ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ
(ਗੀਤ )
ਹੱਥ ਵੀ ਕੰਬਦੇ ਸ਼ਬਦ ਵੀ ਸੰਗਦੇ
ਅੜਿਆ ਸਾਥ ਕਲਮ ਦਾ ਮੰਗਦੇ
ਦਿਲ ਦੀ ਗੱਲ ਤੈਨੂੰ ਕਹਿਣ ਲਈ
ਮੈਂ ਕਿੰਨੇ ਚਿਰ ਤੋਂ ਸੋਚਦੀ ਸਾਂ...
ਮੈਂ ਅੱਜ ਪਹਿਲੀ ਵਾਰ ਲਿਖਿਆ...
ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ ..
ਮੈਂ ਅੱਜ ਪਹਿਲੀ ਵਾਰ ਲਿਖਿਆ.....
ਮੋਹ ਨੈਣਾਂ ਵਿੱਚ ਨੀਰ ਬਣ ਗਿਆ
ਹਰ ਅੱਖਰ ਤਸਵੀਰ ਬਣ ਗਿਆ
ਲਿਖਦੀ-ਲਿਖਦੀ ਨੂੰ ਰੁਕਦੀ ਵੇਖ ਕੇ
ਕੀ ਲਿਖਦੀ ਏਂ ਪੁੱਛੇ ਮਾਂ,
ਦੱਸ ਉਹਨੂੰ ਮੈਂ ਕੀ ਕਹਾਂ,
ਮੈਂ ਅੱਜ ਪਹਿਲੀ ਵਾਰ ਲਿਖਿਆ....
ਵੇਖ ਲਵੇ ਨਾ ਕਿਤੇ ਜਮਾਨਾ
ਚਿੱਠੀ ਵਿੱਚ ਦਿਲ ਦਾ ਨਜ਼ਰਾਨਾ
ਜੱਗ ਦੀਆਂ ਨਜ਼ਰਾਂ ਬਹੁਤ ਹੀ ਬੁਰੀਆਂ
ਲੁੱਕ- ਲੁੱਕ ਬਚਦੀ ਰਹਾਂ,
ਕੀਹਦੀ-ਕੀਹਦੀ ਤੱਕਣੀ ਸਹਾਂ,..
ਮੈਂ ਅੱਜ ਪਹਿਲੀ ਵਾਰ ਲਿਖਿਆ....
ਮੇਰਾ ਅੰਗ-ਅੰਗ ਗੀਤ ਬਣ ਗਿਆ
ਤੂੰ ਜਿਸ ਦਿਨ ਦਾ ਮੀਤ ਬਣ ਗਿਆ
ਸੱਚ ਮੰਨ ਸੱਜਣਾਂ ਤੂੰ ਆ ਕੇ ਵੇਖ
ਕਿਵੇਂ ਖਿੜ-ਖਿੜ ਉੱਠਦੀ ਉਹ ਥਾਂ,
ਜਿੱਥੇ-ਜਿਥੇ ਪੈਰ ਮੈਂ ਧਰਾ...
ਮੈਂ ਅੱਜ ਪਹਿਲੀ ਵਾਰ ਲਿਖਿਆ...
ਬੋਲ ਹੋ ਗਿਆ ਸ਼ਰਬਤ ਵਰਗਾ
ਸਿਦਕ ਹੋ ਗਿਆ ਪਰਬਤ ਵਰਗਾ
ਖੁੱਲ ਕੇ ਮਿਲਣ ਤੋਂ ਫਿਰ ਵੀ
"ਮਾਲਵੇ" ਕਦੇ-ਕਦੇ ਬਹੁਤ ਡਰਾਂ
ਕੀ ਇਸ ਡਰ ਦਾ ਕਰਾਂ...
ਮੈਂ ਅੱਜ ਪਹਿਲੀ ਵਾਰ ਲਿਖਿਆ..
ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ...
ਮੈਂ ਅੱਜ ਪਹਿਲੀ ਵਾਰ ਲਿਖਿਆ....