ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
(ਲੇਖ )
ਇਸ ਲੇਖ ਦਾ ਸਿਰਲੇਖ "ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ" ਪ੍ਰਸਿੱਧ ਨੌਜਵਾਨ ਲੇਖਕ ਮਨਦੀਪ ਖੁਰਮੀ ਦੁਆਰਾ ਹੁਣੇ ਜਿਹੇ ਗਾਏ ਗਏ ਇੱਕ ਗੀਤ ਦਾ ਸਿਰਲੇਖ ਹੈ।ਜੋ ਇਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਏ ਉੱਪਰ ਬਹੁਤ ਚਰਚਿਤ ਹੋਇਆ ਹੈ।ਸੱਚ ਹੀ ਪੰਜਾਬ ਅੱਜ ਜਿਸ ਮੋੜ ਉੱਪਰ ਖੜਾ ਹੈ, ਪੰਜਾਬ ਦੀ ਅੱਲਾ ਵੀ ਬੇਲੀ ਨਹੀਂ। ਕਿਉਂਕਿ ਪੰਜਾਬ ਦੀ ਹਾਲਤ ਇੰਨੀ ਜਿਆਦਾ ਨਿੱਘਰ ਚੁੱਕੀ ਹੈ ਕਿ ਕੋਈ ਵੀ ਇਸ ਨੂੰ ਗਲੇæ ਲਾਉਣ ਨੂੰ ਤਿਆਰ ਨਹੀਂ। ਗੱਲ ਕੌੜੀ ਪਰ ਸੱਚੀ ਹੈ ਕਿ ਪੰਜਾਬ ਵਿੱਚ ਜ਼ਿੰਦਗੀ ਬਹੁਤ ਨੀਵੀਂ ਪੱਧਰ ਤੱਕ ਜਾ ਪੁੱਜੀ ਹੈ। ਜਿਸ ਪੰਜਾਬ ਨੂੰ ਸਾਰੇ ਭਾਰਤ ਵਿੱਚ ਸਿਰਮੌਰ ਸੂਬਾ ਹੋਣ ਦਾ ਮਾਣ ਪ੍ਰਾਪਤ ਸੀ। ਹੁਣ ਉਹ ਭਾਰਤ ਦੇ ਉਹਨਾਂ ਸੂਬਿਆਂ ਬਰਾਬਰ ਆ ਖਲੋਤਾ ਹੈ। ਜਿਹਨਾਂ ਸੂਬਿਆਂ ਦੇ ਲੋਕ ਕਦੇ ਪੰਜਾਬ ਵਿੱਚ ਮਜਦੂਰੀ ਕਰਨ ਆਇਆ ਕਰਦੇ ਸਨ।
ਪੰਜਾਬ ਨੂੰ ਇਸਦੀ ਅੱਜ ਵਾਲੀ ਹਾਲਤ ਵਿੱਚ ਪਹੁੰਚਾਉਣ ਵਿੱਚ ਜਿੱਥੇ ਕੇਂਦਰ ਦੀਆਂ ਸਰਕਾਰਾਂ ਦਾ ਹੱਥ ਹੈ, ਉੱਥੇ ਪੰਜਾਬ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਦਾ ਵੀ ਬਰਾਬਰ ਦਾ ਹੱਥ ਹੈ। ਪੰਜਾਬ ਵਿੱਚ ਵੋਟਾਂ ਖਾਤਿਰ ਲੋਕਾਂ ਨੂੰ ਧੜੇ ਬੰਦੀ ਦੇ ਸ਼ਿਕਾਰ ਤਾਂ ਬਣਾਇਆ ਜਾਂਦਾ ਹੀ ਹੈ। ਇਸਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਨਪੁੰਸਕ ਬਣਾਉਣ ਲਈ ਨਸ਼ਿਆਂ ਦੀ ਵੱਡੀ ਧਾੜ ਪੰਜਾਬ ਵਿੱਚ ਸੁੱਟੀ ਜਾਂਦੀ। ਜਿਸਨੇ ਪੰਜਾਬ ਦੀ ਜਵਾਨੀ ਨੂੰ ਇੱਕ ਸਿਉਂਕ ਵਾਂਗ ਖਾਧਾ। ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਇਨੀ ਵੱਡੀ ਪੱਧਰ 'ਤੇ ਹੁੰਦਾ ਹੈ ਕਿ ਬਾਕੀ ਸਾਰਾ ਭਾਰਤ ਇਸ ਵਿੱਚ ਪਿੱਛੇ ਹੈ। ਸ਼ਰਾਬ ਤੋਂ ਬਾਅਦ ਬਾਕੀ ਨਸ਼ਿਆਂ ਦਾ ਕਾਰੋਬਾਰ ਵੀ ਬਰਾਬਰ ਚੱਲਦਾ ਹੈ। ਰਾਜਨੀਤਕ ਆਗੂ, ਪੁਲਿਸ ਅਤੇ ਅਫਸਰਸ਼ਾਹੀ ਮਿਲ ਕੇ ਨਸ਼ਿਆਂ ਦੇ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ। ਦਵਾਈਆਂ ਦੀ ਆੜ ਵਿੱਚ ਵੀ ਬਹੁਤ ਸਾਰਾ ਨਸ਼ਾ ਵੇਚਿਆ ਜਾ ਰਿਹਾ ਹੈ।
ਪੰਜਾਬ ਵਿੱਚ ਦੂਸਰਾ ਵੱਡਾ ਖਤਰਾ ਜੋ ਪੰਜਾਬੀਅਤ ਨੂੰ ਖਤਮ ਕਰ ਰਿਹਾ ਹੈ ਉਹ ਹੈ ਸਰਕਾਰ ਦੀ ਸ਼ਹਿ ਪ੍ਰਾਪਤ ਡੇਰਾਵਾਦ। ਡੇਰਾਵਾਦ ਫੈਲਾਉਣ ਨਾਲ ਜਿੱਥੇ ਰਾਜਨੀਤਕ ਪਾਰਟੀਆਂ ਦਾ ਵੋਟ ਬੈਂਕ ਵੱਧਦਾ ਹੈ। ਉੱਥੇ ਬਹੁ ਗਿਣਤੀ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਵਿੱਚ ਉਲਝਾ ਕੇ ਬਹੁਤ ਸਾਰੇ ਮਸਲਿਆਂ ਤੋਂ ਅੱਖੋਂ ਪਰੋਖੇ ਤਾਂ ਰੱਖਿਆ ਹੀ ਜਾਦਾ ਹੈ, ਇਸ ਦੇ ਨਾਲ ਨਾਲ ਕਈ ਵਾਰ ਰਾਜਨੀਤਕ ਉੱਲੂ ਸਿੱਧਾ ਕਰਨ ਲਈ ਇਹਨਾਂ ਡੇਰਾਦਾਰਾਂ ਸਹਾਰਾ ਲਿਆ ਜਾਂਦਾ ਹੈ। ਇਹਨਾਂ ਕੋਲੋਂ ਕਈ ਤਰਾਂ ਦਾ ਗਲਤ ਮਲਤ ਪ੍ਰਚਾਰ ਕਰਵਾ ਲੋਕਾਂ ਨੂੰ ਗੁੰਮਰਾਹ ਕਰਨਾ ਜਾਂ ਕਰਾਉਣਾ ਤਾਂ ਇੱਕ ਮਾਮੂਲੀ ਕੰਮ ਹੈ। ਇਹਨਾਂ ਡੇਰੇ ਵਾਲਿਆਂ ਵਿੱਚੋਂ ਬਹੁਤਿਆਂ ਨੇ ਮਿਥਹਾਸਿਕ ਕਹਾਣੀਆਂ, ਕਥਾਵਾਂ ਜਾਂ ਪ੍ਰਸੰਗ ਸੁਣਾ ਸੁਣਾ ਕੇ ਲੋਕਾਂ ਦੀ ਬੁੱਧੀ ਇੱਥੋਂ ਤੱਕ ਭ੍ਰਿਸ਼ਿਟ ਕਰ ਦਿੱਤੀ ਹੈ ਕਿ ਲੋਕ ਚੰਗੇ ਮਾੜੇ ਦੀ ਪਹਿਚਾਣ ਤੱਕ ਭੁੱਲ ਚੁੱਕੇ ਹਨ। ਜੋ ਲੋਕ ਬੇਗਾਨੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਰਖਵਾਲੇ ਸਨ ਅੱਜ ਆਪਣੀਆਂ ਸਕੀਆਂ ਜਵਾਨ ਬਹੂ ਬੇਟੀਆਂ ਨੂੰ ਡੇਰਿਆਂ 'ਤੇ ਛੱਡ (ਚੜਾਵਾ ਚੜਾ)ਆਉਂਦੇ ਹਨ।ਬਹਾਦਰ ਲੋਕ ਜੋ ਇਤਿਹਾਸ ਰਚਦੇ ਸਨ, ਅੱਜ ਅਜਿਹੇ ਮਨਘੜਤ ਇਤਿਹਾਸ ਨੂੰ ਸਰਵਣ ਕਰਦੇ ਹਨ ਜਿਸ ਨਾਲ ਲੋਕ ਸਦੀਆਂ ਪੁਰਾਣੇ ਭਾਰਤੀਆਂ ਵਾਂਗ ਲਾਚਾਰ ਅਤੇ ਦਇਆ ਦਾ ਪਾਤਰ ਬਣਦੇ ਜਾ ਰਹੇ ਹਨ।ਬਾਬਾ ਬਲਾਤਕਾਰੀ ਹੋਵੇ, ਜੁਆਰੀ ਹੋਵੇ ਜਾਂ ਚੋਰ ਉਚੱਕਾ ਇਹਨਾਂ ਲਈ ਉਹ ਰੱਬ ਹੈ।
ਜੇ ਵਿਚਾਰੇ ਕਿਸਾਨ ਵੱਲ ਝਾਤ ਮਾਰੀਏ ਤਾਂ ਕਿਸਾਨ ਅਸਲੋਂ ਮਰ ਚੁੱਕਾ ਹੈ। ਕੁਝ ਸਰਕਾਰੀ ਨੀਤੀਆਂ ਕਾਰਨ, ਕੁਝ ਸ਼ਾਹੂਕਾਰਾਂ ਜਾਂ ਬੈਂਕਾਂ ਕਾਰਨ ਅਤੇ ਕੁਝ ਕਿਸਾਨ ਵੱਲੋਂ ਕੀਤੇ ਜਾਂਦੇ ਬੇਲੋੜੇ ਤੇ ਨਜ਼ਾਇਜ਼ ਖਰਚਿਆਂ ਨੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਕਿਸਾਨ ਨੂੰ ਜਿੱਥੇ ਸਰਕਾਰ ਜਾਇਜ਼ ਭਾਅ ਨਹੀਂ ਮੁਹਈਆ ਕਰਵਾਉਂਦੀ। ਉੱਥੇ ਖੇਤੀ ਵਿੱਚ ਵਰਤੀਆਂ ਜਾਂਦੀਆਂ ਸਪਰੇਆਂ, ਦਵਾਈਆਂ ਆਦਿ ਉੱਪਰ ਵੀ ਸਰਕਾਰ ਦਾ ਕੋਈ ਨਿਯੰਤਰਨ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਮਾਰਕਿਟ ਵਿੱਚ ਵਿਕ ਰਹੀਆਂ ਦਵਾਈਆਂ, ਖਾਦਾਂ, ਬੀਜ ਆਦਿ ਅਸਲੀ ਹਨ ਕਿ ਨਕਲੀ। ਖੇਤੀ ਨਾਲ ਸੰਬੰਧਤ ਕੋਈ ਸੁਚੱਜੀ ਬੀਮਾ ਯੋਜਨਾ ਨਾ ਹੋਣ ਕਰਕੇ ਕਿਸਾਨ ਮੌਸਮੀ ਆਫਤਾਂ ਅਤੇ ਸਮੇਂ ਸਮੇਂ ਲੱਗਦੀਆਂ ਖੇਤੀ ਦੀਆਂ ਬੀਮਾਰੀਆਂ ਤੋਂ ਵੀ ਮਾਰ ਖਾਂਦਾ ਹੈ। ਸ਼ਾਹੂਕਾਰਾ ਜਾਂ ਬੈਂਕਾਂ ਤਾਂ ਮੁੱਢ ਕਦੀਮੋ ਹੀ ਕਿਸਾਨ ਮਾਰੂ ਹਨ। ਇਸ ਕਰਕੇ ਇਹਨਾਂ ਤੋਂ ਕੋਈ ਆਸ ਕਰਨਾ ਵਿਅਰਥ ਹੈ। ਜੇ ਗੱਲ ਕਰੀਏ ਕਿਸਾਨਾਂ ਵੱਲੋਂ ਕੀਤੇ ਜਾਂਦੇ ਬੇਲੋੜੇ ਖਰਚਿਆਂ ਦੀ ਤਾਂ ਅੱਜ ਪੰਜਾਬ ਵਿੱਚ ਵਿਆਹ ਸ਼ਾਦੀਆਂ ਉੱਪਰ ਜਿੰਨਾ ਜਿਆਦਾ ਬੇਲੋੜਾ ਖਰਚਾ ਕਰਕੇ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਉਸਦਾ ਹਿਸਾਬ ਕਰਨਾ ਅਸੰਭਵ ਹੈ। ਦਾਜ ਦਹੇਜ ਤੋਂ ਬਿਨਾ ਹੋਰ ਵੀ ਬਹੁਤ ਖਰਚੇ ਹਨ ਜਿਹਨਾਂ ਨੂੰ ਰੋਕਿਆ ਜਾ ਸਕਦਾ ਹੈ। ਜਿਹਨਾਂ ਨੂੰ ਘਟਾਇਆ ਜਾ ਸਕਦਾ ਹੈ। ਪਰ ਨਹੀਂ,ਲੋਕ ਦੇਖੋ ਦੇਖੀ ਵੱਧ ਚੜ੍ਹ ਕੇ ਖਰਚੇ ਕਰਦੇ ਹਨ। ਜਿਸਦਾ ਅੰਤ ਫਿਰ ਖੁਦਕੁਸ਼ੀ ਦੇ ਰਾਹ ਪੈ ਕੇ ਹੁੰਦਾ ਹੈ।
ਪੰਜਾਬ ਵਿੱਚ ਨੌਕਰੀ ਪੇਸ਼ੇ ਵਾਲੇ ਲੋਕ ਵੀ ਬਹੁਤ ਦੁਖੀ ਹਨ। ਜਿਹਨਾਂ ਵਿੱਚ ਅਫਸਰ ਸ਼ਾਹੀ ਤੋਂ ਇਲਾਵਾ ਹੇਠਲੇ ਵਰਗ ਕਿਸੇ ਨਾ ਕਿਸੇ ਮੁਸ਼ਕਿਲ ਨਾਲ ਘੁੱਲਦੇ, ਸੰਗਰਸ਼ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਇਹਨਾਂ ਵਿਚਾਰਿਆਂ ਨੂੰ ਲਾਠੀ ਚਾਰਜ ਦਾ ਸ਼ਿਕਾਰ ਹੋਣਾ ਪੈਂਦਾ, ਕਿਤੇ ਅੱਥਰੂ ਗੈਸ ਅਤੇ ਕਈ ਵਾਰ ਨੌਕਰੀਆਂ ਤੋਂ ਬਰਖਾਸਤ ਹੋਣਾ ਪੈਂਦਾ ਹੈ। ਕਿਉਂ ਅਜਿਹਾ ਹੁੰਦਾ ਹੈ। ਜੇ ਸਰਕਾਰ ਆਪਣੀਆਂ ਨੀਤੀਆਂ ਸਹੀ ਰੱਖੇ, ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਨਾ ਹੋਣ। ਵਿਦੇਸ਼ੀਂ ਆਪਣੇ ਜਵਾਨ ਬੱਚਿਆਂ ਨੂੰ ਮਰਨ ਲਈ, ਡੁੱਬਣ ਲਈ ਕਦੇ ਨਾ ਭੇਜਣ। ਪਰ ਜੇ ਪੰਜਾਬ ਵਿੱਚ ਆਮਦਨ ਦੇ ਸ੍ਰੋਤ ।ਪੈਦਾ ਨਹੀਂ ਕੀਤੇ ਜਾਣਗੇ ਤਾਂ ਅਜਿਹਾ ਹੋਣਾ ਸੁਭਾਵਿਕ ਹੈ।
ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਜਿਆਦਾਖਰਾਬ ਹੁੰਦੀ ਜਾ ਰਹੀ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚਪੜਾਉਣ ਨੂੰ ਪਹਿਲ ਦਿੰਦੇ ਹਨ। ਜਿੱਥੇ 'ਵਿਦਿਆ ਵਿਚਾਰੀ ਪਰਉਪਕਾਰੀ' ਨਾਲ ਵਪਾਰ ਹੁੰਦਾ ਹੈ, ਜਿੱਥੇ ਬਿਨਾ ਪੜਾਈ ਕੀਤਿਆਂ ਸਰਟੀਫਿਕੇਟ ਮਿਲਦੇ ਹਨ, ਡਵੀਜ਼ਨਾਂ ਤੇ ਡਿਗਰੀਆਂ ਮਿਲਦੀਆਂ ਹਨ। ਜਿਸ ਦੇਸ਼ ਦੇ ਬੱਚੇ ਅਜਿਹੇ ਹਲਾਤਾਂ ਵਿੱਚ ਪੜਨਗੇ। ਉਹ ਕੱਲ ਨੂੰ ਦੇਸ਼ ਨੂੰ ਕਿੰਝ ਚਲਾਉਣਗੇ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਰਿਸ਼ਵਤਖੋਰੀ ਵਧੇਗੀ ਨਾ ਕਿ ਘਟੇਗੀ। ਕਿਉਂਕਿ ਜੇ ਕੋਈ ਰਿਸ਼ਵਿਤ ਦੇ ਪੜੇਗਾ, ਨੌਕਰੀ ਲੱਗੇਗਾ ਤਾਂ ਉਹ ਆਪ ਵੀ ਰਿਸ਼ਵਤ ਜਰੂਰ ਲਵੇਗਾ। ਭਰਿਸ਼ਟਾਚਾਰ ਵਧੇਗਾ ਲੋਕ ਅਪਰਾਧੀ ਬਣਨਗੇ ਫਿਰ ਅੱਲਾ ਵਿਚਾਰਾ ਕੀ ਕਰੂ। ਮਨਦੀਪ ਖੁਰਮੀ ਦੇ ਬੋਲਾਂ ਵਾਂਗ ਉਸ ਵੀ ਬੇਲੀ ਨੀ ਬਣਨਾ ਇਸ ਪੰਜਾਬ ਦਾ।