ਅੱਸੀਵਾਂ ਵੀ ਲੰਘ ਗਿਆ
(ਲੇਖ )
ਬਚਪਨ ਦੀਆਂ ਬਾਹਵਾਂ ਗਲੋਂ ਲਹਿੰਦਿਆਂ ਤੇ ਜਵਾਨੀ ਚੜ੍ਹਨ ਵੇਲੇ ਜੀਵਨ ਨੂੰ ਪੁਠੀਆਂ ਭੁਆਟਨੀਆਂ ਦੇਣ ਦਾ ਮੈਨੂੰ ਬੜਾ ਸ਼ੌਕ ਜਾਂ ਸ਼ੁਦਾਅ ਸੀ। ਜੇ ਦੌੜ ਲਾਉਣੀ ਤਾਂ ਸ਼ਹਿਰ ਦੇ ਕਾਲਜ ਤੋਂ ਪਿੰਡ 20 ਮੀਲ ਦੂਰ ਸੀ, ਪੂਰੀ ਤੇਜ਼ ਰਫਤਾਰ ਨਾਲ ਭੱਜ ਕੇ ਪਿੰਡ ਤੇ ਫਿਰ ਘਰ ਪਹੁੰਚ ਜਾਣਾ। ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਪਿੰਡ 20 ਮੀਲ ਦੂਰ ਤੇ ਓਦੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ਤੇ ਬੱਸਾਂ ਨਹੀਂ ਚੱਲਣ ਲਗੀਆਂ ਸਨ ਤੇ ਸੜਕ ਵੀ ਕੱਚੀ ਸੀ। ਪਿੰਡ ਨੂੰ ਰੇਲਵੇ ਸਟੇਸ਼ਨ ਝੋਕ ਟਹਿਲ ਸਿੰਘ ਗੁਰੂ ਹਰ ਸਗਾਏ ਪੈਂਦਾ ਸੀ। ਇਹ ਦੋਵੇਂ ਸਟੇਸ਼ਨ ਵੀ ਪਿੰਡ ਤੋਂ ਅਠ ਨੌਂ ਮੀਲ ਦੇ ਕਰੀਬ ਦੂਰ ਪੈਂਦੇ ਸਨ। ਜੋ ਗੱਡੀ ਹਨੇਰੇ ਝੋਕ ਟਹਿਲ ਸਿੰਘ ਰੇਲਵੇ ਸਟੇਸ਼ਨ ਤੇ ਪਹੁੰਚਦੀ, ਉਸ ਵਿਚੋਂ ਉਤਰ ਕੇ ਪੈ ਰਹੀ ਰਾਤ ਦੇ ਹਨੇਰੇ ਵਿਚ ਵਿੰਗੇ ਟੇਢੇ ਰਾਹਵਾਂ ਤੇ ਝੋਨੇ ਵਾਲੇ ਖੇਤਾਂ ਬੰਨੇ ਬਣਾਈਆਂ ਉਚੀਆਂ ਨੀਵੀਆਂ ਵੱਟਾਂ ਤੇ ਤੁਰਨਾ ਸੌਖਾ ਨਹੀਂ ਸੀ। ਵੱਟ ਤੋਂ ਤਿਲਕ ਕੇ ਸੱਜੇ ਖੱਬੇ ਪਾਣੀ ਨਾਲ ਭਰੇ ਝੋਨੇ ਦੇ ਖੇਤ ਵਿਚ ਡਿਗਣ ਦਾ ਡਰ ਰਹਿੰਦਾ ਸੀ। ਜੇ ਕਿਤੇ ਕਿਸੇ ਸਾਈਕਲ ਚਲਾਉਣ ਹਥ ਲਗ ਜਾਏ ਤਾਂ ਏਧਰ ਓਧਰ ਤੀਹ ਚਾਲੀ ਮੀਲ ਸਾਈਕਲ ਹੀ ਭਜਾਈ ਜਾਣਾ। ਜੇਠ ਹਾੜ ਦੀਆਂ ਤਪਦੀਆਂ ਧੁੱਪਾਂ 'ਚ ਕੱਲੇ ਨਾਲ ਕੱਲਾ ਨੰਗੇ ਪੈਰੀਂ ਵਾਲ ਬਾਲ ਖੇਡੀ ਜਾਣਾ। ਨੰਗੇ ਪੈਰਾਂ ਨੇ ਹਾੜ ਦੀਆਂ ਬਲਦੀਆਂ ਸੜਦੀਆਂ ਧੁੱਪਾਂ ਨਾਲ ਸਮਝੌਤਾ ਕਰ ਲਿਆ ਸੀ। ਜੇ ਸਿਨਮਾ ਘਰਾਂ ਵਿਚ ਪਿਕਚਰਾਂ ਵੇਖਣੀਆਂ ਤਾਂ ਇਕ ਦਿਨ ਵਿਚ ਤਿੰਨ ਤਿੰਨ ਸ਼ੋਅ ਵੇਖ ਲੈਣੇ। ਲਦੇ ਕਦੇ ਮੂੰਹ ਦਾ ਜ਼ਾਇਕਾ ਬਦਲਣ ਲਈ ਕਾਲਜ ਦੇ ਹਾਣੀਆਂ ਦੀਆਂ ਢਾਣੀਆਂ ਨਾਲ ਰਲ ਕੇ ਸਤਲੁਜ ਦਰਿਆ ਦੀਆਂ ਵਗਦੀਆਂ ਫਾਂਟਾਂ ਦੇ ਕੰਢੇ ਵਸੇ ਝੁਗੀਆਂ ਨੁਮਾ ਪਿੰਡ ਤੇ ਢਾਣੀਆਂ ਜਿਵੇਂ ਪੱਲਾ ਮੇਘਾ ਵਗੈਰਾ 'ਚ ਚਲਦੀਆਂ ਨਾਜਾਇਜ਼ ਭਠੀਆਂ ਤੇ ਦਾਰੂ ਪੀਣ ਚਲੇ ਜਾਣਾ ਤੇ ਪਹਿਲੇ ਤੋੜ ਦੀ ਦਾਰੂ ਪੀਈ ਜਾਣੀ ਤੇ ਪਕੌੜੇ ਖਾਈ ਜਾਣੇ। ਕਈ ਵਾਰ ਇਸ ਇਲਾਕੇ ਵਡੀ ਗਿਣਤੀ ਵਿਚ ਵੱਸੇ ਰਾਅ ਸਿੱਖ ਜੰਗਲੀ ਸੂਰ ਮਾਰ ਕੇ ਲਿਆਉਂਦੇ ਤੇ ਸਾਨੂੰ ਵੀ ਸੂਰ ਦੇ ਮੀਟ ਦਾ ਆਚਾਰ ਖਵਾਉਂਦੇ ਕਰਾਰਾ ਲੂਣ ਮਿਰਚ ਪਾ ਕੇ ਬਣਾਇਆ ਹੁੰਦਾ। ਇਹਨਾਂ ਖਾਣ ਪੀਣ ਦੀਆਂ ਆਦਤਾਂ ਦੇ ਨਜ਼ਾਰੇ ਲੈਣ ਵਿਚ ਵਾਧਾ ਹੁੰਦਾ ਗਿਆ। ਲਾਗੇ ਖੇਤਾਂ ਵਿਚ ਉਗੇ ਗਾਜਰਾਂ, ਮੂਲੀਆਂ, ਗੋਂਗਲੂ ਪੁਟ ਕੇ ਖਾਣ ਤੋਂ ਬਿਨਾਂ ਤੇ ਹਰੇ ਗੰਢੇ, ਹਰੇ ਛੋਲੀਏ ਦੀਆਂ ਲਗਰਾਂ ਮਰੁੰਡ ਕੇ ਖਾ ਜਾਂਦੇ। ਜਦ ਛੋਲੀਏ ਨੂੰ ਟਾਟਾਂ ਲਗ ਜਾਂਦੀਆਂ ਤੇ ਦਾਣੇ ਭਰ ਜਾਂਦੇ ਤਾਂ ਹੋਲਾਂ ਭੁੰਨ ਕੇ ਖਾਣ ਦਾ ਆਪਣਾ ਹੀ ਵਖਰਾ ਸਵਾਦ ਸੀ। ਹਾਣ ਦੇ ਕੁਝ ਖਾਸ ਯਾਰਾਂ ਬੇਲੀਆਂ ਨਾਲ ਸ਼ਹਿਰ ਦੇ ਬਾਜ਼ਾਰਾਂ ਵਿਚ ਸੋਹਣੀਆਂ ਕੁੜੀਆਂ ਵੇਖਣ ਜਾਂਦੇ ਤੇ ਉਹਨਾਂ ਦੇ ਹੁਸਨ ਦੀਆਂ ਜ਼ਬਾਨੀ ਕਲਾਮੀ ਡਿਗਰੀਆਂ ਵੰਡਣੀਆਂ। ਜੇ ਕਿਤੇ ਮੁੰਡਿਆਂ ਦੀਆਂ ਲੜਾਈਆਂ ਹੋ ਜਾਣੀਆਂ ਤਾਂ ਹਾਕੀਆਂ ਤੇ ਚਾਕੂ ਕਢ ਲੈਣੇ। ਕਈ ਵਾਰ ਹੋਸਟਲ ਦੇ ਵਾਰਡਨ ਅੰਗਰੇਜ਼ੀ ਦੇ ਪ੍ਰੋਫੈਸਰ ਕਸ਼ਅਪ ਨੇ ਸੁਲ੍ਹਾ ਕਰਵਾ ਦੇਣੀ। ਜੇ ਗਲ ਥਾਣੇ ਤਕ ਪਹੁੰਣ ਜਾਂਦੀ ਤਾਂ ਕੋਤਵਾਲੀ ਦੇ ਮੁਨਸ਼ੀ ਜਾਂ ਥਾਣੇਦਾਰ ਨੇ ਦਬਕੇ ਮਾਰ ਕੇ ਤੇ ਲੜਾਈ ਨਾ ਕਰਨ ਦਾ ਸਬਕ ਦੇ ਕੇ ਭਜਾ ਦੇਣਾ। ਮੁੰਡਿਆਂ ਨਾਲ ਰਲ ਕੇ ਮੁਨਿਆਰੀਆਂ ਦੀਆਂ ਦੁਕਾਨਾਂ ਤੋਂ ਜੁਰਾਬਾਂ ਪਾ ਕੇ ਪੈਸੇ ਦਿਤੇ ਬਗੈਰ ਬਾਹਰ ਆ ਜਾਣਾ ਤੇ ਬੇਲੀਆਂ ਵਿਚ ਆ ਕੇ ਦੁਕਾਨਦਾਰ ਨੂੰ ਪੈਸੇ ਨਾ ਦੇ ਕੇ ਕੀਤੀ ਚੋਰੀ ਨਾਲ ਬੇਵਕੂਫ ਬਨਾਉਣ ਦੀਆਂ ਉਚੀ ਉਚੀ ਗੱਲਾਂ ਕਰਨੀਆਂ। ਸਾਡੇ ਇਹ ਸਾਰੇ ਕੰਮ ਵੈਲੀਆਂ ਤੇ ਵੈਲ ਕਮਾ ਕੇ ਉਮਰਾਂ ਘਟਾਉਣ ਵਾਲੇ ਸਨ ਜਾਂ ਇਹ ਸਮਝ ਲਵੋ ਕਿ ਉਮਰ ਦਾ ਤਕਾਜ਼ਾ ਈ ਇਹੋ ਸੀ।
ਜੇ ਕਿਤਾਬਾਂ ਪੜ੍ਹਨ ਲਗਣਾ ਤਾਂ ਦਿਨ ਰਾਤ ਪੜ੍ਹੀ ਜਾਣਾ। ਜੇ ਨੀਂਦ ਆਉਣੀ ਤਾਂ ਮੂੰਹ ਤੇ ਠੰਢੇ ਪਾਣੀ ਦੇ ਛਿਟੇ ਮਾਰ ਕੇ ਫਿਰ ਪੜ੍ਹਨ ਲਗ ਜਾਣਾ। ਕਨਟੀਨ ਚੋਂ ਰਾਤ ਦੀ ਰੋਟੀ ਨਾ ਖਾਣੀ ਕਿ ਨੀਂਦ ਨਾ ਆਵੇ। ਜੇ ਫਿਰ ਵੀ ਨੀਂਦ ਆਉਣੀ ਤਾਂ ਛੱਤ ਪਖੇ ਨਾਲ ਪੱਗ ਬੰਨ੍ਹ ਕੇ ਸਿਰ ਦੇ ਜੂੜੇ ਦੇ ਵਾਲਾਂ ਨਾਲ ਬੰਨ੍ਹ ਲੈਣੀ ਕਿ ਨੀਂਦ ਭਜਾਈ ਜਾਵੇ। ਇਕ ਵਾਰ ਮੈਨੂੰ ਤੇ ਮੇਰੇ ਨਾਲ ਪੜ੍ਹਦੇ ਬਾਣੀਆਂ ਦੇ ਮੁੰਡੇ ਬਨਾਰਸੀ ਦਾਸ ਨੂੰ ਖਬਤ ਚੜ੍ਹਿਆ ਕਿ ਅੰਗਰੇਜ਼ੀ ਦੀ ਡਿਕਸ਼ਨਰੀ ਜ਼ਬਾਨੀ ਯਾਦ ਕਰਨੀ ਹੈ। ਅਜੇ ਅਸਾਂ ਡਿਕਸ਼ਨਰੀ ਅੁਸਾਰ "ਏ" ਦੇ ਅੱਧੇ ਅੱਖਰ ਹੀ ਯਾਦ ਕੀਤੇ ਸਨ ਕਿ ਬਨਾਰਸੀ ਦਾਸ ਪਾਗਲ ਹੋ ਗਿਆ ਤੇ ਕਾਲਜ ਛਡ ਕੇ ਗੋਨਿਆਣੇ ਮੰਡੀ ਵਿਚ ਆਪਣੇ ਪਿਓ ਦੀ ਆੜ੍ਹਤ ਦੀ ਦੁਕਾਨ ਤੇ ਬਹਿ ਗਿਆ। ਉਹਦਾ ਪਾਗਲਪਨ ਠੀਕ ਹੋਣ ਵਿਚ ਕਈ ਸਾਲ ਲਗ ਗਏ। ਸ਼ਾਹਾਂ ਦੇ ਦਲਬੇਰ ਦੇ ਪਿਓ ਦਾ ਸ਼ਰਾਬ ਦਾ ਠੇਕਾ ਸੀ। ਉਹ ਪੜ੍ਹਾਈ ਛਡ ਕੇ ਸ਼ਰਾਬ ਦੀ ਦੁਕਾਨ ਤੇ ਬੈਠ ਗਿਆ ਵੇਚ ਵੱਟ ਦਾ ਧਿਆਨ ਰਖਣ ਲਗ ਪਿਆ। ਮੰਡੀ ਗੁਰੂਹਰ ਸਹਾਏ ਦੇ ਸੋਢੀਆਂ ਦੇ ਕੁਝ ਮੁੰਡੇ ਮੇਰੇ ਨਾਲ ਪੜ੍ਹਦੇ ਸਨ। ਅਮੀਰ ਤੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਸਨ। ਪਤਾ ਨਹੀਂ ਕਿਉਂ ਉਹ ਵੀ ਕਾਲਜ ਛਡ ਕੇ ਭਜ ਗਏ ਤੇ ਆਪਣਾ ਜੱਦੀ ਜ਼ਿਮੀਂਦਾਰਾ ਕਿੱਤਾ ਕਰਨ ਲਗ ਪਏ। ਪਿੰਡ ਮੱਲਣ ਵਾਲਾ ਅਨਮੋਲ ਸੋਢੀ ਵੀ ਐਫ਼ ਏ. ਕਰ ਕੇ ਪਤਾ ਨਹੀਂ ਕਿਹੜੇ ਸ਼ਹਿਰ ਵਿਚ ਕੋਈ ਕੋਰਸ ਕਰਨ ਚਲਾ ਗਿਆ ਤੇ ਮਲਸੀਆਂ ਵਾਲੇ ਕਾਮਰੇਡ ਜੋਗਿੰਦਰ ਸੰਧੂ ਬੀ. ਏ. ਨੇ ਵਾਹੀ ਖੇਤੀ ਦੇ ਨਾਲ ਨਾਲ ਜ਼ੀਰੇ ਕੋਆਪਰੇਟਿਵ ਸੁਸਾਇਟੀ ਦਾ ਕਾਰੋਬਾਰ ਸ਼ੁਰੂ ਕਰ ਲਿਆ ਜਿਸ ਵਿਚ ਸੀਮੈਂਟ ਸੇਲ ਦਾ ਕੰਮ ਵੀ ਸ਼ਾਮਲ ਸੀ ਤੇ ਜੱਟ ਹੋ ਕੇ ਵੀ ਉਹ ਅਮੀਰ ਹੋ ਗਿਆ। ਜ਼ੀਰੇ ਵਿਚ ਬਸ ਸਟੈਂਡ ਦੇ ਸਾਹਮਣੇ ਛੇ ਕਨਾਲ ਦੀ ਦੋ ਮੰਜ਼ਲੀ ਕੋਠੀ ਬਣਾ ਲਈ। ਦੂਰ ਨੇੜਿਓਂ ਅਨੇਕਾਂ ਲੋਕ ਉਸ ਕੋਲੋਂ ਵਖ ਵਖ ਕਿਸਮ ਦੀ ਸਲਾਹ ਤੇ ਮਦਦ ਮੰਗਣ ਆਉਂਦੇ। ਭਾਵੇਂ ਉਹ ਸਰਦਾਰ ਬਣ ਗਿਆ ਸੀ ਪਰ ਉਹਦੇ ਖਿਆਲ ਕਾਮਰੇਡਾਂ ਵਾਲੇ ਹੀ ਰਹੇ ਤੇ ਪੰਜਾਬੀ ਸਾਹਿਤ ਪੜ੍ਹਨਾ ਉਸ ਨੇ ਕਦੇ ਨਾ ਛਡਿਆ। ਲੇਖਕਾਂ ਨੂੰ ਉਤਸ਼ਾਹ ਦੇਣਾ ਤੇ ਮਦਦ ਕਰਨੀ ਉਹਦਾ ਕਰਮ ਧਰਮ ਬਣਿਆ ਰਿਹਾ।
ਇਹ ਦਿਨ ਸਦਾ ਨਹੀਂ ਰਹਿੰਦੇ ਅਤੇ ਐਫ਼ ਏ. ਤੇ ਬੀ. ਏ. ਦੇ ਇਮਤਿਹਾਨਾਂ ਪਿਛੋਂ ਵੈਲੀ ਮੁੰਡਿਆਂ ਚੋਂ ਬਹੁਤੇ ਫੇਲ ਹੋ ਗਏ ਤੇ ਕਾਲਜ ਛਡ ਗਏ। ਕੋਈ ਘਰ ਬਹਿ ਗਿਆ ਜਾਂ ਪਿਓ ਦਾਦੇ ਦੇ ਕਿੱਤੇ ਨਾਲ ਜੁੜ ਗਿਆ। ਕੁਝ ਕਲਰਕ ਜਾਂ ਟੀਚਰ ਲਗ ਗਏ ਜਾਂ ਪਟਵਾਰੀ ਬਣ ਗਏ। ਮੈਂ ਐਫ਼ ਏ. ਦੇ ਨਾਲ ਨਾਲ ਚੰਗੇ ਨੰਬਰਾਂ ਤੇ ਗਿਆਨੀ ਪਾਸ ਕਰ ਲਈ ਜੋ ਬੀ. ਏ. ਦੇ ਬਰਾਬਰ ਸਮਝੀ ਜਾਂਦੀ ਸੀ। ਬਾਅਦ ਵਿਚ ਬੀ. ਏ. ਇੰਗਲਸ਼ ਕਰ ਕੇ ਇਕ ਹੋਰ ਸਬਜੈਕਟ ਪਾਸ ਕਰ ਕੇ ਗਰੈਜੂਏ ਬਣ ਗਿਆ ਤੇ ਅਬੋਹਰ ਲਾਗੇ ਪੈਂਦੇ ਅਮੀਰ ਪਿੰਡਾਂ ਦੇ ਇਕ ਸਕੂਲ ਵਿਚ ਟੀਚਰ ਲਗ ਗਿਆ। ਇਸ ਇਲਾਕੇ ਦੇ ਪਿੰਡਾਂ ਵਾਲੇ ਲੋਕ ਟੀਚਰਾਂ ਨੂੰ ਗੁਰੂਆਂ ਵਾਂਗ ਪੂਜਦੇ ਤੇ ਉਹਨਾਂ ਦੀ ਬੜੀ ਸੇਵਾ ਕਰਦੇ ਸਨ। ਇਹਨਾਂ ਪਿੰਡਾਂ ਵਿਚ ਜਾ ਕੇ ਵੇਖਿਆ ਕਿ ਇਹਨਾਂ ਵਿਚੋਂ ਕੁਝ ਸੌਖੇ ਲੈਂਡ ਲਾਰਡ ਜੱਟ ਤੇ ਜਾਟ ਬਾਗੜੀ ਸ਼ਿਕਾਰ ਖੇਡਣ ਦੇ ਬਹੁਤ ਸ਼ੌਕੀਨ ਸਨ। ਇਹਨਾਂ ਕੋਲ ਲਾਈਸੰਸੀ ਰਫਲਾਂ ਸਨ ਤੇ ਮੈਨੂੰ ਵੀ ਸ਼ਿਕਾਰ ਤੇ ਨਾਲ ਲੈ ਜਾਂਦੇ। ਏਥੇ ਮੈਂ ਪਿੰਡ ਦੇ ਸਰਪੰਚ ਦੀ ਦੋਨਾਲੀ ਬੰਦੂਕ ਨਾਲ ਐਲ ਜੀ, ਐਸ ਜੀ ਕਾਰਤੂਸਾਂ ਨਾਲ ਕਈ ਵਾਰ ਹਿਰਨ, ਰੋਝ (ਨੀਲ ਗਾਏ) ਕੂੰਜਾਂ ਆਦਿ ਜਾਨਵਰ ਮਾਰੇ ਅਤੇ ਛੋਟੇ ਕਾਰਤੂਸਾਂ ਨਾਲ ਖਰਗੋਸ਼, (ਸਹੀਅੜ) ਤਿੱਤਰਾਂ, ਭਟਿੱਟਰਾਂ, ਹਰੀਹਰ ਤੇ ਬਟੇਰਿਆਂ ਦਾ ਸ਼ਿਕਾਰ ਖੇਡਿਆ। ਕਈ ਰੱਖਾਂ ਵਿਚੋਂ ਮਨਚਲੇ ਮੋਰ ਵੀ ਮਾਰ ਕੇ ਖਾ ਲੈਂਦੇ ਤੇ ਘੁਗੀਆਂ ਕਬੂਤਰ ਵੀ। ਇਹ ਸਾਰੇ ਕੰਮ ਵੈਲੀਆਂ ਵਾਲੇ ਸਨ ਤੇ ਆਦਤਾਂ ਖਰਾਬ ਕਰਨ ਵਾਲੇ। ਰੋਜ਼ ਘਰ ਦੀ ਕਢੀ ਦਾਰੂ ਪੀਣ ਨਾਲ ਦਾਰੂ ਪੀਣੀ ਆਦਤ ਬਣ ਗਈ। ਮੈਂ ਨਾਲ ਨਾਲ ਪੜ੍ਹਦਾ ਤੇ ਸੋਚਦਾ ਵੀ ਬਹੁਤ ਰਹਿੰਦਾ ਸਾਂ ਤੇ ਇਸ ਨਤੀਜੇ ਤੇ ਪਹੁੰਚ ਗਿਆ ਕਿ ਜੇ ਜ਼ਿੰਦਗੀ ਏਸੇ ਤਰ੍ਹਾਂ ਚਲਦੀ ਰਹੀ ਤਾਂ ਮੌਤ ਜਲਦੀ ਹੋ ਸਕਦੀ ਹੈ। ਮੌਤ ਨੂੰ 50 ਸਾਲ ਦੀ ਉਮਰ ਤਕ ਉਡੀਕਦਾ ਰਿਹਾ ਤੇ ਕਈ ਵਾਰ ਮੌਤ ਆਉਂਦੀ ਤੇ ਬੂਹਾ ਖੜਕਾ ਕੇ ਲੰਘ ਜਾਂਦੀ, ਖਾਸਕਰ ਇਕ ਸ਼ਾਮ ਹੁਸੈਨੀਵਾਲਾ ਬਾਰਡਰ ਤੇ ਮੈਂ ਤੇ ਦਲੀਪ ਸਿੰਘ ਭੁਪਾਲ ਸ਼ਿਕਾਰ ਖੇਡਣ ਗਏ ਤੇ ਸ਼ਰਾਬੀ ਹੋਏ ਪਾਕਿਸਤਾਨ ਦੀ ਹਦ ਅੰਦਰ ਚਲੇ ਗਏ। ਇਸ ਤੋਂ ਪਹਿਲਾਂ ਕਿ ਪਾਕਿਸਤਾਨ ਦੀ ਬਾਰਡਰ ਪੋਲੀਸ ਸਤਲੁਜ ਰੇਂਜਰਜ਼ ਵਾਲੇ ਸਾਨੂੰ ਗ੍ਰਿਫਤਾਰ ਕਰ ਕੇ ਗੋਲੀ ਮਾਰ ਦੇਂਦੇ ਕਿ ਪਰ ਪੀ ਏ ਪੀ ਦੇ ਵਾਕਫ ਹੌਲਦਾਰ ਜਿਸ ਨੂੰ ਉਹ ਜਾਣਦੇ ਸਨ, ਨੇ ਸਾਨੂੰ ਬਚਾ ਲਿਆ। ਇੰਜ ਦਾਰੂ ਪਾਣੀ ਆਦਿ ਦਾ ਵੈਲ ਰੱਜ ਕੇ ਚਲਦਾ ਰਿਹਾ ਤੇ ਜੀਵਨ ਬੱਤੀ ਜਲਦੀ ਬੁਝਾਉਣ 'ਚ ਕੋਈ ਕਸਰ ਨਾ ਛੱਡੀ ਪਰ ਨਾਲ ਨਾਲ ਉਚ ਵਿਦਿਆ ਪ੍ਰਾਪਤ ਕੀਤੀ ਤੇ ਕਈ ਮਹਤਵ ਪੂਰਨ ਅਹੁਦਿਆਂ ਤੇ ਕੰਮ ਕਰਨ ਤੋਂ ਇਲਾਵਾ ਅਨੇਕਾਂ ਪੁਸਤਕਾਂ ਲਿਖੀਆਂ ਤੇ ਬਤੌਰ ਲੇਖਕ ਆਪਣਾ ਨਾਂ ਬਣਾ ਲਿਆ।
ਕੈਨੇਡਾ ਆ ਕੇ ਕਿਸਮ ਕਿਸਮ ਦੀ ਵਧੀਆ ਦਾਰੂ ਪੀਣ ਤੇ ਖਾਣ ਨੂੰ ਕਿਸਮ ਕਿਸਮ ਦੇ ਬੇਅੰਤ ਮੀਟ ਮੁਰਗਿਆਂ ਦਾ ਕੋਈ ਅੰਤ ਨਹੀਂ ਸੀ। ਵਧੀਆ ਸ਼ਰਾਬਾਂ ਤੇ ਮੀਟ ਮੁਰਗਿਆਂ ਨਾਲ ਕੈਨੇਡਾ ਦੇ ਸਟੋਰ ਭਰੇ ਪਏ ਸਨ। ਏਥੇ ਆ ਕੇ ਮੇਰੇ ਵਰਗੇ ਸੁਭਾਅ ਦੇ ਹੋਰ ਵੈਲੀ ਮਿਲ ਗਏ ਜਿਨ੍ਹਾਂ ਦੇ ਨਾਂ ਮੈਂ ਇਸ ਲਈ ਨਹੀਂ ਲਿਖਾਂਗਾ ਕਿ ਨਾਰਾਜ਼ ਨਾ ਹੋ ਜਾਣ। ਰੈਕਸਡੇਲ ਤੇ ਫਿਰ ਬਰੈਂਪਟਨ ਦੇ ਇਲਾਕੇ ਵਿਚ ਸ਼ਾਮਾਂ ਨੂੰ ਜਦ ਅਸੀਂ ਪੀਣ ਦਾ ਜੁਗਾੜ ਕਰ ਲੈਂਦੇ ਤਾਂ ਬਾਗੜੀ ਇਕ ਗੱਲ ਜ਼ਰੂਰ ਕਹਿੰਦਾ ਕਿ ਜੇ ਅਸਾਂ ਪੀਣ ਦਾ ਵੈਲ ਨਾ ਛਡਿਆ ਤਾਂ ਆਪਾਂ 60 ਨਹੀਂ ਟੱਪਣ ਲਗੇ। ਸਾਡਾ ਪਰਮ ਮਿਤਰ ਗੁਰਦੀਪ ਸਿੰਘ ਚੌਹਾਨ ਤੇ ਕਲਾਕਾਰ ਮਹਿੰਦਰ ਦੀਵਾਨਾ ਆਦਿ ਨੇ ਆਪਣਾ ਪੀਣ ਦਾ ਵੈਲ ਨਾ ਛਡਿਆ ਤੇ ਸਠਾਂ ਦੇ ਲਾਗੇ ਚਾਗੇ ਪੀਣੀ ਜਾਰੀ ਰਖਦਿਆਂ ਮੌਤ ਨੂੰ ਵਧੇਰੇ ਤਰਜੀਹ ਦਿਤੀ। ਚੌਹਾਨ ਸਾਹਿਬ ਤਾਂ ਕਈ ਵਾਰ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਿਸ ਦਾਰੂ ਨੇ ਚੰਗੇ ਮੰਦੇ ਦਿਨਾਂ ਵਿਚ ਸਾਰੀ ਉਮਰ ਆਪਣਾ ਸਾਥ ਦਿਤਾ ਹੈ, ਹੁਣ ਅੰਤ ਵਿਚ ਆਪਾਂ ਇਸ ਨੂੰ ਕਿਉਂ ਛਡੀਏ। ਉਹ ਬਹੁਤ ਵਿਦਵਾਨ ਸਨ ਤੇ ਕਈ ਵਾਰ ਬਰੇਕਫਾਸਟ ਵੀ ਦਾਰੂ ਦੇ ਪੈਗ ਨਾਲ ਹੀ ਕਰਦੇ ਤੇ ਇਸ ਨੂੰ ਜਾਮੇ ਸਬੂਹੀ (ਸੁਬ੍ਹਾ ਦਾ ਜਾਮ) ਕਹਿੰਦੇ। ਇਸਦੀ ਤੁਲਣਾ ਫਾਰਸੀ ਦੇ ਸ਼ਾਇਰਾਂ ਨਾਲ ਕਰਦੇ। ਕਈ ਪਰਕਾਰ ਦੇ ਵੈਲ ਕਮਾਉਂਦਿਆਂ ਤੇ ਮੌਤ ਨੂੰ ਨੇੜੇ ਵੇਖਦਿਆਂ ਉਮਰ ਦੇ ਪੰਜਾਹ ਸਾਲ, ਫਿਰ ਸਠ ਸਾਲ, ਫਿਰ 65 ਸਾਲ, ਫਿਰ 75 ਸਾ ਤੇ ਅੰਤ 80 ਸਾਲ ਵੀ ਲੰਘ ਗਏ ਹਨ। ਅੱਸੀ ਪੂਰੇ ਕਰਨੇ ਜਾਂ ਹੋ ਜਾਣੇ ਮੈਂ ਬੜੀ ਵਡੀ ਗੱਲ ਸਮਝਦਾ ਹਾਂ। ਜਦ ਅੱਸੀ ਵੀ ਹੋ ਗਏ ਤਾਂ ਨਿਕਟਵਰਤੀਆਂ ਨੇ "ਬਲਬੀਰ ਸਿੰਘ ਮੋਮੀ ਦੇ ਅੱਸੀ ਸਾਲ" ਮਨਾਉਣ ਦਾ ਫੈਸਲਾ ਕੀਤਾ।
7 ਨਵੰਬਰ ਨੂੰ ਰਾਇਲ ਇੰਡੀਆ ਸਵੀਟ ਰੈਸਟੋਰੈਂਟ ਬਰੈਂਪਟਨ ਵਿਖੇ ਪਰਵਾਰ ਅਤੇ ਮਿਤਰਾਂ ਵੱਲੋਂ ਮੇਰਾ ਅੱਸੀਵਾਂ ਜਨਮ ਦਿਨ ਭਾਰੀ ਇਕਠ ਵਿਚ ਬੜੇ ਉਤਸ਼ਾਹ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਸੌ ਦੇ ਕਰੀਬ ਪਤਵੰਤੇ ਸੱਜਣ, ਬਿਜ਼ਨਸਮੈਨ, ਲੇਖਕ ਅਤੇ ਪੱਤਰਕਾਰ ਸ਼ਾਮਲ ਹੋਏ। ਇਨ੍ਹਾਂ ਵਿਚ ਬੀਬੀਆਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਤਿੰਨ ਘੰਟੇ ਤੋਂ ਵਧ ਚਲੇ ਇਸ ਪਰੋਗਰਾਮ ਦੀ ਕਾਰਵਾਈ ਨੂੰ ਡਾ: ਰਣਵੀਰ ਸ਼ਾਰਦਾ, ਲੇਖਕ ਹਰਚੰਦ ਸਿੰਘ ਬਾਸੀ ਅਤੇ ਟੀਵੀ ਹੋਸਟ ਤੇ ਪ੍ਰਯੋਗਵਾਦੀ ਲੇਖਕ ਇਕਬਾਲ ਮਾਹਲ ਨੇ ਬੜੀ ਬਖੂਬੀ ਨਾਲ ਨਿਭਾਇਆ। ਆਏ ਬੁਲਾਰਿਆਂ ਨੇ ਮੋਮੀ ਸਾਹਿਬ ਬਾਰੇ ਆਪਣੇ ਵਿਚਾਰ ਪਰਗਟ ਕੀਤੇ। ਇਹ ਸਾਰਾ ਫੰਕਸ਼ਨ ਪ੍ਰਸਿਧ ਬਿਜ਼ਨਸਮੈਨ ਸ਼ ਜੋਗਿੰਦਰ ਸਿੰਘ ਬਾਜਵਾ ਮਾਲਕ ਬਾਜਵਾ ਟੈਕਸੀ ਅਤੇ ਸ਼ ਹਰਿੰਦਰ ਸਿੰਘ ਸੋਮਲ ਮਾਲਕ ਸੋਮਲ ਵਾਚਜ਼ ਨੇ ਸਪਾਂਸਰ ਕੀਤਾ। ਸੋਮਲ ਸਾਹਿਬ ਨੇ ਮਿਸਜ਼ ਮੋਮੀ ਤੇ ਮਿਸਟਰ ਮੋਮੀ ਕੀਮਤ ਘੜੀਆਂ ਭੇਟਾ ਕੀਤੀਆਂ। ਮੰਚ ਤੇ ਜੋਗਿੰਦਰ ਸਿੰਘ ਬਾਜਵਾ, ਹਰਿੰਦਰ ਸਿੰਘ ਸੋਮਲ ਡਾ: ਪ੍ਰੋ. ਵਰਿਆਮ ਸਿੰਘ ਸੰਧੂ, ਬਲਬੀਰ ਸਿੰਘ ਮੋਮੀ ਐਕਟਿੰਗ ਕੌਂਸਲ ਜਨਰਲ ਮਿਸਟਰ ਆਰ. ਕੇ. ਪਰਿੰਦੀਆ ਸ਼ੁਸੋ.ਭਤ ਸਨ। ਮਾਝਾ ਸਪੋਰਟਸ ਕਲੱਬ ਦੇ ਪ੍ਰਧਾਨ ਸ਼ ਹਰਦਿਆਲ ਸਿੰਘ ਸੰਧੂ, ਜੇਮਜ਼ ਪੋਟਰ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੇ ਉਹਨਾਂ ਦੇ ਸਾਥੀ, ਕਰੈਡਿਟ ਵਿਊ ਕਲੱਬ ਦੇ ਪ੍ਰਧਾਨ ਸ਼ ਗੁਰਨਾਮ ਸਿੰਘ ਕੈਰੋਂ ਆਦਿ ਨੇ ਫੰਕਸ਼ਨ ਨੂੰ ਸਫਲ ਬਨਾਉਣ ਵਿਚ ਬੜੀ ਮਦਦ ਕੀਤੀ। ਇੰਡੀਅਨ ਕੌਂਸਲੇਟ ਤੋਂ ਐਕਟਿੰਗ ਕੌਂਸਲ ਜਨਰਲ ਮਿਸਟਰ ਪਰਿੰਦੀਆ, ਮਿਸਟਰ ਨਿਓਗੀ, ਆਜ਼ਾਦ ਸਿੰਘ ਅਤੇ ਹੋਰ ਸਟਾਫ ਕੌਂਸਲ ਜਨਰਲ ਸ਼੍ਰੀ ਅਖਿਲ ਮਿਸ਼ਰਾ ਜੀ ਵੱਲੋਂ ਵਧਾਈ ਦੇਣ ਲਈ ਪੁਜੇ। ਮਿਸ ਜੈਨੀ ਗਿੱਲ, ਪ੍ਰਸਿਧ ਬਿਜ਼ਨਸਮੈਨ ਜਸਬੀਰ ਸਿੰਘ ਨਾਮਧਾਰੀ, ਮਾਸਟਰ ਅਜੀਤ ਸਿੰਘ ਕਿਚਨਰ-ਵਾਟਰਲੂ, ਪ੍ਰੋ: ਡਾ: ਸੋਢੀ ਰਾਮ, ਸ਼ਾਇਰ ਗੁਰਦੇਵ ਸਿੰਘ ਬਡਵਾਲ, ਪ੍ਰਿੰਸੀਪਲ ਪਾਖਰ ਸਿੰਘ, ਸੁਖਦੇਵ ਸਿੰਘ ਪਲੇਟੀਅਰ, ਅਮਰਜੀਤ ਬਾਵੇਜਾ, ਬੇਅੰਤ ਸਿੰਘ ਵਿਰਦੀ, ਕਮਲ ਸਿੰਘ ਲਿਮੋਜੀਨ, ਅਸ਼ਵਨੀ ਤਾਂਗੜੀ, ਨੀਨਾ ਤਾਂਗੜੀ, ਮਾਸਟਰ ਅਮਰ ਸਿੰਘ ਤੁੱਸੜ, ਬਸਾਖਾ ਸਿੰਘ ਤਾਤਲਾ, ਬੇਦੀ ਸਾਹਿਬ ਆਦਿ ਉਚੇਚੇ ਤੌਰ ਤੇ ਤਸ਼ਰੀਫ ਲਿਆਏ। ਮੀਡੀਆ ਚੋਂ ਬਲਰਾਜ ਦਿਓਲ, ਜੋਗਿੰਦਰ ਬਾਸੀ, ਪਰਮਜੀਤ ਸਿਮਘ ਸੰਧੂ, ਪੱਤਰਕਾਰ ਸੱਤਪਾਲ ਸਿੰਘ ਜੌਹਲ ਅਤੇ ਰਵੀ ਜੱਸਲ ਝਾਂਜਰ ਟੀਵੀ ਉਚੇਚੇ ਤੌਰ ਤੇ ਪਹੁੰਚੇ। ਰਵੀ ਜੱਸਲ ਨੇ ਸਾਰੇ ਪਰੋਗਰਾਮ ਦੀ ਮੂਵੀ ਵੀ ਬਣਾਈ। ਸਮੁਚੇ ਤੌਰ ਤੇ ਬੜਾ ਫੰਕਸ਼ਨ ਕਾਮਯਾਬ ਰਿਹਾ।