ਕਾਲੇ ਬੱਦਲਾਂ ਰੋਸ਼ਨੀਆਂ ਢਕਤੀਆਂ ਇਸ ਸ਼ਹਿਰ ਦੀਆਂ
ਕਿਉਂ ਸੁੱਤੀਆਂ ਪਂਈਆਂ ਨੇ ਬਸਤੀਆਂ ਇਸ ਸ਼ਹਿਰ ਦੀਆਂ।
ਗਲੀ ਗਲੀ 'ਚ ਦੈਂਤ ਕਾਲਾ ਫਿਰ ਰਿਹਾ ਹੈ ਦੋਸਤੋ
ਕਿੱਥੇ ਗਏ ਨੇ ਮੌਜ ਮੇਲੇ ਮਸਤੀਆਂ ਇਸ ਸ਼ਹਿਰ ਦੀਆਂ।
ਹੱਕ ਸੱਚ ਲਈ ਉਠਦੀ ਜਾਂ ਆਵਾਜ਼ ਬੰਦ ਕੀਤੀ ਗਈ
ਦਿੱਤੇ ਤੋਹਫੇ ਵਾਪਿਸ ਕੀਤੇ ਹਸਤੀਆਂ ਇਸ ਸ਼ਹਿਰ ਦੀਆਂ।
ਵਿਕ ਰਹੀਆਂ ਦਾਲਾਂ ਨੇ ਇਥੇ ਮਹਿੰਗੀਆਂ ਤੋਂ ਮਹਿੰਗੀਆਂ
ਤੇ ਜ਼ਮੀਰਾਂ ਵਿਕ ਰਹੀਆਂ ਨੇ ਸਸਤੀਆਂ ਇਸ ਸ਼ਹਿਰ ਦੀਆਂ।
ਦਰੱਖਤ ਕਟਦੇ ਰਹਿਣਗੇ ਜੰਗਲ ਕਹੇ ਕੁਹਾੜੇ ਨੂੰ
ਜਿੰਨੀ ਦੇਰ ਟਾਹਣੇ ਬਣਨ ਦਸਤੀਆਂ ਇਸ ਸ਼ਹਿਰ ਦੀਆਂ।