ਸਾਹਤਿਕ ਗੋਸ਼ਟੀਆ ਅਤੇ ਬਹਿਸ ਦਾ ਮਿਆਰ (ਲੇਖ )

ਨਿਰੰਜਨ ਬੋਹਾ    

Email: niranjanboha@yahoo.com
Cell: +91 89682 82700
Address: ਪਿੰਡ ਤੇ ਡਾਕ- ਬੋਹਾ
ਮਾਨਸਾ India
ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਸਾਹਿਤਕ ਗੋਸ਼ਟੀ ਦਾ ਮੁੱਖ ਮੰਤਵ  ਗੋਸ਼ਟੀ ਵਿਚ  ਹਾਜ਼ਰ ਲੇਖਕਾਂ ਦੇ ਵਿਚਾਰ ਵਟਾਂਦਰੇ ਜਾ ਬਹਿਸ ਮੁਹਾਬਸੇ ਰਾਹੀ ਸਾਹਿਤਕ  ਖੇਤਰ  ਵਿਚ ਪੈਦਾ ਹੋ ਰਹੀਆਂ ਨਵੀਆਂ ਪ੍ਰਵਿਰਤੀਆਂ ਤੇ ਝੁਕਾਂਵਾ  ਦੀ  ਨਿਸ਼ਾਨਦੇਹੀ ਕਰਨਾ ਹੁੰਦਾ ਹੈ ।  ਇਸ ਬਹਿਸ ਦੇ ਸਿੱਟੇ ਇਸ ਗੱਲ ਦਾ ਵੀ ਨਿਰਣਾ ਕਰਦੇ ਹਨ ਕਿ ਰਚੇ ਜਾ ਰਹੇ ਸਮਕਾਲੀ ਸਾਹਿਤ ਦੀ ਸਮਾਜਿਕ ਉਪਯੋਗਤਾ  ਨੂੰ ਸਹੀ ਸੇਧ ਕਿਵੇ ਦਿੱਤੀ ਜਾਵੇ ।  ਬਹਿਸ ਦਾ ਸੰਵਾਦਕ  ਰੂਪ  ਨਵੇਂ ਲੇਖਕਾਂ ਦੀਆ  ਲਿਖਤਾਂ ਨੂੰ  ਮਨੁੱਖਤਾ ਪੱਖੀ ਸੇਧ  ਵੀ ਦੇਂਦਾ ਹੈ  ਤੇ ਇਹਨਾ  ਦੀ ਕਲਾਤਮਕ ਤੇ ਸੁਹਜਾਤਮਕ ਪ੍ਰਭਾਵ ਵਿਚ ਵੀ ਵਾਧਾ ਕਰਦਾ  ਹੈ    ।  ਇਸੇ ਲਈ  ਸਮਕਾਲੀ ਸਾਹਿਤ 'ਤੇ  ਗੋਸ਼ਟੀਆਂ ਕਰਾਉਣ ਦਾ ਕਾਰਜ਼ ਹਰੇਕ ਸਰਕਾਰੀ ਜਾਂ  ਗੈਰ ਸਰਕਾਰੀ ਸਾਹਿਤਕ ਅਦਾਰੇ ਦੇ ਵਿਧਾਨ ਵਿਚ ਸ਼ਾਮਿਲ ਹੈ। ਸਭਾਵਾਂ ਆਪਣੇ ਵਾਰਸ਼ਿਕ ਤੇ ਅਰਧ ਵਾਰਸ਼ਿਕ ਸਮਾਗਮਾਂ  ਨੂੰ ਅਕਸਰ ਸਾਹਿਤਕ  ਗੋਸ਼ਟੀਆਂ  ਦੇ ਰੂਪ ਵਿਚ ਹੀ ਨੇਪਰੇ ਚਾੜ•ਦੀਆਂ ਹਨ ।  ਸਾਹਿਤਕ  ਅਦਾਰੇ ਵੱਲੋਂ ਅਕਸਰ ਕਿਸੇ ਵਿਸ਼ਾ ਮਾਹਿਰ ਵਿਦਵਾਨ ਦੀ ਜਿੰਮੇਵਾਰੀ ਗੋਸ਼ਟੀ ਤੇ ਅਲੋਚਨਾਂ ਪੱਤਰ ਪੜ•ਣ ਦੀ ਲਾਈ ਜਾਂਦੀ ਹੈ ਤੇ ਉਸ  ਗੋਸ਼ਟੀ ਵਿਚ ਹਾਜ਼ਰ ਬਾਕੀ ਬੁਲਾਰਿਆਂ ਦਾ ਜਿੰਮੇਵਾਰੀ ਇਹ ਬਣਦੀ ਹੈ ਕਿ ਉਹ ਪੜ•ੇ ਗਏ ਪਰਚੇ ਨੂੰ ਅਧਾਰ ਬਣਾ ਕੇ ਬਹਿਸ ਦੇ ਰੂਪ ਵਿਚ ਕੁਝ ਹੋਰ ਅਜਿਹੇ ਸਿੱਟੇ ਸਾਹਮਣੇ ਲਿਆਉਣ ਜੋ ਭਵਿੱਖ ਵਿਚ ਰਚੇ ਜਾਣ ਵਾਲੇ ਸਾਹਿਤ ਦੀ ਗੁੱਣਵਤਾ ਨੂੰ ਵਧਾਉਣ ਦੇ ਨਾਲ ਇਸ ਨੂੰ ਲੋਕ ਧਾਰਾ ਦਾ ਹਿੱਸਾ ਵੀ ਬਣਾ ਸਕਣ।
                        ਸਾਹਿਤਕ ਗੋਸ਼ਟੀਆਂ ਵਿਚਲੀ ਬਹਿਸ ਜਿਨੀਂ ਭਖੱਵੀਂ ਹੋਵੇ ਉਨੇ ਹੀ ਸਾਰਥਿਕ ਨਤੀਜੇ ਦੇਂਦੀ ਹੈ। ਪਰ ਜਦੋਂ   ਬਹਿਸ ਵਿਚ ਭਾਗ ਲੈਣ ਵਾਲਾ ਕੋਈ ਵਿਦਵਾਨ ਵੱਲੋ 'ਕੁਝ ਸੁਣੀਏ! ਕੁਝ ਕਹੀਏ” ਦੀ ਨੀਤੀ ਤਿਆਗ ਕੇ ਕੇਵਲ ਕਹਿਣ ਲਈ ਹੀ ਕਾਹਲਾ ਪੈ ਜਾਵੇ ਜਾਂ  ਆਪਣੇ ਪ੍ਰਗਟਾਏ ਗਏ ਵਿਚਾਰਾਂ ਨੂੰ  ਹੀ ਸਮੇਂ ਦਾ ਅੰਤਿਮ  ਸੱਚ ਸਿੱਧ ਕਰਨ ਦੀ ਜਿੱਦ ਕਰ ਬੈਠੇ   ਤਾਂ ਇਹ ਬਹਿਸ ਸੰਵਾਦਕ  ਨਾ  ਰਹਿ ਕੇ   ਵਾਦ ਵਿਵਾਦੀ ਕਿਸਮ ਦੀ ਬਣ ਜਾਂਦੀ ਹੈ। ਬਾਬਾ ਨਾਨਕ ਨੇ ਸਿਧਾਂ ਨਾਲ ਗੋਸ਼ਟਿ ਕਰਦਿਆਂ ਪਹਿਲਾਂ ਉਹਨਾਂ ਦੇ  ਵਿਚਾਰਾਂ ਨੂੰ ਸੁਣਿਆ ਤੇ ਫਿਰ ਉਹਨਾਂ ਦੀਆ ਗੱਲਾਂ ਦੀ ਕਾਟ ਤਰਕ ਭਰਪੂਰ ਦਲੀਲਾਂ ਨਾਲ ਕੀਤੀ। ਗੋਸ਼ਟ ਦਾ ਜਿਹੜਾ ਸਰੂਪ  ਬਾਬੇ  ਨਾਨਕ ਨੇ ਪੇਸ਼ ਕੀਤਾ ਹੈ ਉਸ ਨੂੰ ਕਾਇਮ ਰੱਖ ਕੇ ਹੀ  ਅਸੀਂ  ਸਾਹਿਤਕ ਗੋਸ਼ਟੀਆਂ ਦੀ ਬਹਿਸ  ਦੇ ਉਚ ਟੀਚੇ ਹਾਸਿਲ ਕਰ ਸਕਦੇ ਹਾਂ। ਜੇ  ਗੋਸ਼ਟੀ ਵਿਚ ਪ੍ਰਗਟਾਏ ਵਿਚਾਰਾਂ ਨਾਲ ਅਸਹਿਮਤ ਹੋਣ ਦੇ ਬਾਵਜੂਦ ਤੁਹਾਡੇ ਕੋਲ ਇਸ ਦੀ ਦਲੀਲ ਯੁਕਤ ਕਾਟ ਨਹੀਂ ਹੈ ਤਾਂ  ਤੁਹਾਡਾ ਬਹਿਸ ਵਿਚ ਭਾਗ ਨਾ ਲੈਣਾ ਹੀ ਬਿਹਤਰ ਹੈ।   
                     ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਜੇ ਬਹਿਸ ਵਿਚ ਭਾਗ ਲੈਣ ਵਾਲੇ ਕਿਸੇ ਵਿਦਵਾਨ ਕੋਲ ਵਿਰੋਧੀ ਵਿਚਾਰਾਂ ਦੀ ਕਾਟ ਸਬੰਧੀ  ਢੁੱਕਵੀ ਦਲੀਲ  ਨਾ ਹੋਵੇ ਤਾਂ ਉਹ ਤੈਸ਼ ਵਿਚ ਆ ਕੇ ਉੱਚੀ ਬੋਲਣ ਲੱਗਦਾ ਹੈ ਤੇ  ਉੱਚੀ ਅਵਾਜ਼ ਨਾਲ ਆਪਣੀ ਗੱਲ ਮਨਵਾਉਣਾ ਚਾਹੁੰਦਾ ਹੈ। ਤਰਕ ਭਰਪੂਰ ਦਲੀਲ ਦਾ ਸੰਚਾਰ  ਕਿਸੇ ਉੱਚੀ ਅਵਾਜ਼  ਦੀ ਮੁਥਾਜ ਨਹੀਂ ਹੁੰਦਾ । ਜੇ ਤੁਹਾਡੀ ਦਲੀਲ ਵਿਚ ਦਮ ਹੈ ਤਾਂ ਤੁਸੀਂ ਧੀਮੀ ਤੇ ਸਹਿਜ ਅਵਾਜ਼ ਵਿਚ ਆਪਣੀ ਗੱਲ ਕਹਿ ਕੇ ਵੀ ਗਲਾ ਫਾੜ ਕੇ ਗੱਲ ਕਰਨ ਵਾਲੇ ਬੁਲਾਰਿਆਂ ਤੇ ਭਾਰੂ ਪੈ ਸਕਦੇ ਹੋ। ਉੱਚੀ ਤੇ ਤਲਖ ਸੁਰ ਵਿਚ ਕੀਤੀ ਬਹਿਸ  ਗੋਸ਼ਟੀ ਨੂੰ ਗੋਸ਼ਟੀ ਨਹੀਂ ਰਹਿਣ ਦੇਂਦੀ ਤੇ ਸ਼ਬਦਾਂ ਦੇ ਯੁੱਧ ਦਾ ਖੁਲ•ਾ ਅਖਾੜਾ ਬਣਾ ਦੇਂਦੀ ਹੈ।  ਸਾਹਿਤਕ ਗੋਸ਼ਟੀਆਂ ਵਿਚ ਭਾਗ ਲੈਂਦਿਆਂ ਜਦੋਂ ਕੋਈ ਬੁਲਾਰਾ ਮੁੱਖ ਵਿਸ਼ੇ ਤੋਂ ਭਟਕ ਕੇ ਇਧਰਲੀਆਂ  ਉਧਰਲੀਆਂ ਮਾਰਨ ਲੱਗੇ ਤਾਂ ਸੁਣ ਰਹੇ ਸਰੋਤੇ ਇਹ ਨਿਰਣਾ ਲੈਣ ਵਿਚ ਦੇਰੀ ਨਹੀਂ ਕਰਦੇ ਕਿ ਬੋਲਣ ਵਾਲੇ ਬੁਲਾਰੇ ਕੋਲ ਕੋਈ ਤਰਕ ਨਹੀਂ ਹੈ ਤੇ ਉਹ ਮਾਈਕ ਤੇ ਖੜ• ਕੇ ਸਰੋਤਿਆਂ ਦਾ ਕੀਮਤੀ ਸਮਾਂ ਹੀ ਬਰਬਾਦ ਰਿਹਾ ਹੈ। ਅਜਿਹੇ ਬੁਲਾਰੇ ਨਾਲੋਂ ਉਹ ਸਰੋਤਾਂ ਸੌ ਗੁਣੇ ਚੰਗਾ ਹੁੰਦਾ ਹੈ ਜਿਹੜਾ ਬੋਲਣ ਨਾਲੋ ਸੁਣਨ ਵਿੱਚ  ਵਧੇਰੇ ਵਿਸਵਾਸ਼ ਰੱਖਦਾ ਹੈ।
                    ਜਦੋਂ ਕਿਸੇ ਸੰਸਥਾ ਵੱਲੋਂ ਕਿਸੇ ਲੇਖਕ ਦੀ ਪੁਸਤਕ ਤੇ ਗੋਸ਼ਟੀ ਕਰਾਉਣ ਦਾ ਪ੍ਰੋਗਰਾਮ ਰੱਖਿਆ ਜਾਂਦਾ ਤਾਂ ਲੇਖਕ ਦੀ ਇਹ ਸੁਭਾਵਿਕ ਇੱਛਾ ਹੁੰਦੀ ਹੈ ਕਿ ਸਮੁੱਚੀ ਗੋਸ਼ਟੀ ਤੇ ਇਸ ਵਿਚ ਹੋਣ ਵਾਲੀ ਬਹਿਸ ਦੇ ਸਿੱਟੇ ਉਸ ਦੇ ਹੱਕ ਵਿਚ ਹੀ ਭੁਗਤਣ । ਇਸ ਲਈ ਉਸਦੀ ਕੋਸ਼ਿਸ਼ ਰਹਿੰਦੀ ਹੈ  ਕਿ  ਗੋਸ਼ਟੀ ਤੇ ਪੇਪਰ ਲਿੱਖਣ ਤੇ ਇਸ ਬਾਰੇ ਬੋਲਣ ਵਾਲੇ ਬੁਲਾਰਿਆਂ  ਦੀ ਚੋਣ ਵਿਚ ਉਸ ਦੀ ਰਾਇ ਜਰੂਰ  ਸ਼ਾਮਿਲ ਰਹੇ। ਭਾਵੇ ਸਾਰੇ ਲੇਖਕ ਅਜਿਹੇ ਨਹੀਂ ਹਨ ਪਰ ਲੇਖਕ ਦੀ ਆਮ ਮਾਨਸਿਕਤਾ ਇਹੀ ਹੈ ਕਿ ਗੋਸ਼ਟੀ ਸਮੇ ਉਸਨੂੰ  ਆਪਣੀ ਲਿਖਤਾਂ ਬਾਰੇ  ਨੂੰ  ਵੱਧ ਤੋਂ ਵੱਧ ਤਰੀਫ ਸੁਨਣ ਨੂੰ ਮਿਲੇ । ਲੇਖਕ ਉਹਨਾਂ ਬੁਲਾਰਿਆਂ ਕੋਲ ਆਪਣੀਆ ਪੁਸਤਕਾਂ ਉਚੇਚ ਨਾਲ ਪਹੁੰਚਾਉਂਦੇ ਹਨ ਜਿਹੜੇ ਉਹਨਾ ਦਾ ਹੱਕ ਵਿਚ ਬੋਲ ਸਕਣ।   ਕਈ ਵਾਰ ਇਹ ਵੇਖਣ ਨੂੰ ਵੀ ਮਿਲ ਜਾਂਦਾ ਹੈ ਕਿ ਗੋਸ਼ਟੀ ਦੀ ਸਫ਼ਲਤਾ ਦੇ ਨਾਂ ਤੇ ਲੇਖਕ ਵੱਲੋਂ ਉਸ ਦੇ ਹੱਕ ਵਿਚ ਬੋਲਣ ਵਾਲੇ ਪਰਚਾਕਾਰ ਤੇ ਬੁਲਾਰਿਆਂ  ਦੀ ਸੇਵਾ ਦਾਰੂ ਪਿਆਲੇ ਨਾਲ ਵੀ ਕੀਤੀ ਜਾਂਦੀ ਹੈ ।  ਚੰਗਾ ਹੋਵੇ ਕੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜ਼ਾਂ ਤੋਂ ਦੂਰ ਰੱਖਿਆ ਜਾਵੇ  ਜਿਸ ਦੀ ਕਿਤਾਬ  ਤੇ ਗੋਸ਼ਟੀ ਰੱਖੀ ਗਈ ਹੈ । ਕੋਈ ਲਿਖਤ ਉਹਨਾਂ ਚਿਰ ਹੀ ਲੇਖਕ ਦੀ ਹੁੰਦੀ ਹੈ  ਜਿਨਾ ਚਿਰ ਉਹ ਪਾਠਕਾਂ ਦੇ ਹੱਥਾ ਵਿੱਚ  ਨਹੀਂ ਪਹੁੰਚਦੀ ।. ਇਸ ਤੋਂ ਬਾਦ ਇਸ ਦੇ ਹਰੇਕ ਪਹਿਲੂ ਬਾਰ ਛਾਣਬੀਨ ਕਰਨ ਤੇ ਬੋਲਣ ਦਾ ਹੱਕ  ਗੋਸ਼ਟੀਆਂ ਦੇ ਬੁਲਾਰਿਆਂ  ਸਮੇਤ  ਸਾਰੇ ਪਾਠਕਾਂ ਦਾ ਬਣ ਜਾਂਦਾ ਹੈ। ਵਧੇਰੇ ਸਾਹਿਤਕ ਸੰਸਥਾਵਾਂ  ਸਬੰਧਤ ਲੇਖਕ ਸਿਰ ਗੋਸ਼ਟੀ ਦਾ ਸਾਰਾ  ਖਰਚਾ ਪਾ ਕੇ ਹੀ ਉਸ ਦੀ ਪੁਸਤਕ ਤੇ ਗੋਸ਼ਟੀ ਦਾ ਆਯੋਜਨ ਕਰਦੀਆਂ ਹਨ ਇਸ ਲਈ ਉਹ ਲੇਖਕ ਦੀ ਇਹਨਾਂ ਗੋਸ਼ਟੀਆ ਵਿਚ  ਬੁਲਾਰਿਆਂ ਦੀ ਚੋਣ ਸਬੰਧੀ ਦਖਲਅੰਦਾਜ਼ੀ ਨੂੰ   ਰੋਕ ਨਹੀਂ ਸਕਦੀਆਂ। 
                    ਕਈ ਵਾਰ ਸਾਹਿਤਕ ਗੋਸ਼ਟੀ ਖਤਮ ਹੋਣ ਤੋਂ  ਲੇਖਕ ਮਿੱਤਰ ਗੋਸ਼ਟੀ ਵਿਚ ਹੋਈ ਬਹਿਸ ਬਾਰੇ ਆਪਸੀ ਸੰਵਾਦ ਛੇੜਦੇ ਹਨ ਤਾ ਇਹ ਗੋਸ਼ਟੀ ਸਮੇ ਹੋਈ ਰਸਮੀ ਬਹਿਸ ਤੋਂ ਵੀ ਵੱਧ ਦਿਲਚਸਪ ਤੇ ਗਿਆਨ ਵਧਾਊ ਹੋ ਨਿਬੜਦਾ ਹੈ। ਇਹ ਗੈਰ ਰਸਮੀ ਸੰਵਾਦ ਗੋਸ਼ਟੀ ਦੀ ਬੇ- ਸਿੱਟਾ ਰਹੀ ਰਹੀ ਬਹਿਸ ਨੂੰ ਕਿਸੇ ਸਿੱਟੇ ਤੇ ਪਹੁੰਚਾਉਣ ਵਿਚ ਸਹਾਈ ਹੋ ਨਿਬੜਦਾ ਹੈ। ਪਿੱਛਲੇ ਦਿਨੀਂ ਮਾਨਸਾ ਵਿੱਖੇ ਬਲਬੀਰ ਪਰਵਾਨਾ ਦੇ ਨਾਵਲ 'ਬਹੁਤ ਸਾਰੇ ਚੁਰਸੱਤੇ' ਤੇ ਹੋਈ ਗੋਸ਼ਟੀ ਤੋਂ ਬਾਦ ਜਦੋ ਡਾ. ਸੁਰਜੀਤ, ਪ੍ਰੋ, ਅਮਰਜੀਤ  ਗਰੇਵਾਲ  , ਬਲਬੀਰ ਪਰਵਾਨਾ , ਸੁੱਖਦਰਸਨ ਨੱਤ ਤੇ ਡਾ.ਸ਼ੁਸੀਲ ਕੁਮਾਰ  ਸਮੇਤ ਬਹੁਤ ਸਾਰੇ ਲੇਖਕ ਸੁਖਦਰਸ਼ਨ  ਨੱਤ ਦੇ ਘਰ ਖਾਣੇ ਦੀ ਮੇਜ ਤੇ ਜੁੜ ਬੈਠੇ  ਤਾਂ ਨਾਵਲ ਦੇ ਹੀ ਸਦੰਰਭ ਵਿਚ ਇਹ ਬਹਿਸ ਤੁਰ ਪਈ ਕਿ ਕਿਸਾਨਾਂ ਦੇ ਤਿੱਖੇ ਅੰਦੋਲਣਾਂ ਦੇ ਬਾਵਜੂਦ ਕਿਸਾਨੀ ਖੁਦਕਸ਼ੀਆ  ਦਾ ਦੌਰ ਰੁਕ ਕਿਉ ਨਹੀਂ ਰਿਹਾ ਤਾਂ  ਇਹ ਗੈਰ ਰਸਮੀ ਸੰਵਾਦ   ਮੈਨੂੰ ਬਹੁਤ ਸਾਰੀਆਂ ਸਾਹਿਤਕ   ਤੇ  ਹੋਣ ਵਾਲੀ  ਬਹਿਸ ਤੋਂ ਵਧੇਰੇ ਅਰਥਵਾਨ  ਲੱਗਿਆ। 
                       ਸਾਹਿਤ ਸੰਸਥਾਵਾ ਨੂੰ  ਸਾਹਿਤਕ ਗੋਸ਼ਟੀਆਂ  ਤੇ ਹੋਣ ਵਾਲੀ ਬਹਿਸ ਦਾ ਪੱਧਰ ਉਪਰ ਚੁਕਣ ਲਈ ਕੋਈ ਸਾਹਿਤਕ ਜਾਬਤਾ ਜਰੂਰ ਲਾਗੂ ਕਰਨਾ ਚਾਹੀਦਾ ਹੈ। ਡੰਗ ਟਪਾਉ , ਲਿਹਾਜ ਪੂਰੂ ਜਾਂ ਕਿੜ• ਕੱਢੂ ਬਹਿਸ ਸਾਹਿਤ ਦਾ ਸੁਆਰਦੀ ਕੁਝ ਨਹੀ ਪਰ ਵਿਗਾੜਦੀ ਬਹੁਤ ਕੁਝ ਹੈ ।   ਹਰ ਗੋਸ਼ਟੀ ਵਿਚ ਰਟੇ ਰਟਾਏ ਨੁਕਤੇ ਦੁਹਰਾ ਕੇ ਗੋਸ਼ਟੀਆਂ ਨੂੰ  ਨੀਰਸ ਬਣਾਉਣ ਵਾਲੇ ਬਹਿਸ ਕਰਤਾ ਵੀ ਸਰੋਤਿਆ ਨੂੰ ਪ੍ਰਵਾਨ ਨਹੀਂ ਹਨ। ਇਸ ਗੱਲ  ਤੇ ਇਕ ਵੱਖਰੀ ਗੋਸ਼ਟੀ ਦਾ ਆਯੋਜਨ ਕੀਤੇ ਜਾਣ ਦੀ ਲੋੜ ਹੈ ਕੇ ਸਾਹਿਤਕ ਗੋਸ਼ਟੀਆ ਵਿਚ ਹੋਣ ਵਾਲੀ ਬਹਿਸ ਦੀ ਗੰਭੀਰਤਾ ਕਿਵੇਂ ਕਾਇਮ ਰੱਖੀ ਜਾਵੇ। ਕਿਸੇ  ਕਾਇਦੇ ਕਾਨੂੰਨ ਅਨੁਸਾਰ ਚਲਣ ਵਾਲੀ ਬਹਿਸ ਹੀ ਚੰਗੇ ਸਾਹਿਤਕ ਸਿੱਟੇ ਦੇ ਸਕਦੀ ਹੈ । ਐਂਵੇ ਪਾਣੀ ਵਿਚ ਮਧਾਣੀ ਪਾਉਣ ਵਾਲੀ ਬੇ -ਦਲੀਲੀ  ਬਹਿਸ  ਕਦੇਂ ਵੀ ਸਾਰਥਿਕ   ਸੰਵਾਦ ਨਹੀਂ  ਸਿਰਜ ਸਕਦੀ ।