ਇੱਕ ਔਰਤ ਅਤੇ ਉਸਦਾ ਬੇਟਾ ਇੱਕ ਮੇਲੇ ਵਿੱਚ ਜਾ ਰਹੇ ਸਨ । ਮੇਲੇ ਵਿੱਚ ਬਹੁਤ ਭਾਰੀ ਇੱਕਠ ਸੀ। ਔਰਤ ਦਾ 4 ਸਾਲ ਦਾ ਬੇਟਾ ਸੀ ਜਿਸ ਨੂੰ ਉਹ ਉਂਗਲ ਫੜ ਕੇ ਚਲਾ ਰਹੀ ਸੀ। ਇਸੇ ਦੌਰਾਨ ਮੇਲੇ ਵਿੱਚ ਅਚਾਨਕ ਭਗਦੜ ਮੱਚ ਗਈ ਜਿਸ ਕਾਰਨ ਔਰਤ ਦਾ ਹੱਥ ਆਪਣੇ ਲੜਕੇ ਨਾਲੋਂ ਹਟ ਗਿਆ ਅਤੇ ਛੋਟਾ ਜਿਹਾ ਉਸਦਾ ਲੜਕਾ ਉਸਦੀਆਂ ਨਜ਼ਰਾਂ ਤੋਂ ਪਰੇ ਹੋ ਗਿਆ। ਉਸਨੇ ਉੱਚੀਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਲੜਕੇ ਦਾ ਨਾਮ (ਹਨੀ, ਹਨੀ, ਹਨੀ) ਲੈ ਲੈ ਕੇ ਬੱਚੇ ਨੂੰ ਲੱਭਣ ਲੱਗੀ । ਇਸ ਵਕਤ ਉਸ ਦੇ ਦਿਲ ਤੇ ਕੀ ਬੀਤ ਰਹੀ ਸੀ ਇਹ ਤਾਂ ਉਹ ਹੀ ਜਾਣਦੀ ਸੀ ਤੇ ਜਾਂ ਹਰ ਇੱਕ ਮਾਂ । ਫਿਰ ਉਸਨੇ ਉਸ ਪ੍ਰਮਾਤਮਾ ਨੂੰ ਹੱਥ ਜੋੜੇ ਅਤੇ ਆਸਮਾਨ ਵੱਲ ਵੇਖ ਕੇ ਫਰਿਆਦ ਕੀਤੀ ਕਿ ਹੇ ਮਾਲਕਾ, ਪ੍ਰਭੂ, ਭਗਵਾਨ, ਰੱਬਾ ਮੇਰਾ ਬੇਟਾ ਮੈਨੂੰ ਵਾਪਿਸ ਦੇ ਦੇ । ਮੈਂ ਜਿੰਦਗੀ ਵਿੱਚ ਕਦੇ ਕੋਈ ਬੁਰਾ ਕੰਮ (ਜਿਵੇਂ ਨਿੰਦਾ ਚੁਗਲੀ, ਚੋਰੀਠੱਗੀ, ਧੋਖਾਧੜੀ, ਫਰੇਬ, ਕਦੇ ਕਿਸੇ ਦਾ ਬੁਰਾ ਨਹੀਂ ਸੋਚਾਂਗੀ, ਸੱਚਾ ਸੁੱਚਾ ਜੀਵਨ ਬਤੀਤ ਕਰਾਂਗੀ, ਵਗੈਰਾ ਵਗੈਰਾ......) ਇੱਕ ਸਾਫ ਸੁਥਰਾ ਨੇਕ ਜੀਵਨ ਬਤੀਤ ਕਰਾਂਗੀ। ਇੰਨੇ ਵਿੱਚ ਕਿਸੇ ਸਟੇਜ ਦੇ ਲਾਊਡ ਸਪੀਕਰ ਵਿੱਚੋਂ ਆਵਾਜ ਆਈ ਕਿ ਇੱਕ 4 ਕੁ ਸਾਲ ਦਾ ਬੱਚਾ ਗੁੰਮ ਗਿਆ ਹੈ, ਜਿਸ ਦਾ ਵੀ ਹੈ, ਇੱਥੋਂ ਆ ਕੇ ਲੈ ਜਾਵੋ । ਔਰਤ ਭੱਜੀ ਭੱਜੀ ਉਸ ਜਗ੍ਹਾ ਤੇ ਗਈ ਅਤੇ ਆਪਣੇ ਬੇਟੇ ਨੂੰ ਦੇਖ ਕੇ ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ, ਪਰ ਇਸ ਖੁਸ਼ੀ ਵਿੱਚ ਉਹ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਗਈ (ਪਰ ਜ਼ਿਆਦਾਤਰ ਲੋਕ ਅਜਿਹੇ ਵਕਤ ਰੱਬ ਦਾ ਸ਼ੁਕਰਾਨਾ ਕਰ ਹੀ ਦਿੰਦੇ ਹਨ, ਅਤੇ ਬਾਅਦ ਵਿੱਚ ਭੁੱਲ ਜਾਂਦੇ ਹਨ ਇਹ ਇਨਸਾਨੀ ਸੁਭਾਅ ਹੈ) ਫਿਰ ਉਸ ਤੋਂ ਬਾਅਦ ਉਸਦੀ ਨਿਗ੍ਹਾ ਆਪਣੇ ਦੂਜੀ ਬਾਂਹ ਵਿੱਚ ਟੰਗੇ ਪਰਸ ਵੱਲ ਗਈ ਜੋ ਕਿ ਭੀੜ ਵਿੱਚ ਕਿਤੇ ਗਿਰ ਗਿਆ ਸੀ। ਬੱਸ ਫਿਰ ਉਹੀ ਸਭ ਕੁਝ ਦੁਬਾਰਾ ਰੱਬ ਅੱਗੇ ਹੁਣ ਪਰਸ ਦੀ ਫਰਿਆਦ ਵੀ ਉਸੇ ਤਰ੍ਹਾਂ ਕਰਨ ਲੱਗੀ । ਇੱਥੇ ਗੱਲ ਆਉਂਦੀ ਹੈ ਮਨ ਦੀ, ਇਸ ਨੂੰ ਹੀ ਮਨ ਕਹਿੰਦੇ ਹਨ ਜੋ ਕਿ ਇਨਸਾਨ ਆਪਣੇ ਬੱਸ ਵਿੱਚ ਨਹੀਂ ਕਰ ਸਕਦਾ । ਮਤਲਬ ਸਾਫ ਹੈ ਕਿ ਅਸੀਂ ਸਾਰੇ ਹੀ ਸ਼ਾਇਦ ਇਸੇ ਅਵਸਥਾ ਵਿੱਚੋਂ ਗੁਜ਼ਰਦੇ ਹਾਂ ਕਦੇ ਨਾ ਕਦੇ । ਇਨਸਾਨ ਦੇ ਮਨ ਦੀ ਅਵਸਥਾ ਹੀ ਅਜਿਹੀ ਹੈ । ਅਸੀਂ ਕਦੇ ਵੀ ਸੰਤੁਸ਼ਟ ਨਹੀਂ ਰਹਿ ਪਾਉਂਦੇ । ਬਸ ਆਪਣੀ ਕਿਸਮਤ ਨੂੰ ਦੋਸ਼ੀ ਠਹਿਰਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਝੂਠੀ ਤਸੱਲੀ ਦੇ ਦਿੰਦੇ ਹਾਂ। ਜਿਸ ਕਰਕੇ ਅਕਸਰ ਅਸੀਂ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਨਹੀਂ ਰੱਖਦੇ, ਕਿਉਂਕਿ ਅਸੀਂ ਆਪਣੇ ਹੀ ਬੋਲ ਜੋ ਅਸੀਂ ਆਪਣੀ ਅਰਦਾਸ, ਪ੍ਰਾਰਥਨਾ ਵਿੱਚ ਕਰਦੇਹਾਂ ਕਿ ਮੈਂ ਹੁਣ ਕੋਈ ਗਲਤ/ਬੁਰਾ ਕੰਮ ਨਹੀਂ ਕਰਾਂਗਾ । ਬਸ ਮੇਰੀ ਇਹ ਇੱਛਾ ਪੂਰੀ ਕਰ ਦੇ । ਜਦੋਂ ਸਾਨੂੰ ਮੰਗਿਆ ਹੋਇਆ ਕਿਸੇ ਨਾ ਕਿਸੇ ਵੇਲੇ ਪ੍ਰਾਪਤ ਹੋ ਜਾਂਦਾ ਹੈ ਤਾਂ ਜ਼ਿਆਦਾਤਰ ਇਨਸਾਨ ਸੁਭਾਵ ਮੁਤਾਬਿਕ ਆਪਣੀ ਕੀਤੀ ਅਰਦਾਸ ਭੁੱਲ ਜਾਂਦਾ ਹੈ ਅਤੇ ਅੰਦਰੋਅੰਦਰੀ ਆਪਣੇ ਆਪ ਨੂੰ ਹੀ ਆਪਣੀ ਕਿਸੇ ਵੀ ਪ੍ਰਾਪਤੀ ਦਾ ਕਰੈਡਿਟ ਦੇ ਦਿੰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਸਾਨੂੰ ਜੋ ਪ੍ਰਾਪਤ ਹੋਇਆ ਹੈ ਉਹ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਕੇ ਮੰਗਿਆ ਸੀ।
ਮਨੁੱਖ ਦਾ ਸੁਭਾਅ ਹੈ ਕਿ ਜਿਆਦਾਤਰ ਮਨੁੱਖ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਉਨ੍ਹਾਂ ਕੋਲ ਜੋ ਵੀ ਹੁੰਦਾ ਹੈ ਅਕਸਰ ਉਹ ਹਮੇਸ਼ਾ ਹੋਰ ਜ਼ਿਆਦਾ ਪ੍ਰਾਪਤ ਕਰਨ ਦੀ ਇੱਛਾ ਬਣਾਈ ਰੱਖਦੇ ਹਨ। ਹੁਣ ਸਵਾਲ ਹੈ ਇਸ ਇੱਛਾ ਦਾ । ਇੱਛਾ ਹਰ ਇੱਕ ਇਨਸਾਨ ਦੀ ਵੱਖ ਵੱਖ ਹੁੰਦੀ ਹੈ, ਕੋਈ ਆਪਦੇ ਲਈ ਘੰਨ ਮਗਦਾ ਹੈ, ਕੋਈ ਸੁੱਖਆਰਾਮ ਮੰਗਦਾ ਹੈ, ਜੋ ਕਿ ਮਨੁੱਖ ਨੂੰ ਪ੍ਰਾਪਤ ਹੋ ਵੀ ਜਾਂਦਾ ਹੈ । ਪਰ ਕੀ ਇਹ ਸਭ ਕੁਝ ਪ੍ਰਾਪਤ ਹੋਣ ਦੇ ਬਾਵਜੂਦ ਮਨੁੱਖ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ ? ਇਹ ਤੁਸੀਂ ਆਪਣੀ ਆਪਣੀ ਸੋਚ ਮੁਤਾਬਿਕ ਸੋਚੋ । ਕਿੰਨੇ ਕੁ ਮਨੁੱਖ ਹਨ ਜੋ ਆਪਣੇ ਲਈ ਗਿਆਨ, ਸਮਾਜ ਦੀ ਭਲਾਈ ਕਰਨ ਦੀ ਯੋਗਤਾ, ਇੱਕ ਦੂਸਰੇ ਪ੍ਰਤੀ ਆਦਰ, ਮਾਣ, ਪਿਆਰ, ਸਤਿਕਾਰ, ਚੰਗੀ ਸੋਚ, ਛੋਟਿਆਂ ਨੂੰ ਪਿਆਰ, ਵੱਡਿਆਂ ਨੂੰ ਸਤਿਕਾਰ ਕਰਨ ਦੀ ਭਾਵਨਾ ਮੰਗਦੇ ਹਨ ਜਾਂ ਰੱਖਦੇ ਹਨ। ਬਹੁਤ ਇਨਸਾਨ ਹਨ ਇਹੋ ਜਿਹੇ ਇਸ ਦੁਨੀਆਂ ਤੇ ਜਿੰਨ੍ਹਾਂ ਸਦਕਾ ਹੀ ਇਸ ਦੁਨੀਆਂ ਅੰਦਰ ਕਿਤੇ ਨਾ ਕਿਤੇ ਸ਼ਾਂਤੀ ਅਤੇ ਅਮਨ ਕਾਇਮ ਹੈ। ਪਰ ਕਿੰਨੇ ਹਨ ਇਸ ਬਾਰੇ ਨਹੀਂ ਪਤਾ ਕਿਉਂਕਿ ਸ਼ਾਇਦ ਬਹੁਤੇ ਇਨਸਾਨਾਂ ਕੋਲ ਇੱਕ ਦੂਜੇ ਦੀ ਪ੍ਰਤਿਭਾ ਅਤੇ ਗੁਣਾਂ ਨੂੰ ਖੋਜਣ ਦਾ ਸਮਾਂ ਹੀ ਨਹੀਂ ।
ਦੂਸਰੀ ਗੱਲ ਅੱਜ ਦੇ ਸਿਸਟਮ ਦੀ ਜਿਸ ਵਿੱਚ ਪ੍ਰਸ਼ਾਸਨ, ਪੁਲਿਸ, ਸਰਕਾਰਾਂ, ਨੇਤਾ, ਸਮਾਜ ਸੇਵੀ ਸੰਸਥਾਵਾਂ, ਵੱਖਵੱਖ ਧਰਮਾਂ ਦੇ ਆਗੂ, ਸਮਾਜ ਨੂੰ ਜਾਤਾਂ ਪਾਤਾਂ ਵਿੱਚ ਵੰਡਣ ਵਾਲੇ ਵਰਗ ਦੀ ਹੈ। ਕਿਉਂਕਿ ਸਮਾਜ ਵਿੱਚ ਇੰਨ੍ਹਾਂ ਸਭਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਜੇਕਰ ਇਹ ਸਭ ਵਰਗ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਇੱਕ ਜੁੱਟ ਅਤੇ ਇੱਕ ਸੁਰ ਹੋ ਕੇ ਬਚਨਬੱਧ ਹੋ ਜਾਣ ਤਾਂ ਹੀ ਹਰ ਇਕ ਆਮ ਇਨਸਾਨ ਨਾਲ ਇਨਸਾਫ ਹੋ ਸਕਦਾ ਹੈ। ਪਰ ਇਨ੍ਹਾਂ ਵਿਚੋਂ ਕਿਸੇ ਇੱਕ ਵਰਗ ਨੇ ਵੀ ਆਪਣੇ ਲਈ ਲਾਲਸ/ਲਾਲਚ ਮਨ ਵਿੱਚ ਰੱਖ ਲਿਆ ਤਾਂ ਬਿਲਕੁਲ ਅਸੰਭਵ ਹੈ ਅਤੇ ਗੱਲ ਫਿਰ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ ਜਿਸ ਤੋਂ ਅੰਸਤੁਸ਼ਟੀ ਉਤਪੰਨ ਹੁੰਦੀ ਹੈ ।
ਅੰਤ ਵਿੱਚ ਇਹ ਹੀ ਕਹਾਂਗਾ ਕਿ ਮਨੁੱਖ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ ਜੇਕਰ ਉਹ ਆਪਣੇ ਨਿੱਜੀ ਸਵਾਰਥੀ ਇੱਛਾਵਾਂ ਦੀ ਪੂਰਤੀਨੂੰ ਆਪਣੇ ਮਨ ਵਿੱਚੋਂ ਖਤਮ ਕਰੇ ਕਿਉਂਕਿ ਆਪਣੇ ਸਵਾਰਥ ਲਈ ਜ਼ਿਆਦਾਤਰ ਮਨੁੱਖ ਹਮੇਸ਼ਾ ਤੱਤਪਰ ਰਹਿੰਦਾ ਹੈ। ਮੇਰੀ ਨਿੱਜੀ ਰਾਏ ਮੁਤਾਬਿਕ ਜੇਕਰ ਉਪਰੋਕਤ ਸਾਰੇ ਵਰਗ ਆਪਣੇ ਆਪਣੇ ਸਵਾਰਥ/ਲਾਲਚ ਤਿਆਗ ਕੇ ਸਮਾਜ ਦੀ ਭਲਾਈ (ਜਿਸ ਵਿੱਚ ਹਰ ਇੱਕ ਗਰੀਬ, ਬੇਸਹਾਰਾ, ਮਜ਼ਬੂਰ ਲੋਕ ਸ਼ਾਮਿਲ ਹਨ) ਦਾ ਕੰਮ ਕਿਸੇ ਇੱਕ ਵਿਅਕਤੀ ਲਈ ਵੀ ਕਰ ਦੇਈਏ ਤਾਂ ਹੀ ਅਸੀਂ ਆਪਣੇ ਆਪ (ਮਨ) ਨੂੰ ਸੰਤੁਸ਼ਟ ਕਰ ਸਕਦੇ ਹਾਂ। ਇੱਕ ਵਾਰ ਅਜ਼ਮਾ ਕੇ ਦੇਖ ਲਵੋ । ਕਿਸੇ ਬੇਸਹਾਰਾ, ਲੋੜਵੰਦ ਗਰੀਬ ਦੀ ਮਦਦ ਕਰੋਗੇ (ਬਿਨਾਂ ਕਿਸੇ ਨਿੱਜੀ ਸਵਾਰਥ ਦੇ) ਤਾਂ ਤੁਹਾਡੇ ਮਨ ਨੂੰ ਜੋ ਸੰਤੁਸ਼ਟੀ ਮਿਲੇਗੀ ਉਹ ਤੁਹਾਨੂੰ ਜਰੂਰ ਮਹਿਸੂਸ ਹੋਵੇਗੀ ।