ਮੈਨੂੰ ਅਮਰੀਕਾ ਆਈ ਨੂੰ ਇੱਕ ਮਹੀਨਾ ਹੋ ਚੱਲਿਆ ਸੀ । ਹਫਤਾ ਪਹਿਲਾਂ ਮੈਨੂੰ ਇਸ ਹੋਟਲ ਵਿੱਚ ਨੌਕਰੀ ਮਿਲੀ ਸੀ । ਉਸੇ ਦਿਨ ਤੋਂ ਮੈਂ ਈਵਨਿੰਗ ਸ਼ਿਫਟ ਕਰ ਰਹੀ ਹਾਂ । ਮੈਂ ਦੁਪਿਹਰ ਬਾਅਦ ਤਿੰਨ ਵਜੇ ਡਿਊਟੀ ਤੇ ਆਉਦੀ ਹਾਂ । ਰਾਤ ਗਿਆਰਾਂ ਵਜੇ ਤੱਕ ਮੇਰੀ ਡਿਊਟੀ ਹੁੰਦੀ ਹੈ । ਇਸ ਸ਼ਿਫਟ ਵਿੱਚ ਮੇਰੀ ਦੂਸਰੀ ਸਾਥਣ ਹੈ 'ਜੂਲੀ' । ਵੇਸੈ ਤਾਂ ਮੈਂ ਤੇ ਜੂਲੀ ਦੋਵੇਂ ਹੀ ਰੀਸੈਪਸ਼ਨਿਸਟ ਹਾਂ, ਪਰ ਮੈਂ ਮਾਨਸਿਕ ਤੋਰ ਤੇ ਅਜੇ ਆਪਣੇ ਆਪ ਨੂੰ ਜੂਲੀ ਦੀ ਅਸਿਸਟੈਂਟ ਹੀ ਸਮਝਦੀ ਹਾਂ । ਉਹ ਕਾਫੀ ਚਿਰ ਤੋਂ ਇਸ ਹੋਟਲ ਵਿੱਚ ਕੰਮ ਕਰ ਰਹੀ ਹੈ । ਕੰਮ ਵਿੱਚ ਬੜੀ ਮਾਹਰ ਹੈਂ, ਤੇ ਸਮਾਰਟ ਵੀ । ਦੂਸਰੀ ਗੱਲ ਹੋਰ - ਉਹ ਸੋਹਣੀ ਵੀ ਰੱਜ ਕੇ ਹੈ । ਮੈਨੂੰ ਉਸ ਉਪਰ ਰਸ਼ਕ ਵੀ ਆਉਦਾ ਹੈ । ਕਾਉਂਟਰ ਤੇ ਆਉਣ ਵਾਲੇ ਲਗਭਗ ਸਾਰੇ ਗੈਸਟ ਹੀ, ਪਹਿਲਾਂ ਉਸ ਨਾਲ ਗੱਲ ਕਰਨਾ ਪਸੰਦ ਕਰਦੇ ਹਨ । ਮਰਦ ਗੈਸਟਾਂ ਦੀ ਤਾਂ ਉਹ ਖਾਸ ਹੀ ਚਹੇਤੀ ਹੈਂ । ਉਹ ਹੈ ਵੀ ਬੜੀ ਚੁਲਬਲੀ ਜਿਹੀ, ਤੇ ਉਸਦਾ ਗੱਲ ਕਰਨ ਦਾ ਅੰਦਾਜ਼ ਵੀ ਬੜਾ ਪਿਆਰਾ ਹੈ ।
ਵੈਸੇ 'ਜੂਲੀ' ਮਨ ਦੀ ਬੜੀ ਸਾਫ ਹੈ । ਮੈਨੂੰ ਉਹ ਆਪਣੀ ਦੋਸਤ ਹੀ ਸਮਝਦੀ ਹੈ । ਕਦੀ ਵੀ ਅਜਿਹਾ ਜਾਹਰ ਨਹੀਂ ਹੋਣ ਦਿੰਦੀ, ਕਿ ਮੈਂ ਇੰਡੀਅਨ ਹਾਂ, ਜਾਂ ਕੰਮ ਘੱਟ ਜਾਣਦੀ ਹਾਂ । ਮੈਂ ਨਵੀ ਹੋਣ ਕਰਕੇ, ਮੇਰੇ ਤੇ ਕੋਈ ਰੋਅਬ ਵੀ ਨਹੀਂ ਪਾਉਂਦੀ । ਹਰ ਗੱਲ ਸਹੇਲੀਆਂ ਵਾਂਗ ਕਰਦੀ ਹੈ ਤੇ ਸਮਝਾਉਦੀ ਹੈ । ਇਸੇ ਲਈ ਉਹ ਮੈਨੂੰ ਬਹੁਤ ਚੰਗੀ ਲਗਦੀ ਹੈ ।
ਪਹਿਲਾਂ ਮੈਂ ਬਹੁਤ ਡਰੀ ਹੋਈ ਸਾਂ । ਜਿੱਦਣ ਦੀ ਅਮਰੀਕਾ ਆਈ ਹਾਂ, ਘਰ ਅੰਦਰ ਅਕਸਰ ਇਹੋ ਗੱਲਾਂ ਹੁੰਦੀਆਂ - ਅੱਜ ਗੋਰੇ ਸੁਪਰਵਾਈਜਰ ਨੇ ਆਹ ਕਿਹਾ, ਅੱਜ ਵਾਹ ਕਿਹਾ । ਇਹ ਗੋਰੇ ਸਾਨੂੰ ਚੰਗਾ ਨਹੀਂ ਸਮਝਦੇ । ਹਰ ਕੰਮ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ ਕਰਦੇ ਹਨ, ਵਗੈਰਾ ਵਗੈਰਾ । ਬੜਾ ਡਰ ਲੱਗਦਾ ਸੀ, ਕਿ ਮੇਰੇ ਨਾਲ ਪਤਾ ਨਹੀਂ ਕੀ ਹੋਏਗਾ । ਮੈਂ ਤਾਂ ਏਥੇ ਬਾਰੇ ਅਜੇ ਬਹੁਤਾ ਜਾਣਦੀ ਵੀ ਨਹੀਂ ਹਾਂ । ਪਰ ਹੁਣ ਮੈਂ ਸੋਚਦੀ ਹਾਂ - ਸ਼ੁਕਰ ਹੈ, ਜੂਲੀ ਵਰਗੀ ਸਾਥਣ ਮਿਲ ਗਈ । ਜਿਆਦਾ ਵਾਹ ਇਸੇ ਨਾਲ ਪੈਂਦਾ ਹੈਂ । ਇਹ ਸਿਰਫ ਹੋਟਲ ਬਾਰੇ ਜਾਂ ਕਾਊਂਟਰ ਦੇ ਕੰਮ ਬਾਰੇ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਲ ਕਰਦੀ ਰਹਿੰਦੀ ਹੈਂ । ਅੱਠ ਘੰਟੇ ਕਿਸ ਤਰ੍ਹਾਂ ਨਿੱਕਲ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ ।
ਜੂਲੀ ਨਾਲ ਗੱਲਾਂ ਕਰਦਿਆ, ਮੈਂ ਕਈ ਵਾਰ ਇੱਕ ਨਾਮ ਸੁਣਿਆ ਸੀ । 'ਮਾਰਕ' - ਪਰ ਪਤਾ ਨਹੀਂ ਸੀ ਕਿ ਇਹ ਕੌਣ ਹੈ । ਆਖਰ ਇੱਕ ਦਿਨ ਮੈਂ ਪੁੱਛ ਹੀ ਲਿਆ, "ਇਹ ਮਾਰਕ ਕੌਣ ਹੈ ?"
"ਮਾਰਕ - ਮੇਰੇ ਹਸਬੈਂਡ ਦਾ ਨਾਮ ਹੈ ।" ਜੂਲੀ ਨੇ ਦੱਸਿਆ ।
ਮੈਂ ਸੁਣ ਕੇ ਹੈਰਾਨ ਹੋਈ । ਅਜੇ ਤੱਕ ਮੈਂ ਇਹੋ ਸਮਝਦੀ ਸੀ ਕਿ ਜੂਲੀ ਦੀ ਸ਼ਾਦੀ ਨਹੀਂ ਹੋਈ । ਸ਼ਾਇਦ ਕਾਊਂਟਰ ਤੇ ਹੋਰ ਆਉਣ ਵਾਲੇ ਸਾਰੇ ਮਰਦ ਵੀ ਇਹੋ ਸੋਚਦੇ ਹੋਣਗੇ, ਕਿ ਇਹ ਅਜੇ ਕੁਆਰੀ ਹੈ । ਲਗਦਾ ਹੀ ਨਹੀਂ ਕਿ ਇਹ ਸ਼ਾਦੀ-ਸ਼ੁਦਾ ਹੈ । ਗੋਰੀ ਨਿਸ਼ੋਹ, ਲਾਲ ਸੁਰਖ ਗੱਲ੍ਹਾਂ, ਜਿਵੇਂ ਕਿਸੇ ਮਰਦ ਨੇ ਅਜੇ ਤੱਕ ਛੁਹਿਆ ਹੀ ਨਾ ਹੋਵੇ । ਨਾਲੇ ਫਿਰ ਇਹ ਸਾਡੇ ਵਾਂਗੂ ਕੋਈ ਨਿਸ਼ਾਨੀ ਵੀ ਤਾਂ ਨਹੀਂ ਕਰਦੀਆਂ ਕਿ ਪਤਾ ਚੱਲ ਸਕੇ । ਪਰ ਨਾਲ ਹੀ ਮੇਰੇ ਮਨ 'ਚ ਇਹ ਗੱਲ ਵੀ ਆਈ, ਕਿ ਕੀ ਪਤਾ ਏਹਨਾਂ ਦੀ ਵੀ ਨਿਸ਼ਾਨੀ ਵੱਜੋ ਕੋਈ ਚੀਜ਼ ਪਹਿਨੀ ਹੁੰਦੀ ਹੋਵੇ । ਜਿਸ ਦਾ ਮੈਨੂੰ ਪਤਾ ਨਹੀਂ । ਇਹਨਾਂ ਗੋਰਿਆ ਨੂੰ ਵੀ ਕਿਹੜਾ ਸਭ ਨੂੰ ਪਤਾ ਹੋਣੈਂ, ਬਈ ਸੰਧੂਰ, ਮੰਗਲ-ਸੂਤਰ, ਵਗੈਰਾ ਇਹ ਹਿੰਦੋਸਤਾਨੀ ਵਿਆਹੀ ਕੁੜੀ ਦੀਆਂ ਨਿਸ਼ਾਨੀਆਂ ਨੇ । ਆਪੋ ਆਪਣੇ ਇਲਾਕੇ ਜਾਂ ਦੇਸ਼ ਦਾ ਫਰਕ ਪੈ ਜਾਂਦੈ । ਫਰਕ ਹੁੰਦਾ ਵੀ ਹੈ ।
ਫਿਰ ਜੂਲੀ ਹੋਰ ਅੱਗੇ ਦੱਸਣ ਲੱਗੀ, "ਮਾਰਕ ਮੈਨੂੰ ਇਕ ਦੋਸਤ ਦੇ ਘਰ ਮਿਲਿਆ ਸੀ । ਵਿਆਹ ਤੋਂ ਪਹਿਲਾਂ ਕੁਝ ਚਿਰ ਤੱਕ, ਮੈਂ ਤੇ ਮਾਰਕ ਮਿਲਦੇ ਜੁਲਦੇ ਰਹੇ । ਅਸੀ ਡੇਟ ਤੇ ਜਾਂਦੇ । ਖਾਂਦੇ-ਪੀਂਦੇ, ਹੱਸਦੇ-ਖੇਡਦੇ ਮਜ਼ੇ ਕਰਦੇ । ਮਾਰਕ ਬਹੁਤ ਭੋਲਾ ਤੇ ਸਾਊ ਬਣਿਆ ਰਹਿੰਦਾ । ਮੈਂ ਇਸ ਨੂੰ ਖੂਬ ਸਤਾਉਂਦੀ । ਵੈਸੇ ਇਹ ਵੀ ਮੈਨੂੰ ਛੇੜਦਾ, ਪਰ ਇਸ ਦੇ ਛੇੜਨ ਵਿੱਚ ਵੀ ਬੜਾ ਪਿਆਰ ਸੀ । ਮੈਨੂੰ ਬੜਾ ਚੰਗਾ ਲੱਗਦਾ । ਬਸ ਕੁਝ ਚਿਰ ਬਾਅਦ ਅਸੀਂ ਸ਼ਾਦੀ ਕਰ ਲਈ ।"
"ਹੁਣ ਤਾਂ ਫੇਰ ਹੋਰ ਵੀ ਕਸ ਕੇ ਰੱਖਦੀ ਹੋਏਗੀ । ਮਾਰਕ ਦੇ ਨੱਥ ਜੋ ਪੈ ਗਈ ।" ਮੈਂ ਜਾਨਣ ਦੀ ਇੱਛਾ ਨਾਲ ਪੁੱਛਿਆ । ਵੈਸੇ ਮੈਨੂੰ ਇਹਨਾਂ ਗੋਰਿਆ ਦੇ ਵਿਆਹ ਸੰਬੰਧਾ, ਤੇ ਰਿਸ਼ਤਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ । ਪਰ ਹੁਣ ਮੇਰੇ ਲਈ ਜਾਣਕਾਰੀ ਹਾਸਲ ਕਰਨ ਦਾ, ਜੂਲੀ ਇੱਕ ਵਧੀਆਂ ਸਬੱਬ ਬਣ ਗਈ ਸੀ । ਮੇਰੀ ਜਿਆਦਾ ਉਤਸੁਕਤਾ ਇਹ ਜਾਨਣ ਦੀ ਸੀ, ਕਿ ਦੇਖਾ ਭਲਾ ਸਾਡੇ ਤੇ ਇਹਨਾਂ 'ਚ ਕਿੰਨਾ ਕੁ ਫਰਕ ਹੈ ।
"ਨਹੀਂ ! ਹੁਣ ਉਹ ਵੈਸਾ ਨਹੀਂ ਰਿਹਾ । ਹੁਣ ਤਾਂ ਉਲਟਾ ਮੈਨੂੰ ਸਤਾਉਣ ਲੱਗਾ ਹੈ । ਕਈ ਵਾਰ ਤਾਂ ਮਿੰਨਤ ਤੱਕ ਕਰਨੀ ਪੈਂਦੀ ਹੈ ।" ਜੂਲੀ ਨੇ ਢਿੱਲੀ ਜਿਹੀ ਹੋ ਕੇ ਦੱਸਿਆ । "ਅੱਛਾ !" ਮੈਂ ਮਨ ਹੀ ਮਨ ਸੋਚਿਆ, ਕਿ ਇਸ ਮਾਮਲੇ 'ਚ ਤਾਂ ਸਾਡੇ ਤੇ ਇਹਨਾਂ 'ਚ ਕੋਈ ਫਰਕ ਨਹੀਂ ਲੱਗਦਾ । ਸਾਡੇ ਮੁੰਡੇ ਵੀ ਪਹਿਲਾਂ ਤਾਂ ਬੜੇ ਅੱਗੇ-ਪਿੱਛੇ ਘੁੰਮਦੇ ਰਹਿੰਦੇ ਨੇ । ਤਾਰੇ ਤੋੜਨ ਦੀਆਂ ਗੱਲਾਂ ਕਰਨਗੇ । ਡਾਰਲਿੰਗ ਤੇਰਾ ਮੁਖੜਾ ਤਾਂ ਚੰਨ ਨਾਲੋਂ ਵੀ ਸੋਹਣਾ ਹੈਂ । ਬਿਨਾਂ ਮੰਗਿਆ ਹੀ ਚੀਜ਼ਾ ਹਾਜ਼ਰ ਕਰੀ ਜਾਣਗੇ । ਜਦੋਂ ਸ਼ਾਦੀ ਹੋ ਗਈ, ਕੁਝ ਦਿਨਾਂ ਬਾਅਦ ਹੀ ਇਹਨਾਂ ਦਾ ਮੂੰਹ ਮੋਟਾ ਰਹਿਣ ਲੱਗਦਾ ਹੈ । ਸਾਡੇ ਚੰਨ ਵਰਗੇ ਮੁਖੜੇ ਤੇ, ਫਿਰ ਦਾਗ ਹੀ ਦਾਗ ਨਜ਼ਰ ਆਉਣ ਲੱਗ ਜਾਂਦੇ ਨੇ । ਖੈਰ, ਚਲੋ ਕੁਝ ਹੋਰ ਪੁੱਛੀਏ ।
"ਕੁਝ ਵੀ ਹੈ - ਮੈਨੂੰ ਲੱਗਦੈ ਮਾਰਕ ਤੈਨੂੰ ਪਿਆਰ ਤਾਂ ਬਹੁਤ ਕਰਦਾ ਹੋਏਗਾ । ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਣ ਦਿੰਦਾ ਹੋਏਗਾ ।" ਮੇਰੀ ਜਾਨਣ ਦੀ ਦਿਲਚਸਪੀ ਵਧਦੀ ਜਾ ਰਹੀ ਸੀ । ਮੈਂ ਐਂਵੇ ਹੀ ਹਵਾ 'ਚ ਤੀਰ ਛੱਡਿਆ ਸੀ ।
ਜੂਲੀ ਨੇ ਹੋਰ ਦੱਸਣਾ ਸ਼ੂਰੁ ਕੀਤਾ ।"ਸਾਡੇ ਸਾਰੇ ਕੰਮ ਵੰਡੇ ਹੋਏ ਹਨ । ਸਾਰੇ ਖਰਚੇ ਵੰਡੇ ਹੋਏ ਹਨ । ਉਹ ਸ਼ਾਪਿੰਗ ਕਰਦਾ ਹੈ - ਮੈਂ ਰਸੋਈ ਕਰਦੀ ਹਾਂ । ਉਹ ਲਾਊਂਡਰੀ ਸਾਫ ਕਰਦਾ ਹੈ - ਮੈਂ ਬਰਤਨ ਸਾਫ ਕਰਦੀ ਹਾਂ । ਬਿਜਲੀ ਦਾ ਬਿਲ ਮਾਰਕ ਭਰਦਾ ਹੈ । ਟੈਲੀਫੋਨ ਦਾ ਬਿਲ ਮੈਂ ਭਰਦੀ ਹਾਂ । ਘਰ ਦੀ ਸਫਾਈ ਇੱਕ ਹਫਤਾ ਉਹ ਕਰਦਾ ਹੈਂ । ਇੱਕ ਹਫਤਾ ਮੈਂ ਕਰਦੀ ਹਾਂ । ਜਾਣੀ ਹਰ ਕੰਮ, ਹਰ ਖਰਚਾ, ਹਰ ਚੀਜ਼ ਫਿਫਟੀ-ਫਿਫਟੀ ।"
ਜਿਉਂ-ਜਿਉਂ ਮੈਂ ਉਸ ਦੀਆਂ ਗੱਲਾਂ ਸੁਣਦੀ ਗਈ, ਮੇਰੀ ਹੈਰਾਨੀ ਵਧਦੀ ਗਈ । ਇਹ ਕੈਸੀ ਸ਼ਾਦੀ ਹੈ ਇਹਨਾਂ ਦੀ । ਇਹ ਤਾਂ ਇੱਕ ਕਿਸਮ ਦੀ ਪਾਰਟਨਰਸ਼ਿਪ ਹੋਈ । ਜਿਵੇਂ ਦੋ ਜਾਣੇ ਰਲ ਕੇ ਕੋਈ ਸਾਝੀ ਦੁਕਾਨ ਪਾ ਲੈਣ । ਹਰ ਖਰਚਾ, ਹਰ ਕੰਮ ਅੱਧਾ-ਅੱਧਾ । ਕਮਾਲ ਹੈਂ । ਅਚਾਨਕ ਮੇਰੇ ਮਨ ਵਿੱਚ ਇਕ ਖਿਆਲ ਆ ਗਿਆ, ਤੇ ਮੈਂ ਝੱਟ ਹੀ ਸਵਾਲ ਵੀ ਪੁੱਛ ਬੈਠੀ, "ਇਹ ਦੱਸ ਤੁਸੀਂ ਸੈਕਸ ਨੂੰ ਫਿਫਟੀ-ਫਿਫਟੀ ਕਿਵੇਂ ਕਰਦੇ ਹੋਂ ?"
ਮੈਂ ਕਾਹਲੀ 'ਚ ਪੁੱਛ ਤਾਂ ਬੈਠੀ, ਪਰ ਨਾਲ ਹੀ ਸੋਚਿਆ ਇਹ ਮੈਂ ਕੀ ਕਰ ਲਿਆ । ਇਹਨਾਂ ਦੀ ਸੈਕਸ ਜ਼ਿੰਦਗੀ ਬਾਰੇ ਪੁਛਣਾ, ਤਾਂ ਇਕ ਕਿਸਮ ਦੀ ਅਗਲੇ ਦੇ ਬੈਡਰੂਮ 'ਚ ਦਾਖਲ ਹੋਣ ਵਾਲੀ ਗੱਲ ਹੋ ਗਈ । ਬਈ ਅਗਲੇ ਦੇ ਬੈਡਰੂਮ 'ਚ ਦਾਖਲ ਹੋ ਜਾਓ, ਤੇ ਫੇਰ ਕਹੋ, ਕਿ ਮੈਂ ਤਾਂ ਇਹ ਦੇਖਣ ਆਈ ਹਾਂ ਕਿ ਤੁਸੀ ਸੈਕਸ ਕਿਵੇਂ ਫਿਫਟੀ-ਫਿਫਟੀ ਕਰਦੇ ਹੋ ? ਇਸ ਨੂੰ ਇੱਕ ਦੂਜੇ ਨਾਲ ਕਿਵੇ ਵੰਡਦੇ ਹੋ ? ਛੀ…ਛੀ…। ਮੈਂ ਇਹ ਚੰਗਾ ਨਹੀਂ ਕੀਤਾ । ਜੂਲੀ ਕਿੰਨੀ ਚੰਗੀ ਹੈ । ਮੇਰਾ ਕਿੰਨਾ ਖਿਆਲ ਰੱਖਦੀ ਹੈ । ਮੇਰੇ ਇਸ ਸਵਾਲ ਦਾ ਉਹ ਜਰੂਰ ਬੁਰਾ ਮਨਾਏਗੀ ।
ਜੂਲੀ ਨੇ ਮੇਰੇ ਵੱਲ ਮੇਰੀਆ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ । ਮੈਨੂੰ ਘੂਰ ਰਹੀ ਸੀ । ਉਹ ਥੋੜੀ ਗੰਭੀਰ ਵੀ ਸੀ । ਫਿਰ ਹਲਕਾ ਜਿਹਾ ਮੁਸਕਰਾਈ, ਤੇ ਅਚਾਨਕ ਮੇਰੀ ਗੱਲ੍ਹ ਤੇ ਪੋਲੀ ਜਿਹੀ ਚੂੰਡੀ ਭਰ ਲਈ, ਤੇ ਨਾਲ ਹੀ ਬੋਲੀ, "ਨੋਟੀ ਇੰਡੀਅਨ ਗਰਲ ।"
ਇਕ ਦਿਨ ਹੋਟਲ 'ਚ ਪਾਰਟੀ ਚੱਲ ਰਹੀ ਸੀ । ਰਾਤ ਦੇ ਕਰੀਬ ਦਸ ਵੱਜ ਚੁੱਕੇ ਸਨ । ਪਾਰਟੀ ਹਾਲ ਅੰਦਰ ਮਿਊਜ਼ਿਕ ਦਾ ਸ਼ੋਰ ਸੀ । ਆਵਾਜ਼ ਬਾਹਰ ਸਾਡੇ ਕਾਊਂਟਰ ਤਕ ਆ ਰਹੀ ਸੀ । ਇਕ ਬੰਦਾ ਵਾਰ-ਵਾਰ ਰਿਸੈਪਸ਼ਨ ਹਾਲ ਵਿੱਚ ਗੇੜੇ ਮਾਰ ਰਿਹਾ ਸੀ । ਥੋੜਾ ਪ੍ਰੇਸ਼ਾਨ ਵੀ ਲੱਗਦਾ ਸੀ ।
"ਜੂਲੀ ਇਹ ਕੌਣ ਹੈ ? ਬੜੇ ਗੇੜੇ ਮਾਰ ਰਿਹਾ ਹੈ ।" ਮੈ ਸੁਭਾਵਕ ਹੀ ਪੁੱਛਿਆ ।
"ਮਿਸਟਰ ਡੈਨੀਅਲ । ਇਹ ਮਿਸਟਰ ਡੈਨੀਅਲ ਹੈ । ਅੱਜ ਆਪਣੇ ਹੋਟਲ ਅੰਦਰ ਜੋ ਪਾਰਟੀ ਹੈ, ਉਹ ਇਸੇ ਵੱਲੋ ਹੈ ।" ਜੂਲੀ ਨੇ ਜਵਾਬ ਦਿੱਤਾ ।
"ਇਹ ਏਥੇ ਵਾਰ-ਵਾਰ ਗੇੜੇ ਕਿਉਂ ਮਾਰ ਰਿਹਾ ਹੈਂ ।" ਮੈਂ ਅੱਗੇ ਪੁਛਿਆ ।
"ਇਹ ਥੌੜਾ ਪ੍ਰੇਸ਼ਾਨ ਹੈ । ਇਸ ਨੇ ਪੱਚੀ ਸਰਵਿਸ ਗਰਲ ਸੱਦੀਆਂ ਸੀ । ਕਾਫੀ ਕੁੜੀਆਂ ਆਈਆਂ ਹੀ ਨਹੀਂ । ਗੈਸਟ ਲਗਾਤਾਰ ਆਈ ਜਾ ਰਹੇ ਹਨ । ਇਸੇ ਲਈ ਪ੍ਰੇਸ਼ਾਨ ਹੈਂ । ਵਾਰ-ਵਾਰ ਦੇਖਣ ਆਉਦਾ ਹੈ, ਸ਼ਾਇਦ ਹੁਣ ਵੀ ਕੋਈ ਕੁੜੀ ਆ ਜਾਵੇ ।"
"ਜੇਕਰ ਹੁਣ ਤੱਕ ਨਹੀਂ ਆਈਆ, ਤਾਂ ਫਿਰ ਹੁਣ ਉਹ ਕਿਥੇਂ ਆਉਣਗੀਆਂ ।"
"ਇਹੀ ਤਾਂ ਪ੍ਰੇਸ਼ਾਨੀ ਹੈਂ । ਉਹਨਾਂ ਕੁੜੀਆਂ ਨੂੰ ਜਾਂ ਤਾਂ ਮੁਫਤ ਦਾਰੂ ਪਿਲਾਉਣ ਤੇ ਡਿਨਰ ਕਰਵਾਉਣ ਵਾਲੇ ਕੋਈ ਮੁੰਡੇ ਮਿਲ ਗਏ ਹੋਣਗੇ, ਤੇ ਉਹਨਾਂ ਨਾਲ ਬੈਠੀਆਂ ਕਿਧਰੇ ਮਜ਼ੇ ਲੈ ਰਹੀਆਂ ਹੋਣਗੀਆਂ, ਜਾਂ ਫਿਰ ਕਿਸੇ ਨੇ ਵੱਧ ਡਾਲਰ ਦੇ ਦਿੱਤੇ ਹੋਣਗੇ, ਤੇ ਉਸ ਪਾਸੇ ਚਲੀਆਂ ਗਈਆਂ ਹੋਣਗੀਆ।"
ਮੈਂ ਅੱਗੋਂ ਬੋਲੀ ਤਾਂ ਕੁਝ ਨਾ, ਪਰ ਜੂਲੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਸ ਵੱਲ ਝਾਕੀ । ਕੁਝ ਸਵਾਲੀਆਂ ਜਿਹੇ ਅੰਦਾਜ਼ ਨਾਲ ।
"ਸਭ ਚਲਦੇ ਯਾਰ - ਡਾਲਰ ਮਿਲਣੇ ਚਾਹੀਦੇ ਨੇ", ਜੂਲੀ ਨੇ ਬੇਪਰਵਾਹੀ ਜਿਹੀ ਵਿਖਾਈ ।
ਸਾਢੇ ਦਸ ਵੱਜ ਗਏ । ਕੋਈ ਹੋਰ ਕੁੜੀ ਨਾ ਆਈ । ਸਵੇਰੇ ਦੋ ਵਜੇ ਤੱਕ ਪਾਰਟੀ ਚੱਲਣੀ ਸੀ । ਅਜੇ ਬਾਰਾਂ ਵਜੇ ਤੱਕ ਤਾਂ ਗੈਸਟਾਂ ਨੇ ਆਉਂਦੇ ਹੀ ਰਹਿਣਾ ਸੀ । ਅਜੇ ਤਾਂ ਪਾਰਟੀ ਨੇ ਪੂਰਾ ਮਘਣਾ ਸੀ । ਡੈਨੀਅਲ ਕਾਫੀ ਪ੍ਰੇਸ਼ਾਨ ਸੀ । ਕਿਤੇ ਸਰਵਿਸ ਪੱਖੋਂ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫਿਰ ਜਾਵੇ ।
ਡੈਨੀਅਲ ਸਾਡੇ ਪਾਸ ਕਾਉਂਟਰ ਤੇ ਆਇਆ । ਕਹਿ ਤਾਂ ਉਹ ਸਾਨੂੰ ਦੋਵਾਂ ਨੂੰ ਰਿਹਾ ਸੀ, ਪਰ ਗੱਲ ਜੂਲੀ ਨਾਲ ਕਰ ਰਿਹਾ ਸੀ, "ਜੂਲੀ ਕਈ ਸਰਵਿਸ ਗਰਲ ਆਈਆਂ ਨਹੀਂ । ਸਰਵਿਸ ਦੀ ਪਰਾਬਲਮ ਆ ਰਹੀ ਹੈ । ਜੇਕਰ ਤੁਸੀਂ ਦੋਵੇਂ ਡਿਊਟੀ ਤੋਂ ਬਾਅਦ ਸਰਵਿਸ ਡਿਊਟੀ ਵਿੱਚ ਮਦਤ ਕਰ ਦੇਵੋਂ, ਤਾਂ ਮੈਂ ਤੁਹਾਨੂੰ ਪੱਚੀ ਡਾਲਰ ਪ੍ਰਤੀ ਘੰਟੇ ਦੇ ਸਕਦਾ ਹਾਂ ।" ਡੈਨੀਅਲ ਬੇਨਤੀ - ਨੁਮਾ ਲਹਿਜੇ ਵਿੱਚ ਗੱਲ ਕਰ ਰਿਹਾ ਸੀ ।
ਜੂਲੀ ਨੇ ਪਹਿਲਾਂ ਮੇਰੇ ਵੱਲ ਵੇਖਿਆ । ਫਿਰ ਡੈਨੀਅਲ ਨੂੰ ਸੰਬੋਧਨ ਹੋ ਕੇ ਬੋਲੀ, "ਅਸੀਂ ਘਰ ਫੋਨ ਕਰ ਲਈਏ ।" ਏਨੀ ਗੱਲ ਸੁਣ ਡੈਨੀਅਲ ਚਲਾ ਗਿਆ ।
"ਦਲਜੀਤ ਤੇਰੀ ਕੀ ਸਲਾਹ ਹੈ ।" ਜੂਲੀ ਨੇ ਮੈਨੂੰ ਪੁਛਿਆ ।
"ਮੇਰੇ ਹਸਬੈਡ ਨੇ ਮੰਨਣਾ ਨਹੀਂ ।" ਮੈਂ ਜਵਾਬ ਦੇ ਦਿੱਤਾ ।
"ਫੋਨ ਕਰਕੇ ਪੁੱਛ ਲੈ । ਪਝੱਤਰ ਡਾਲਰ ਬਣਨਗੇ ।" ਜੂਲੀ ਨੇ ਸਲਾਹ ਦਿੱਤੀ ।
ਮੈਂ ਘਰ ਗੁਰਮੀਤ ਨੂੰ ਫੋਨ ਕੀਤਾ । ਉਸ ਨੇ ਮਨ੍ਹਾਂ ਕਰ ਦਿੱਤਾ । ਮੈਂ ਸ਼ੁਕਰ ਕੀਤਾ । ਮੈਂ ਦੋ ਵਜੇ ਤੱਕ ਜਾਗਣਾ ਵੀ ਨਹੀਂ ਸੀ ਚਾਹੁੰਦੀ ।
"ਚੰਗਾ ਲੇਟ ਨਾ ਕਰਿਓ । ਗਿਆਰਾਂ ਵਜੇ ਆ ਕੇ ਮੈਨੂੰ ਲੈ ਜਾਇਓ" - ਅਜੇ ਤੱਕ ਮੈ ਖੁਦ ਆਉਣ ਜਾਣ ਨਹੀਂ ਸੀ ਲੱਗੀ । ਮੈਂ ਟਾਇਮ ਬਾਰੇ ਗੁਰਮੀਤ ਨੂੰ ਯਾਦ ਕਰਵਾ ਕੇ ਫੋਨ ਅਜੇ ਕੰਨ ਤੋਂ ਹਟਾਉਣ ਹੀ ਲੱਗੀ ਸਾਂ, ਕਿ ਝੱਟ ਹੀ ਉਸ ਦੀ ਫਿਰ ਆਵਾਜ਼ ਆ ਗਈ, "ਦਲਜੀਤ ਡਾਲਰ ਕਿੰਨੇ ਦੇਣਗੇ - ਓਵਰ ਟਾਇਮ ਦੇ ?" ਉਸ ਨੇ ਸਵਾਲ ਕੀਤਾ ।
"ਪੱਚੀ ਡਾਲਰ ਘੰਟੇ ਦੇ ਕਹਿੰਦਾ ਸੀ ਉਹ ।"
"ਫੇਰ ਰੁਕ ਜਾ, ਜੇ ਰੁਕ ਸਕਦੀ ਹੈਂ ਤਾਂ । ਮੈਂ ਦੋ ਵਜੇ ਆ ਕੇ ਲੈ ਜੂੰ ।"
ਮੈਂ ਪ੍ਰੇਸ਼ਾਨ ਹੋ ਗਈ । ਕੀ ਦਸਦੀ ? "ਠੀਕ ਹੈ - ਜੇ ਮੇਰੇ ਨਾਲ ਦੀ ਕੁੜੀ ਰੁਕ ਗਈ ਤਾਂ ਮੈਂ ਵੀ ਰੁਕ ਜਾਉਂਗੀ । ਤੁਸੀਂ ਦੋ ਵਜੇ ਆ ਜਾਇਓ ।" ਫੋਨ ਰੱਖ ਕੇ ਮੈਂ ਸੋਚਣ ਲੱਗੀ - ਅਜੇ ਤਾਂ ਮੈਨੂੰ ਗੁਰਮੀਤ ਕੋਲ ਅਮਰੀਕਾ ਆਈ ਨੂੰ ਮਹੀਨਾ ਹੀ ਹੋਇਆ ਹੈ । ਮੈਂ ਤਾਂ ਸੋਚਦੀ ਹੁੰਦੀ ਸੀ ਕਿ ਗੁਰਮੀਤ ਕੋਲ ਚੱਲੀ ਹਾਂ । ਹੁਣ ਕਈ ਮਹੀਨੇ ਉਹਨੇ ਮੇਰੇ ਨਾਲ ਹੀ ਚਿੰਬੜੇ ਰਹਿਣਾ ਹੈ । ਘੁਮਾਇਆ ਫਿਰਾਇਆ ਕਰੂ ਤੇ ਖੁਬ ਪਿਆਰ ਕਰਾਂਗੇ । ਸਾਲ ਛੇ ਮਹੀਨੇ ਬਾਦ ਨੌਕਰੀ ਬਾਰੇ ਵੀ ਸੋਚ ਲਾਗੇ । ਹੁਣ ਤਾਂ ਉਥੇ ਹੀ ਰਹਿਣੇ, ਕੀ ਕਾਹਲੀ ਹੈ । ਹੋ ਸਕਦਾ ਗੁਰਮੀਤ ਮੈਨੂੰ ਨੋਕਰੀ ਕਰਨ ਹੀ ਨਾ ਦੇਵੇ । ਇੰਡੀਆ ਆਇਆ ਤਾਂ ਇਹੀ ਕਹਿੰਦਾ ਹੁੰਦਾ ਸੀ, "ਦਲਜੀਤ ਡਾਰਲਿੰਗ ਤੇਰੇ ਵਾਸਤੇ ਨੋ ਨੌਕਰੀ । ਤੇਰੀ ਨੌਕਰੀ ਮੈਨੂੰ ੨੪ ਘੰਟੇ ਪਿਆਰ ਕਰਨਾ - ਬੱਸ… ।"
ਉਧਰ ਦੂਸਰੇ ਫੋਨ ਉਪਰ ਜੂਲੀ ਲੱਗੀ ਹੋਈ ਸੀ । ਮਾਰਕ ਨੇ ਜੂਲੀ ਨੂੰ ਸਾਫ ਮਨ੍ਹਾਂ ਕਰ ਦਿੱਤਾ ਸੀ, "ਜੂਲੀ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ । ਗਿਆਰਾਂ ਵਜੇ ਸਿੱਧੀ ਘਰ ਆ ਜਾਵੀਂ । ਵਾਧੂ ਟਾਈਮ ਲਾਉਣ ਦੀ ਕੋਈ ਲੋੜ ਨਹੀਂ ।" ਜੂਲੀ ਨੇ ਬਥੇਰਾ ਕਿਹਾ ਕਿ ਮੈਨੂੰ ਪੱਚੀ ਡਾਲਰ ਘੰਟੇ ਦੇ ਮਿਲ ਰਹੇ ਹਨ, ਪਰ ਮਾਰਕ ਨਹੀਂ ਮੰਨਿਆ ।
"ਦੇਖਿਆ ਦਲਜੀਤ । ਮੈਂ ਦੱਸਿਆ ਸੀ ਨਾ, ਹੁਣ ਉਹ ਮੈਨੂੰ ਸਤਾਉਣ ਲੱਗ ਪਿਆ ਹੈ । ਮੇਰੇ ਪਝੱਤਰ ਡਾਲਰ ਬਣ ਰਹੇ ਹਨ । ਪਰ ਇਹ ਮਾਰਕ ਦਾ ਬੱਚਾ ਮੰਨਦਾ ਹੀ ਨਹੀਂ ।" ਜੂਲੀ ਨੇ ਐਨੀ ਗੱਲ ਕਹਿ ਕੇ ਜਿਵੇਂ ਆਪਣਾ ਢਿੱਡ ਹੌਲਾ ਕੀਤਾ ਹੋਵੇ । ਉਸ ਦੇ ਚਿਹਰੇ ਉਪਰ ਉਦਾਸੀ ਸਾਫ ਦੇਖੀ ਜਾ ਸਕਦੀ ਸੀ । ਦਲਜੀਤ ਵਿਚਾਰੀ ਉਸਨੂੰ ਕੀ ਦੱਸਦੀ । ਦੋਵਾਂ ਦੀ ਪ੍ਰੇਸ਼ਾਨੀ ਅਲੱਗ-ਅਲੱਗ ਸੀ । ਦਲਜੀਤ ਜਲਦੀ ਪਤੀ ਕੋਲ ਪਹੁੰਚਣਾ ਚਾਹੁੰਦੀ ਸੀ । ਪਰ ਉਸਦਾ ਪਤੀ ਕਹਿ ਰਿਹਾ ਸੀ, ਕਿ ਵੱਧ ਡਾਲਰ ਮਿਲਦੇ ਨੇ ਤਾਂ ਓਵਰ ਟਾਇਮ ਕਰ ਲੈ । ਉਧਰ ਜੂਲੀ ਵੱਧ ਡਾਲਰ ਕਮਾਉਣਾ ਚਾਹੁੰਦੀ ਸੀ, ਪਰ ਉਸਦਾ ਪਤੀ ਕਹਿ ਰਿਹਾ ਸੀ, ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਜਲਦੀ ਵਾਪਿਸ ਘਰ ਆ । ਓਵਰ ਟਾਈਮ ਕਰਨ ਦੀ ਕੋਈ ਲੋੜ ਨਹੀਂ । ਦੋਵੇਂ ਆਪਣੇ-ਆਪਣੇ ਥਾਂ ਤੇ ਪ੍ਰੇਸ਼ਾਨ । ਦੋਵੇ ਹੀ ਕਿਉਂ, ਸ਼ਾਇਦ ਚਾਰੋ ਹੀ ।
ਪੌਣੇ ਗਿਆਰਾਂ ਵਜੇ ਡੈਨੀਅਲ ਫਿਰ ਆਇਆ । ਸਾਨੂੰ ਦੋਹਾਂ ਨੂੰ ਪੁੱਛਿਆ । ਜੂਲੀ ਨੇ ਹੀ ਜਵਾਬ ਦਿੱਤਾ ਤੇ ਦੱਸਿਆ ਕਿ ਉਸ ਦੇ ਹਸਬੈਂਡ ਨੇ ਮਨ੍ਹਾਂ ਕਰ ਦਿੱਤਾ ਹੈ ।
"ਜੂਲੀ ਪਲੀਜ਼ । ਮੈਂ ਤੁਹਾਨੂੰ ਸੌ-ਸੌ ਡਾਲਰ ਦੇ ਦੇਵਾਗਾਂ । ਦੋ ਵਜੇ ਤੱਕ ਦੀ ਗੱਲ ਹੈ । ਪਲੀਜ਼ ਰੁੱਕ ਜਾਓ ।" ਡੈਨੀਅਲ ਹੁਣ ਮਿੰਨਤ ਕਰ ਰਿਹਾ ਸੀ । ਆਵਾਜ਼ 'ਚ ਤਰਲਾ ਸੀ ।
ਡੈਨੀਅਲ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਵੀ ਕਰ ਆਇਆ, ਕਿ ਜੇਕਰ ਜੂਲੀ ਰੁਕ ਜਾਵੇ ਤਾਂ ਮੈ ਵੀ ਰੁਕ ਜਾਵਾਂ । ਇੱਕਲੀ ਨੂੰ ਪਾਰਟੀ ਹਾਲ ਅੰਦਰ ਜਾਣ ਤੋਂ ਡਰ ਲੱਗਦਾ ਸੀ । ਮੈਂ ਅਜੇ ਤੱਕ ਗੋਰਿਆਂ ਦੀ ਪਾਰਟੀ 'ਚ ਗਈ ਹੀ ਨਹੀਂ ਸੀ । ਨਾਲੇ ਏਥੇ ਤਾਂ ਮੈਂ ਸਰਵਿਸ ਗਰਲ ਦੇ ਤੋਰ ਤੇ ਜਾਣਾ ਸੀ । ਕੀ ਪਤਾ ਪਾਰਟੀ 'ਚ ਦਾਰੂ ਪੀ ਕੇ ਇਹ ਗੋਰੇ ਕਿਸ ਤਰ੍ਹਾਂ ਪੇਸ਼ ਆਉਦੇ ਹੋਣਗੇ । ਪਰ ਜੂਲੀ ਮੇਰੇ ਨਾਲ ਹੋਵੇ, ਤਾਂ ਫਿਰ ਮੈਨੂੰ ਕੋਈ ਡਰ ਨਹੀਂ ਸੀ ਲਗਦਾ । ਏਨਾ ਭਰੋਸਾ ਹੋਣ ਲੱਗਾ ਸੀ ਮੈਨੂੰ ਜੂਲੀ ਉਪਰ ।
"ਅੱਛਾ ਮੈਂ ਇੱਕ ਵਾਰ ਫਿਰ ਫ਼ੋਨ ਕਰ ਲੈਂਦੀ ਹਾਂ ।" ਜੂਲੀ ਨੇ ਜਵਾਬ ਦਿੱਤਾ ।
ਜੂਲੀ ਨੇ ਮਾਰਕ ਨੂੰ ਦੁਆਰਾ ਫੋਨ ਕੀਤਾ । ਮਾਰਕ ਨੇ ਫਿਰ ਮਨਾਂ ਕਰ ਦਿੱਤਾ । ਜੂਲੀ ਨੇ ਦੱਸਿਆ ਕਿ ਡੈਨੀਅਲ ਸੌ ਡਾਲਰ ਦੇ ਰਿਹਾ ਹੈ । ਪਰ ਮਾਰਕ ਫਿਰ ਵੀ ਨਹੀਂ ਮੰਨਿਆਂ । ਜੂਲੀ ਹੁਣ ਟੈਲੀਫ਼ੋਨ ਉੱਪਰ ਮਾਰਕ ਨਾਲ ਬਹਿਸ ਕਰ ਰਹੀ ਸੀ । ਪਰ ਲਗਦਾ ਸੀ ਦੂਸਰੇ ਪਾਸੇ ਕੋਈ ਅਸਰ ਨਹੀਂ ਹੋ ਰਿਹਾ ਸੀ । ਅਖ਼ੀਰ ਜੂਲੀ ਗੁੱਸੇ ਵਿੱਚ ਆ ਕੇ ਬੋਲੀ, "ਮਾਰਕ ਮੈਂ ਦੋ ਵਜੇ ਆਵਾਂਗੀ" ਤੇ ਉਸ ਨੇ ਫ਼ੋਨ ਕੱਟ ਕਰ ਦਿੱਤਾ ।
ਇੱਕ ਮਿੰਟ ਵੀ ਨਹੀਂ ਲੱਗਾ । ਫੋਨ ਦੀ ਘੰਟੀ ਵੱਜੀ । ਫੋਨ ਜੂਲੀ ਨੇ ਹੀ ਚੁੱਕਿਆ । ਮਾਰਕ ਦਾ ਫੋਨ ਸੀ । ਜੂਲੀ ਹੁਣ ਉਚੀ ਆਵਾਜ਼ 'ਚ ਬੋਲ ਰਹੀ ਸੀ, "ਮਾਰਕ ਕਿਉ ਮੈਨੂੰ ਫੋਨ ਕੀਤਾ ? ਮੈਂ ਕਿਹਾ ਨਾ, ਕਿ ਮੈ ਦੋ ਵਜੇ ਆਵਾਗੀਂ । ਮੈਨੂੰ ਤੰਗ ਨਾ ਕਰ । ਦੁਬਾਰਾ ਹੁਣ ਫੋਨ ਨਾ ਕਰੀਂ ।" ਜੂਲੀ ਨੇ ਫੋਨ ਕੱਟ ਕਰ ਦਿੱਤਾ ।
ਜੂਲੀ ਦੇ ਚਿਹਰੇ ਉਪਰ ਕਈ ਰੰਗ ਆ ਜਾ ਰਹੇ ਸਨ । ਉਹ ਕਾਫੀ ਪ੍ਰੇਸ਼ਾਨ ਸੀ । ਉਹ ਮੇਰੇ ਵੱਲ ਦੇਖ ਕੇ ਬੁੜਬੁੜਾਈ, "ਦੇਖਿਆ ! ਕਿਹਾ ਸੀ ਨਾ ਕਿ ਹੁਣ ਮੈਨੂੰ ਤੰਗ ਕਰਦਾ ਹੈ । ਸਮਝਦਾ ਹੀ ਨਹੀਂ । ਮੇਰੇ ਸੌ ਡਾਲਰ ਖਰਾਬ ਕਰਨਾ ਚਾਹੁੰਦਾ ਹੈ । ਕਹਿੰਦਾ ਜਲਦੀ ਘਰ ਆ, ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ । ਯਾਰ ਫੇਰ ਵੀ ਤਾਂ ਮੈਂ ਘਰ ਜਾ ਕੇ ਉਸਦੇ ਨਾਲ ਹੀ ਸੌਣਾ ਹੈ । ਭਲਾ ਉਹ ਦੋ ਘੰਟੇ ਹੋਰ ਇੰਤਜ਼ਾਰ ਨਹੀਂ ਕਰ ਸਕਦਾ । ਐਨੀ ਕੀ ਆਫਤ ਹੈ । ਮੈਨੂੰ ਪਤਾ ਹੈ ਉਹ ਹੁਣ ਗੱਡੀ ਲੈ ਕੇ ਇੱਥੇ ਪਹੁੰਚ ਜਾਵੇਗਾ । ਮੇਰੀਆਂ ਮਿੰਨਤਾ ਕਰੇਗਾ । ਮੈਨੂੰ ਘਰ ਚੱਲਣ ਲਈ ਮਜਬੂਰ ਕਰੇਗਾ ।"
ਜੂਲੀ ਦੀਆਂ ਗੱਲਾਂ ਸੁਣ ਕੇ ਮੈਂ ਕਾਫੀ ਪ੍ਰੇਸ਼ਾਨ ਸਾਂ । ਹੁਣ ਗੁਰਮੀਤ ਨੂੰ ਕੀ ਦੱਸਾਂ ? ਉਹ ਗਿਆਰਾਂ ਵਜੇ ਆਵੇ ਕਿ ਦੋ ਵਜੇ ਆਵੇ । ਮੈਨੂੰ ਗੁਰਮੀਤ ਤੇ ਗੁਸਾ ਵੀ ਆਉਂਦਾ ਹੈ । ਕੀ ਗੁਰਮੀਤ ਦਾ ਐਨੀ ਛੇਤੀ ਹੀ ਮੈਥੋਂ ਦਿਲ ਭਰ ਗਿਆ ਹੈ । ਕਿੰਨੇ ਡਾਲਰ ਦੇਣਗੇ ? ਇਹ ਪੁੱਛਣ ਦਾ ਕੀ ਮਤਲਬ । ਮੈਨੂੰ ਸਿੱਧਾ ਕਿਉਂ ਨਹੀਂ ਕਿਹਾ ਕਿ ਦਲਜੀਤ ਕੋਈ ਓਵਰ ਟਾਈਮ ਨਹੀਂ, ਮੈਂ ਤੈਨੂੰ ਗਿਆਰਾਂ ਵਜੇ ਲੈਣ ਆ ਰਿਹਾ ਹਾਂ । ਇਹ ਸੁਣਕੇ ਮੈਨੂੰ ਕਿਨਾ ਚਾਅ ਚੜਨਾ ਸੀ, ਕਿ ਗੁਰਮੀਤ ਕਿਵੇਂ ਮੇਰਾ ਇੰਤਜ਼ਾਰ ਕਰ ਰਿਹਾ ਹੈ ।
ਪੰਜ ਕੁ ਮਿੰਟ ਬਾਅਦ ਇੱਕ ਆਦਮੀ ਹੋਟਲ ਦੇ ਗੇਟ ਤੋਂ ਅੰਦਰ ਦਾਖਲ ਹੋਇਆ । ਇਹ ਮਾਰਕ ਹੀ ਸੀ । ਜੂਲੀ ਉਸ ਵੱਲ ਦੇਖ ਰਹੀ ਸੀ ਤੇ ਉਹ ਜੂਲੀ ਵੱਲ । ਉਹ ਕਾਉਂਟਰ ਤੇ ਪਹੁੰਚ ਕੇ ਜੂਲੀ ਦੇ ਸਾਹਮਣੇ ਖੜ੍ਹਾ ਹੋ ਗਿਆ । ਜੂਲੀ ਨੇ ਗੁੱਸਾ ਜਾਹਿਰ ਕੀਤਾ, ਤੇ ਦੂਜੇ ਪਾਸੇ ਵੱਲ ਨੂੰ ਮੂੰਹ ਘੁਮਾ ਕੇ ਓਧਰ ਦੇਖਣ ਲੱਗ ਪਈ ।
"ਡਾਰਲਿੰਗ ਅੱਪ-ਸੈਟ ਨਾ ਹੋ । ਆਪਾਂ ਘਰ ਚੱਲਦੇ ਹਾਂ । ਘਰ ਪਹੁੰਚਦੇ ਹੀ ਤੇਰਾ ਮੂੰਡ ਠੀਕ ਹੋ ਜਾਵੇਗਾ" ਮਾਰਕ ਥੌੜਾ ਮੁਸਕਰਾ ਕੇ ਬੋਲਿਆ ।
"ਮਾਰਕ ਮੈਂ ਕਿਹਾ ਸੀ ਨਾ, ਕਿ ਮੈਂ ਦੋ ਵਜੇ ਆਵਾਂਗੀ । ਫਿਰ ਤੂੰ ਇੱਥੇ ਕਿਉਂ ਆਇਆ ?"
"ਜੂਲੀ ਤੂੰ ਪਹਿਲਾਂ ਹੀ ਅੱਠ ਘੰਟੇ ਡਿਊਟੀ ਕਰ ਕੇ ਥੱਕ ਚੁੱਕੀ ਹੈ । ਕਿਉਂ ਦੋ ਵਜੇ ਤੱਕ ਜਾਗਣਾ ਚਾਹੁੰਦੀ ਹੈ ?"
"ਕਿਉਂਕਿ ਮੇਰੇ ਸੌ ਡਾਲਰ ਬਣ ਰਹੇ ਹਨ । ਸੌ ਡਾਲਰ ਦਾ ਮਤਲਬ ਸਮਝਦਾ ਹੈ ਨਾ ।"
"ਸਮਝਦਾ ਹਾਂ - ਪਰ ਤੈਨੂੰ ਆਰਾਮ ਵੀ ਕਰਨਾ ਚਾਹੀਦਾ ਹੈ ।"
"ਮਾਰਕ ਝੂਠ ਨਾ ਬੋਲ । ਸੱਚ ਤਾਂ ਇਹ ਹੈ, ਤੂੰ ਚਾਹੁਨੈ ਮੈਂ ਜਲਦੀ ਆ ਕੇ ਤੇਰੇ ਨਾਲ ਬਿਸਤਰ ਵਿਚ ਲੇਟਾਂ ।
"ਇਸ ਵਿਚ ਕੀ ਬੁਰਾਈ ਹੈ । ਨਾਲੇ ਡਾਰਲਿੰਗ ਤੂੰ ਐਨੇ ਪੈਸੇ ਕੀ ਕਰਨੇ ਹਨ ?"
"ਕਿaੁਂ ? ਤੂੰ ਕੀ ਕਰਦਾ ਹੈ ? ਮੈਂ ਆਪਣੇ ਹਿੱਸੇ ਦੇ ਬਿਲ ਭਰਨੇ ਹਨ । ਤੈਨੂੰ ਮੇਰੇ ਸੌ ਡਾਲਰ ਉਪਰ ਈਰਖਾ ਕਿਉਂ ਹੋ ਰਹੀ ਹੈ ?"
"ਈਰਖਾ ਦੀ ਕੋਈ ਗੱਲ ਨਹੀਂ । ਮੈਨੂੰ ਤੇਰਾ ਫਿਕਰ ਹੈ । ਇਸੇ ਲਈ ਲੈਣ ਆਇਆ ਹਾਂ ।"
"ਠੀਕ ਹੈ । ਮੇਰਾ ਐਨਾ ਹੀ ਫਿਕਰ ਹੈ, ਤਾਂ ਸੌ ਡਾਲਰ ਤੂੰ ਦੇ ਦੇ । ਮੈਂ ਘਰ ਚੱਲ ਪੈਂਦੀ ਹਾਂ । ਚੱਲ ਕੇ ਆਪਾਂ ਆਰਾਮ ਨਾਲ ਸੌਦੇ ਹਾਂ ।"
ਮਾਰਕ ਨੇ ਹੱਸਣ ਦੀ ਕੋਸ਼ਿਸ਼ ਕੀਤੀ । ਪਰ ਠੀਕ ਤਰ੍ਹਾਂ ਹੱਸ ਵੀ ਨਾ ਸਕਿਆ ।
"ਜਦ ਮੈਂ ਤੇਰਾ ਹਾਂ । ਫਿਰ ਮੇਰੇ ਸਾਰੇ ਡਾਲਰ ਵੀ ਤੇਰੇ ਹੋਏ ।"
"ਬਿਲਕੁੱਲ ਝੂਠ । ਤੂੰ ਕਦੇ ਵੀ ਮੇਰੇ ਹਿੱਸੇ ਦਾ ਇੱਕ ਵੀ ਬਿਲ ਨਹੀਂ ਭਰਦਾ । ਸਭ ਮੈਨੂੰ ਹੀ ਭਰਨੇ ਪੈਂਦੇ ਹਨ । ਨਾਲੇ ਤੇਰੇ ਬਰਥ-ਡੇ ਉਪਰ ਪਿਛਲੀ ਵਾਰ ਮੈਂ ਤੈਨੂੰ ਕਿੰਨੀ ਮਹਿੰਗੀ ਗਿਫਟ ਦਿੱਤੀ ਸੀ । ਤੂੰ ਮੇਰੇ ਬਰਥ-ਡੇ ਉਪਰ ਕੀ ਦਿੱਤਾ ? ਯਾਦ ਹੈ ਨਾ ।"
"ਡਾਰਲਿੰਗ ਉਸ ਟਾਇਮ ਮੇਰਾ ਬਿਜ਼ਨਸ ਮੰਦੇ ਵਿੱਚ ਚੱਲ ਰਿਹਾ ਸੀ ।"
"ਠੀਕ ਹੈ । ਮੰਨ ਲੈਦੀ ਹਾਂ, ਪਰ ਹੁਣ ਤਾਂ ਮੰਦੇ ਵਿੱਚ ਨਹੀਂ ਚੱਲ ਰਿਹਾ । ਹੁਣ ਤਾਂ ਸੌ ਡਾਲਰ ਦੇ ਸਕਦਾ ਹੈ ।"
"ਠੀਕ ਹੈ - ਘਰ ਚੱਲ ਕੇ ਦੇ ਦੇਵਾਂਗਾ ।"
"ਮੈਨੂੰ ਸਭ ਪਤਾ ਹੈਂ । ਘਰ ਚੱਲ ਕੇ ਤੂੰ ਕੁਝ ਵੀ ਨਹੀਂ ਦੇਣਾ । ਮੈਨੂੰ ਸੌ ਡਾਲਰ ਹੁਣੇ, ਏਥੇ ਚਾਹੀਦੇ ਹਨ । ਨਾਲੇ ਡੈਨੀਅਲ ਤਾਂ ਹੁਣ ਸੌ ਤੋ ਵੱਧ ਲਈ ਵੀ ਤਿਆਰ ਹੋ ਜਾਵੇਗਾ ।"
"ਠੀਕ ਹੈ, ਆਹ ਲੈ ਪੰਜਾਹ । ਬਾਕੀ ਫੇਰ ।" ਉਸਨੇ ਪੰਜਾਹ ਦਾ ਨੋਟ ਕੱਢ ਕੇ ਜੂਲੀ ਵੱਲ ਵਧਾਇਆ । ਪਰ ਜੂਲੀ ਨੇ ਪੰਜਾਹ ਦਾ ਨੋਟ ਪਰੇ ਧੱਕ ਦਿੱਤਾ ।
"ਡਾਰਲਿੰਗ ਪੰਜਾਹ ਬਾਅਦ ਵਿੱਚ ਦੇ ਦੇਵਾਂਗਾ, ਪਲੀਜ਼ ।"
"ਹੁਣ ਕਿਉ ਨਹੀਂ ਦੇ ਸਕਦਾ । ਇੱਕ ਵਾਰ ਕਹਿ ਦਿੱਤਾ । ਸੌ ਡਾਲਰ ਫੜਾ, ਮੈਂ ਘਰ ਚੱਲਦੀ ਹਾਂ । ਵਰਨਾ ਮੈਂ ਪਾਰਟੀ 'ਚ ਜਾ ਰਹੀ ਹਾਂ ।"
"ਡਾਰਲਿੰਗ ਮੈਂ ਥੱਕਿਆ ਆਇਆ ਹਾਂ । ਦੋ ਵਜੇ ਤਕ ਜਾਗ ਕੇ ਇੰਤਜ਼ਾਰ ਨਹੀਂ ਕਰ ਸਕਦਾ ।"
"ਮਾਰਕ ਦੋ ਵਜੇ ਆ ਕੇ ਵੀ ਮੈਂ ਤੇਰੇ ਨਾਲ ਹੀ ਸੋਣਾ ਹੈ । ਐਨੀ ਕੀ ਕਾਹਲੀ ਪਈ ਹੈ । ਤੂੰ ਕਿਉਂ ਮੇਰੇ ਸੌ ਡਾਲਰ ਖਰਾਬ ਕਰ ਰਿਹਾ ਹੈ ? ਇਸ ਵਾਰ ਜੂਲੀ ਕੁਝ ਨਰਮ ਪਈ ਲੱਗਦੀ ਸੀ ।"
"ਮਾਰਕ ਨੇ ਬਟੂਆ ਖੋਲਿਆ । ਵੀਹ ਡਾਲਰ ਹੋਰ ਕੱਢੇ ਤੇ ਬਟੂਆ ਬੰਦ ਕਰ ਲਿਆ ।"
ਇਹ ਦੇਖ ਕੇ ਜੂਲੀ ਨੂੰ ਇਕਦਮ ਗੁੱਸਾ ਆ ਗਿਆ ।
"ਮਾਰਕ ! ਤੂੰ ਏਥੇ ਮੇਰੀ ਬੇਇੱਜਤੀ ਕਰਨ ਆਇਆ ਹੈਂ । ਮੈਂ ਖੁਦ ਕਮਾਉਣਾ ਜਾਣਦੀ ਹਾਂ, ਯਾਦ ਰੱਖ ! ਮੈਂ ਕੋਈ ਭੀਖ ਨਹੀਂ ਮੰਗ ਰਹੀ ।"
ਮਾਰਕ ਨੇ ਦਸ ਡਾਲਰ ਪਰਸ ਚੋਂ ਹੋਰ ਕੱਢੇ । ਅੱਸੀ ਡਾਲਰ ਜੂਲੀ ਦੇ ਅੱਗੇ ਰੱਖਦਾ ਬੋਲਿਆ, "ਜੂਲੀ ਪਲੀਜ਼ ! ਮੇਰੇ ਪਾਸ ਇਸ ਵਕਤ ਏਨੇ ਹੀ ਹਨ ।"
ਜੂਲੀ ਨੇ ਮਾਰਕ ਤੋਂ ਪਰਸ ਫੜਨਾ ਚਾਹਿਆ । ਪਰ ਮਾਰਕ ਨੇ ਜੂਲੀ ਦਾ ਹੱਥ ਫੜ ਲਿਆ । ਫਿਰ ਜੂਲੀ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਲੈ ਕੇ ਉਸਨੂੰ ਮਲਣ ਲੱਗਾ । ਜੂਲੀ ਮਾਰਕ ਦੀਆਂ ਅੱਖਾਂ ਵਿੱਚ ਦੇਖ ਰਹੀ ਸੀ । ਮਾਰਕ ਵੀ ਜੂਲੀ ਦੇ ਚਿਹਰੇ ਉਪਰ ਨਜ਼ਰਾਂ ਗੱਡੀ ਖੜ੍ਹਾਂ ਸੀ ਤੇ ਬੋਲੀ ਵੀ ਜਾ ਰਿਹਾ ਸੀ, "ਜੂਲੀ ਪਲੀਜ਼ ! ਘਰ ਚੱਲ । ਸਭ ਠੀਕ ਹੋ ਜਾਏਗਾ । ਆਈ ਲਵ ਯੂ । ਆਈ ਨੀਡ ਯੂ । ਲੈਟ ਅਸ ਗੋ ।"
ਪਤਾ ਨਹੀਂ ਮਾਰਕ ਦੇ ਹੱਥਾਂ ਦੀ ਛੂਹ ਦਾ ਅਸਰ ਸੀ, ਜਾਂ ਉਸ ਦੀਆਂ ਗੱਲਾਂ ਦਾ, ਜੂਲੀ ਨੇ ਅੱਸੀ ਡਾਲਰ ਚੁੱਕੇ । ਆਪਣੇ ਪਰਸ 'ਚ ਪਾਏ । ਫਿਰ ਥੋੜਾ ਗੁੱਸਾ ਤੇ ਥੋੜਾ ਨਖਰਾ ਮਿਲਾ ਕੇ ਬੋਲੀ, "ਠੀਕ ਹੈ, ਪਰ ਵੀਹ ਡਾਲਰ ਛੱਡਾਂਗੀ ਨਹੀਂ । ਘਰ ਚੱਲ ਕੇ ਦੇਣੇ ਪੈਣਗੇ ।"
ਮੈਂ ਚੁੱਪਚਾਪ ਖੜ੍ਹੀ ਉਹਨਾਂ ਦੇ ਮੂੰਹਾਂ ਵੱਲ ਦੇਖੀ ਜਾ ਰਹੀ ਸਾਂ । ਜੂਲੀ ਨੇ ਆਪਣਾ ਬੈਗ ਚੁੱਕਿਆ, ਮੋਢੇ 'ਚ ਲਮਕਾਇਆ, ਤੇ ਮਾਰਕ ਨਾਲ ਹੋ ਤੁਰੀ ।
"ਓ.ਕੇ. ਦਲਜੀਤ, ਗੁੱਡ ਨਾਈਟ ।" ਉਹ ਮੇਰੇ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਈ । ਮੈਂ ਉਹਨਾਂ ਦੀਆਂ ਗੱਲਾਂ ਸੁਣ-ਸੁਣ ਹੈਰਾਨ ਪ੍ਰੇਸ਼ਾਨ ਸਾਂ । ਜਦ ਤੱਕ ਉਹ ਬਹਿਸਦੇ ਰਹੇ, ਮੈਂ ਇੱਕ ਸ਼ਬਦ ਤਕ ਨਾ ਬੋਲ ਸਕੀ । ਡੈਨੀਅਲ ਵੀ ਉਹਨਾਂ ਨੂੰ ਬਹਿਸਦੇ ਦੇਖ ਕੇ ਵਾਪਸ ਮੁੜ ਗਿਆ ਸੀ । ਤੇ ਹੁਣ ਜਦ ਜੂਲੀ ਮੈਨੂੰ 'ਗੁੱਡ ਨਾਈਟ' ਕਹਿ ਕੇ ਮਾਰਕ ਨਾਲ ਤੁਰ ਗਈ, ਤਾਂ ਮੈਂ ਇਕਦਮ ਹੀ ਸੁੰਨ ਹੋ ਗਈ ।
ਮੈਂ ਸੁੰਨ ਡੁੰਨ ਖੜ੍ਹੀ ਹਾਂ । ਸਮਝ ਨਹੀਂ ਆ ਰਹੀ । ਕੀ ਕਰਾਂ । ਕਿਧਰ ਜਾਵਾਂ । ਪਾਰਟੀ ਅੰਦਰ ਜਾਵਾਂ, ਜਾਂ ਗੁਰਮੀਤ ਨੂੰ ਫੋਨ ਕਰਕੇ ਸੱਦਾ ।