ਲੇਖਕ: ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 250 ਰੁਪਏ, ਸਫ਼ੇ: 216
ਹਥਲਾ ਨਾਵਲ 'ਓਇ ਭੀ ਚੰਦਨੁ ਹੋਇ ਰਹੇ' ਚਰਚਿਤ ਲੇਖਕ ਦਲਵੀਰ ਸਿੰਘ ਲੁਧਿਆਣਵੀ ਦਾ ਪਲੇਠਾ ਨਾਵਲ ਹੈ। ਹਾਲਾਂਕਿ ਇਹ ਉਸਦੀ ਪਲੇਠੀ ਪੁਸਤਕ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਾਰਤਕ ਨਿਬੰਧ-ਸੰਗ੍ਰਹਿ 'ਲੋਕ-ਮਨ ਮੰਥਨ' ਅਤੇ ਕਈ ਹੋਰ ਸੰਪਾਦਿਤ ਤੇ ਸਮੂਹਿਕ ਪੁਸਤਕਾਂ ਵਿਚ ਲੇਖਕ ਦੀਆਂ ਰਚਨਾਵਾਂ ਪਾਠਕਾਂ ਦੇ ਰੂ-ਬ-ਰੂ ਹੋ ਚੁੱਕੀਆਂ ਹਨ। ਅਖ਼ਬਾਰਾਂ, ਰਸਾਲਿਆਂ ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਹੀ ਛਪਦੀਆਂ ਰਹਿੰਦੀਆਂ ਹਨ।
ਨਾਵਲ ਦਾ ਸ਼ੀਰਸ਼ਕ 'ਓਇ ਭੀ ਚੰਦਨੁ ਹੋਇ ਰਹੇ' ਕਾਫ਼ੀ ਦਿਲਚਸਪ ਹੈ। ਇਕ ਸ੍ਰੇਸ਼ਠ ਮਨੁੱਖ ਨੂੰ ਸਭ ਸ੍ਰੇਸ਼ਠ ਹੀ ਦਿਖਦਾ ਹੈ ਅਤੇ ਇਕ ਚੋਰ ਨੂੰ ਸਭ ਚੋਰ। ਦਲਵੀਰ ਸਿੰਘ ਲੁਧਿਆਣਵੀ ਖ਼ੁਦ ਇਕ ਅਜਿਹਾ ਸ਼ਖ਼ਸ ਹੈ, ਜਿਸਦੀ ਆਤਮਾ ਪਵਿੱਤਰ ਹੈ ਅਤੇ ਉਸ ਨੂੰ ਚਾਰੇ ਪਾਸੇ ਚੰਦਨ ਹੀ ਚੰਦਨ ਨਜ਼ਰ ਆਉਂਦਾ ਹੈ। ਇਹ ਭਾਵ ਉਸ ਦੇ ਲਿਖੇ ਹੋਏ ਇਸ ਨਾਵਲ ਵਿਚ ਸ਼ੁਰੂ ਤੋਂ ਆਖੀਰ ਤੱਕ ਫ਼ੈਲਿਆਂ ਹੋਇਆ ਮਿਲਦਾ ਹੈ। ਨਾਵਲ ਦਾ ਕੋਈ ਇਕ ਪਾਤਰ ਨਹੀਂ, ਬਲਕਿ ਬਹੁਤ ਸਾਰੇ ਮੁੱਖ ਪਾਤਰ ਆਦਰਸ਼ਵਾਦ ਦੀ ਹੱਦ ਤੱਕ ਸ੍ਰੇਸ਼ਠਤਾ ਤੇ ਉੱਤਮਤਾ ਦਾ 'ਕੱਲਾ ਵਿਹਾਰ ਹੀ ਨਹੀਂ ਕਰਦੇ, ਸਗੋ ਇਸ ਪਾਪੀ ਸੰਸਾਰ ਵਿਚ ਉਨ੍ਹਾਂ ਦਾ ਪ੍ਰਚਾਰ ਤੇ ਪਸਾਰ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ।
ਨਾਵਲ ਦਾ ਪਲਾਟ ਤਿੰਨ ਪੀੜ੍ਹੀਆਂ ਵਿਚ ਫ਼ੈਲਿਆ ਹੋਇਆ ਹੈ। ਇਸ ਦਾ ਪਿਛੋਕੜ ਪੇਂਡੂ ਹੈ। ਨਾਵਲ ਦੇ ਸਾਰੇ ਹੀ ਪਾਤਰ 'ਉੱਚ-ਮੱਧ ਵਰਗ' ਨਾਲ ਸਬੰਧ ਰੱਖਦੇ ਹੋਏ ਵੀ ਦਿਲ ਦੇ ਸਾਫ਼, ਸਮਾਜਿਕ ਤੌਰ 'ਤੇ ਚੇਤੰਨ ਤੇ ਪੜ੍ਹੇ-ਲਿਖੇ ਹੋਣ ਦੇ ਨਾਤੇ ਹੀ ਸਮਾਜ ਵਿਚ ਫ਼ੈਲੀਆਂ ਕੁਰੀਤੀਆਂ ਅਤੇ ਬੁਰਾਈਆਂ ਨੂੰ ਨਾ ਕੇਵਲ ਸਮਝਦੇ ਹਨ, ਬਲਕਿ ਉਨ੍ਹਾਂ ਦਾ ਵਿਰੋਧ ਵੀ ਕਰਦੇ ਹਨ। ਲੇਖਕ ਨੇ ਇਸ ਨਾਵਲ ਦੀ ਕਹਾਣੀ ਦੇ ਜ਼ਰੀਏ ਅਤੇ ਆਪਣੇ ਵਿਲੱਖਣ ਸੂਤਰਧਾਰੀ ਤਰੀਕੇ ਨਾਲ ਬਹੁਤ ਸਾਰੀਆਂ ਸਮਕਾਲੀਨ ਸਮਾਜਿਕ ਕੁਰੀਤੀਆਂ ਅਤੇ ਤ੍ਰਾਸਦੀਆਂ ਵੱਲ ਪਾਠਕਾਂ ਦਾ ਧਿਆਨ ਖਿੱਚਿਆ ਹੈ ਅਤੇ ਇਨ੍ਹਾਂ ਤੋਂ ਬਚਣ ਦੇ ਲਈ ਬਹੁਤ ਹੀ ਸਾਰਥਕ, ਵਿਗਿਆਨਕ ਅਤੇ ਢੁਕਵੇਂ ਤਰੀਕੇ ਵੀ ਸੁਝਾਏ ਹਨ; ਖ਼ਾਸ ਕਰਕੇ ਲੜਕੀਆਂ ਦੀ ਪੜ੍ਹਾਈ, ਦਾਜ-ਦਹੇਜ, ਖ਼ੂਨਦਾਨ, ਵੱਧ ਰਿਹਾ ਪ੍ਰਦੂਸ਼ਣ ਆਦਿ, ਆਦਿ।
ਨਾਵਲਕਾਰ ਕੁਦਰਤ ਦੀ ਅਪਾਰ ਸੁੰਦਰਤਾ ਦਾ ਵੀ ਉਪਾਸ਼ਕ ਹੈ। ਭਾਰਤ ਵਿਚ ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ ਅਤੇ ਅਮਰੀਕਾ ਵਿਚ ਫਲੋਰਿਡਾ ਸਟੇਟ ਦੇ ਖ਼ੂਬਸੂਰਤ ਨਜ਼ਾਰਿਆਂ ਦਾ ਬਹੁਤ ਹੀ ਸਜੀਵ ਵਰਨਣ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਪੇਂਡੂ-ਜੀਵਨ ਅਤੇ ਖੇਤਾਂ ਦੇ ਦ੍ਰਿਸ਼ਾਂ ਦਾ ਵਰਨਣ ਕਰਦਿਆਂ ਉਨ੍ਹਾਂ ਦੀ ਸਵਿਟਜਰਲੈਂਡ ਦੀ ਵਿਸ਼ਵ ਪ੍ਰਸਿੱਧ ਕੁਦਰਤੀ ਸੁੰਦਰਤਾ ਨਾਲ ਤੁਲਨਾ ਵੀ ਕੀਤੀ ਗਈ ਹੈ।
ਲੇਖਕ ਧਾਰਮਿਕ ਰੁਚੀਆਂ ਵਾਲਾ ਅਤੇ ਗੁਰਸਿੱਖ ਧਾਰਨਾਵਾਂ ਦੀ ਪਾਲਣਾ ਕਰਨ ਵਾਲਾ ਹੈ। ਇਸ ਸਾਰੇ ਨਾਵਲ ਵਿਚ ਜਗ੍ਹਾ ਜਗ੍ਹਾ 'ਤੇ ਗੁਰਬਾਣੀ ਦੀਆਂ ਟੂਕਾਂ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ ਜਿਵੇਂ ਕਿਸੇਂ ਖ਼ੂਬਸੂਰਤ ਮਾਲਾ ਵਿਚ ਅਣਮੁੱਲੇ ਮੋਤੀ ਬੜੀ ਕਲਾਤਮਕਤਾ ਨਾਲ ਪਿਰੋਏ ਗਏ ਹੋਣ। ਇਸ ਨਾਵਲ ਦੇ ਜ਼ਰੀਏ ਉੱਚ ਜੀਵਨ ਸ਼ੈਲੀ ਅਤੇ ਮਾਨਵਤਾ ਦੀ ਭਾਵਨਾ ਦਾ ਪ੍ਰਸਾਰ ਕਰਨ ਦੀ ਕੋਸ਼ਿਸ਼ ਪ੍ਰਤੱਖ ਨਜ਼ਰ ਆਉਂਦੀ ਹੈ।
ਨਾਵਲ ਨੂੰ ਪੜ੍ਹਦਿਆਂ ਇੌਜ ਮਹਿਸੂਸ ਹੁੰਦਾ ਹੈ ਕਿ ਲੇਖਕ ਜ਼ਿੰਦਗੀ ਦੀ ਇਕ ਵੱਡੀ ਕੈਨਵੱਸ ਉੱਤੇ ਅਜੇ ਹੋਰ ਬਹੁਤ ਕੁਝ ਉਕੇਰਨਾ ਚਾਹੁੰਦਾ ਹੈ। ਉਸ ਕੋਲ ਬਹੁਤ ਸਾਰੇ ਵਿਚਾਰ ਅਤੇ ਵਲਵਲੇ ਹਨ, ਜਿਨ੍ਹਾਂ ਨੇ ਅਜੇ ਕਈ ਹੋਰ ਕਿਤਾਬਾਂ ਦੀ ਸ਼ਕਲ ਅਖਤਿਆਰ ਕਰਨੀ ਹੈ। ਇਹ ਅੱਛਾ ਹੈ ਅਤੇ ਇਸੇ ਉਮੀਦ ਨਾਲ ਅਸੀਂ ਅਜਿਹਾ ਹੋਣ ਦੀ ਸ਼ੁਭ ਕਾਮਨਾ ਕਰਦੇ ਹਾਂ। ਲੇਖਕ ਦੇ ਇਸ ਉਸਾਰੂ, ਸੁਚਾਰੂ ਕਦਮ ਨਾਲ ਪੰਜਾਬੀ ਮਾਤ-ਭਾਸ਼ਾ ਦਾ ਖ਼ਜ਼ਾਨਾ ਵੀ ਭਰਪੂਰ ਹੋਵੇਗਾ। ਆਮੀਨ!!