ਲੱਖ ਮੁਰਸ਼ਦ ਬੇਸ਼ੱਕ ਹੋਣੇ, ਇਸ ਦੁਨੀਆਂ ‘ਤੇ ਅੱਜ ਤੱਕ,
ਪਰ ਦੱਸੋ ਕਿਸ ਕਿਸ ਨੇ, ਖੁਦ ਕਟਾਏ ਜੋ ਇੰਝ ਬੱਚੇ ।
ਮੁਰੀਦਾਂ ਦੀ ਸ਼ਹਾਦਤ ਦੇ, ਕਿੱਸੇ ਤਾਂ ਖੂਬ ਸੁਣੇ ਹੋਣੇ,
ਪੈਗੰਬਰ ਨੇ ਮੁਰੀਦਾਂ ਤੋਂ, ਕਦ ਲੁਟਾਏ ਜੋ ਇੰਝ ਬੱਚੇ।
ਗੜ੍ਹੀ ਚਮਕੌਰ ਨੇ ਡਿੱਠਾ, ਅਗੰਮੀ ਉਹ ਨਜ਼ਾਰਾ ਸੀ,
ਹਨੇਰਾ ਉਂਗਲਾਂ ਮੂੰਹ ਪਾਵੇ, ਸੀ ਰੁਸ਼ਨਾਏ ਜੋ ਇੰਝ ਬੱਚੇ।
ਟੋਟੇ ਜਿਗਰ ਦੇ ਚੁੰਮ ਮੱਥੇ, ਮੌਤ ਵੱਲ ਸੀ ਹੱਥੀਂ ਤੋਰੇ,
ਹੋਰ ਕਿਸ ਕਰ ਜਿਗਰਾ, ਜੰਗ ਚੜ੍ਹਾਏ ਜੋ ਇੰਝ ਬੱਚੇ।
ਆਸ਼ਕ ਨਾ ਮੁੜ੍ਹ ਰੱਬ ਦਾ, ਪਿਤਾ ਮੁੜ੍ਹ ਐਸਾ ਨਾ ਹੋਣਾ,
ਲਾੜੀ ਮੌਤ ਦੇ ਮੰਗ ਕੇ, ਖੁਦ ਵਿਆਹੇ ਜੋ ਇੰਝ ਬੱਚੇ ।
ਵਿੱਚ ਸ਼ੁਕਰਾਨੇ ਨਿਵਿਆ, ਤੱਕ ਗਿਰੀ ਲੋਥ ਪੁੱਤਰ ਦੀ,
ਕਿਸ ਲਾਲ ਇਉਂ ਜੰਮੇ, ਕਿਸ ਨਿਭਾਏ ਜੋ ਇੰਝ ਬੱਚੇ ।
ਕੰਵਲ ਜਗ੍ਹਾ ਨਾ ਧਰਤੀ ‘ਤੇ, ਕੋਈ ਐਸੀ ਪਾਕ ਹੀ ਹੋਣੀ,
ਸਿਦਕ ਜ਼ਿੰਦਾ ਰੱਖ ਜਿੱਥੇ, ਬਾਪ ਮਰਵਾਏ ਜੋ ਇੰਝ ਬੱਚੇ ।