ਮਾਂ ਦੀ ਨਿੱਘੀ ਬੁੱਕਲ
(ਲੇਖ )
ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਦੋਂ ਅਸੀਂ ਬਾਹਰ ਜਾਣ ਦਾ ਫੈਸਲਾ ਕੀਤਾ ਤਾਂ ਮਾਂ ਲੜੀ ਵੀ ਸਭ ਤੋਂ ਜ਼ਿਆਦਾ ਅਤੇ ਰੋਈ ਵੀ ਸਭ ਤੋਂ ਜ਼ਿਆਦਾ। ਮੈਂ ਵੀਜਾ ਲਵਾਉਣ ਵੇਲੇ ਐਵੇਂ ਹੀ ਮਾਂ ਨੂੰ ਧਰਵਾਸ ਦੇਈ ਜਾਵਾਂ....!!
"ਲੈ ਮਾਂ ਤੂੰ ਤਾਂ ਐਵੇ ਝੂਰੀ ਜਾਂਨੀ ਆ ਬਸ ਵੀਜਾ ਲਵਾ ਕੇ ਹੀ ਵੇਖਣਾ ਹੈ, ਵੀਜਾ ਕਿਹੜਾ ਆਈ ਜਾਂਦਾ"। ਮਾਂ ਉੱਤੋਂ-ਉੱਤੋਂ ਹੱਸ ਛੱਡਦੀ ਜਿਵੇਂ ਅੰਦਰੋਂ ਕਹਿ ਰਹੀ ਹੋਵੇ...... "ਲੈ ਮੈਨੂੰ ਚਾਰਦਾ ਇਹਨਾਂ ਹੱਥਾਂ ਵਿੱਚ ਹੀ ਵੱਡਾ ਹੋਇਆ ਜਾਣਦੀ ਆਂ ਤੈਨੂੰ, ਹਾਲੇ ਤੱਕ ਤਾਂ ਨੌਹਾਂ ਚੋਂ ਗੰਦ ਨਹੀਂ ਨਿਕਲਿਆ ਪੋਤੜੇ ਧੋਂਦੀ ਦਾ" ਜਿਵੇਂ ਮਾਂ ਨੂੰ ਸਭ ਪਤਾ ਹੋਵੇ।
ਵੀਜਾ ਆਉਣ ਦੀ ਖਬਰ ਏਜੰਟ ਨੇ ਸਭ ਤੋਂ ਪਹਿਲਾਂ ਮੈਨੂੰ ਦੱਸੀ ਤੇ ਮੈਂ ਮਾਂ ਨੂੰ। ਮਾਂ ਰੋਟੀਆਂ ਪਕਾਉਂਦੀ ਥਾਂਏ ਮਰ ਗਈ। ਮੇਰੇ ਵੇਂਹਦੇ-ਵੇਂਹਦੇ ਮਾਂ ਅੱਧੀ ਰਹਿ ਗਈ, ਜਿਵੇਂ ਉਸਤੇ ਉਸੇ ਵੇਲੇ ਬੁਢਾਪਾ ਉਤਰ ਆਇਆ ਹੋਵੇ, ਥਾਏਂ ਅੰਨੀ ਹੋ ਗਈ। ਮਾਂ ਦੇ ਹੰਝੂ ਪਰਲ-ਪਰਲ ਆਟੇ ਵਾਲੀ ਪਰਾਂਤ ਵਿੱਚ ਡਿੱਗਦੇ ਰਹੇ ਜਿਵੇਂ ਕਹਿ ਰਹੀ ਹੋਵੇ...........!!!
"ਚੰਦਰਿਆਂ ਕਦੇ ਜਿੰਦਗੀ ਵਿੱਚ ਸੁਖ ਵੀ ਦੇ ਦੇਂਦਾ ਮੈਂ ਤਾਂ ਹਾਲੇ ਨਵੀਂ ਵਿਆਹੀ ਬਹੂ ਦਾ ਚਾਅ ਵੀ ਪੂਰਾ ਨੀਂ ਕੀਤਾ"।
'ਤੇ ਮੈਂ ਬੁੱਤ ਬਣਿਆ ਖੜਾ ਰਿਹਾ ਨਾ ਮਾਂ ਨੂੰ ਸੰਭਾਲ ਸਕਿਆ ਨਾ ਦਿਲਾਸਾ ਦੇ ਸਕਿਆ। ਉਸ ਦਿਨ ਤੋਂ ਮਾਂ ਮੰਜੇ ਨਾਲ ਜੁੜ ਗਈ ਹੱਡੀਆਂ ਦੀ ਮੁੱਠ ਰਹਿ ਗਈ। ਰਾਤ ਨੂੰ ਮੈਂ ਕੋਠੇ ਉੱਤੋ ਸੁਣਦਾ ਮਾਂ ਬਾਪੂ ਨੂੰ ਕਹਿ ਰਹੀ ਹੁੰਦੀ....
"ਬੋਲਦਾ ਨਹੀਂ ਮੈਂ ਉਸ ਨੂੰ ਜਾਣ ਹੀ ਨੀਂ ਦੇਣਾ, ਵੇਖੀ ਨਾ ਕਿਵੇਂ ਤੁਰ ਜਾਊਗਾ ਮਾਂ ਨੂੰ ਛੱਡਕੇ ਸਾਡਾ ਇਸ ਤੋਂ ਬਿਨ੍ਹਾਂ ਹੈ ਹੀ ਕੋਣ ਵੇਖੀ ਬੋਲਦਾ ਨੀਂ ਉਹਨੇ ਮੰਨ ਜਾਣਾ, ਮੇਰਾ ਪੁੱਤ ਐ ਕਿਵੇਂ ਨਾ ਮੰਨੂ, ਮੇਰੀਆਂ ਢਿੱਡ ਦੀਆਂ ਆਂਦਰਾ, ਹੈਂ ਬੋਲਦਾ ਨੀੰ ਓ ਮੰਨ ਜਾਊ ਨਾ ਮੇਰੀ ਗੱਲ.....? ?
ਅੱਗੋ ਬਾਪੂ ਦਾ ਤਰਕ ਹੁੰਦਾ "ਕੋਈ ਨਾ ਚੰਗੇ ਕੰਮ ਲਈ ਹੀ ਚੱਲਿਆ ਦੇਖ ਆਉਣ ਦੇ ਅਗਲੀ ਦੁਨੀਆਂ ਆਪੇ ਮੁੜ ਆਉ ਸੌ ਜਾ ਤੜਕੇ ਗੱਲ ਕਰਾਂਗੇ"।
ਮੈਂ ਆਵਦੇ ਜਾਣੇ ਬਾਹਲਾ ਸਿਆਣਾ ਬਣ ਮਾਂ ਨੂੰ ਸਮਝਾਉਂਦਾ... "ਵੇਖ ਮਾਂ ਇਹ ਵੀ ਕੋਈ ਦੇਸ ਆ ਰਹਿਣ ਨੂੰ ਨਾ ਇੱਥੇ ਆਪਦਾ ਭਵਿੱਖ ਹੈ ਨਾ ਬੱਚਿਆਂ ਦਾ, ਨਾ ਇੱਥੇ ਨਾ ਸਰਕਾਰਾਂ ਚੱਜਦੀਆਂ ਤੇ ਨਾ ਲੋਕ, ਮੈਂ ਬਾਹਰ ਜਾਊ ਕਮਾਈ ਕਰੂੰ ਪੈਰਾਂ 'ਤੇ ਖੜ੍ਹਾ ਹੋਊ ਤੇਰਾ ਨਾਮ ਰੌਸਨ ਕਰੂੰ।
ਮਾਂ ਸਭ ਸੁਣੀ ਜਾਂਦੀ ਅਖੀਰ ਬੋਲਦੀ...... "ਸਭ ਕੁਝ ਸਹੀ ਹੈ ਤੂੰ ਸਿਆਣਾ ਮੈਂ ਕਮਲੀ ਪਰ ਆਹ ਇੱਕਲੀ ਜਿੰਦ ਨੂੰ ਕਿਹੜੇ ਖੂਹ ਵਿੱਚ ਸੁੱਟ ਕੇ ਜਾਵੇਗਾ, ਅੱਗੇ ਭਲਾਂ ਇੱਥੇ ਦੁਨੀਆਂ ਨੀ ਵੱਸਦੀ, ਕੀ ਘਾਟਾ ਤੈਨੂੰ ਇੱਥੇ ਕਿਉਂ ਸਾਡੀ ਜਿੰਦ ਰੋਲ਼ਦਾ"।
ਮਾਂ ਦੀ ਭੁੱਬ ਨਿਕਲ ਗਈ ਤੇ ਮੈਂ ਧਰਤੀ ਵਿੱਚ ਗੱਡਿਆ ਗਿਆ। ਸਾਰੀ ਦੁਨੀਆਂ ਦੀ ਫਿਲਾਸਫੀ, ਚਿੰਤਨ, ਪੈਸਾ, ਸੋਹਰਤ, ਐਸੋ-ਅਰਾਮ, ਕਾਮਯਾਬੀਆਂ ਮਾਂ ਸਬਦ ਅੱਗੇ ਬੋਲੀਆਂ ਹੋ ਜਾਂਦੀਆਂ ਤੇ ਮੈਂ ਨਰ-ਉਤਰ ਹੋਇਆ ਕਮਲਿਆ ਵਾਂਗ ਕੰਧਾਂ ਵੱਲ ਝਾਂਕਣ ਲੱਗ ਜਾਦਾ।
ਜੇਕਰ ਕੋਈ ਰਿਸਤੇਦਾਰ, ਦੋਸਤ-ਮਿੱਤਰ ਘਰ ਵਧਾਈ ਦੇਣ ਆਉਂਦਾ ਤਾਂ ਮਾਂ ਉਸਨੂੰ ਚੱਜ ਨਾਲ ਬਲਾਉਂਦੀ ਵੀ ਨਾ, ਚਾਹ-ਪਾਣੀ ਵੀ ਨਾ ਪੁੱਛਦੀ ਸਗੋਂ ਕਹਿ ਦਿੰਦੀ ਕਿ ਮੇਰਾ ਢਿੱਡ ਮੱਚਿਆ ਪਇਆ ਤੇ ਇਹਨਾਂ ਨੂੰ ਖੁਸ਼ੀਆਂ ਚੜੀਆ।
ਸਾਡੇ ਘਰੋਂ ਤੁਰਨ ਵੇਲੇ ਮਾਂ ਅੰਦਰ ਵੜ-ਵੜ ਰੋਈ, ਮੈਂ ਮਾਂ ਤੋਂ ਨਜਰਾਂ ਬਚਾਉਂਦਾ ਸਮਾਨ ਗੱਡੀ ਵਿੱਚ ਰੱਖਦਾ ਰਿਹਾ, ਮਾਂ ਦਾ ਸਾਹਮਣਾ ਕਿਵੇਂ ਕਰਦਾ ਗੁਨਾਹਗਾਰ ਜੋ ਸੀ ਜਿਸਦਾ ਪਤਾ ਸਿਰਫ ਮੈਨੂੰ ਜਾਂ ਮੇਰੀ ਮਾਂ ਨੂੰ ਹੀ ਸੀ। ਸੰਦੂਕਾਂ ਵਾਲੇ ਕਮਰੇ ਵਿੱਚ ਮਾਂ ਮਿਲੀ ਤਾਂ ਧਾਹ ਨਿਕਲ ਗਈ ਮੇਰਾ ਅੰਦਰ ਪਾਟ ਗਿਆ। ਮਾਂ ਕੋਲ ਬੋਲਣ ਲਈ ਬਹੁਤ ਕੁਝ ਸੀ ਤੇ ਮੇਰੇ ਕੋਲ ਕੁੱਝ ਵੀ ਨਹੀਂ।
ਤੁਰਨ ਵੇਲੇ ਮਾਂ ਥੰਮ੍ਹੀ ਨਾਲ ਢੋਹ ਲਾ ਕੇ ਖਾਲੀ-ਖਾਲੀ ਅੱਖਾਂ ਨਾਲ ਦੇਖਦੀ ਰਹੀ। ਜਦੋਂ ਮਾਂ ਦੇ ਨਾਲ ਲੱਗਿਆ ਤਾਂ ਹੱਡੀਆਂ ਦੀ ਮੁੱਠ ਮੇਰੀ ਬੁੱਕਲ ਵਿੱਚ ਗੁਆਂਚ ਗਈ। ਕਈ ਦੁਆਵਾਂ, ਕਈ ਸਕਤੀਆਂ, ਕਈ ਸੁਪਨੇ, ਬਾਹਰ ਰਹਿਣ ਦਾ ਸਲੀਕਾ, ਦੁਨੀਆਂਦਾਰੀ ਦੀ ਸਮਝ ਮਾਂ ਨੇ ਬਿਨਾਂ ਬੋਲੇ ਇੱਕੋ ਜੱਫੀ ਨਾਲ ਹੀ ਸਮਝਾ ਦਿੱਤੀ, ਮਾਂ ਜੋ ਸੀ। ਜਾਂਦੀ ਵਾਰੀ ਮਾਂ ਦਾ ਹੰਝੂ ਭਰਿਆ ਚਿਹਰਾ ਕਦੇ ਵੀ ਨਹੀਂ ਭੁੱਲਦਾ ਨਾ ਹੀ ਭੁੱਲਣਾ, ਜੋ ਸਦਾ ਲਈ ਚੇਤਿਆ ਵਿੱਚ ਵਸ ਗਿਆ।
ਫਿਰ ਹੌਲੀ-ਹੌਲੀ ਦਿਨ ਬਦਲੇ ਪਰ ਮਾਂ ਨਾ ਬਦਲੀ ਨਾ ਹੀ ਉਸਨੇ ਸਾਡੇ ਆਉਣ ਦੀ ਆਸ ਬਦਲੀ। ਐਨੇ ਸਾਲਾ ਵਿੱਚ ਮਾਂ ਨੂੰ ਇੱਕੋ-ਇੱਕ ਖੁਸੀ ਮਿਲੀ ਆਪਣੇ ਪੋਤਰੇ ਦੇ ਰੂਪ ਵਿੱਚ। ਜੋ ਉਸਨੇ ਕੁਝ ਸਾਲ ਸਾਡੇ ਕੋਲ ਬਾਹਰ ਰਹਿ ਕੇ ਉਸਨੂੰ ਹੱਥੀ ਪਾਲਿਆ ਤੇ ਹੱਥੀ ਖਡਾਇਆ। ਮਾਂ ਨੂੰ ਬੇਗਾਨਾ ਮੁਲਕ ਕਦੇ ਵੀ ਆਪਣਾ ਨਾ ਲਗਦਾ। ਉਹ ਓਪਰੀ, ਓਦਰੀ-ਓਦਰੀ ਰਹਿੰਦੀ ਤੇ ਕਹਿ ਛੱਡਦੀ..... "ਪੁੱਤ ਇੱਥੇ ਸਭ ਕੁਝ ਹੈਂਗਾ ਪਰ ਆਪਣੇ ਵਾਲਾ ਮੋਹ ਹੈ ਨੀ, ਨਾ ਇੱਥੇ ਕੋਈ ਰਿਸਤੇਦਾਰੀ ਤੇ ਨਾ ਹੀ ਸ਼ਰੀਕਾ-ਕਬੀਲਾ, ਨਾ ਆਪਣੇ ਪਰਿਵਾਰ ਦੇ ਬੰਦੇ ਜਿਹਨਾਂ ਆਸਰੇ ਬੰਦਾ ਜਿਉਂਦਾ ਜਾਗਦਾ ਸੌ ਦੁੱਖ-ਸੁਖ ਕਰਦਾ ਖ਼ੁਸ਼ੀ ਗਮੀ ਵਿੱਚ ਸਾਮਿਲ ਹੁੰਦਾ। ਇੱਥੇ ਬੰਦੇ ਥੋੜੀ ਆ ਇਹ ਤਾਂ ਬਿਨਾਂ ਰੂਹਾਂ ਤੋਂ ਪੱਥਰ ਤੁਰੇ ਫਿਰਦੇ ਹੈ ਪੱਥਰ, ਮੋਹ ਮੋਹਬਤ ਤੋਂ ਸੱਖਣੇ ਪੱਥਰ। ਅਖੀਰ ਮਾਂ ਵਾਪਿਸ ਆ ਗਈ। ਸਾਡੇ ਬਾਹਰ ਪੱਕੇ ਹੋਣ ਦੀ ਖ਼ੁਸ਼ੀ ਨੂੰ ਤਾਂ ਮਾਂ ਨੇ ਖ਼ੁਸ਼ੀ ਹੀ ਨਹੀਂ ਸਮਝਿਆ ਸਗੋਂ ਉਦਾਸ ਹੋ ਗਈ ਕਹਿੰਦੀ ਤੁਹਾਡੀਆਂ ਤਾਂ ਉੱਥੇ ਹੀ ਜੜ੍ਹਾਂ ਲੱਗਦੀਆਂ ਜਾਂਦੀਆਂ ਤੁਸੀਂ ਕਾਹਦਾ ਵਾਪਿਸ ਆਉਣਾ ਆਪਣੇ ਘਰੇ।
ਹੁਣ ਕਦੇ ਵੀ ਪਿੰਡ ਵਾਪਿਸ ਆਈਏ ਤਾਂ ਸਭ ਤੋਂ ਵੱਧ ਖ਼ੁਸ਼ੀ ਵੀ ਮਾਂ ਨੂੰ ਹੀ ਹੁੰਦੀ ਹੈ। ਮਾਂ ਨੂੰ ਸਾਡੇ ਆਉਣ ਦਾ ਵਿਆਹ ਜਿੰਨਾ ਚਾਅ ਹੁੰਦਾ ਪੋਤੇ ਨਾਲ ਲਾਡ ਕਰਦੀ ਸਾਰੇ ਦੁਖ ਭੁੱਲ ਜਾਂਦੀ ਆ।
ਸੱਚੀਂ ਮਾਂ ਮੇਰਾ ਕਰਦੀ ਵੀ ਬਾਹਲਾ। ਜੇ ਹੁਣ ਵੀ ਕਦੇ ਕਿਸੇ ਗੱਲੋਂ ਬਾਪੂ ਲੜ ਪੈਂਦਾ ਤਾਂ ਮਾਂ ਹਮੇਸਾ ਮੇਰਾ ਪੱਖ ਲਊ ਮੇਰੀ ਵਹਾਰ ਕਰੂੰ। ਬੀਵੀ ਤੇ ਬੱਚੇ ਪਰਦੇਸ ਵਾਪਿਸ ਚਲੇ ਗਏ ਮੈਂ ਸੋਚਿਆ ਮਾਂ ਦੀ ਬੁੱਕਲ ਵਿੱਚ ਕੁਝ ਦਿਨ ਹੋਰ ਰਹਿ ਲਿਆ ਜਾਵੇ। ਮੈਂ ਹੁਣ ਵੀ ਮਾਂ ਦੇ ਨਾਲ ਪੈਂਦਾਂ। ਕਈ ਮੇਰੇ ਤੇ ਹੱਸਣ ਲੱਗ ਜਾਂਦੇ ਆ ਕਿ ਬਲੋਹਲਾ ਜਿਹਾ ਐਡਾ ਹੋ ਗਿਆ ਹਾਲੇ ਵੀ ਮਾਂ ਨਾਲ ਪੈਂਦਾਂ ਪਰ ਭੋਲਿਆ ਨੂੰ ਇਹ ਨੀਂ ਪਤਾ ਕਿ ਮਾਂ ਲਈ ਪੁੱਤ ਹਮੇਸਾਂ ਬੱਚੇ ਹੀ ਹੁੰਦੇ ਐ। ਕਿਸੇ ਪਰਦੇਸੀ ਨੂੰ ਮਾਂ ਦੀ ਬੁੱਕਲ ਬਾਰੇ ਪੁੱਛ ਕੇ ਵੇਖੋ ਜੇ ਅਗਲੇ ਦੀ ਧਾਹ ਨਾ ਨਿਕਲ ਜਾਵੇ ਤਾਂ ਆਖੇਓ। ਨਾਲੇ ਮਾਂ ਦੇ ਪਿਆਰ ਦਾ ਨਿੱਘ ਪੋਹ-ਮਾਘ ਦੀਆਂ ਰਾਤਾਂ ਨੂੰ ਪਾਲਾ ਨੇੜੇ ਨਹੀਂ ਲੱਗਣ ਦਿੰਦਾ। ਮਾਂ ਦਾ ਸਪਰਸ਼ ਰੱਬੀ-ਰਿਹਮਤਾਂ ਬਖ਼ਸ਼ਦਾ, ਮਾਂ ਦੇ ਬਾਬੇ ਦੀ ਬਾਣੀ ਵਰਗੇ ਬੋਲ ਤੱਪਦਾ ਸੀਨਾ ਠਾਰਦੇ ਐ।
ਹੁਣ ਜਿਵੇਂ-ਜਿਵੇਂ ਮੇਰੇ ਵਾਪਿਸ ਜਾਣ ਦੇ ਦਿਨ ਨੇੜੇ ਆਈ ਜਾਂਦੇ ਆ ਉਵੇ-ਉਵੇ ਮਾਂ ਉਦਾਸ ਹੋਈ ਜਾਂਦੀ ਹੈ। ਮਾਂ ਮੇਰੇ ਕੋਲ-ਕੋਲ ਰਹਿੰਦੀ ਆ ਕਿ ਪੁੱਤ ਨੇ ਤੁਰ ਹੀ ਜਾਣਾ। ਮਾਂ ਦਾ ਦਿਲ ਘਟਦਾ ਕਿ ਮੈ ਫਿਰ ਇਕੱਲੀ ਰਹਿ ਜਾਵਾਂਗੀ। ਇੱਥੇ ਰਹਿੰਦਿਆਂ ਮਾਂ ਸਾਗ ਵਿੱਚ ਘਿਓ ਹੀ ਪਾਈ ਜਾਊ, ਰਾਤ ਨੂੰ ਦੁੱਧ ਪਿਲਾਈ ਜਾਊ, ਕੱਪੜੇ ਸੰਭਾਲੀ ਜਾਊ, ਖਾਣ ਵਾਲੀਆ ਚੀਜ਼ਾਂ ਸੰਭਾਲ ਕੇ ਰੱਖੂ, ਕਦੇ ਐਂਵੇ ਗੱਡੀ ਵੱਲ ਵੇਖ ਕੇ ਕਹੀ ਜਾਊ ਕਿ ਤੇਰੇ ਬਿਨਾਂ ਤਾਂ ਆਹ ਚੰਦਰੀ ਵੀ ਓਦਰ ਜਾਂਦੀ ਆ, ਕਦੇ ਐਵੇਂ ਤੁਰਦੀ ਫਿਰਦੀ ਆਪ-ਮੁਹਾਰੇ ਬੋਲਦੀ ਰਹਿੰਦੀ ਏ.....! "ਲੈ ਹਾਲੇ ਤਾਂ ਬਹੁਤ ਦਿਨ ਪਏ ਹੈ ਪੁੱਤ ਦੇ ਜਾਣ ਦੇ" (ਭਾਵੇਂ ਗਿਣਤੀ ਦੇ ਦਿਨ ਹੀ ਬਾਕੀ ਹੈ) ਮੈਂ ਵੇਖਿਆ ਮੇਰੀਆਂ ਗੱਲਾਂ ਕਰਦੀ ਹੱਸਦੀ-ਹੱਸਦੀ ਅੰਦਰ ਚਲੀ ਜਾਊ ਜਦੋਂ ਬਾਹਰ ਆਊ ਤਾਂ ਉਸਦੀਆਂ ਅੱਖਾਂ ਗਿੱਲੀਆਂ ਹੁੰਦੀਆਂ ਹੋਕੇ ਲੈਂਦੀ ਹੱਸਣ ਦਾ ਨਾਟਕ ਕਰੂੰ ਜੇ ਉਹ ਮੇਰੀ ਮਾਂ ਤਾਂ ਮੈਂ ਵੀ ਉਸੇ ਦਾ ਹੀ ਪੁੱਤ ਹਾਂ ਸਭ ਸਮਝਦਾ ਹਾਂ ਕਿ ਮਾਂ ਦਾ ਦਿਲ ਘਟਦਾ ਕਿ ਪੁੱਤ ਨੇ ਤੁਰ ਜਾਣਾ।
ਜਿੱਥੇ ਰੱਬ ਵੀ ਨਹੀਂ ਪਹੁੰਚਦਾ ਉੱਥੇ ਮਾਂ ਹੀ ਪਹੁੰਦੀ ਆ। ਕੁਲ ਕਾਇਨਾਤ, ਸਾਰੇ ਧਰਮਾਂ ਦੀ ਬਾਣੀ, ਦੁਨੀਆਂ ਦੀ ਸਾਰੀ ਫਿਲਾਸਫੀ, ਕਾਦਰ ਦੀ ਕੁਦਰਤ, ਰਿਸਤਿਆਂ ਦੀ ਪਵਿੱਤਰਤਾ, ਸਮੁੱਚੀ ਬਾਣੀ ਦੇ ਅਰਥਾਂ ਨੂੰ ਜੇ ਇੱਕ ਸ਼ਬਦ ਵਿੱਚ ਸਮੇਟਣਾ ਹੋਵੇ ਤਾਂ ਉਹ ਸ਼ਬਦ "ਮਾਂ" ਹੀ ਹੈ।
ਜਿਵੇਂ ਹੋਰਾਂ ਨੂੰ ਆਪਣੀਆਂ ਮਾਵਾਂ ਪਿਆਰੀਆਂ ਉਵੇਂ ਹੀ ਮੈਨੂੰ ਵੀ ਆਪਣੀ ਮਾਂ ਸਭ ਤੋਂ ਪਿਆਰੀ ਹੈ। ਲਿਖਦਿਆਂ-ਲਿਖਦਿਆਂ ਮਾਂ ਨੇ ਆਵਾਜ਼ ਮਾਰੀ....!
"ਪੁੱਤ ਵੇਖ ਕਿੰਨੀ ਠੰਡ ਆ ਚਾਹ ਪੀ ਲੈ ਠੁਰ-ਠੁਰ ਕਰੀਂ ਜਾਨਾਂ।
ਮੈਂ ਮਾਂ ਦੇ ਮਿੱਠੇ-ਮਿੱਠੇ ਬੋਲਾਂ ਨੂੰ ਗਰਮ-ਗਰਮ ਚਾਹ ਨਾਲ ਆਪਣੇ ਅੰਦਰ ਜਜ਼ਬ ਕਰ ਰਿਹਾਂ। ਇਹ ਰੂਹਾਨੀ ਗੱਲਾਂ ਤੇ ਪਵਿੱਤਰ ਬੋਲਾਂ ਨੂੰ ਮੈ ਹੀ ਮਹਿਸੂਸ ਕਰ ਸਕਦਾਂ।
'ਤੇ ਮੈਂ ਲਿਖਣਾ ਛੱਡ ਮਾਂ ਦੀ ਨਿੱਘੀ ਬੁੱਕਲ ਵਿੱਚ ਵੜ ਜਾਨਾਂ ਜਿਵੇਂ ਪਵਿੱਤਰ ਗ੍ਰੰਥਾਂ ਦੇ ਪੰਨੇ ਫਰੋਲਦਾ ਜਿੰਦਗੀ ਦੇ ਅਰਥ ਲੱਭ ਰਿਹਾ ਹੋਵਾਂ। ਇਸ ਵੇਲੇ ਮੈਂ ਦੁਨੀਆਂ ਦੀ ਸਭ ਤੋਂ ਮਹਿਫੂਜ ਬੁੱਕਲ ਵਿੱਚ ਹਾਂ ਤੇ ਆਸ ਕਰਦਾਂ ਕਿ ਹਰੇਕ ਦੀ ਮਾਂ ਹਰੇਕ ਕੋਲ ਹੋਵੇ। ਸਭ ਨੂੰ ਇਹ ਮਹਿਫੂਜ ਬੁੱਕਲ਼ ਮਿਲੇ।