ਜਰਨੈਲ ਨੇ ਜਦ ਘਰ ਆ ਕੇ ਦੱਸਿਆ ਕਿ ਕਣਕ ਨੂੰ ਬਹੁਤ ਘੱਟ ਭਾਅ 'ਤੇ ਸ਼ਾਹ ਖ੍ਰੀਦ ਰਿਹਾ ਹੈ ਤਾਂ ਉਸਦਾ ਪੁੱਤਰ ਰਘਵੀਰ ਬੋਲਿਆ, "ਰਹਿਣ ਦੇ ਬਾਪੂ। ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗੂ ਪਾਲ਼ੀ ਫ਼ਸਲ ਕੌਡੀਆਂ ਦੇ ਭਾਅ ਮੈਂ ਨਹੀਂ ਵਿਕਣ ਦੇਣੀ"।
ਜਰਨੈਲ ਨੇ ਕਿਹਾ, "ਰਹਿਣ ਦੇ ਪੁੱਤਰਾ ਸ਼ਾਹ ਨਾਲ ਵੈਰ ਨਹੀਂ ਪੁੱਗਣਾ"। ਪਰ ਰਘਵੀਰ ਉਸਦੀ ਗੱਲ ਅਣਗੋਲ਼ੀ ਕਰਕੇ ਮੰਡੀ ਵੱਲ ਨੂੰ ਚੱਲ ਪਿਆ। ਚਾਰ-ਪੰਜ ਹੋਰ ਵੀ ਜਵਾਨ ਨਾਲ ਸਨ। ਸਾਰੇ ਸ਼ਾਹ ਨੂੰ ਕਹਿੰਦੇ , 'ਅਸੀਂ ਆਪਣੀ ਕਣਕ ਘਰ ਲਿਜਾ ਰਹੇ ਹਾਂ। ਅਸੀਂ ਘੱਟ ਰੇਟ 'ਤੇ ਨਹੀਂ ਵੇਚਣੀ"। ਸ਼ਾਹ ਨੇ ਕਿਹਾ, " ਰਘਵੀਰ ਸ਼ੌਕ ਨਾਲ ਘਰ ਲਜਾਵੋ ਆਪਣੀ ਕਣਕ, ਪਰ ਪਹਿਲਾਂ ਆ ਵਹੀ ਤੇ ਲੱਗੇ ਉਂਗੂਠੇ ਦੇਖ ਲਵੋ ਜੋ ਤੇਰਾ ਬਾਪ ਪਿੱਛਲੇ ਮਹਿਨੇ ਤੇਰੀ ਭੈਣ ਦੇ ਵਿਆਹ ਲਈ ਦੋ ਲੱਖ ਲੈ ਗਿਆ ਸੀ, ਵਿਆਜ ਸੁਮੇਤ ਮੋੜ ਦੇਵੋ"। ਰਘਵੀਰ ਦਾ ਉਠਿਆ ਸਿਰ ਧਰਤੀ ਵੱਲ ਝੁਕ ਗਿਆ। ਉਹ ਚੁੱਪ ਕਰਕੇ ਘਰ ਆ ਗਿਆ।
"ਕੀ ਹੋਇਆ ਪੁੱਤਰਾ?" ਰਘਵੀਰ ਨੇ ਸਾਰੀ ਗੱਲ ਦੱਸੀ ਤਾਂ ਜਰਨੈਲ ਰੌਣ-ਹਾਕਾ ਹੋ ਕੇ ਕਹਿਣ ਲੱਗਾ, "ਪੁੱਤਰਾ , ਜੱਟ ਸ਼ਾਹ ਤੋਂ ਨਹੀਂ ਉਸਦੀ ਵਹੀ ਤੋਂ ਡਰਦਾ ਹੈ। ਸ਼ਾਹ ਨਾਲ ਲੜ ਸਕਦਾ ਹੈ ਪਰ ਉਸਦੀ ਵਹੀ ਅੱਗੇ ਹਾਰ ਜਾਂਦਾ ਹੈ ਹਰ ਜੱਟ ਸੋਚਦਾ ਹੈ ਪਰ ਹਲਾਤ ਤੇ ਮਜ਼ਬੂਰੀਆਂ ਸਿਰ ਨਹੀਂ ਚੁੱਕਣ ਦਿੰਦੀਆਂ। ਮੈਂ ਮੰਡੀ ਜਾ ਕੇ ਕਣਕ ਤੁਲਾ ਕੇ ਆਉਂਦਾ ਹਾਂ" , ਕਹਿ ਕੇ ਜਰਨੈਲ ਨੀਵੀਂ ਪਾਈ ਮੰਡੀ ਵੱਲ ਨੂੰ ਤੁਰ ਪਿਆ।