ਚੜ੍ਹਿਆ ਸਾਹਿਬ ਅਜੀਤ ਜੀ ਲੈ ਕੇ ਆਗਿਆ ਪਿਤਾ ਦੀ ਸਾਰ।
ਉਹਨੇ ਕਮਰ ਕੱਸਾ ਸੀ ਕੱਸ ਲਿਆ ਪੰਜੇ ਲਾ ਹਥਿਆਰ।
ਉਹਨੇ ਧੱਕਾ ਮਾਰ ਕੇ ਖੋਲ੍ਹਿਆ, ਹੋ ਖੋਲ੍ਹਿਆ ਕਿਲੇ ਦਾ ਬਾਰ।
ਸਿੰਘ ਵਿਚ ਗੁੱਸੇ ਦੇ ਵੇਖਦਾ, ਦੁਸ਼ਮਣ ਲੱਖ ਹਜ਼ਾਰ।
ਸਿੰਘ ਛਡਦਾ ਗੋਸ਼ੇ ਮੇਲ ਕੇ, ਉਡਦੇ ਫਨ ਖਿਲਾਰ।
ਕਈਆਂ ਦੀ ਛਾਤੀ ਵਿੰਨ੍ਹ ਕ,ੇ ਲੰਘਣ ਦਸਾਲੂ ਪਾਰ।
ਫੇਰ ਜੰਗ ਵਿਚ ਵੜ ਗਿਆ, ਉਹਨੇ ਧੂ ਲਈ ਤਲਵਾਰ।
ਉਹ ਪਾਣੀ ਮੂਲ ਨਾ ਮੰਗਦਾ, ਜਿਸ ਤੇ ਕਰਦਾ ਵਾਰ।
ਵਿਚ ਜੰਗ ਦੇ ਵਿਹਲਾਂ ਪਾਤੀਆਂ, ਜਿਵੇਂ ਕੱਟੀ ਪੱਕੀ ਜਵਾਰ।
ਜਿਉਂ ਮਾਰਿਆ ਨਿਸੁੰਭ ਨੂੰ, ਛੀਂਅ ਦੇਵੀ ਹੋਈ ਅਸਵਾਰ।
ਖਵਾਜਾ ਮਰਦੂਦ ਘਬਰਾਂਵਦੇ, ਉਹ ਰਹੇ ਫੋਜ ਨੂੰ ਵੰਗਾਰ।
ਤੁਸੀਂ ਮਰ ਗਏ ਨਿਮਕ ਹਰਾਮੀਓਂ, ਤੁਹਾਨੂੰ ਲੱਜਿਆ ਦੀ ਨੀ ਸਾਰ।
ਸਿੰਘ ਇਕ ਨੇ ਵਿਹਲਾਂ ਪਾਤੀਆਂ, ਤੁਸੀਂ ਬਣੇ ਮਿਰਗਾਂ ਦੀ ਡਾਰ।
ਬਿਲਾਸਪੁਰੀ ਨੇ ਹੱਲਾ ਬੋਲਤਾ, ਉਹਨੇ ਫੋਜ ਦਿੱਤੀ ਲਲਕਾਰ।
ਬਾਹਾਂ ਚੱਲਣੋਂ ਰਹਿ ਗਈਆਂ,ਜਿਹੜੀਆਂ ਵਾਹੁੰਦਾ ਸੀ ਪੱਬਾਂ ਦੇ ਭਾਰ।
ਉਹਦੇ ਬਸਤਰ ਸੂਹੇ ਰੰਗ ਦੇ, ਜਾਣੀ ਹੋਲੀ ਖੇਡੇ ਬਜ਼ਾਰ।
ਉਹਨੇ ਜੈਕਾਰਾ ਦਸਮੇਸ਼ ਪਿਤਾ ਦਾ ਬੋਲਿਆ,ਇਹ ਭੀ ਦਾਤਿ ਤੇਰੀ ਦਾਤਾਰ।
ਉਹਨੂੰ ਪਰੀਆਂ ਵਰਨ ਆ ਗਈਆਂ, ਜਿਹੜੀਆਂ ਰਹਿਣ ਇੰਦਰ ਦੇ ਦਰਬਾਰ।
ਉਹ ਵਿਚ ਬਾਬਾਣਾ ਬੈਠ ਕੇ, ਪਹੁੰਚਿਆ ਨਾਨਕ ਦੇ ਦਰਬਾਰ।
ਅੱਜ ਸ਼ਾਇਰ ਪੰਜਾਬੀ ਮਿਹਰ ਸਿੰਘ ਸੇਖਾ ਛੰਦ ਰਿਹਾ ਉਚਾਰ…।