ਜੇ ਮਨੁੱਖ, ਮਨੁੱਖ ਬਣਕੇ ਹੀ ਜੀਵੇ (ਲੇਖ )

ਇੰਦਰਜੀਤ ਸਿੰਘ ਕੰਗ   

Email: gurukul.samrala@gmail.com
Address:
Samrala, Ludhiana India
ਇੰਦਰਜੀਤ ਸਿੰਘ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੀ ਧਰਤੀ ਤੇ  ਕਰੋੜਾਂ-ਅਰਬਾਂ ਦੀ ਗਿਣਤੀ ਵਿੱਚ ਅਨੇਕਾਂ ਹੀ ਜਾਤੀਆਂ ਦੇ ਜੀਵ- ਜੰਤੂ ਹਨ, ਜੋ ਆਪਣੀ –ਆਪਣੀ ਜੂਨੀ ਭੋਗ ਕੇ ਆਪਣਾ ਜੀਵਨ ਚੱਕਰ ਚਲਾਉਂਦੇ ਹਨ। ਇਸੇ ਜੀਵਨ ਚੱਕਰ ਦੇ ਚੱਲਦੇ ਅਨੇਕਾਂ ਹੀ ਜਾਤੀਆਂ ਨਵੀਂਆਂ ਪੈਦਾ ਹੋ ਰਹੀਆਂ ਹਨ। ਕਈ ਜਾਤੀਆਂ ਆਪਣੇ ਆਪ ਨੂੰ ਬਦਲਦੇ ਵਾਤਾਵਰਨ ਅਨੁਸਾਰ ਢਾਲ ਲੈਂਦੀਆਂ ਹਨ, ਕਈ ਸਮੇਂ ਦੇ ਥਪੇੜੇ ਨਾ ਸਹਿੰਦੀਆਂ ਹੋਈਆਂ ਲੁਪਤ ਹੋ ਗਈਆਂ। ਇਨ•ਾਂ ਸਾਰੀਆਂ ਜਾਤੀਆਂ ਵਿੱਚੋਂ ਜਿਹੜੀ ਜਾਤੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ, ਉਹ ਹੈ 'ਮਨੁੱਖ ਜਾਤੀ'। ਜਿਸ ਨੂੰ ਸਾਰੀਆਂ ਜਾਤੀਆਂ ਵਿੱਚੋਂ ਚੁਸਤ, ਚਲਾਕ ਅਤੇ ਬੁੱਧੀਮਾਨ ਮੰਨਿਆ ਗਿਆ ਹੈ। ਇਸ ਵਿੱਚ ਸ਼ੱਕ ਵੀ ਕੋਈ ਨਹੀਂ ਹੈ ਕਿ ਮਨੁੱਖ ਨੇ ਆਪਣੇ ਦਿਮਾਗ ਨਾਲ ਇਹੋ ਜਿਹੀਆਂ ਕਾਢਾਂ ਕੱਢ ਕੇ ਦੁਨੀਆਂ ਦਾ ਰੰਗ ਢੰਗ ਹੀ ਬਦਲ ਦਿੱਤਾ ਹੈ। ਸਾਇੰਸ ਦੇ ਖੇਤਰ ਕੀਤੀ ਤਰੱਕੀ ਬਾਰੇ ਸੋਚ ਕੇ ਮਨੁੱਖ ਖੁਦ ਆਪਣੇ ਮੂੰਹ ਵਿੱਚ ਉਂਗਲਾਂ ਪਾਉਣੋਂ ਨਹੀਂ ਰਹਿ ਸਕਦਾ। ਮਨੁੱਖ ਜਾਤੀ ਵਿੱਚ ਅਨੇਕਾਂ ਹੀ ਵਿਦਵਾਨ, ਸੂਰਵੀਰ, ਯੋਧੇ, ਸੰਤ, ਮਹਾਤਮਾ ਪੈਦਾ ਹੋਏ ਹਨ, ਜਿਨ•ਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਮਨੁੱਖ ਜਾਤੀ ਦਾ ਕਲਿਆਣ ਸੰਭਵ ਹੋ ਸਕਿਆ ਹੈ। 
ਮਨੁੱਖ ਏਨਾ ਕੁਝ ਕਰਨ ਦੇ ਬਾਵਜੂਦ ਆਪਣੀ ਇੱਕ ਨਿਵੇਕਲੀ ਪਛਾਣ ਤਾਂ ਬਣਾ ਚੁੱਕਾ ਹੈ, ਪ੍ਰੰਤੂ ਮਨੁੱਖ ਆਪਣੀ ਪਹਿਚਾਣ ਖੁਦ ਨਾਲ ਕਰਵਾਉਣ ਵਿੱਚ ਅਜੇ ਤੱਕ ਸਫਲ ਨਹੀਂ ਹੋ ਸਕਿਆ। ਅਸੀਂ ਮਨੁੱਖ ਹੋ ਕੇ ਵੀ ਦੂਸਰੇ ਮਨੁੱਖ ਦੇ ਪੂਰਕ ਨਹੀਂ ਬਣ ਸਕੇ। ਅਸੀਂ ਅਜੇ ਤੱਕ ਆਪਣੀ ਪਹਿਚਾਣ ਵੱਖ ਵੱਖ ਜਾਤੀਆਂ ਦੇ ਜਾਨਵਰਾਂ ਨਾਲ ਹੀ ਕਰਵਾ ਰਹੇ ਹਾਂ। ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਜੇਕਰ ਕਿਸੇ ਨੂੰ ਗਾਲ• ਕੱਢਣੀ ਹੋਵੇ ਜਾਂ ਕਿਸੇ ਨੂੰ ਵਡਿਆਉਣਾ ਹੋਵੇ ਜਾਂ ਕਿਸੇ ਦੀ ਪ੍ਰਸੰਸਾ ਕਰਨੀ ਹੋਵੇ, ਉਹ ਕਿਸੇ ਨਾ ਕਿਸੇ ਜਾਨਵਰ ਦੀ ਉਦਾਹਰਨ ਦੇ ਕੇ ਹੀ ਕਰਦੇ ਹਾਂ। ਕਿਸੇ ਦੂਸਰੇ ਮਨੁੱਖ ਦੀ ਉਦਾਹਰਨ ਨਹੀਂ ਦਿੰਦੇ। ਅਸੀਂ ਆਮ ਕਰਕੇ ਕਿਸੇ ਨੂੰ ਗਾਲ• ਕੱਢਣ ਮੌਕੇ ਕੁੱਤਾ, ਬਾਂਦਰ, ਗਧਾ, ਉੱਲੂ, ਝੋਟਾ, ਡੰਗਰ ਜਿਹਾ ਆਦਿ ਸ਼ਬਦਾਂ ਦੀ ਖੂਬ ਵਰਤੋਂ ਕਰਦੇ ਹਾਂ। ਕਿਸੇ ਨੂੰ ਵਡਿਆਉਣ ਵੇਲੇ ਸ਼ੇਰ ਪੁੱਤਰ, ਬੱਬਰ ਸ਼ੇਰ ਆਦਿ ਤੋਂ ਇਲਾਵਾ ਕਿਸੇ ਦੀ ਪ੍ਰਸੰਸਾ ਲਈ ਚੀਤੇ ਜਿਹੀ ਦੌੜ, ਮੋਰਨੀ ਵਰਗੀ ਚਾਲ, ਲੂੰਬੜੀ ਵਾਂਗ ਚਾਲਬਾਜ਼ , ਕਾਂ ਵਰਗਾ ਚਲਾਕ, ਕੋਇਲ ਵਰਗੀ ਅਵਾਜ਼,  ਮੋਰ ਵਾਂਗ ਪੈਲਾਂ ਪਾਉਂਦਾ, ਗਿੱਦੜ ਵਰਗਾ ਡਰਪੋਕ, ਕਬੂਤਰ ਵਰਗਾ ਭੋਲਾ ਆਦਿ ਉਪਨਾਮਾਂ ਦੀ ਵਰਤੋਂ ਕਰਦੇ ਹਾਂ। ਅਜਿਹੀਆਂ ਗੱਲਾਂ ਦੇਖ ਸੁਣ ਕੇ ਮਨੁੱਖ ਅੰਦਰ ਜਾਨਵਰ ਪ੍ਰਵਿਰਤੀ ਵਾਲੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ। ਕਿਸੇ ਮਨੁੱਖ ਦਾ ਮਨੁੱਖ ਤੋਂ ਹੈਵਾਨ ਤੇ ਸ਼ੈਤਾਨ ਬਨਣਾ ਵੀ ਉਸ ਦਾ ਇਸੇ ਬਿਰਤੀ ਦਾ ਰੂਪ ਹੈ। 
ਮਨੁੱਖ ਕਦੇ ਵੀ ਆਪਣੀ ਤੁਲਨਾ ਦੀ ਉਦਾਹਰਨ ਕਿਸੇ ਬਹਾਦਰ ਬੰਦੇ, ਦੇਸ਼ ਭਗਤ ਜਾਂ ਕਿਸੇ  ਧਰਮ ਪ੍ਰਚਾਰਕ ਦੇ ਨਾਲ ਨਹੀਂ ਕਰਦਾ। ਜਿਸ ਦਿਨ ਮਨੁੱਖ ਆਪਣੇ ਅੰਦਰੋਂ ਆਪਣੀ ਜਾਨਵਰਾਂ ਵਾਲੀ ਬਿਰਤੀ ਦਾ ਤਿਆਗ ਕਰ ਦੇਵੇਗਾ, ਮਨੁੱਖ ਨੂੰ ਮਨੁੱਖ ਵਾਲੀ ਅੱਖ ਨਾਲ ਦੇਖਣਾ ਸ਼ੁਰੂ ਕਰ ਦੇਵੇਗਾ। ਉਸ ਦਿਨ ਤੋਂ ਹੀ ਉਸਦੇ ਅੰਦਰੋਂ ਜਾਨਵਰਾਂ ਵਾਲੀ ਹੈਵਾਨੀਅਨ, ਪਸ਼ੂਪੁਣਾ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਵੇ। ਇੱਥੇ ਇਹ ਵੀ ਗੱਲ ਵਿਚਾਰਨਯੋਗ ਹੈ ਕਿ ਜੇਕਰ ਉਪਰੋਕਤ ਸਾਰੇ ਜਾਨਵਰਾਂ ਨੂੰ ਉਨ•ਾਂ ਦੀ ਜੀਵਨਸ਼ੈਲੀ ਮੁਤਾਬਿਕ ਦੇਖਿਆ ਜਾਵੇ ਤਾਂ ਉਨ•ਾਂ ਅੰਦਰ ਅੱਜ ਦੇ ਮਨੁੱਖ ਨਾਲੋਂ ਕਿਤੇ ਵੱਧ ਪ੍ਰੇਮ, ਪਿਆਰ ਅਤੇ ਆਪਸੀ ਸਹਿਯੋਗ ਦੀ ਭਾਵਨਾ ਹੈ। ਇੱਕ ਦੂਜੇ ਪ੍ਰਤੀ ਸਾੜਾ ਤਾਂ ਬਿਲਕੁੱਲ ਹੀ ਨਹੀਂ ਹੈ। ਜੇਕਰ ਇਨ•ਾਂ ਜਾਨਵਰਾਂ ਵਿੱਚ ਕੋਈ ਜਾਨਵਰ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਸ ਬਰਾਦਰੀ ਦੇ ਸਾਰੇ ਜਾਨਵਰ ਇਕੱਠੇ ਹੋ ਉਸਦੇ ਬਚਾਅ ਲਈ ਹੰਭਲਾ ਜਰੂਰ ਮਾਰਦੇ ਹਨ। ਇਹ ਨਹੀਂ ਕਿ ਅੱਜ ਦੇ ਮਨੁੱਖ ਵਾਂਗ ਬੇਦਿਲ ਹੋ ਗਏ  ਹਨ ਜਾਂ ਦੂਸਰੇ ਨੂੰ ਮੁਸੀਬਤ ਵਿੱਚ ਫਸਿਆ ਦੇਖਕੇ ਖੁਸ਼ ਹੁੰਦੇ ਹਨ। ਜੇਕਰ ਕੋਈ ਜਾਨਵਰ ਹੈਵਾਨ ਬਣਦਾ ਵੀ ਹੈ ਤਾਂ ਉਹ ਦਾ ਕਾਰਨ ਵੀ ਮਨੁੱਖ ਹੀ ਹੁੰਦਾ ਹੈ। ਉਹ ਜਾਨਵਰ ਜਾਂ ਪੰਛੀ, ਮਨੁੱਖ ਤੋਂ ਆਪਣੇ ਬਚਾਅ ਲਈ ਡਰਦਾ ਮਾਰਾ ਹੀ ਉਸ ਤੇ ਹਮਲਾ ਕਰਦਾ ਹੈ, ਕੋਈ ਵੀ ਜਾਨਵਰ ਮਨੁੱਖ ਤੇ ਪਹਿਲ ਦੇ ਅਧਾਰ ਤੇ ਹਮਲਾ ਨਹੀਂ ਕਰਦਾ। ਕਹਿਣ ਨੂੰ ਤਾਂ ਉਹ ਜਾਨਵਰ ਹਨ, ਪ੍ਰੰਤੂ ਹਨ ਮਨੁੱਖ ਤੋਂ ਕਿਤੇ ਵੱਧ ਦਰਜੇ ਚੰਗੇ। 
ਇਸ ਲਈ ਮਨੁੱਖ ਨੂੰ ਚਾਹੀਦਾ ਹੈ ਉਹ ਜਿਨ•ਾਂ ਜਾਨਵਰਾਂ ਦੇ ਨਾਂ ਲੈ ਕੇ ਇੱਕ ਦੂਜੇ ਨੂੰ ਕੋਸਦਾ ਹੈ, ਜਲੀਲ ਕਰਦਾ ਹੈ ਜਾਂ ਉਪਮਾ ਕਰਦਾ ਹੈ, ਉਨ•ਾਂ ਜਾਨਵਰਾਂ ਦੇ ਦਿਲ ਅੰਦਰਲੀ ਪ੍ਰੇਮ-ਪਿਆਰ, ਆਪਸੀ ਸਹਿਚਾਰ ਵਾਲੀ ਭਾਵਨਾ ਨੂੰ ਜਰੂਰ  ਸਮਝੇ, ਉਸੇ ਨੂੰ ਆਪਣੇ ਆਪ ਤੇ ਲਾਗੂ ਕਰੇ। ਜਿਸ ਦਿਨ ਮਨੁੱਖ ਨੇ ਅੰਦਰ ਦੂਜਿਆਂ ਪ੍ਰਤੀ ਈਰਖਾ, ਸੌੜੀ ਸੋਚ ਜਾਂ ਬਦਲੇ ਦੀ ਭਾਵਨਾ ਤਿਆਗ ਦਿੱਤੀ ਤਾਂ ਦੁਨੀਆਂ ਅੰਦਰ ਮਨੁੱਖਾਂ ਵੱਲੋਂ ਹੀ ਬਣਾਈਆਂ ਵੱਖ ਵੱਖ ਦੇਸ਼ਾਂ ਦੀਆਂ ਸਰਹੱਦਾਂ ਆਪੇ ਮਿਟ ਜਾਣਗੀਆਂ। ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ, ਆਪਸੀ ਪਿਆਰ ਅਤੇ ਮਿਲਵਰਤਨ ਦਾ ਪਰਵਾਹ ਆਪਣੇ ਆਪ ਹੋਣ ਲੱਗ ਪਵੇਗਾ।