ਤੇਰੇ ਬਿਨ ਪੁਸਤਕ ਸੁਰਿੰਦਰ ਕੌਰ ਬਾੜਾ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਤੋਂ ਉਸ ਦੇ ਪਿਆਰੇ ਦਾ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਬਾੜਾ ਨੂੰ ਸਾਹਿਤਕ ਪ੍ਰੇਮ ਪਰਿਵਾਰਿਕ ਵਿਰਸੇ ਵਿਚੋਂ ਹੀ ਮਿਲਿਆ ਹੈ ਕਿਉਂਕਿ ਉਸਦੇ ਪਿਤਾ ਮਹਿੰਦਰ ਸਿੰਘ ਆਪਣੇ ਸਮਿਆਂ ਦੇ ਚੰਗੇ ਕਬਾਲ ਸਨ। ਇਸ ਲਈ ਉਨ•ਾਂ ਦੇ ਘਰ ਵਿਚ ਕਬਾਲੀਆਂ ਦੇ ਪ੍ਰੋਗਰਾਮ ਆਮ ਤੌਰ ਤੇ ਹੁੰਦੇ ਰਹਿੰਦੇ ਸੀ। ਆਪਦੀ ਮਾਤਾ ਸੰਤ ਕੌਰ ਵੀ ਸਾਹਿਤਕ ਰੁਚੀਆਂ ਦੀ ਮਾਲਕ ਸੀ। ਸੁਰਿੰਦਰ ਕੌਰ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਪ੍ਰੰਤੂ ਕੁਝ ਘਰੇਲੂ ਮਜ਼ਬੂਰੀਆਂ ਕਰਕੇ ਆਪ ਦਾ ਪਰਿਵਾਰ ਪਟਿਆਲਾ ਜਿਲ•ੇ ਦੇ ਜਰਨੈਲੀ ਸੜਕ ਤੇ ਸਥਿਤ ਬਾੜਾ ਪਿੰਡ ਵਿਚ ਆ ਕੇ ਵਸ ਗਿਆ। ਹੁਣ ਇਹ ਪਿੰਡ ਫਤਿਹਗੜ• ਜਿਲ•ੇ ਵਿਚ ਹੈ। ਇਸ ਕਰਕੇ ਹੀ ਉਸਨੇ ਆਪਣੇ ਨਾਂ ਨਾਲ ਬਾੜਾ ਪਿੰਡ ਦਾ ਨਾਮ ਜੋੜ ਲਿਆ। ਬਚਪਨ ਵਿਚ ਹੀ ਆਪ ਦੀ ਮਾਤਾ ਸਵਰਗਵਾਸ ਹੋ ਗਏ। ਪਰਿਵਾਰਿਕ ਜ਼ਿੰਮੇਵਾਰੀਆਂ ਨੇ ਘੇਰ ਲਿਆ। ਉਹ ਅਜੇ 8ਵੀਂ ਕਲਾਸ ਵਿਚ ਹੀ ਪੜ• ਰਹੀ ਸੀ ਜਦੋਂ ਆਪ ਦਾ ਵਿਆਹ ਫ਼ੌਜੀ ਭਾਗ ਸਿੰਘ ਨਾਲ ਕਰਕੇ ਪਿਤਾ ਨੇ ਉਸਨੂੰ ਘਰ ਜਵਾਈ ਰੱਖ ਲਿਆ ਤਾਂ ਜੋ ਸੁਰਿੰਦਰ ਕੌਰ ਆਪਣੀਆਂ ਬਾਕੀ 5 ਭੈਣਾ ਦੀ ਪਰਵਰਿਸ਼ ਅਤੇ ਪੜ•ਾਈ ਕਰਵਾ ਸਕੇ। ਥੋੜ•ੀ ਦੇਰ ਬਾਅਦ ਆਪ ਦੇ ਪਿਤਾ ਦੀ ਵੀ ਮੌਤ ਹੋ ਗਈ। ਉਸਨੇ ਪਹਿਲਾਂ ਭੈਣਾ ਨੂੰ ਪੜ•ਾਇਆ, ਰੋਜ਼ਹ ਕਮਾਉਣ ਦੇ ਯੋਗ ਬਣਾਇਆ ਅਤੇ ਫਿਰ ਉਨ•ਾਂ ਦੇ ਵਿਆਹ ਕੀਤੇ ਅਤੇ ਆਪ ਦਸਵੀਂ ਪਾਸ ਕਰਕੇ ਸਿਲਾਈ ਕਢਾਈ ਦਾ ਕੋਰਸ ਕੀਤਾ। ਸਿਲਾਈ ਅਧਿਆਪਿਕਾ ਦੀ ਨੌਕਰੀ ਕਰ ਲਈ। ਆਪ ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਹੈ। ਬਾੜਾ ਪਿੰਡ ਵਿਚ ਆਉਣ ਤੋਂ ਬਾਅਦ ਸਾਹਿਤ ਸਭਾ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹ ਲਿਖਾਰੀ ਸਭਾ ਫ਼ਤਿਹਗੜ• ਸਾਹਿਬ ਦੀ ਜਨਰਲ ਸਕੱਤਰ ਅਤੇ ਹੋਰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਦੀ ਅਹੁਦੇਦਾਰ ਹੈ ਅਤੇ ਬਾਖ਼ੂਬੀ ਉਨ•ਾਂ ਦੀਆਂ ਮਟਿੰਗਾਂ ਵਿਚ ਸ਼ਾਮਲ ਹੁੰਦੀ ਰਹਿੰਦੀ ਹੈ। ਆਪ ਦਾ ਸਾਰਾ ਜੀਵਨ ਹੀ ਮੁਸ਼ਕਲਾਂ, ਦੁਸ਼ਾਵਰੀਆਂ ਅਤੇ ਜਦੋਜਹਿਦ ਭਰਿਆ ਰਿਹਾ ਹੈ। ਭਰ ਜਵਾਨੀ ਵਿਚ ਆਪ ਦਾ ਇੱਕਲੌਤਾ ਸਪੁੱਤਰ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਜਿਸ ਨਾਲ ਪਰਿਵਾਰ ਤੇ ਕਹਿਰ ਟੁੱਟ ਪਿਆ ਪ੍ਰੰਤੂ ਆਪ ਨੇ ਹੌਸਲਾ ਨਹੀਂ ਹਾਰਿਆ ਹਰ ਮੁਸ਼ਕਲ ਹਾਲਾਤ ਦਾ ਵੱਡੇ ਜਿਗਰੇ ਨਾਲ ਮੁਕਾਬਲਾ ਕਰਦਿਆਂ ਆਪਣੇ ਆਪ ਨੂੰ ਸਾਹਿਤਕ ਰਚਨਾ ਵਲ ਮੋੜ ਲਿਆ। ਜਵਾਨ ਸਪੁੱਤਰ ਦੇ ਵਿਛੋੜੇ ਵਿਚ ਕਵਿਤਾਵਾਂ, ਗੀਤ ਅਤੇ ਗ਼ਜਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਨ•ਾਂ ਰਾਹੀਂ ਉਹ ਆਪਣੇ ਦੁੱਖਾਂ ਅਤੇ ਦਰਦਾਂ ਦਾ ਇੱਕ ਕਿਸਮ ਨਾਲ ਕਥਾਰਸਿਸ ਕਰਦੀ ਹੈ।
ਅਸੀਂ ਭੁੰਨ ਪਰਾਗੇ ਪੀੜਾਂ ਦੇ, ਝੋਲੀ ਵਿਚ ਪਾ ਲੇ ਚੁੱਪ ਕਰਕੇ।
ਅਹਿਸਾਸ ਨਾ ਕਿਧਰੇ ਹੋ ਜਾਵੇ, ਸੀਨੇ ਵਿਚ ਛੁਪਾ ਲੇ ਚੁੱਪ ਕਰਕੇ।
ਬਿਰਹਾ ਦੀ ਪੀੜ ਸਤਾਇਆ ਏ, ਸਾਨੂੰ ਰੋਸ ਜ਼ਰਾ ਨਾ ਆਇਆ ਏ।
ਜੋ ਦਰਦ ਮਿਲੇ ਤੋਹਫੇ ਵਿਚ, ਉਹ ਹੰਢਾਏ ਅਸੀਂ ਚੁੱਪ ਕਰਕੇ।
ਪਰਿਵਾਰਿਕ ਮਾਹੌਲ ਗੀਤ ਸੰਗੀਤ ਦਾ ਹੋਣ ਕਰਕੇ ਸੁਰਿੰਦਰ ਕੌਰ ਬਾੜਾ ਬਹੁਤ ਸੁਹਣੀ ਸੁਰੀਲੀ ਅਵਾਜ਼ ਨਾਲ ਗਾ ਵੀ ਲੈਂਦੀ ਹੈ। ਆਪਦੀ ਅਵਾਜ਼ ਵਿਚ ਮਿਠਾਸ ਭਰਿਆ ਹੋਇਆ ਹੈ ਪ੍ਰੰਤੂ ਉਹ ਗਾਉਣ ਨਾਲੋਂ ਲਿਖਣ ਨੂੰ ਵਧੇਰੇ ਤਰਜੀਹ ਦਿੰਦੀ ਹੈ। ਉਸ ਦੀਆਂ ਰਚਨਾਵਾਂ ਵਿਚੋਂ ਬਿਰਹਾ, ਵੈਰਾਗ, ਵਿਯੋਗ ਅਤੇ ਬੇਬਸੀ ਦੀ ਝਲਕ ਪੈਂਦੀ ਹੈ। ਅਸਲ ਵਿਚ ਉਹ ਸੂਫੀ ਕਵਿਤਰੀ ਅਤੇ ਗਾਇਕਾ ਹੈ ਪ੍ਰੰਤੂ ਆਪਣੇ ਦਰਦ ਨੂੰ ਅਜੇ ਕਵਿਤਾਵਾਂ ਤੇ ਗੀਤਾਂ ਵਿਚ ਲਿਖਦੀ ਹੈ। ਉਸ ਦੀਆਂ ਰਚਨਾਵਾਂ ਦੇ ਵਿਸ਼ੇ ਪਿਆਰ, ਭਰੂਣ ਹੱਤਿਆ, ਬਿਰਹਾ, ਧੀਆਂ ਦਾ ਦਰਦ ਸੂਫ਼ੀਆਨਾ ਅਤੇ ਧਾਰਮਿਕ ਹਨ। ਉਹ ਇਸ਼ਕ ਮਿਜਾਜੀ ਤੋਂ ਹੁੰਦੀ ਹੋਈ ਇਸ਼ਕ ਹਕੀਕੀ ਤੱਕ ਪਹੁੰਚ ਜਾਂਦੀ ਹੈ। ਉਸਦੇ ਗੀਤ ਸੁਰ, ਤਾਲ ਅਤੇ ਲੈ ਵਿਚ ਹੁੰਦੇ ਹਨ ਜਿਨ•ਾਂ ਵਿਚ ਉਹ ਪਿਆਰ ਦੇ ਬਹਾਨੇ ਕੀਤੇ ਜਾਂਦੇ ਧੋਖ਼ੇ ਅਤੇ ਫਰੇਬ ਦਾ ਪ੍ਰਗਟਾਵਾ ਕਰਦੀ ਹੈ। ਉਹ ਆਪਣੇ ਜ਼ਿੰਦਗੀ ਦੇ ਅਨੁਭਵ ਨਾਲ ਲਾਲਚ ਤੋਂ ਦੂਰ ਰਹਿੰਦਿਆਂ ਚੰਗਿਆਈ ਦਾ ਪੱਲਾ ਫੜਨ ਲਈ ਪ੍ਰੇਰਦੀ ਹੈ। ਉਸ ਦੇ ਗੀਤ ਆਧੁਨਿਕ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪਿਆਰ ਦੇ ਨਾਂ ਤੇ ਕੀਤੇ ਜਾਂਦੇ ਬੇਵਫ਼ਾਈ, ਫੋਕੀ ਹਓਮੈ ਅਤੇ ਨਕਲੀ ਸ਼ੋਹਰਤ ਹਾਸਲ ਕਰਨ ਲਈ ਕੀਤੇ ਜਾਂਦੇ ਅਨੈਤਿਕ ਕੰਮਾਂ ਦੀ ਵੀ ਨਿੰਦਿਆ ਕਰਦੇ ਹਨ। ਸਕੂਲਾਂ ਕਾਲਜਾਂ ਵਿਚ ਵਿਦਿਆਰਥੀ ਗ਼ੈਰਵਾਜਿਬ ਹਰਕਤਾਂ ਕਰਦੇ ਹਨ। ਉਸ ਦੇ ਬਹੁਤੇ ਗੀਤ ਰੋਮਾਂਟਿਕ ਹੀ ਹਨ ਪ੍ਰੰਤੂ ਉਨ•ਾਂ ਰਾਹੀਂ ਉਹ ਅਧਿਆਤਮਿਕਤਾ ਦਾ ਇਜ਼ਹਾਰ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ। ਪਤੀ ਦੇ ਫ਼ੌਜ ਵਿਚ ਹੋਣ ਕਰਕੇ ਦੇਸ਼ ਭਗਤੀ ਦੇ ਗੀਤ ਵੀ ਗਾਉਂਦੀ ਹੋਈ ਪਤੀ ਦੇ ਵਿਛੋੜੇ ਦੀ ਹੂਕ ਵੀ ਨਿਖ਼ਰਦੀ ਹੈ।
ਪਾ ਲਹਿੰਗਾ ਜਦੋਂ ਮੈਂ ਘੁੰਮਦੀ, ਮੈਨੂੰ ਘੁੰਮਦਾ ਲੱਗੇ ਜਹਾਨ,।
ਜਦ ਪੀਂਘ ਚੜ•ਾਵਾਂ ਸੋਹਣਿਆਂ, ਮੈਂ ਛੂਹਾਂ ਜਾ ਅਸਮਾਨ।
ਕਰਾਂ ਰਾਖੀ ਮੈਂ ਸਰਹੱਦ ਦੀ, ਭਾਵੇਂ ਚੀਨ ਹੈ ਪਾਕਿਸਤਾਨ।
ਮੈਂ ਥਰ ਥਰ ਕੰਬਣ ਲਾ ਦਿਆਂ, ਓ ਦੁਸ਼ਮਣ ਦੇ ਜਵਾਨ।
ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਵੀ ਸੁਰਿੰਦਰ ਕੌਰ ਬਾੜਾ ਦੇ ਮਨ ਤੇ ਮਾੜਾ ਅਸਰ ਪਾਉਂਦੀ ਹੈ। ਇਸ ਲਈ ਉਹ ਇੱਕ ਗੀਤ ਵਿਚ ਲਿਖਦੀ ਹੈ-
ਜਦ ਧੀਆਂ ਨਾ ਜੰਮੀਆਂ ਤਾਂ ਕਿੰਜ ਕੁੱਲਾਂ ਵਧਣਗੀਆਂ।
ਵੀਰਾਂ ਦੇ ਵਿਆਹੀਂ ਕਿੰਜ ਬਰਾਤਾਂ ਸਜਣਗੀਆਂ।
ਵੇਖਣ ਦੇ ਆਪਣੇ ਵਾਂਗ ਸੰਸਾਰ ਅੰਮੜੀਏ।
ਜੰਮਣ ਤੋਂ ਪਹਿਲਾਂ ਹੀ ਨਾ ਮੈਨੂੰ ਮਾਰ ਅੰਮੜੀਏ ਨੀ।
ਸੁਰਿੰਦਰ ਕੌਰ ਬਾੜਾ ਦੀਆਂ ਗ਼ਜ਼ਲਾਂ ਵੀ ਅਟੱਲ ਸਚਾਈਆਂ, ਸਿਆਸੀ ਟਕੋਰਾਂ, ਇਨਸਾਨੀ ਰਿਸ਼ਤਿਆਂ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ, ਗ਼ਰੀਬਾਂ, ਮਜ਼ਦੂਰਾ, ਬਾਲ ਮਜ਼ਦੂਰੀ ਅਤੇ ਇਸ਼ਕ ਮੁਸ਼ਕ ਦੇ ਆਲੇ ਦੁਆਲੇ ਹੀ ਘੁੰਮਦੀਆਂ ਪ੍ਰਤੀਤ ਹੁੰਦੀਆਂ ਹਨ ਪ੍ਰੰਤੂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਨਾਲੋਂ ਜ਼ਿਆਦਾ ਵਜ਼ਨਦਾਰ ਜਾਪਦੀਆਂ ਹਨ। ਇਹ ਵੀ ਬੁਲ•ੋ ਸ਼ਾਹ, ਸ਼ਾਹ ਹੁਸੈਨ, ਸ਼ੇਖ ਫਰੀਦ ਅਤੇ ਵਾਰਿਸ ਸ਼ਾਹ ਦੇ ਰੰਗ ਵਿਚ ਰੰਗੀਆਂ ਹੋਈਆਂ ਹਨ। ਉਹ ਲਿਖਦੀ ਹੈ ਕਿ –
ਇਸ਼ਕ ਬੁਝਾਰਤ ਸਮਝ ਜੇ ਆਉੀਦੀ, ਤਾਂ ਐਦਾਂ ਦਿਲ ਦਿਲਗੀਰ ਨਾ ਹੁੰਦਾ।
ਇਸ਼ਕ ਤੇ ਕੋਈ ਜ਼ੋਰ ਲਾ ਹੁੰਦਾ, ਲੁਟਿਆ ਸ਼ਹਿਰ ਭੰਬੋਰ ਨਾ ਹੁੰਦਾ।
ਸਮਾਜ ਵਿਚ ਆਰਥਿਕ ਮਜ਼ਬੂਰੀਆਂ ਦਾ ਜ਼ਿਕਰ ਕਰਦੀ ਗ਼ਰੀਬਾਂ ਦੀ ਪੰਜਾਬ ਵਿਚ ਹਾਲਤ ਬਾਰੇ ਆਪਣੀ ਕਵਿਤਾ ਵਿਚ ਲਿਖਦੀ ਹੈ ਕਿ ਕਿਵੇਂ ਨਿੱਕੇ-ਨਿੱਕੇ ਬੱਚਿਆਂ ਦਾ ਬਚਪਨ ਰੋਜ਼ੀ ਤੇ ਰੋਟੀ ਖ਼ਾਤਰ ਆਪਣੇ ਮਾਪਿਆਂ ਨਾਲ ਰਲਕੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ ਅਤੇ ਉਨ•ਾਂ ਦਾ ਬਾਲਪਨ ਰੁਲ ਜਾਂਦਾ ਹੈ ਤੇ ਉਨ•ਾਂ ਨੂੰ ਬਾਲ ਮਜ਼ਦੂਰੀ ਕਰਨੀ ਪੈਂਦੀ ਹੈ-
ਸਾਰਾ ਦਿਨ ਕਰਨ ਮਜ਼ਦੂਰੀ, ਫਿਰ ਵੀ ਭੁੱਖੇ ਮਰਨ ਵਿਚਾਰੇ।
ਮਿਲ ਜਾਵੇ ਤਾਂ ਸ਼ੁਕਰ ਨੇ ਕਰਦੇ, ਮਿਲੇ ਨਾ ਵੀ ਕਰਨ ਗੁਜ਼ਾਰੇ।
ਮਹਿੰਗਾਈ ਨੇ ਲੱਕ ਤੋੜਿਆ, ਕਈ ਤਾਂ ਜ਼ਿੰਦਗੀ ਹੱਥੋਂ ਹਾਰੇ।
ਛੋਟੇ-ਛੋਟੇ ਬੱਚੇ ਘਰ ਵਿਚ, ਫੁੱਲਾਂ ਜਿਹੇ ਲੱਗਦੇ ਨੇ ਪਿਆਰੇ।
ਸੜਕਾਂ ਤੇ ਪਲਦੇ ਰੁਲ-ਖੁਲਕੇ, ਕਈ ਤਾਂ ਚੁੱਕਦੇ ਪੱਥਰ ਭਾਰੇ।
ਪੜ•ਨ ਲਿਖਣ ਦੀ ਉਮਰ, ਮਾਪਿਆਂ ਲਈ ਕਮਾਉਂਦੇ ਸਾਰੇ।
ਆਧੁਨਿਕਤਾ ਦੇ ਅਸਰ ਅਧੀਨ ਪਰਿਵਾਰਿਕ ਰਿਸ਼ਤਿਆਂ ਤ੍ਰੇੜਾਂ ਆ ਰਹੀਆਂ ਹਨ। ਪਰਿਵਾਰ ਬਿਖਰ ਰਹੇ ਹਨ। ਆਪਸੀ ਪ੍ਰੇਮ ਖ਼ਤਮ ਹੋ ਰਹੇ ਹਨ। ਭਰਾ ਭਰਾ ਦਾ ਦੁਸ਼ਮਣ ਬਣ ਰਿਹਾ ਹੈ। ਅਜਿਹੇ ਹਾਲਾਤ ਬਾਰੇ ਉਹ ਲਿਖਦੀ ਹੈ-
ਜਿੱਥੇ ਆਪਸ ਦੇ ਵਿਚ ਪਿਆਰ ਨਹੀਂ, ਉਹ ਘੁੱਗ ਵੱਸਦਾ ਸੰਸਾਰ ਨਹੀਂ।
ਜਿੱਥੇ ਪਿਆਰ ਮੁਹਤਾਜ ਹੈ ਗਰਜਾਂ ਦਾ, ਮੈਂ ਮਸਕਾ ਉਹ ਘਰ ਬਾਰ ਨਹੀਂ।
ਜੋ ਰਮਜ ਦਿਲਾਂ ਦੀ ਨਾ ਜਾਣੇ, ਨਾਦਾਨ ਹੈ ਉਹ ਦਿਲਦਾਰ ਨਹੀਂ।
ਜਿੱਥੇ ਮੋਹ ਦੀਆਂ ਤੰਦਾਂ ਟੁੱਟ ਜਾਵਣ, ਮੈਨੂੰ ਲੱਗਦਾ ਉਹ ਪਰਿਵਾਰ ਨਹੀਂ।
ਸੁਰਿੰਦਰ ਕੌਰ ਬਾੜਾ ਆਪਣੀਆਂ ਸਾਰੀਆਂ ਰਚਨਾਵਾਂ ਵਿਚ ਪੇਂਡੂ ਮਾਹੌਲ ਨੂੰ ਸਿਰਜਦੀ ਹੈ। ਉਸ ਵਿਚੋਂ ਸ਼ਬਦਾਵਲੀ ਲੈਂਦੀ ਹੈ। ਖ਼ਾਸ ਤੌਰ ਤੇ ਤ੍ਰਿੰਝਣ, ਚਰਖੇ, ਤੀਆਂ ਅਤੇ ਪੀਂਘਾਂ ਦਾ ਵਾਰ ਵਾਰ ਜ਼ਿਕਰ ਕਰਦੀ ਹੋਈ ਸਾਉਣ ਮਹੀਨੇ ਦੇ ਸੋਹਲੇ ਗਾਉਂਦੀ ਹੈ। ਸਾਉਣ ਮਹੀਨਾ ਉਸ ਦੀਆਂ ਕਵਿਤਾਵਾਂ ਦਾ ਮੁਖ ਵਿਸ਼ਾ ਹੈ। ਫਸਲਾਂ ਦੀ ਪਰਾਲੀ ਸਾੜ ਕੇ ਧੂੰਏਂ ਰਾਹੀਂ ਹਵਾ ਨੂੰ ਪਲੀਤ ਕਰਦੇ ਹਨ, ਦਰੱਖਤਾਂ ਨੂੰ ਪੁੱਟ ਕੇ ਜ਼ਮੀਨ ਖੋਰ ਰਹੇ ਹਨ ਅਤੇ ਪਵਿਤਰ ਨਦੀਆਂ ਨਾਲਿਆਂ ਵਿਚ ਪੂਜਾ ਦਾ ਸਾਮਾਨ ਅਤੇ ਹੋਰ ਗੰਦ ਮੰਦ ਸੁੱਟਕੇ ਉਸਨੂੰ ਗੰਧਲਾ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇਣ ਬਾਰੇ ਉਹ ਲਿਖਦੀ ਹੈ-
ਅੱਜ ਧਰਤੀ ਅੰਬਰ ਸਿਸਕ ਰਿਹਾ, ਦਰਿਆ ਵੀ ਆਹਾਂ ਭਰਦੇ ਨੇ।
ਉਂਝ ਪੂਜਣ ਲੋਕ ਖੁਆਜਾ ਇਹ, ਪਰ ਗੰਦ ਸੁੱਟਣੋਂ ਨਾ ਡਰਦੇ।
ਤਨ ਮਾਣ ਜਿਤਾਉਂਦੇ ਧਰਤੀ ਤੇ, ਪਰ ਜ਼ਹਿਰਾਂ ਸੰਗ ਪਰੋਈ ਹੈ।
ਪੁੱਟ ਜੰਗਲ ਬੇਲੇ ਕਰ ਗੰਜੀ, ਕਰ ਛੱਡੀ ਅਧਮੋਈ ਹੈ।
ਤਾਹੀਂਓਂ ਦਮਾ ਅਲਰਜੀ ਫੈਲ ਰਹੇ, ਕੈਂਸਰ ਨਾਲ ਲੋਕੀ ਮਰਦੇ ਨੇ।
ਖ਼ੁਦ ਜ਼ਿੰਦਗੀ ਨਾਲ ਖਿਲਵਾੜ ਕਰਨ, ਪਰ ਮੌਤੋਂ ਇਹ ਨਾ ਡਰਦੇ ਨੇ।