ਹੰਕਾਰਿਆ ਸੋ ਮਾਰਿਆ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


antidepressant online delivery

antidepressant sertraline williamgonzalez.me buy sertraline online
ਹੰਕਾਰ ਵਿਚ ਮਨੁੱਖ ਹਮੇਸ਼ਾਂ ਹਾਵੀ ਹੋ ਕੇ ਘੋੜੇ ਤੇ ਸਵਾਰ ਰਹਿੰਦਾ ਹੈ। ਉਸ ਨੂੰ ਧਰਤੀ ਦੇ ਬੰਦੇ ਨਜ਼ਰ ਹੀ ਨਹੀਂ ਆਉੰਦੇ। ਉਹ ਦੂਸਰੇ ਨੂੰ ਕੀੜੇ ਮਕੌੜੇ ਦੀ ਤਰ੍ਹਾਂ ਤੁੱਛ ਸਮਝਦਾ ਹੈ। ਉਹ ਆਪਣੇ ਹੀ ਗੁਣ ਗਾਣ ਕਰਦਾ ਰਹਿੰਦਾ ਹੈ। ਉਸ ਨੂੰ ਆਪਣੇ ਗੁਣਾ ਦਾ ਨਸ਼ਾ ਹੋ ਜਾਂਦਾ ਹੈ। ਮਨੁੱਖ ਦੇ ਹੰਕਾਰ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਦੌਲਤ, ਹੁਸਨ, ਜਵਾਨੀ, ਬੁੱਧੀ, ਉੱਚਾ ਅਹੁਦਾ, ਤਾਕਤ, ਅੋਲਾਦ ਜਾਂ ਕਈ ਜਿੱਤਾਂ ਅਤੇ ਪ੍ਰਾਪਤੀਆਂ ਆਦਿ। ਹੰਕਾਰਿਆ ਮਨੁੱਖ ਸਦਾਂ ਆਪਣੀਆਂ ਦੌਲਤਾਂ, ਪ੍ਰਾਪਤੀਆਂ ਜਿੱਤਾਂ ਅਤੇ ਵਡਿਆਈਆਂ ਬਾਰੇ ਹੀ ਸੁਣਨਾ ਪਸੰਦ ਕਰਦਾ ਹੈ।
ਗੁਰਬਾਣੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਬੁਰਿਆਈਆਂ ਤੇ ਕਾਬੂ ਰੱਖਣ ਲਈ ਕਿਹਾ ਗਿਆ ਹੈ।ਇਨ੍ਹਾਂ ਬੁਰਿਆਈਆਂ ਵਿਚੋਂ ਕਿਸੇ ਮਨੁੱਖ 'ਤੇ ਇਕ ਵੀ ਭਾਰੂ ਹੋ ਜਾਵੇ ਤਾਂ ਬਾਕੀ ਚਾਰ ਬੁਰਿਆਈਆਂ ਵੀ ਉਸ ਨੂੰ ਜਲਦੀ ਘੇਰ ਲੈਂਦੀਆਂ ਹਨ।ਜਿਸ ਮਨੁੱਖ ਅੰਦਰ ਹੰਕਾਰ ਹੋਵੇਗਾ ਉਸ ਨੂੰ ਕ੍ਰੋਧ ਵੀ ਜਲਦੀ ਆਵੇਗਾ। ਕ੍ਰੋਧ ਚੰਡਾਲ ਹੁੰਦਾ ਹੈ। ਕ੍ਰੋਧ ਵਿਚ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਸ ਨੂੰ ਚੰਗੇ ਮਾੜੇ, ਠੀਕ ਗਲਤ ਅਤੇ ਪਾਪ ਪੁੰਨ ਦੀ ਪਹਿਚਾਨ ਹੀ ਨਹੀਂ ਰਹਿੰਦੀ। ਜੋ ਬੰਦਾ ਕ੍ਰੋਧ ਵਿਚ ਆਉਂਦਾ ਹੈ ਉਹ ਪਹਿਲਾਂ ਆਪਣਾ ਹੀ ਨੁਕਸਾਨ ਕਰਦਾ ਹੈ। ਇਸੇ ਲਈ ਕਹਿੰਦੇ ਹਨ ,"ਹਾਂਡੀ ਉਬਲੇਗੀ ਤਾਂ ਪਹਿਲਾਂ ਆਪਣੇ ਹੀ ਕੰਡੇ ਸਾੜ੍ਹੇਗੀ।" ਮਾਚਸ ਦੀ ਤੀਲੀ ਵੀ ਦੂਸਰੇ ਨੂੰ ਜਲਾਣ ਤੋ ਪਹਿਲਾਂ ਆਪਣੇ ਆਪ ਨੂੰ ਹੀ ਸ਼ਾੜ੍ਹਦੀ ਹੈ। ਗੁੱਸੇ ਵਾਲਾ ਬੰਦਾ ਦੂਸਰੇ ਨੂੰ ਬਰਬਾਦ ਕਰਨ ਤੋਂ  ਪਹਿਲਾਂ ਆਪਣੇ ਆਪ ਨੂੰ ਹੀ ਬਰਬਾਦ ਕਰਦਾ ਹੈ। 
ਪੂਰਾਣੇ ਜ਼ਮਾਨੇ ਵਿਚ ਭਾਰਤ 'ਤੇ ਹਰਨਾਖਸ਼ ਨਾਮ ਦਾ ਇਕ ਅੱਤਿਆਚਾਰੀ ਰਾਜਾ ਰਸਜ ਕਰਦਾ ਸੀ। ਉਸ ਨੇ ਤਪੱਸਿਆ ਕਰ ਕੇ ਕਿਸੇ ਤਰ੍ਹਾਂ ਬ੍ਰਹਮਾਂ ਪਾਸੋ ਵਰਦਾਨ ਲੈ ਲਿਆ ਸੀ ਕਿ ਸੰਸਾਰ ਦਾ ਕੋਈ ਜੀਵ ਜੰਤੂ, ਦੇਵੀ ਦੇਵਤਾ, ਰਾਖਸ਼ਸ ਜਾਂ ਇਨਸਾਨ ਉਸ ਨੂੰ ਮਾਰ ਨਾ ਸਕੇ। ਉਹ ਨਾ ਰਾਤ ਨੂੰ ਮਰੇ ਨਾ ਦਿਨ ਨੂੰ ਮਰੇ। ਉਹ ਨਾ ਧਰਤੀ ਤੇ ਮਰੇ ਨਾ ਅਕਾਸ਼ ਵਿਚ ਮਰੇ। ਉਹ ਨਾ ਹੀ ਘਰ ਵਿਚ ਮਰੇ ਨਾ ਹੀ ਬਾਹਰ ਮਰੇ ਅਤੇ ਕੋਈ ਸ਼ਸਤਰ ਵੀ ਉਸ ਨੂੰ ਮਾਰ ਨਾ ਸਕੇ।ਇਸ ਲਈ ਉਹ ਆਪਣੇ ਆਪ ਨੂੰ ਅਮਰ ਸਮਝਣ ਲਗ ਪਿਆ ਅਤੇ ਉਸ ਨੂੰ ਹੰਕਾਰ ਹੋ ਗਿਆ। ਉਹ ਹੁਣ ਆਣੇ ਆਪ ਨੂੰ ਰੱਬ ਹੀ ਸਮਝਣ ਲਗ ਗਿਆ। ਉਸ ਨੇ ਆਦੇਸ਼ ਦਿੱਤਾ ਕਿ ਕੋਈ ਪ੍ਰਮਾਤਮਾ ਦਾ ਨਾਮ ਨਾ ਜਪੇ। ਹਰ ਥਾਂ ਸਿਰਫ ਹਰਨਾਖਸ਼ ਦੀ ਹੀ ਪੂਜਾ ਕੀਤੀ ਜਾਵੇ। ਉਸ ਦੇ ਬੇਟੇ ਪ੍ਰਹਿਲਾਦ ਨੂੰ ਪ੍ਰਮਾਤਮਾ ਦੀ ਸੋਝੀ ਸੀ।ਉਹ ਪ੍ਰਮਾਤਮਾ ਨੂੰ ਸਰਬ ਸ਼ਕਤੀਮਾਨ , ਦੁਨੀਆਂ ਦਾ ਸਿਰਜਨਹਾਰਾ ਅਤੇ ਪਾਲਣਹਾਰਾ ਮੰਨਦਾ ਸੀ।  ਉਹ ਵਿਸ਼ਨੂੰ ਦਾ ਭਗਤ ਸੀ ਅਤੇ ਵਿਸ਼ਨੂੰ ਦੀ ਹੀ ਪੂਜਾ ਕਰਦਾ ਸੀ। ਵਿਸ਼ਨੂੰ ਦਾ ਹੀ ਨਾਮ ਜਪਦਾ ਸੀ। ਇਸ 'ਤੇ ਹਰਨਾਖਸ਼ ਗੁੱਸੇ ਵਿਚ ਪਾਗਲ ਹੋ ਗਿਆ। ਅਤੇ ਉਸ ਨੇ ਪ੍ਰਹਿਲਾਦ ਨੂੰ ਮਰਵਾਉਣ ਦੀ ਸੋਚੀ। ਉਸ ਨੇ ਪ੍ਰਹਿਲਾਦ ਨੂੰ ਮਰਵਾਉਣ ਲਈ ਕਈ ਢੰਗ ਵਰਤੇ ਪਰ ਪ੍ਰਹਿਲਾਦ ਹਰ ਵਾਰੀ ਬਚ ਜਾਂਦਾ ਰਿਹਾ। ਅੰਤ ਉਸ ਨੇ ਆਪਣੀ ਭੈਣ ਹੋਲਿਕਾ ਨਾਲ ਗਲ ਕੀਤੀ। ਹੋਲਿਕਾ ਵੀ ਹੰਕਾਰੀ ਹੋਈ ਸੀ ਕਿਉਂਕਿ ਉਸ ਨੂੰ ਵੀ ਅੱਗ ਤੋਂ ਬਚਣ ਦਾ ਵਰਦਾਨ ਮਿਲਿਆਂ ਹੋਆਿ ਸੀ। ਵਰਦਾਨ ਵਿਚ ਇਕ ਐਸੀ ਚੱਦਰ ਮਿਲੀ ਹੋਈ ਸੀ ਜਿਹੜੀ ਅੱਗ ਵਿਚ ਨਹੀਂ ਸੀ ਸੜ੍ਹਦੀ। ਹੋਲਿਕਾ ਪ੍ਰਹਿਲਾਦ ਨੂੰ ਗੋਦ ਵਿਚ ਲੈ ਕੇ ਅੱਗ ਦੀ ਚਿਤਾ ਵਿਚ ਬੈਠ ਗਈ। ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਹ ਚੱਦਰ ਹਵਾ ਨਾਲ ਉੱਡ ਕੇ ਪ੍ਰਹਿਲਾਦ ਤੇ ਜਾ ਪਈ ਅਤੇ ਚੱਦਰ ਨਾ ਹੋਣ ਕਰ ਕੇ ਹੋਲਿਕਾ ਅੱਗ ਵਿਚ ਸੜ ਕੇ ਸੁਆਹ ਹੋ ਗਈ। ਇਸ ਤਰ੍ਹਾਂ ਉਹ ਆਪਣੇ ਹੀ ਹੰਕਾਰ ਕਾਰਨ ਮਾਰੀ ਗਈ।ਹਰਨਾਖਸ਼ ਗੁੱਸੇ ਨਾਲ ਲਾਲ ਪੀਲਾ ਹੋਣ ਲੱਗਾ। ਉਸ ਨੇ ਲੋਹੇ ਦੇ ਥੱਮ ਨੂੰ ਗਰਮ ਕਰ ਕੇ ਪ੍ਰਹਿਲਾਦ ਨੂੰ ਉਸ ਨਾਲ ਬੰਨ ਕੇ ਮਾਰਨ ਦੀ ਸੋਚੀ। ਪਰ ਪ੍ਰਹਿਲਾਦ ਨੇ ਲੋਹੇ ਦੇ ਤੱਪਦੇ ਹੋਏ ਲਾਲ ਥੱਮ ਨੂੰ ਜੱਫੀ ਪਾ ਲਈ। ਥੰਮ ਇਕ ਦਮ ਕੜਕ ਕੇ ਟੁੱਕੜੇ ਟੁੱਕੜੇ ਹੋ ਗਿਆ।ਉਸ ਵਿਚੋਂ ਇਕ ਦੈਂਤ ਜਿਹਾ ਨਰਸਿੰਘ ਅਵਤਾਰ ਨਿਕਲਿਆ।ਉਸ ਨੇ ਹਰਨਾਖਸ਼ ਨੂੰ ਗੋਦੀ ਵਿਚ ਲੈ ਕੇ ਦਹਿਲੀਜ਼ ਤੇ ਬੈਠ ਕੇ ਆਪਣੇ ਪੰਜੇ ਦੇ ਲੰਮੇ ਨਹੁਂਆਂ ਨਾਲ ਵਲੂੰਧਰ ਕੇ ਮਾਰ ਦਿੱਤਾ। ਇਸ ਸਮੇਂ ਸੰਧਿਆ ਦਾ ਸਮਾਂ ਸੀ ਭਾਵ ਨਾ ਦਿਨ ਸੀ ਨਾ ਰਾਤ ਸੀ। ਇਸ ਤਰ੍ਹਾਂ ਹਰਨਾਖਸ਼ ਵੀ ਆਪਣੇ ਹੰਕਾਰ ਕਾਰਨ ਹੀ ਮਾਰਿਆ ਗਿਆ। 
ਕਈ ਲੋਕਾਂ ਨੂੰ ਆਪਣੀ ਦੋਲਤ ਜਾਂ ਹੁਸਨ ਦਾ ਬਹੁਤ ਹੰਕਾਰ ਹੁੰਦਾ ਹੈ ਪਰ ਇਹ ਦੋਵੇਂ ਚੀਜ਼ਾਂ ਹੀ ਸਥਿਰ ਰਹਿਣ ਵਾਲੀਆਂ ਨਹੀਂ ਹਨ। ਇਹ ਕੇਵਲ ਜਲਦ ਹੱਥੋਂ ਖੁਸੱਣ ਵਾਲੀਆਂ ਹੀ ਨਹੀਂ ਸਗੋਂ ਬੰਦੇ ਦੀ ਇੱਜ਼ਤ ਅਤੇ ਜਾਣ ਦੀਆਂ ਵੀ ਦੁਸ਼ਮਣ ਹਨ ਇਸ ਲਈ ਇਨ੍ਹਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜਦ ਭਾਰਤਵਰਸ਼ 'ਤੇ ਬਾਬਰ ਦਾ ਹਮਲਾ ਹੋਇਆ ਤਾਂ ਗੁਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਸਾਫ ਲਿਖਿਅ:।

ਧਨੁ ਜੋਬਨੁ ਦੁਇ ਵੈਰੀ ਹੋਏ ਜਿਨ ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥

ਗੁਰੁ ਸਾਹਿਬ ਦੀ ਬਾਣੀ ਕੱਲ ਵੀ ਸੱਚ ਸੀ, ਅੱਜ ਵੀ ਸੱਚ ਹੈ ਅਤੇ ਭਵਿਖ ਵਿਚ ਵੀ ਸੱਚ ਹੀ ਹੋਵੇਗੀ। ਜਦ ਦੁਨੀਆਂ ਵਿਚ ਕਿਧਰੇ ਵੀ ਦੰਗੇ ਹੁੰਦੇ ਹਨ ਤਾਂ ਦੌਲਤਮੰਦਾਂ ਦੀਆਂ ਬਿਲਡਿੰਗਾਂ 'ਤੇ ਪਹਿਲਾਂ ਹਮਲਾ ਹੁੰਦਾ ਹੈ, ਉਨ੍ਹਾਂ ਨੂੰ ਲੁੱਟਿਆ ਜਾਂਦਾ ਹੈ ਅਤੇ ਢਹਿ ਢੇਰੀ ਕੀਤਾ ਜਾਂਦਾ ਹੈ। ਇਥੇ ਹੀ ਬਸ ਨਹੀਂ ਸੁੰਦਰ ਔਰਤਾਂ ਦੀ ਇੱਜ਼ਤ ਪਹਿਲਾਂ ਰੁਲਦੀ ਹੈ। ਇਸ ਲਈ ਦੌਲਤ ਅਤੇ ਹੁਸਨ ਦਾ ਕਦੀ ਘੁਮੰਢ ਮਹੀਂ ਕਰਨਾ ਚਾਹੀਦਾ।
ਜਵਾਨੀ ਮਸਤਾਨੀ ਹੁੰਦੀ ਹੈ ਇਸ ਲਈ ਨੌਜੁਆਨ ਲੜਕੇ ਲੜਕੀਆਂ ਨੂੰ ਆਪਣੀ ਜੁਆਨੀ 'ਤੇ ਬਹੁਤ ਮਾਣ ਹੁੰਦਾ ਹੈ। ਕਈ ਤਾਂ ਜੁਆਨੀ ਦੇ ਹੰਕਾਰ ਵਿਚ ਆ ਜਾਂਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ 'ਤੇ ਹੀ ਸਿਰਫ ਅਨੌਖੀ ਜਵਾਨੀ ਚੜ੍ਹੀ ਹੈ। ਜੁਆਨੀ ਮਨੁੱਖ ਦੀ ਰੰਗੀਲੀ ਅਤੇ ਮਾਣ ਮੱਤੀ ਉਮਰ ਹੁੰਦੀ ਹੈ। ਇਸ ਉਮਰ ਵਿਚ ਸਰੀਰ ਵਿਚ ਇਕ ਵੱਖਰਾ ਹੀ ਜੋਸ਼ ਹੁੰਦਾ ਹੈ। ਮਨ ਵਿਚ ਸੱਧਰਾਂ ਹੁੰਦੀਆਂ ਹਨ ਅਤੇ ਚਾਅ ਕੁਆਰੇ ਹੁੰਦੇ ਹਨ। ਮਨ ਪਿਆਰ ਦੇ ਹਸੀਨ ਸੁਪਨੇ ਬੁਣਦਾ ਹੈ। ਇਹ ਉਮਰ ਮਨੁੱਖ ਦੇ ਆਪਣਾ ਭਵਿਖ ਸਵਾਰਨ ਦੀ ਵੀ ਹੁੰਦੀ ਹੈ। ਪਰ ਜੁਆਨੀ 'ਤੇ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ।। ਜੁਆਨੀ ਸਥਿਰ ਰਹਿਣ ਵਾਲੀ ਵਸਤੂ ਨਹੀਂ। ਇਸ ਬਾਰੇ ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਬੜੀ ਖੂਬਸੂਰਤੀ ਨਾਲ ਲਿਖਿਆ ਹੈ:

ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ ।
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ।
ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ,
ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ।

ਕੁਰਸੀ ਦਾ ਨਸ਼ਾ ਵੀ ਬਹੁਤ ਭੈੜਾ ਹੁੰਦਾ ਹੈ। ਲੋਕ ਮਰਦੇ ਦਮ ਤੱਕ ਵੀ ਕੁਰਸੀ ਨਹੀਂ ਛੱਡਣਾ ਚਾਹੁੰਦੇ। ਉੱਚੀ ਕੁਰਸੀ ਤੇ ਬੈਠੇ ਲੋਕ ਹੰਕਾਰ ਵਿਚ ਆ ਜਾਂਦੇ ਹਨ। ਪਰ ਅਫ਼ਸਰਾਂ ਅਤੇ ਰਾਜਨੇਤਾਵਾਂ ਦੀ ਕੁਰਸੀ ਸਦਾ ਉਨ੍ਹਾਂ ਥੱਲੇ ਨਹੀਂ ਰਹਿੰਦੀ ਅਫ਼ਸਰਾਂ ਨੂੰ ਕੁਰਸੀ ਉਮਰ ਨਾਲ ਜਾਂ ਉਸ ਤੋਂ ਵੀ ਪਹਿਲਾਂ ਹੀ ਛੱਡਣੀ ਪੈਂਦੀ ਹੈ। ਰਾਜਨੇਤਾ ਜਿਤਨਾ ਘੁਮੰਢ ਵਿਚ ਆਉਂਦੇ ਹਨ ਉਤਨੀ ਜਲਦੀ ਹੀ ਜਨਤਾ ਉਨ੍ਹਾਂ ਨੂੰ ਕੁਰਸੀ ਤੋਂ ਪਟਕਾ ਕੇ ਥੱਲੇ ਮਾਰਦੀ ਹੈ।
ਸਿਕੰਦਰ ਨੂੰ ਦੌਲਤ ਦਾ ਬਹੁਤ ਲਾਲਚ ਸੀ ਅਤੇ ਆਪਣੀ ਤਾਕਤ ਦਾ ਬਹੁਤ ਹੰਕਾਰ ਸੀ। ਇਸ ਲਈ ਉਹ ਦੁਨੀਆਂ ਜਿੱਤਣ ਤੁਰ ਪਿਆ। ਹਜ਼ਾਰਾਂ ਲੋਕ ਮਰਵਾ ਦਿੱਤੇ ਅਤੇ ਖੂਬ ਲੱਟ ਮਾਰ ਕੀਤੀ ਪਰ ਉਹ ਜਿੱਤ ਕੇ ਕਦੀ ਆਪਣੇ ਮੁਲਕ ਵਾਪਿਸ ਯੂਨਾਨ ਨਹੀਂ ਪਹੁੰਚ ਸਕਿਆ। ਲੁੱਟ ਦੀ ਸਾਰੀ ਦੌਲਤ ਇਸ ਧਰਤੀ 'ਤੇ ਹੀ ਰਹਿ ਗਈ। ਇਸ ਜਹਾਨ ਤੋਂ ਸ਼ਰਮਿੰਦਾ ਹੋ ਕੇ ਉਹ ਖਾਲੀ ਹੱਥੀ ਹੀ ਤੁਰ ਗਿਆ। ਕੀ ਫਾਇਦਾ ਹੈ ਇਹੋ ਜਹੇ ਲਾਲਚ ਦਾ ਅਤੇ ਹੰਕਾਰ ਦਾ? 
ਕਈ ਮਨੁੱਖਾਂ ਨੂੰ ਆਪਣੀ ਬੁੱਧੀ ਦਾ ਭਾਵ ਗਿਆਨਵਾਨ ਹੋਣ ਦਾ ਬਹੁਤ ਹੰਕਾਰ ਹੁੰਦਾ ਹੈ। ਕਈ ਵਾਰੀ ਦੇਖਿਆ ਗਿਆ ਹੈ ਕਿ ਬੜੇ ਬੜੇ ਬੁੱਧੀਵਾਨ, ਗਿਆਨੀ, ਕਥਾਕਾਰ ਅਤੇ ਧਾਰਮਿਕ ਪ੍ਰਚਾਰਕ ਬੜੀ ਜਲਦੀ ਹੰਕਾਰ ਵਿਚ ਆ ਜਾਂਦੇ ਹਨ ਅਤੇ ਕ੍ਰੋਧ ਕਰਨ ਲਗ ਪੈਂਦੇ ਹਨ। ਉਹ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦੇ ਹਨ। ਉਹ ਹਮੇਸ਼ਾਂ ਆਪਣੀ ਗੱਲ ਨੂੰ ਹੀ ਸਭ ਤੋਂ ਠੀਕ, ਫਾਇਦੇਮੰਦ ਅਤੇ ਸੱਚੀ ਸਮਝਦੇ ਹਨ। ਉਨ੍ਹਾਂ ਵਿਚ ਦੂਜੇ ਦੀ ਗਲ ਸੁਣਨ ਦੀ ਸਹਿਣ ਸ਼ਕਤੀ ਹੀ ਨਹੀਂ ਹੁੰਦੀ। ਉਨ੍ਹਾਂ ਦੀ ਜ਼ਿੰਦਗੀ ਵਿਚ ਹਲੀਮੀ ਅਤੇ ਸਹਿਜ ਹੁੰਦੀ ਹੀ ਨਹੀਂ। ਉਹ ਗੱਲ ਗੱਲ 'ਤੇ ਗੁੱਸੇ ਵਿਚ ਆ ਕੇ ਦੂਸਰੇ ਨਾਲ ਕੜਵਾ ਬੋਲਦੇ ਹਨ। ਫਿਰ ਐਸੇ ਗਿਆਨੀ ਅਤੇ ਪ੍ਰਚਾਰਕ  ਦਾ ਕੀ ਫਾਇਦਾ ਜਿਸ ਦੀ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਅਤੇ ਨਿਮਰਤਾ ਹੀ ਨਹੀਂ।
ਕਈ ਲੋਕਾਂ ਨੂੰ ਆਪਣੇ ਪੁੱਤਰਾਂ ਦਾ ਬਹੁਤ ਹੰਕਾਰ ਹੁੰਦਾ ਹੈ। ਉਨ੍ਹਾਂ ਨੂੰ ਮਾਣ ਹੁੰਦਾ ਹੈ ਕਿ ਮੇਰੇ ਤਿੰਨ ਪੁੱਤਰ ਹਨ, ਮੇਰੇ ਪੰਜ ਪੁੱਤਰ ਜਾਂ ਸੱਤ ਪੁੱਤਰ ਹਨ। ਇਸ ਲe ਉਹ ਫੁਲ੍ਹੇ ਨਹੀਂ ਸਮਾਉਂਦੇ। ਪਰ ਅੱਜ ਕੱਲ ਜੋ ਜ਼ਮਾਨਾ ਚਲ ਰਿਹਾ ਹੈ , ਸਭ ਨੂੰ ਪਤਾ ਹੀ ਹੈ ਕਿ ਪੁੱਤਰ ਕਿੰਨੀ ਕੁ ਸੇਵਾ ਕਰਦੇ ਹਨ। ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਪੁੱਤਰ ਉਨ੍ਹਾਂ ਦੀ ਸੇਵਾ ਕਰਦੇ ਹਨ। ਕਹਿੰਦੇ ਹਨ ਕਿ ਮਾਂ ਭੁੱਖੀ ਰਹਿ ਕੇ ਵੀ ਸੱਤ ਪੁੱਤਰਾਂ ਨੂੰ ਪਾਲ ਲੈਂਦੀ ਹੈ ਪਰ ਸੱਤ ਪੁੱਤਰ ਮਿਲ ਕੇ ਵੀ ਇਕ ਮਾਂ ਨੂੰ ਰੋਟੀ ਨਹੀਂ ਦੇ ਸਕਦੇ। ਅੱਜ ਕੱਲ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ। ਕਈ ਵਾਰੀ ਉਹ ਮਾਂ ਬਾਪ ਦੀ ਪੁੱਤਰਾਂ ਨਾਲੋਂ ਵੱਧ ਦੇਖ ਭਾਲ ਕਰਦੀਆਂ ਹਨ। ਇਸ ਲਈ ਅੋਲਾਦ ਦਾ ਕਦੀ ਹੰਕਾਰ ਨਾ ਕਰੋ। ਇਹ ਰੱਬ ਦੀ ਦੇਣ ਹੈ। ਉਸ ਦਾ ਸ਼ੁਕਰਨਾ ਕਰੋ।ਧੀਆਂ ਅਤੇ ਪੁੱਤਰਾਂ ਦੀ ਬਰਾਬਰ ਸਮਝ ਕੇ ਪਾਲਣਾ ਕਰੋ। ਉਨ੍ਹਾਂ ਨੂੰ ਚੰਗੇ ਸੰਸਕਾਰ, ਚੰਗੀ ਖੁਰਾਕ ਅਤੇ ਚੰਗੀ ਵਿਦਿਆ ਦਿਓ ਤਾਂ ਕਿ ਉਹ ਵੱਡੇ ਹੋ ਕੇ ਚੰਗੇ ਨਾਗਰਿਕ ਬਣ ਸਕਣ ਅਤੇ ਨਰੋਏ ਸਮਾਜ ਦੀ ਸਿਰਜਨਾ ਕਰ ਸਕਣ। ਤੁਹਾਡਾ ਨਾਮ ਜੱਗ 'ਤੇ ਰੋਸ਼ਨ ਕਰ ਸਕਣ।
ਜੇ ਤੁਸੀਂ ਸਫ਼ਲਤਾ ਅਤੇ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਹੋ ਤਾਂ ਹੰਕਾਰ ਨਾ ਕਰੋ। ਇਨ੍ਹਾਂ ਵਿਚੋਂ ਕੋਈ ਵਸਤੂ ਸਥਿਰ ਰਹਿਣ ਵਾਲੀ ਨਹੀਂ। ਤੁਸੀਂ ਇਸ ਸਥਾਨ ਤੇ ਸਦਾ ਲਈ ਟਿਕੇ ਨਹੀਂ ਰਹਿ ਸਕਦੇ। ਪੰਛੀ ਦੱਸਦੇ ਹਨ ਕਿ ਅਕਾਸ਼ ਵਿਚ ਬਸੇਰੇ ਨਹੀਂ ਹੁੰਦੇ। ਤੁਸੀ ਜਿਤਨੀ ਮਰਜ਼ੀ ਉੱਚੀ ਉਡਾਰੀ ਮਾਰ ਲਓ, ਭੋਜਨ ਕਰਨ ਲਈ ਤੁਹਾਨੂੰ ਇਸ ਧਰਤੀ ਤੇ ਹੇਠਾਂ ਆਉਣਾ ਹੀ ਪਵੇਗਾ।ਇਸ ਲਈ ਜਿਸ ਸਥਾਨ ਤੇ ਤੁਸੀਂ ਅੱਜ ਹੋ ਇਸ ਸਥਾਨ ਤੇ ਕੱਲ ਹੋਰ ਕੋਈ ਸੀ ਅਤੇ ਆਉਣ ਵਾਲੇ ਕੱਲ ਨੂੰ ਕੋਈ ਹੋਰ ਹੋਵੇਗਾ। ਫਿਰ ਤੁਸੀਂ ਆਪ ਹੀ ਸੋਚ ਲਉ ਕਿ ਤੁਸੀਂ ਉਸ ਸਮੇਂ ਕਿੱਥੇ ਹੋਵੋਗੇ। ਉਸ ਸਮੇਂ ਤੁਹਾਡੀ ਕੀ ਹਾਲਾਤ ਹੋਵੇਗੀ? ਆਪਣੀਆਂ ਪ੍ਰਾਪਤੀਆਂ ਅਤੇ ਸ਼ੋਹਰਤ ਦਾ ਰੌਲਾ ਨਾ ਪਾਓ ਅਤੇ ਚੰਗੇ ਕੰਮ ਕਰਦੇ ਰਹੋ। ਸੂਰਜ ਤਦ ਵੀ ਨਿਕਲਦਾ ਹੈ ਜਦ ਕਰੌੜਾਂ ਲੋਕ ਸੁੱਤੇ ਹੁੰਦੇ ਹਨ।
ਹੰਕਾਰਿਆ ਮਨੁੱਖ ਆਪਣੇ ਹੰਕਾਰ ਨਾਲ ਹੀ ਮਾਰਿਆ ਜਾਂਦਾ ਹੈ। ਉਸ ਦਾ ਕੋਈ ਮਿੱਤਰ ਜਾਂ ਕੋਈ ਹਮਦਰਦ ਨਹੀਂ ਬਣਦਾ। ਇਸ ਲਈ ਯਾਦ ਰੱਖੋ ਕਿ ਇਹ ਦੁਨੀਆਂ ਵਿਕਾਸਸ਼ੀਲ ਅਤੇ ਪ੍ਰੀਵਰਤਨਸ਼ੀਲ ਹੈ। ਇਹ ਹਰ ਘੜੀ, ਹਰ ਪਲ ਅਤੇ ਹਰ ਛਿਨ ਬਦਲ ਰਹੀ ਹੈ। ਇਸ ਦੀ ਜੋ ਦਸ਼ਾ ਇਸ ਸਮੇਂ ਹੈ ਉਹ ਅਗਲੇ ਛਿਨ ਨਹੀਂ ਹੋਵੇਗੀ ਅਤੇ ਉਸ ਤੋਂ ਅਗਲੇ ਛਿਨ ਕੁਝ ਹੋਰ ਹੀ ਹੋਵੇਗੀ।ਇਸ ਲਈ ਜੋ ਵਸਤੂ ਧਨ-ਦੌਲਤ, ਅੋਹੁਦਾ, ਗੁਣ ਜਾਂ ਜਾਂ ਸ਼ੋਹਰਤ ਇਸ ਸਮੇਂ ਤੁਹਾਡੇ ਕੋਲ ਹ ੈਉਹ ਕੱਲ ਨੂੰ ਤੁਹਾਡੇ ਕੋਲੋਂ ਖੁਸ ਵੀ ਸਕਦੀ ਹੈ। ਇੱਥੇ ਕੋਈ ਵੀ ਚੀਜ਼ ਸਥਿਰ ਨਹੀਂ। ਫਿਰ ਹੰਕਾਰ ਕਾਹਦਾ?
ਸੇਵਾ ਹੰਕਾਰ ਨੂੰ ਮਾਰਦੀ ਹੈ। ਮਨ ਵਿਚ ਨਿਮਰਤਾ ਦਾ ਪ੍ਰਕਾਸ਼ ਕਰਦੀ ਹੈ ਅਤੇ ਮਨੁੱਖ ਨੂੰ ਇਸ ਧਰਤੀ ਨਾਲ ਜੋੜੀ ਰੱਖਦੀ ਹੈ। ਜੇ ਪ੍ਰਮਾਤਮਾ ਨੇ ਤੁਹਾਨੂੰ ਕੋਈ ਬਰਕਤ ਜਾਂ ਨਿਆਮਤ ਦਿੱਤੀ ਹੈ ਤਾਂ ਉਸ ਦਾ ਕਦੀ ਹੰਕਾਰ ਨਾ ਕਰੋ ਕਿਉਂਕਿ ਪ੍ਰਮਾਤਮਾ ਜੇ ਤੁਹਾਨੂੰ ਅੱਜ ਕੋਈ ਬਖਸ਼ਿਸ਼ ਦਿੰਦਾ ਹੈ ਤਾਂ ਉਹ ਜਦ ਚਾਹੇ ਇਸ ਨੂੰ ਵਾਪਿਸ ਵੀ ਲੈ ਸਕਦਾ ਹੈ। ਫਿਰ ਹੰਕਾਰ ਕਿਸ ਗਲ ਦਾ? ਇਸ ਲਈ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਨਿਮਰਤਾ ਨਾਲ ਸਵੀਕਾਰ ਕਰੋ ਅਤੇ ਉਸ ਦਾ ਸ਼ੁਕਰਾਨਾ ਕਰੋ।