ਗਗਨਾਂ ਦਾ ਰੰਗ ਕੀ ਏ , ਅਨੰਤ ਦੀ ਡੂੰਗਾਈ ਕੀ ਏ ।
ਅੱਖੀਆਂ ਜੋ ਰੰਗ ਤੱਕਣ , ਝੂਠ ਜਾਂ ਸਚਾਈ ਕੀ ਏ ।
ਦੂਰ ਪਈ ਗਗਨਾਂ ਨੂੰ ਚੁੰਮ ਰਹੀ ਧਰਤੀ ਦਿੱਸੇ ,
ਨਜ਼ਰ ਦੇ ਭੁਲੇਖੇ ਵਿੱਚ ਲਭਣੀ ਬੁਰਾਈ ਕੀ ਏ ।
ਮੰਨ ਕਾਹਨੂੰ ਰਿਸ਼ਤਿਆਂ 'ਚੋਂ ਦੁੱਖ ਲੱਭੇ ਸੁਖ ਲੱਭੇ ,
ਜਨਮਾਂ ਦਾ ਮੇਲ ਕੀ ਏ , ਅੰਤ ਦੀ ਜੁਦਾਈ ਕੀ ਏ ।
ਮੈਂ ਕੀ ਹਾਂ ਤੂੰ ਕੀ ਏਂ ,ਤੇਰਾ ਅੱਤੇ ਮੇਰਾ ਕੀ ਏ ,
ਚਿੱਕੜਾਂ ਦੇ ਛੱਪੜ ਦੀ ਨਾਪਣੀ ਗਹਿਰਾਈ ਕੀ ਏ ।
ਤਾਰਿਆਂ ਨੂੰ ਗਿਣ ਗਿਣ ਸੁੱਖਾਂ ਦੀ ਨਾਂ ਰਾਤ ਹੋਵੇ ,
ਯੁੱਗਾਂ ਤੋਂ ਦੁਖਾਂਤ ਇਹ , ਇਸਦੀ ਦਵਾਈ ਕੀ ਏ ।
ਸਾਹਾਂ ਦੀ ਸੰਭਾਲ ਭੁਲਕੇ , ਜਿੰਦਗੀ ਦੇ ਭੇਤ ਲਭਣੇ ,
ਜਨਮਾਂ ਦੇ ਰਾਜ਼ ਕਿਹੜੇ ,ਇਸਦੀ ਗਵਾਈ ਕੀ ਏ ।
ਰਿਸ਼ਤਿਆਂ ਦਾ ਧਰਮ ਕੱਚਾ ,ਸਮਿਆਂ ਦਾ ਸੱਚ ਕੌੜਾ ,
ਹਕੀਕਤਾਂ ਕਬੂਲ ਕਰਕੇ , ਜੀਉਣ 'ਚ ਮਨਾਹੀ ਕੀ ਏ ।