ਵੇਖੀ ਸੁਣੀ (ਪਿਛਲ ਝਾਤ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਗੱਲ ਲਗ ਪਗ ਸਾਲ 1962 ਦੀ ਹੈ, ਜਦੋੰ ਮੈਂ ਮਹਿਕਮਾ ਨਹਿਰ ਵਿੱਚ  ਤਹਿਸੀਲ ਅਜਨਾਲੇ ਵਿੱਚ ਨੌਕਰੀ  ਕਰਦਾ ਸਾਂ । ਮੈਨੂੰ ਜਮੀਨਾਂ ਦੇ ਨਕਸ਼ੇ ਵਗੈਰਾ ਬਨਾਉਣ ਲਈ  ਪਿੰਡਾਂ ਵਿੱਚ ਜਾਣਾ ਪੈਂਦਾ ਸੀ ਤੇ ਕਈ ਵਾਰ ਬਾਹਰ ਵੀ ਰਾਤ ਬਰਾਤੇ ਕਿਤੇ ਠਹਿਰਣਾ ਪੈਂਦਾ ਸੀ ।
           ਇੱਥੋਂ ਦੇ ਇੱਕ  ਪਿੰਡ ਸੰਗਤ ਪੁਰਾ ਦੇ ਪਿੰਡ ਦੇ ਬਾਹਰ ਵਾਰ  ਚੇਤਨ ਦਾਸ ਨਾਂ ਦੇ ਉਦਾਸੀ ਮਹਾਤਮਾ ਦੇ ਆਸ਼੍ਰਮ ਵਿੱਚ ਵੀ ਕਦੇ ੨ ਜਾਣ ਦਾ ਮੌਕਾ ਵੀ ਮਿਲਦਾ ਰਹਿੰਦਾ ਸੀ, ਕਿਉਂਕਿ ਇੱਸ ਆਸ਼੍ਰਮ  ਦੀ ਕੁੱਝ ਜ਼ਮੀਨ ਨੂੰ ਵੀ ਨਹਿਰ ਦਾ ਪਾਣੀ ਲਗਦਾ ਸੀ , ਮਹਾਤਮਾ ਜੀ  ਬੜੇ ਹੀ ਠੰਡੇ ਮਿੱਠੇ ਸੁਭਾਉੇ ਵਾਲੇ  ਸਨ , ਕਾਲੇ ਕਪੜੇ ਪਹਿਣਦੇ ਸਨ  , ਉੱਚੇ ਲੰਮੇ ਕੱਦ ਕਾਠ ਵਾਲੇ ,ਸਿਰ ਤੇ ਜਟਾ ਜੂਟ ਜੜਾਂਵਾਂ ਦਾ ਜੂੜਾ ,ਕੰਨਾਂ ਵਿੱਚ  ਮੁੰਦਰਾਂ , ਲੰਮਾ ਭਰਵਾਂ ਦਾਹੜਾ ,  ਬਹੁਤੀ  ਹਿੰਦੀ ਪਰ ਥੋੜ੍ਹੀ 2 ਪੰਜਾਬੀ ਵੀ ਬੋਲ ਲੈਂਦੇ ਸਨ ,ਭਜਨ ਬੰਦਗੀ ਦੇ ਨਾਲ 2 ਉਹ ਦੇਸੀ ਦੁਵਾ ਦਾਰੂ ਵੀ ਕਰਦੇ ਸਨ ,ਦੂਰੋਂ 2 ਲੋਕ ਉਨ੍ਹਾਂ ਪਾਸ ਆਉਂਦੇ ਸਨ । 
        ਇੱਕ ਲੰਮੀ ਜਿਹੀ ਸਰਾਂ ਵਰਗਾ ਦੋ ਮੰਜ਼ਲਾ ਇਹ ਆਸ਼੍ਰਮ  , ਜਿੱਸ ਵਿੱਚ  ਲੋੜ ਅਨੁਸਾਰ ਕੁੱਝ  ਕਮਰੇ ਬਨੇ ਹੋਏ ਸਨ ਅਤੇ ਨਾਲ ਹੀ  ਇੱਕ ਹਰਟੀ , ਇੱਕੋ ਬਲਦ ਨਾਲ ਚਾਲਣ ਵਾਲੀ ਵੀ ਇੱਸ ਆਸ਼੍ਰਮ ਵਿੱਚ ਲੱਗੀ ਹੋਈ  ਸੀ । ਉਨ੍ਹਾਂ ਪਾਸ ਆਉਣ ਜਾਣ ਕਰਕੇ ਉਹ ਮੇਰੇ ਕਾਫੀ ਜਾਣੂ ਹੋ ਗਏ ਸਨ । ਕਈ ਵਾਰ ਕੁੱਝ ਗੱਲਾਂ ਬਾਤਾਂ ਵੀ ਕੁੱਝ ਵਿਹਲੇ  ਵੇਲੇ ਮੇਰੇ ਨਾਲ ਕਰ  ਲੈਂਦੇ ਸਨ ।
            ਇੱਸ ਡੇਰੇ ਵਿੱਚ ਆaੇ ਜਾਣ ਵਾਲੇ ਸੇਵਕਾਂ ਦੇ ਇਲਾਵਾ ਕਈ ਹੋਰ ਵੀ ਪੱਕੇ ਸੇਵਾਦਾਰ ਸਨ ,ਜੋ ਆਸ਼੍ਰਮ ਵਿੱਚ ਦੁਵਾਈਆਂ ਆਦਿ ਬਨਾaੇਣ ਵਿੱਚ ਉਨ੍ਹਾਂ ਦੀ ਸਹਇਤਾ ਕਰਦੇ ਸਨ ।ਕਈ ਤਾਂ ਦੁਵਾ ਬਨਾਉਣ ਵਿੱਚ ਚੰਗੇ ਜਾਣਕਾਰ ਵੀ ਹੋ ਗਏ ਸਨ ,ਪਰ ਉਹ ਆਪਣਾ ਕੰਮ ਕਰਕੇ ਰਾਤ ਨੂੰ ਆਪੋ ਆਪਣੇ ਘਰੀਂ 2 ਪਰਤ ਜਾਂਦੇ ਸਨ ,ਪਰ  ਗੁਰਸ਼ਰਨ  ਨਾਂ ਦਾ ਇੱਕ 18 ਕੁ ਸਾਲ ਦਾ ਨੌਜਵਾਨ ਉਨ੍ਹਾਂ ਕੋਲ ਪੱਕਾ ਹੀ ਰਹਿੰਦਾ ਸੀ ।  ਇੱਕ ਦਿਨ ਮੈਂ ਜਦ ਗੱਲਾਂ ਬਾਤਾਂ ਕਰਦੇ ਉਨ੍ਹਾਂ ਨੂੰ ਪੁਛਿਆ ਕਿ ਕੋਈ ਹੋਰ ਸੇਵਾ ਦਾਰ ਆਪ ਦੇ ਰਾਤ ਨੂੰ ਕਿਉਂ ਨਹੀਂ ਠਹਿਰਦਾ ਉਹ  ਕਹਿਣ ਲੱਗੇ , ਉਹ ਤੇ ਠਹਿਰਦੇ ਹਨ ,ਪਰ ਅਸੀਂ ਹੀ ਉੱਨ੍ਹਾਂ ਨੂੰ ਆਪ ਹੀ ਰਾਤ ਇੱਥੇ ਠਹਿਰਣ ਨਹੀਂ ਦਿੰਦੇ ,ਜਦ ਕਾਰਣ ਪੁੱਿਛਆ ਤਾ ਕਹਿਣ ਲੱਗੇ ਬਹੁਤੇ  ਥੋੜ੍ਹੀ ਜਿਨੀ ਜਾਣ ਕਾਰੀ ਹੋਣ ਤੇ ਹੀ ਇਹ ਆਪਣੇ ਆਪ ਨੂੰ ਵੱਡਾ ਵੈਦ ਸਮਝਣ ਲੱਗ ਪੈਂਦੇ ਹਨ ,ਦੁਆ ਦਾਰੂ ਤੇ ਕਿਤੇ ਰਿਹਾ ਡੇਰੇ ਦੀ ਗੱਦੀ ਵੀ ਸੰਭਾਲਣ ਤੋਂ ਵੀ ਘੱਟ ਨਹੀਂ ਕਰਦੇ  ,ਇੱਕ ਵਾਰੀ ਇੱਕ ਨੇ ਤਾਂ ਦੁਆਈ ਲਈ ਵਰਤਿਆ ਜਾਣ ਵਾਲਾ ਕੱਚਾ ਸੰਖੀਆ ਮੈਨੂੰ ਰਾਤ ਦੇ ਖਾਣੇ ਵਿੱਚ  ਦਿੱਤਾ ਬਚਾਅ ਤਾਂ  ਹੋ ਗਿਆ ,ਪਰ ਉੱਸ ਤੋਂ ਬਾਅਦ ਹੁਣ ਸਿਵਾਏ  ਗੁਰਸ਼ਰਨ ਦੇ ਕਿਸੇ ਹੋਰ  ਨੂੰ ਰਾਤ ਇੱਥੇ ਨਹੀਂ ਰਹਿਣ ਦਿੱਤਾ ਜਾਂਦਾ  ।
           ਇੱਕ ਰਾਤ ਇੱਸ ਆਸ਼੍ਰਮ ਵਿੱਚ ਮੈਨੂੰ ਰਾਤ ਰਹਿਣ ਦਾ ਮੌਕਾ ਮਿਲਿਆ ,ਅੱਜ ਗੁਰਸ਼ਰਨ ਡੇਰੇ ਵਿੱਚ ਨਹੀਂ ਸੀ  ,ਮੇਰੇ ਪੁੱਛਣ ਤੇ ਕਹਿਣ ਲੱਗੇ ਸ਼ਹਿਰ ਗਿਆ ਹੈ ,ਉਹ ਕਹਿ ਗਿਆ ਸੀ ਮੈਂ ਅੱਜ ਜ਼ਰਾ ਦੇਰ ਨਾਲ ਆਉਣਾ ਹੈ । ਮੈਂ ਪੁਛਿਆ ਕਿ  ਕੀ ਇਹ ਗਰਸ਼ਰਨ ਵੀ ਤੁਹਾਡਾ ਚੇਲਾ ਹੈ  , ਉਹ ਕਹਿਣ ਲੱਗੇ  ਇਹ  ਮੇਰਾ ਚੇਲਾ ਤਾਂ ਨਹੀਂ ਹੈ ,ਪਰ ਇੱਸ ਬੱਚੇ ਨਾਲ ਮੇਰਾ ਕੋਈ ਖਾਸ ਸੰਬੰਧ ਹੈ ,ਜੇ ਤੁਸੀੰ ਪੁੱਛ ਹੀ ਬੈਠੇ ਹਾਂ ਇੱਸ ਦੇ ਸੰਬੰਧ ਬਾਰੇ ਵੀ ਅਸੀਂ ਆਪਣੇ ਨਾਲ ਬੀਤੀ ਕੋਈ ਘਟਣਾ ਦਾ ਵਿਸਥਾਰ ਕਰ ਹੀ ਦਈਏ,ਕਹਿਣ ਲੱਗੇ ਅਸੀਂ  ਸਾਧੂ ਲੋਕਾਂ ਨੇ ਬੇਸ਼ੱੱਕ ਸੰਸਾਰ ਤਿਆਗ ਤਾਂ ਦਿੱਤਾ ਹੈ ਪਰ ਫਿਰ ਵੀ ਕਿਸੇ ਚੰਗੀ ਸੰਗਤ ਵਾਲੇ ਸਾਥੀ ਨਾਲ ਕੀਤੇ ਹੋਏ ਬਚਨ ਸਾਨੂੰ ਵੀ ਨਿਭਾਉਣੇ ਹੀ ਪੈਦੇ ਹੀ ਹਨ ,ਕਹਿਣ ਲੱਗੇ ਕਿ ਕਿਸੇ ਵੇਲੇ ,ਦੇਸ਼ ਦੀ ਵੰਡ ਤੋਂ ਪਹਿਲਾਂ , ਸਿਆਲ ਕੋਟ ਵਿੱਚ ਅਸੀਂ ਦੋ ਸਾਧੂ ਇੱਕ ਅਸਥਾਨ ਤੇ ਧੂਣੀਆਂ ਤਪਦੇ ਹੁੰਦੇ ਸਾਂ ਅਤੇ ਕਾਫੀ ਸਮਾਂ ਇਕੱਠੇ ਹੀ ਓਥੇ ਰਹੇ , ਸਾਡੇ ਵਿਚਾਰਾਂ ਸਦਕਾ ਇਹ ਪ੍ਰੇਮ ਪਿਆਰ ਮਿੱਤਰਤਾ ਵਿੱਚ ਬਦਲ ਗਿਆ,  ਇੱਕ ਦਿਨ ਮੇਰਾ ਉਹ ਸਾਥੀ ਸਾਧੂ  ਕਹਿਣ ਲੱਗਾ ਕਿ ਮਿੱਤ੍ਰ ਪਿਆਰੇ ,ਹੁਣ ਮੈਂ ਤਾਂ ਕਿਤੇ ਹੋਰ ਪਾਸੇ ਯਾਤ੍ਰਾ ਤੇ ਚਲੇ ਜਾਣਾ ਹੈ ,ਪਰ ਪਤਾ ਨਹੀਂ ਕਿਉਂ ਤੇਰੇ ਕੋਲੋਂ ਜਾਣ ਨੂੰ ਮਨ ਨਹੀਂ ਕਰਦਾ ,ਮੈਂ ਕਿਹਾ ਹਾਲਤ ਤਾਂ ਮੇਰੀ ਵੀ ਇਹੋ ਜਿਹੀ ਹੈ , ਕਹਿਣ ਲੱਗਾ ਕਿ ਸਾਰਾ ਘਰ ਬਾਰ   ਛੱਡ ਕਿ ਇਨਾ ਮਹਿਸੂਸ ਨਹੀਂ ਹੋਇਆ ਜਿਨਾ ਅੱਜ ਤੇਰੇ ਕੋਲੋਂ ਵਿਛੜ ਕੇ ਹੋ ਰਿਹਾ ਹੈ  ,ਮੇਰੇ ਨਾਲ ਇੱਕ ਬਚਨ ਕਰ ਕਿ ਸਾਡੇ ਦੋਹਾਂ ਵਿੱਚੋਂ ਜਿਹੜਾ ਪਹਿਲਾਂ ਇੱਸ ਸੰਸਾਰ ਤੋਂ ਜਾਵੇ , ਦੂਜਾ ਉੱਸ ਦੀ ਚਿਖਾ ਨੂੰ ਆਪ ਆਕੇ  ਲਾਂਬੂ ਲਾਵੇ ।
            ਮੈਂ ਕਿਹਾ ਠੀਕ ਹੈ ਮਿੱਤਰ ਜੇ ਭਗਵਾਨ ਦੀ ਇਹ ਇੱਛਾ ਹੋਈ ਤਾਂ ਇੱਸਤਰ੍ਹਾਂ ਕਰਨ ਵਿੱਚ ਮੈਂ  ਪੂਰਾ ਯਤਨ ਕਰਾਂਗਾ , ਉੱਸ ਨੇ ਨਿਸ਼ਾਨੀ ਵਜੋਂ ਇੱਕ ਬੜੀ ਸੁੰਦਰ ਬਗਲੀ ,ਜਿਸ ਵਿੱਚ ਸਾਧੂ ਲੋਕ ਆਪਣਾ ਕੁੱਝ ਜ਼ਰੂਰੀ ਚੀਜ਼ਾਂ ਵਸਤੀਆਂ ਰੱਖਦੇ ਹਨ ,ਮੈਨੂੰੂ ਦਿੱਤੀ ਅਤੇ ਮੈਂ ਵੀ  ਉੱਸ ਨੂੰ ਨਿਸ਼ਾਨੀ ਵਜੋਂ ਇੱਕ ਕਾਲੇ ਰੰਗ ਦੀ ਭੂਰੀ ਦਿੱਤੀ ।ਬੜੇ ਪਿਆਰ ਨਾਲ ਉਹ ਮੈਥੋਂ ਵਿਛੜ ਗਿਆ ।ਕੁੱਝ ਹੀ ਸਮੇ ਬਾਅਦ ਪਾਕਿਸਤਾਨ ਬਨਣ ਕਰਕੇ ਇੱਸ ਆਸ਼੍ਰਮ ਵਾਲੀ ਜਮੀਂਨ ਦੀ ਆਲ਼ਾਟ ਮੈਂਟ ਇੱਸ ਪਿੰਡ ਵਿੱਚ ਹੋ ਗਈ ਤੇ ਅਸੀਂ ਇੱਸ ਅਸਥਾਨ ਡੇਰਾ ਲਾ ਲਿਆ  ਹੌਲੀ ੨ ਦੂਰ ਦੁਰਾਡਿਓਂ ਸ਼ਰਧਾਲੂ ਤੇ ਹੋਰ ਰੋਗੀ ਇਲਾਜ ਲਈ ਇੱਸ ਡੇਰੇ ਦੀ ਚਰਚਾ ਸੁਣ ਕੇ ਆਉਣ ਜਾਣ ਲੱਗ ਪਏ ।ਇੱਕ ਵਾਰ  ਹਰਟੀ ਖਰਾਬ ਹੋ ਗਈ ਅਸੀਂ ਇੱਸ ਨੂੰ ਠੀਕ ਕਰਾਉਣ ਲਈ ਕਿਸੇ ਮਿਸਤ੍ਰੀ ਦੀ ਭਾਲ ਵਿੱਚ ਸਾਂ ।ਇੱਕ ਦਿਨ ਕਿਸੇ ਪਿੰਡ ਤੋਂ ਆਏ ਇੱਕ ਪ੍ਰੇਮੀ ਨੇ ਕਿਹਾ ਕਿ  ਸਾਡੇ  ਪਿੰਡ  ਇੱਕ ਬੜਾ ਸਿਆਣਾ ਮਿਸਤ੍ਰੀ ਹੈ , ਉੱਸ ਨੂੰ ਅਗਲੀ ਵਾਰ ਅਸੀਂ ਨਾਲ ਲਿਆ ਕੇ ਹਰਟੀ ਠੀਕ ਕਰਵਾ ਦਿਆਗੇ ।
             ਕੁੱਝ ਦਿਨਾਂ ਬਾਅਦ ਉਨ੍ਹਾਂ ਨਾਲ ਇੱਕ ਮਿਸਤ੍ਰੀ ਆਇਆ ਤੇ ਹਰਟੀ ਠੀਕ ਕਰਨ ਲੱਗ ਪਿਆ ਪਰ ਉਹ ਕੰਮ ਕਰਦਾ ਕਰਦਾ ,ਮੇਰੇ ਮੂੰਹ ਵੱਲ ਕਈ ਵਾਰ ਬਿਟ ਬਿਟ ਵੇਖੀ ਜਾਵੇ  ,ਮੈਂ ਇਹ ਵੇਖ ਕੇ ਨਾ ਰਹਿ ਸਕਿਆ ਤੇ ਅਖੀਰ ਉੱਸ ਨੂੰ ਪੁੱਛ ਹੀ ਬੈਠਾ ਕਿ ਅਸੀਂ ਸਵੇਰ ਤੋਂ ਵੇਖ ਰਹੇ ਹਾਂ ਤੂੰ ਘੜੀ ਘੜੀ ਸਾਡੇ ਵੱਲ ਕਿਉਂ ਵੇਖੀਂ ਜਾ ਰਿਹਾ ਹੈਂ ।ਉਹ ਕਹਿਣ ਲੱਗਾ  ਕਿ ਬਾਬਾ ਜੀ ਪਤਾ ਨਹੀ ਇਵੇਂ ਲਾਗਦਾ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਵੇਖਿਆ ਹੈ ,ਅਸਾਂ ਕਿਹਾ ਕਿ ਅਸੀਂ ਤਾਂ ਇੱਸ ਡੇਰੇ ਤੋਂ ਬਾਹਰ ਕਦੀ ਘਟ ਹੀ ਜਦੇ ਹਾਂ , ਸਾਨੂੰ  ਤੂੰ ਕਿੱਥੇ ਵੇਖਣਾ ਹੈ , ਅਸੀਂ ਉੱਸ ਨੂੰ ਉਸ ਦਾ ਨਾਂ ਪੁਛਿਆ ਤਾਂ ਕਹਿਣ ਲੱਗਾ ਮੇਰਾ ਨਾਂ ਸਵਰਨ ਦਾਸ ਹੈ ,ਮੇਰੀ ਆਵਾਜ਼ ਪਛਾਣ ਕੇ ਉਹ ਹੱਥਲਾ ਕੰਮ ਵਿੱਚੇ ਛੱਡ ਕੇ ਮੇਰੇ ਕੋਲ ਆ ਕੇ ਕਹਿਣ ਲੱਗਾ , ਤੁਸੀਂ ਤਾਂ ਮੈਨੂੰ ਪਛਾਣਿਆਂ ਨਹੀਂ ਪਰ ਮੈਂ ਤਾਂ ਤੁਹਾਨੂੰ ਤੁਹਾਡੀ ਆਵਾਜ਼ ਤੋਂ ਹੀ ਪਛਾਣ ਲਿਆ ਹੈ । 
             ਮੈਂ ਉੱਸ ਨੂੰ ਪਛਾਣ ਕੇ ਜਦ ਪੁਛਿਆ ਕਿ ਯਾਰ ਤੂੰ ਸਾਧ ਹੋ ਕੇ ਫਿਰ ਇੱਸ ਗ੍ਰਸਿਤੀ ਦੇ ਇੱਸ ਚੱਕਰ ਵਿੱਚ  ਕਿਵੇਂ ਫੱਸ ਗਿਆ ,ਕਹਿਣ ਲੱਗਾ ਕੀ ਦੱਸਾਂ ਮੈਂ ਜਦੋਂ ਤੌਂ ਘਰ ਛੱਡਿਆ , ਘਰ ਦੇ ਮੈਨੂੰ ਉਦੋਂ ਤੋਂ ਹੀ ਭਾਲ ਰਹੇ ਸਨ ,ਮਾਪਿਆਂ ਦਾ ਇਕਲੋਤਾ ਪੁਤ੍ਰ ਸਾਂ ,ਇੱਕ ਦਿਨ ਬਾਪੂ ਨੇ ਕਿਤੇ ਮੈਨੂੰ ਵੇਖ ਕੇ ਪਛਾਣ ਲਿਆ ਤੇ ਘਰ ਲੈ ਆਇਆ ਤੇ ਕਹਿਣ ਲੱਗਾ , ਹੁਣ ਬਾਹਰ ਕਿਤੇ ਨਹੀਂ ਜਾਣ ਦੇਣਾ ,ਤੇਰੇ ਬਿਨਾਂ ਸਾਡਾ ਹਰੋ ਹੈ ਹੀ ਕੌਣ ,ਘਰ ਲਿਆ ਕੇ ਮੁੜ ਇੱਸ ਘਰ ਗ੍ਰਹਿਸਥੀ ਦੇ ਜੰਜਾਲ ਵਿੱਚ ਬੁਰੀ ਤਰ੍ਹਾਂ ਜਕੜ ਦਿੱਤਾ , ਬਾਪੂ ਤਰਖਾਣਾ ਕੰਮ ਕਰਦਾ ਸੀ , ਉਨ੍ਹਾਂ ਦੇ ਬਾਅਦ ਉਹੀ ਪਿੰਡ ਦੀ ਸੇਪ ਦਾ ਕੰਮ ਮੇਰੇ ਪੱੱਲੇ ਪੈ  ਗਿਆ ।
      ਖੈਰ ਕੰਮ ਮੁਕਾ ਕੇ ਡੇਰੇ ਆਏ ਤੇ ਉਸ ਨੂੰ ਉਸ ਦੀ ਨਿਸ਼ਾਨੀ ਵਜੋਂ ਦਿੱਤੀ ਸਾਮ੍ਹਣੇ ਟੰਗੀ ਹੋਈ ਬਗਲੀ ਵਿਖਾਈ ,ਉਹ ਵੇਖ ਕੇ ਬੜਾ ਖੁਸ਼ ਹੋਇਆ ,ਇਸੇ ਤਰ੍ਹਾਂ ਹੀ ਉਸਦਾ ਆਉਣਾ ਜਾਣਾ ਇੱਥੇ ਹੋ ਗਿਆ ।ਇੱਕ ਦਿਨ ਮੈਨੂੰ ਬੜੀ ਖਿੱਚ ਕਰਕੇ ਘਰ ਲੈ ਗਿਆ ,ਘਰ ਦੀ  ਮਾੜੀ ਹਾਲਤ ਵੇਖ ਕੇ ਬੜਾ ਤਰਸ ਆਇਆ ।ਮੇਰੇ ਵਾਲੀ ਭੂਰੀ ਵੀ ਜੋ ਉੱਸ ਨੇ ਮਿਤਰਤਾ ਦੀ ਨਿਸ਼ਾਨੀ ਸਮਝ ਕੇ ਸੰਭਾਲੀ ਰੱਖੀ ਸੀ ,ਮੈਨੂੰ ਵਿਖਾਲੀ ਤੇ ਦੋਹਾਂ ਨੂੰ ਪਿਛਲੇ ਬਿਤਾਏ ਦਿਨ ਯਾਦ ਆਏ ਉਹ ਅੱਥਰੂ ਵਹਾਉਂਦਾ ਹਇਆ ਮੇਰੇ ਗਲ ਲੱਗ ਕੇ ਰੋਣ ਲੱਗ ਪਿਆ ।ਮੈਂ ਦਿਲਾਸਾ ਦਿੱਤਾ ,ਤੇ ਫਿਰ ਉਹ ਕਦੇ ਕਦਾਂਈਂ ਇੱਥੇ ਆਉਂਦਾ ਜਾਂਦਾ ਰਹਿੰਦਾ ।
               ਜਦ ਵੀ ਉਸਨੇ ਡੇਰੇ ਆਉਣਾ ,ਤਾਂ ਕੁੱਝ ਨਾ ਕੁੱਝ ਉੱਸ ਨੂੰ ਸਹਾਇਤਾ ਵਜੋਂ ਜ਼ਰੂਰ ਦੇਣਾ . ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ , ਇੱਕ ਦਿਨ ਸਵਰਨ ਦਾ ਸੁਨੇਹਾ ਕਿ ਬਾਬਾ ਜੀ ਨੂੰ ਕਹਿਣਾ ਕਿ ਮੈਂ ਬਹੁਤ ਬੀਮਾਰ ਹਾਂ  ਉੱਸ ਨੂੰ ਘਰ ਆਕੇ ਕੇ ਮਿਲ ਜਾਣ ,ਅਸੀਂ ਘਰ ਗਏ .ਉਹ ਕਹਿਣ ਲੱਗਾ ਇਓਂ ਜਾਪਦਾ ਕਿ ਹੁਣ ਮੇਰਾ ਆਖਰੀ ਸਮਾਂ ਆ ਗਿਆ ਹੈ ਤੇ ਮੇਰਾ ਹੁਣ ਬਚਣਾ ਵੀ ਮੁਸ਼ਕਿਲ ਜਾਪਦਾ ਹੈ ,ਤੁਹਾਨੂੰ ਮੇਰੇ ਨਾਲ ਕੀਤੇ ਬਚਨ ਯਾਦ ਹਨ ਨਾ,ਹੁਣ ਆਪੇ ਹੀ ਪੂਰੇ ਕਰਿਓ ,ਨਾਲੇ ਇੱਕ ਹੋਰ ਨਿਸ਼ਾਨੀ ਵੀ ਜਾਂਦੀ ਵਾਰੀ ਮੈਂ ਤੁਹਾਨੂੰ ਦੇ ਚੱਿਲਆਂ ਹਾਂ ਇਹ ਵੀ ਸਾਂਭ ਕੇ ਰੱਖਣਾ ,ਇਹ ਗੁਰਸ਼ਰਨ ਜੋ ਮੇਰੇ ਕੋਲ ਰਹਿ ਰਿਹਾ ਹੈ ਇੱਸ ਨੂੰ ਕੋਲ ਬੁਲਾ ਕੇ ਇੱਸ ਦੀ ਬਾਂਹ ਮੇਰੇ ਹੱਥ ਵਿੱਚ ਫੜਾ ਕੇ ਕਹਿਣ ਲੱਗਾ ਕਿ ਇਹ ਅੱਜ ਤੋਂ ਇਹ ਗੁਰਸ਼ਰਨ ਵੀ ਤੁਹਾਡਾ ਹੋਇਆ ਤੇ ਨਾਲੇ ਤੁਸੀਂ  ਹੀ ਹੁਣ ਆਪਣਾ ਕੀਤਾ ਹੋਇਆ ਬਚਨ ਪੂਰਾ ਕਰਨ ਲਈ ਮੇਰੀ ਚਿਖਾ ਨੂੰ ਆਪ ਲਾਂਬੂ ਲਾ ਕੇ ਪੂਰਾ ਵੀ ਕਰਨਾ ਹੈ , ਤੇ ਵੇਖਦਿਆਂ ੨ ਹੀ ਮੇਰੇ ਇੱਸ ਪਿਆਰੇ ਮਿੱਤਰ ਦਾ ਭੌਰ ਸਰੀਰ ਚੋਂ ਉਡਾਰੀ ਮਾਰ ਗਿਆ ।
                   ਅਸੀਂ ਆਪਣੇ ਹੱਥੀਂ ਉੱਸਦੀ ਕਿਰਿਆ ਕਰਮ ਕਰਕੇ ਆ ਗਏ ਉਦੋਂ ਇੱਸ ਗੁਰਸ਼ਰਨ  ਦੀ ਉਮਰ ਮਸਾਂ ਚਾਰ ਕੁ ਸਾਲ ਦੀ ਹੋਵੇ ਗੀ , ਅਸਾਂ ਕੁੱਝ ਦਿਨਾਂ ਪਿੱਛੋਂ ਡੇਰੇ ਤਾਂ ਲੈ ਆਂਦਾ ,ਪਰ ਅਜੇ ਬੱਚਾ ਸੀ ,ਰੋਇਆ ਕਰੇ ਤੇ ਆਖਿਆ ਕਰੇ ਕਿ ਮੈਂ ਮਾਂ ਕੋਲ ਜਾਣਾ ਹੈ , ਇੱਸ ਦੀ ਹਾਲਤ ਵੇਖ ਕੇ ਕਦੇ ਇੱਸ ਦੀ ਮਾਂ ਕੋਲ ਛੱਡ ਆਉਣਾ ਤੇ ਫਿਰ ਲੈ ਆਉਣਾ , ਪਰ ਮੈਂ ਇੱਸ ਨੂੰ ਸਾਧੂ ਬਨਾਕੇ ਇੱਸ ਡੇਰੇ ਦੀ ਗੱਦੀ ਦਾ ਅਗਲਾ ਵਾਰਸ ਵੀ ਬਨਾਉਣਾ ਨਹੀਂ ਚਾਹੁੰਦਾ ਸਾਂ  ,ਇੱਸ ਲਈ ਇੱਸ ਨੂੰ ਇੱਸੇ ਪਿੰਡ ਦੇ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਤੇ ਦੱਸਵੀ ਤੱਕ ਪੜ੍ਹਾਇਆ ,ਤੇ ਚੰਗੇ ਨੰਬਰ ਲੈ ਕੇ ਪਾਸ ਵੀ  ਹੋ ਗਿਆ , ਤੇ ਫਿਰ ਇੱਸ ਨੂੰ ਸਟੈਨੋ ਗ੍ਰਾਫਰੀ ਦੇ ਕੋਰਸ ਦਾ ਦਾਖਲਾ ਲੈ ਦਿੱਤਾ ਜੋ ਪੂਰਾ ਹੋਣ ਤੇ  ਹੁਣ ਕਿਸੇ   ਨੌਕਰੀ ਦੀ ਭਾਲ ਵਿੱਚ ਹੈ , ਪਰ ਵਿਹਲਾ ਰਹਿਣ ਦੀ ਬਜਾਏ ਕਿਸੇ ਥਾਂ ਤੇ ਹੁਣ ਕੰਮ ਵੀ ਕਰ ਰਿਹਾ ਹੈ ।  ਗੱਲਾਂ ਕਰਦੇ ੨ ਗੁਰਸ਼ਰਨ ਵੀ ਆ ਗਿਆ ਤੇ ਅੰਦਰ ਵੜਦਿਆਂ ਹੀ ਮਹਾਤਮਾ ਦੇ ਅੱਗੇ ਪ੍ਰਣਾਮ ਕਰਦੇ ਹੋਏ ਉੱਸ ਨੇ ਜਦ ਕਿਸੇ ਸਰਕਾਰੀ ਦਫਤਰ ਵਿੱਚ ਆਪਣੀ  ਨੌਕਰੀ ਦਾ ਨਿਯੁਕਤੀ ਪੱਤ੍ਰ ਮਹਾਤਮਾਂ ਅੱਗੇ ਜਦ ਰੱਖਿਆ ਤਾਂ ਉਹ ਗੁਰਸ਼ਰਨ  ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇੱਕ ਅਨੋਖੀ ਖੁਸ਼ੀ ਵਿੱਚ ਇਵੇਂ ਮਹਿਸੂਸ ਕਰ ਰਹੇ ਸਨ , ਜਿਵੇਂ ਉਨ੍ਹਾਂ ਦੇ ਆਪਣੇ ਉੱਸ ਪਿਆਰੇ ਮਿੱਤਰ ਦੀ ਸੱਚੀ ਮਿੱਤ੍ਰਤਾ ਦੇ ਕੀਤੇ ਹੋਏ ਬਚਨ ਅੱਜ ਪੂਰੇ ਹੋ ਗਏ ਹੋਣ । 
             ਕੁੱਝ ਦਿਨਾਂ ਦੇ ਬਾਅਦ ਇੱਕ ਦਿਨ ਜਦ ਇੱਸ ਅਸਥਾਨ ਤੇ ਜਾਣ ਦਾ ਮੌਕਾ ਮਿਲਿਆ ਤਾਂ ਗੁਰਸ਼ਰਨ ਨੂੰ ਡੇਰੇ ਨਾ ਵੇਖੇ ਕੇ ਮਹਾਤਮਾਂ ਨੂੰ ਉੱਸ ਬਾਰੇ ਪੁੱਿਛਆ ਤਾਂ ਉਹ ਕਹਿਣ ਲੱਗੇ ਕਿ ਉੱਸ ਨੂੰ ਨੌਕਰੀ ਹੁਣ ਉੱਸ ਦੇ ਪਿੰਡ ਦੇ ਨੇੜੇ ਦੇ ਸ਼ਹਿਰ ਵਿੱਚ ਮਿਲ ਗਈ ਹੈ । ਅਸਾਂ ਉੱਸ ਨੂੰ ਵਾਪਿਸ ਉੱਸ ਦੇ ਘਰ ਆਪਣੇ  ਪ੍ਰਿਵਾਰ ਵਿੱਚ ਭੇਜ ਦਿੱੱਤਾ ਹੈ । ਇੱਕ ਮਿੱਤ੍ਰ ਨਾਲ ਕੀਤੇ ਬਚਨਾਂ ਨੂੰ ਇੱਸ ਤਰ੍ਹਾ ਸਿਰੇ ਪਰਵਾਣ  ਚੜ੍ਹਾਣ  ਤੇ  ਮੇਰਾ ਸਿਰ ਆਦਰ  ਸਤਿਕਾਰ ਵਜੋਂ  ਇੱਸ ਮਹਾਤਮਾ ਅੱਗੇ ਝੁੱਕ ਗਿਆ ।