੂੰ ਜਨਮ ਦਿੱਤਾ ਹੈ|
ਉਤਪਾਦਨ ਵਿਧੀ ਵਿਚ ਤਬਦੀਲੀ ਆਉਣ ਨਾਲ ਰਿਸ਼ਤਿਆਂ ਅੰਦਰ ਬਦਲਾਓ ਵੀ ਕੁਦਰਤੀ ਹੈ| ਅਜੋਕੇ ਯੁੱਗ ਵਿਚ ਉਦਯੋਗੀਕਰਣ, ਮਸ਼ੀਨੀਕਰਣ ਦੀ ਵਿਆਪਕ ਤਬਦੀਲੀ ਦਾ ਅਸਰ ਸਭਿਆਚਾਰ ਉਪਰ ਵੀ ਪਿਆ ਹੈ| ਵਿਸ਼ਵੀਕਰਨ ਦੇ ਸੰਕਲਪ ਦੀ ਹੋਂਦ ਸਦਕਾ ਪੰਜਾਬੀ ਸਭਿਆਚਾਰ ਅੰਦਰ ਰੂਪਾਂਤਰਣ ਦਾ ਦੌਰ ਜਾਰੀ ਹੈ|  
ਪੂੰਜੀ ਪ੍ਰਾਪਤੀ ਦੀ ਅੰਨ੍ਹੀ ਦੌੜ, ਪੂੰਜੀ ਸਿਰਜਤ ਸੋਚ, ਸਵੈ-ਕੇਂਦਰਿਤ ਅਤੇ ਸੁਆਰਥ ਕੇਂਦਰਤ ਸੋਚ ਮਨੁੱਖ ਉਪਰ ਹਾਵੀ ਹੋ ਰਹੀ ਹੈ ਤੇ ਮਨੁੱਖ ਆਪਣੇ ਆਪ ਨਾਲੋਂ ਟੁੱਟ ਰਿਹਾ ਹੈ| ਆਪਣੇ ਆਪ ਨਾਲੋਂ ਟੁੱਟ ਕੇ ਮਨੁੱਖ, ਚਾਹੇ ਉਹ ਔਰਤ ਹੈ ਜਾਂ ਮਰਦ, ਦੂਸਰੇ ਮਨੁੱਖ ਨਾਲ ਸਾਂਝ ਦਾ, ਮੋਹ ਦਾ ਰਿਸ਼ਤਾ ਕਿਵੇਂ ਰੱਖ ਸਕਦਾ ਹੈ| ਇਹ ਟੁੱਟ ਰਹੇ ਮਾਨਵੀ ਰਿਸ਼ਤੇ ਔਰਤ-ਮਰਦ ਸੰਬੰਧਾਂ ਉਪਰ ਵੀ ਅਸਰ ਕਰਦੇ ਹਨ| ਔਰਤ-ਮਰਦ ਸੰਬੰਧਾਂ ਅੰਦਰਲੇ ਸੁਖਦ ਵਾਤਾਵਰਣ ਨੂੰ ਭੰਗ ਕਰਦੇ ਹਨ ਕਿਉਂਕਿ ਖਪਤ ਸਭਿਆਚਾਰ ਵਿਚ ਵਿਚਰ ਰਿਹਾ ਮਨੁੱਖ, ਔਰਤ-ਮਰਦ ਦੇ ਰਿਸ਼ਤੇ ਵਿਚ ਹੀ ਨਹੀਂ, ਹਰ ਰਿਸ਼ਤੇ ਵਿਚ ਇਕ ਦੂਸਰੇ ਤੋਂ ਦੂਰ ਹੋ ਰਿਹਾ ਹੈ ਅਤੇ ਮਸ਼ੀਨੀਕਰਨ ਦੇ ਯੁੱਗ ਵਿਚ ਇਕ ਮਸ਼ੀਨ ਬਣਦਾ ਜਾ ਰਿਹਾ ਹੈ, ਇਹ ਰਿਸ਼ਤੇ ਜਾਂ ਸੰਬੰਧ ਵੀ ਮਕਾਨਕੀ ਰੂਪ ਧਾਰਨ ਕਰ ਰਹੇ ਹਨ|
ਔਰਤ-ਮਰਦ ਵੀ ਸਮਾਜਕ ਸਭਿਆਚਾਰਕ ਕੀਮਤਾਂ ਨੂੰ ਤਿਆਗ ਕੇ ਸਵੈ-ਕੇਂਦਰਿਤ ਹੋ ਰਹੇ ਹਨ, ਉਨ੍ਹਾਂ ਦੀ ਸੋਚ ਨਿੱਜਤਾ-ਮੁਖੀ ਹੋ ਰਹੀ ਹੈ| ਨੈਤਿਕ, ਸਮਾਜਕ ਕਦਰਾਂ-ਕੀਮਤਾਂ ਉਨ੍ਹਾਂ ਦੀ ਜ਼ਿੰਦਗੀ ਵਿਚੋਂ ਖਾਰਜ ਹੋ ਰਹੀਆਂ ਹਨ| ਵਿਆਹ-ਬਾਹਰੇ ਜਿਨਸੀ ਸੰਬੰਧਾਂ ਵਿਚ ਵਾਧਾ ਹੋ ਰਿਹਾ ਹੈ| ਔਰਤ-ਮਰਦ ਬੇਗਾਨਗੀ ਦਾ ਸ਼ਿਕਾਰ ਹੋ ਰਹੇ ਹਨ, ਮਨੁੱਖੀ ਵਿਅਕਤਿਤਵ ਅਸੰਤੁਲਨ ਹੋ ਰਿਹਾ ਹੈ| ਵਿਗਿਆਨਕ ਤਰੱਕੀ ਸਦਕਾ ਨਕਲੀ ਵੀਰਜ ਸਿੰਜਣ ਪ੍ਰਕਿਰਿਆ, ਟੈਸਟ-ਟਿਊਬ ਬੇਬੀ, ਜੈਨੇਟਿਕ ਇੰਜਨੀਅਰਿੰਗ ਜਾਂ ਮਾਨਵੀ ਕਲੋਨ ਦੀ ਤਿਆਰੀ ਆਦਿ ਸਭ ਪੱਖਾਂ ਨੇ ਰਿਸ਼ਤਿਆਂ ਦੀ ਪਹਿਚਾਣ ਅੱਗੇ ਪ੍ਰਸ਼ਨ-ਚਿੰਨ੍ਹ ਲਾਇਆ ਹੈ, ਜਿਸ ਨਾਲ ਔਰਤ-ਮਰਦ ਸੰਬੰਧਾਂ ਦੇ ਕੁਦਰਤੀ ਅਤੇ ਸਭਿਆਚਾਰਕ ਪੱਖ ਅੱਗੇ ਸਵਾਲ ਖੜ੍ਹਾ ਹੋਇਆ ਹੈ? ਇਸ ਨਾਲ ਸਮਾਜਿਕ-ਬੁਨਿਆਦ ਵਿਚ ਹਿਲਜੁਲ ਹੋਣੀ ਲਾਜ਼ਮੀ ਸੀ| ਡਾ. ਜਸਬੀਰ ਕੇਸਰ ਔਰਤ ਦੀ ਸਥਿਤੀ ਬਾਰੇ ਲਿਖਦੇ ਹਨ:
ਕਦੀ ਪਰਿਵਾਰ ਦਾ ਵਿਰੋਧ, ਕਦੀ ਸਮਲਿੰਗਕਤਾ ਦੀ ਪੈਰਵੀ, ਕਦੀ ਇਸਤਰੀ ਦੇਹ ਦੀ ਮਨਮਰਜ਼ੀ ਨਾਲ ਵਰਤੋਂ ਵਰਗੇ ਨਾਅਰਿਆਂ ਮਗਰ ਲੱਗ ਕੇ ਨਾਰੀਵਾਦੀ ਅੰਦੋਲਨ ਨੇ ਆਪਣੀ ਪ੍ਰਸੰਗਕਤਾ ਗੁਆ ਲਈ ਹੈ ਅਤੇ ਨਾਰੀਵਾਦੀ ਇਕ ਫੈਸ਼ਨ ਬਣ ਗਿਆ ਹੈ ਤੇ ਹੁਣ ਭੂ-ਮੰਡਲੀਕਰਨ ਦੇ ਯੁੱਗ ਵਿਚ ਜਿਸ ਨੂੰ ਪੂੰਜੀਵਾਦ ਦਾ ਸਿਖਰ ਆਖਿਆ ਜਾਂਦਾ ਹੈ, ਗਲੋਬਲ ਪੱਧਰ ਤੇ ਔਰਤ ਦੀ ਸਥਿਤੀ ਸਗੋਂ ਵਧੇਰੇ ਤਰਸਯੋਗ ਬਣਦੀ ਜਾ ਰਹੀ ਹੈ|8 
ਔਰਤ ਵਲੋਂ ਆਪਣੀ ਅਜ਼ਾਦੀ ਲਈ ਚਲਾਏ ਜਾ ਰਹੇ ਅੰਦੋਲਨ ਔਰਤ-ਮਰਦ ਦੀ ਬਰਾਬਰਤਾ ਬਾਰੇ ਨਹੀਂ ਸਗੋਂ ਔਰਤ ਦੀ ਖੁਦ ਦੀ ਹੋਂਦ ਅੱਗੇ ਹੀ ਪ੍ਰਸ਼ਨ ਚਿੰਨ੍ਹ ਸਿਰਜਦੇ ਜਾਪਦੇ ਹਨ| ਔਰਤ-ਮਰਦ ਸੰਬੰਧ ਤਾਂ ਕਿਤੇ ਵੀ ਤੇ ਕਿਸੇ ਵੀ ਸਮੇਂ ਲੋੜ ਅਨੁਸਾਰ ਸਿਰਜੇ ਜਾਣੇ ਸੰਭਵ ਹਨ ਪਰ ਇਨ੍ਹਾਂ ਸੰਬੰਧਾਂ ਨਾਲ ਜੁੜਿਆ ਘਰ-ਪਰਿਵਾਰ ਦਾ ਸੰਕਲਪ ਤਾਂ ਹੀ ਹੋਂਦ ਧਾਰਦਾ ਹੈ ਜੇ ਔਰਤ-ਮਰਦ ਸੰਬੰਧ ਵੀ ਸਮਾਜਕ-ਸਭਿਆਚਾਰਕ ਕੀਮਤਾਂ ਅਨੁਸਾਰ ਹੀ ਹੋਂਦ ਵਿਚ ਆਉਣ|
----------------------------------------------------------
ਹਵਾਲੇ ਅਤੇ ਟਿੱਪਣੀਆਂ

1| ਡਾ. ਟੀ. ਆਰ. ਵਿਨੋਦ, ਸੰਸਕ੍ਰਿਤੀ : ਸਿਧਾਂਤ ਤੇ ਵਿਹਾਰ, ਪੰਨਾ 08
2|"only marriage creates (or maintains) a final relationship between the kinsmen of individuals who claim the role of husband and wife."

International Encyclopedia of Social Sciences (Vol. 5), page 09

3| ਡਾ.ਜਸਬੀਰ ਜੈਨ, ਅਧੁਨਿਕਤਾਵਾਦ ਦੇ ਸੰਦਰਭ: ਭਾਰਤੀ ਨਾਵਲ, ਪੰਨਾ 43
4| ਜਗਦੀਸ਼ ਕੌਰ, ਪੰਜਾਬੀ ਲੋਕ-ਕਹਾਣੀ ਵਿਚ ਸਭਿਆਚਾਰਕ ਦਵੰਦ, ਪੰਨਾ 90
5| ਡਾ. ਜਸਬੀਰ ਕੌਰ ਕੇਸਰ, ਔਰਤ ਅਜ਼ਾਦ ਹੈ?, ਪੰਨਾ 29