ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ
(ਲੇਖ )
ਹਰ ਇਨਸਾਨ ਦੀ ਸਫਲਤਾ ਵਿਚ ਉਸਦੀ ਮਾਂ ਬੋਲੀ ਦਾ ਪੂਰਾ ਹਿੱਸਾ ਹੁੰਦਾ ਹੈ ਕਿਉਂਕਿ ਮਾਂ ਬੋਲੀ ਰਾਹੀਂ ਹੀ ਇਨਸਾਨ ਨੂੰ ਦੁਨੀਆਂ ਦੇ ਵਿੱਚ ਸੁੰਤਤਰਤਾ ਨਾਲ ਜੀਣ ਦਾ ਪਤਾ ਲਗਦਾ ਹੈ। ਕਿਸੇ ਵੀ ਇਨਸਾਨ ਵਲੋਂ ਜੋ ਵਿਚਾਰ ਵਟਾਂਦਰਾ ਆਪਣੀ ਮਾਤ ਭਾਸ਼ਾ ਵਿਚ ਕੀਤਾ ਜਾ ਸਕਦਾ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਸੰਭਵ ਨਹੀਂ ਹੋ ਸਕਦਾ ਚਾਹੇ ਉਹ ਇਨਸਾਨ ਹੋਰ ਭਾਸ਼ਾ ਦੀ ਜਾਣਕਾਰੀ ਵਿਚ ਪੂਰੀ ਤਰ੍ਹਾਂ ਮਾਹਿਰ ਵੀ ਕਿਉਂ ਨਾ ਹੋਵੇ। ਲੋਕ ਮੀਡੀਆ, ਇੰਟਰਨੈਟ, ਅਖਬਾਰਾਂ ਅਤੇ ਹੋਰ ਅਜਿਹੇ ਸਾਧਨਾਂ ਦੇ ਵਧਣ ਨਾਲ ਏਨੈ ਜਾਗਰੂਕ ਹੋ ਗਏ ਹਨ ਕਿ ਅੱਜ ਬੱਚੇ ਬੱਚੇ ਦੀ ਮੁੱਠੀ ਦੇ ਵਿਚ ਦੁਨੀਆਂ ਦੀ ਹਰ ਜਾਣਕਾਰੀ ਘੁੱਟੀ ਪਈ ਹੈ। ਇਹ ਸਭ ਤਰੱਕੀ, ਉੱਨਤੀ ਅਤੇ ਜਾਗਰੂਕਤਾ ਵਲ ਵਧਦੇ ਕਦਮ ਸਲਾਘਾਯੋਗ ਹਨ। ਪਰ ਇਨ੍ਹਾਂ ਸਭ ਦੇ ਵਧਣ ਨਾਲ ਇੱਕ ਹੋਰ ਵੱਡੀ ਸਮੱਸਿਆ ਜੋ ਪੰਜਾਬ ਦੇ ਨੌਜਵਾਨ ਤਾਂ ਕਿ ਛੋਟੇ ਬੱਚਿਆਂ ਦੇ ਵਿਚ ਵੀ ਪਾਈ ਜਾ ਰਹੀ ਹੈ, ਉਹ ਹੈ ਆਪਣੀ ਮਾਤ ਭਾਸ਼ਾ ਦੀ ਥਾਂ ਹੋਰ ਬੋਲੀਆਂ ਨੂੰ ਵਰਤੋਂ ਵਿਚ ਲਿਆਉਣਾ। ਨੌਜਵਾਨਾਂ ਦਾ ਪੱਛਮੀ ਸੱਭਿਅਤਾ ਵੱਲ ਰੁਝਾਨ ਏਨਾ ਵਧ ਗਿਆ ਹੈ ਕਿ ਪੱਛਮੀ ਪਹਿਰਾਵਾ, ਤੌਰ_ਤਰੀਕੇ ਅਪਣਾਉਣ ਦੇ ਨਾਲ ਨਾਲ ਪੰਜਾਬੀਆਂ ਨੇ ਉਨ੍ਹਾਂ ਦੀਆਂ ਭਾਸ਼ਾਵਾਂ ਤੱਕ ਵੀ ਅਪਣਾ ਲਈਆਂ ਹਨ। ਪੱਛਮੀ ਸੱਭਿਅਤਾ ਦੇ ਕਬਜੇ ਕਾਰਣ ਪੰਜਾਬੀਆਂ ਦਾ ਆਪਣੀ ਮਾਂ_ਬੋਲੀ ਪ੍ਰਤੀ ਵੀ ਰੁਖ ਬਦਲਿਆ ਮਹਿਸੂਸ ਹੋ ਰਿਹਾ ਹੈ। ਸਮਾਂ ਅਜਿਹਾ ਆ ਗਿਆ ਹੈ ਕਿ ਪੰਜਾਬ ਵਿਚੋਂ ਹੀ ਪੰਜਾਬੀ ਭਾਸ਼ਾ ਦੇ ਖਤਮ ਹੋਣ ਦੀਆਂ ਨੌਬਤਾਂ ਆ ਗਈਆਂ ਹਨ। ਅੱਜ ਸ਼ਹਿਰਾਂ ਵਿਚ ਤਾਂ ਕੀ ਪਿੰਡਾਂ ਵਿੱਚ ਵੀ ਨਵੀਂ ਪੀਹੜੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਿੱਚ ਸੰਗ ਮਹਿਸੂਸ ਕਰ ਰਹੀ ਹੈ। ਸਭ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹਾਲਾਤ ਸਮਾਨ ਹੋ ਗਏ ਹਨ। ਪਿਛਲੇ ਕੁਝ ਸਮੇਂ ਦੌਰਾਨ ਮੈਂ ਕਈ ਨਾਮੀ ਨਿੱਜੀ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਜਾਕੇ ਵਿਦਿਆਰਥੀਆਂ ਨਾਲ ਅਲੱਗ ਅਲੱਗ ਸਮੱਸਿਆਵਾਂ ਤੇ ਹੋਰ ਆਮ ਜਾਣਕਾਰੀ ਵਾਰੇ ਵਿਚਾਰ ਵਟਾਂਦਰਾ ਕੀਤਾ ਸਿਰਫ ਇਹ ਦੇਖਣ ਲਈ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿਚ ਆਪਸੀ ਗੱਲ ਬਾਤ ਜਾਂ ਹੋਰ ਰਾਂਨਾ ਦੀ ਜਿੰਦਗੀ ਵਿੱਚ ਕਿਹੜੀ ਭਾਸ਼ਾ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ। ਤਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਏਨਾ ਘਾਤਕ ਦੇਖਣ ਨੂੰ ਮਿਲਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਆਪਸੀ ਗੱਲ ਬਾਤ ਜਾਂ ਅਧਿਆਪਕ ਨਾਲ ਗੱਲ ਬਾਤ ਕਰਨ ਲਈ ਵੀ ਸਿਰਫ ਅੰਗਰੇਜੀ ਭਾਸ਼ਾ ਵਰਤਣ ਦੀਆਂ ਹਦਾਇਤਾਂ ਕਾਰਣ ਪੰਜਾਬੀ ਭਾਸ਼ਾ ਤਾਂ ਉਨ੍ਹਾਂ ਵਿਦਿਆਰਥੀਆਂ ਦੇ ਦਿਮਾਗਾਂ ਵਿੱਚੋਂ ਸਾਗ਼ ਹੀ ਹੋਈ ਪਈ ਹੈ। ਕੁਝ ਵੱਡੇ ਸਕੂਲਾਂ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਤੇ ਵਿਦਿਆਰਥੀਆਂ ਨੂੰ ਸਜਾ ਦੇ ਤੌਰ ਤੇ ਜੁਰਮਾਨਾ ਭੁਗਤਣਾ ਪੈਂਦਾ ਹੈ। ਅਧਿਆਪਕਾਂ ਨਾਲ ਗੱਲ ਬਾਤ ਕਰਨ ਤੇ ਪਤਾ ਲੱਗਿਆ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਤੇ ਸਕੂਲਾਂ ਵਲੋਂ ਮੁਕੰਮਲ ਤੌਰ ਤੇ ਮਨਾਹੀ ਹੈ ਤੇ ਇਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਆਪਕਾਂ ਨੂੰ ਕਈ ਵਾਰ ਆਪਣੀ ਨੌਕਰੀ ਤੋਂ ਵੀ ਹੱਥ ਧੌਣੇ ਪੈ ਜਾਂਦੇ ਹਨ। ਜੇਕਰ ਅੱਜ ਅਸੀਂ ਸਕੂਲੀ ਪੱਧਰ ਤੇ ਹੀ ਬੱਚਿਆਂ ਦੇ ਦਿਮਾਗ ਵਿਚੋਂ ਪੰਜਾਬੀ ਭਾਸ਼ਾ ਦੀ ਸਫਾਈ ਕਰ ਦੇਵਾਂਗੇ ਤਾਂ ਫਿਰ ਉਨ੍ਹਾਂ ਦਾ ਭਵਿੱਖ ਪ੍ਰਤੀ ਤਾਂ ਅਸੀਂ ਸਭ ਜਾਣੂ ਹਾਂ। ਇਹ ਤਾਂ ਸੀ ਸਕੂਲਾਂ ਦੀ ਗੱਲ, ਕਾਲਜਾਂ ਤੇ ਯੂਨੀਵਰਸਿਟੀ ਪੱਧਰ ਤੇ ਵੀ ਵਿਦਿਆਰਥੀਆਂ ਵਿੱਚ ਆਪਸੀ ਗੱਲ ਬਾਤ ਸਮੇਂ ਅੰਗਰੇਜੀ ਤੇ ਹਿੰਦੀ ਭਾਸ਼ਾ ਦੀ ਵਰਤੋਂ ਜਿਆਦਾ ਪਾਈ ਗਈ। ਜੇ ਕੋਈ ਵਿਦਿਆਰਥੀ ਪੰਜਾਬੀ ਭਾਸ਼ਾ ਦੀ ਪੂਰਨ ਤੌਰ ਤੇ ਵਰਤੋਂ ਕਰਦਾ ਵੀ ਹੈ ਤਾਂ ਬਾਕੀ ਦੋਸਤਾਂ ਮਿੱਤਰਾਂ ਵਲੋਂ ਉਸਨੂੰ ਪੂਰਾ ਭੰਡਿਆ ਜਾਂਦਾ ਹੈ। ਸਕੂਲਾਂ ਵਿੱਚ ਤਾਂ ਸਕੂਲ ਦੇ ਸਟੇਟਸ ਦੇ ਲਈ ਪੰਜਾਬੀ ਭਾਸ਼ਾ ਜਾਣ ਬੁੱਝ ਕੇ ਖਤਮ ਕੀਤੀ ਜਾ ਰਹੀ ਹੈ ਪਰ ਕਾਲਜ ਪੱਧਰ ਦੇ ਨੌਜਵਾਨ ਦੋਖੋ ਦੇਖੀ ਹੀ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਨ। ਹਾਲਾਤ ਏਨੇ ਮਾੜੇ ਹੋ ਗਏ ਹਨ ਕਿ ਜਿਸ ਮਾਂ ਬੋਲੀ ਤੇ ਸਹਾਰੇ ਅਸੀਂ ਵੱਡੇ ਹੋਏ ਹਾਂ, ਅੱਜ ਅਸੀਂ ਐਨੇ ਵੱਡੇ ਹੋ ਗਏ ਹਾਂ ਕਿ ਆਪਣੀ ਹੀ ਮਾਂ ਬੋਲੀ ਨੂੰ ਲਿਖਣ ਤੇ ਬੋਲਣ ਵਿੱਚ ਸ਼ਰਮ ਮਹਿਸੂਸ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਹੈਲੋ, ਹਾਏ ਵਿਚ ਬਦਲ ਗਿਆ ਹੈ। ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਬਾਕੀ ਕੌਮਾਂ ਆਪਣੀ ਮਾਂ ਬੋਲੀ ਬਚਾਉਣ ਵਿਚ ਕਾਫੀ ਹੱਦ ਤੱਕ ਕਾਮਯਾਬ ਹਨ। ਮੁਸਲਿਮ, ਬਿਹਾਰੀ, ਕਸ਼ਮੀਰੀ, ਹਿੰਦੂ ਅਤੇ ਹੋਰ ਕੌਮਾਂ ਦੇ ਲੋਕ ਆਪਸੀ ਗੱਲ ਬਾਤ ਸਮੇਂ ਸਿਫਰ ਆਪਣੀ ਮਾਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ ਚਾਹੇ ਉਹ ਭਾਰਤ ਵਿਚ ਹੋਣ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ। ਸਿਫਰ ਇੱਕ ਪੰਜਾਬੀ ਹੀ ਅਜਿਹੇ ਹਨ ਜੋ ਆਪਸੀ ਗੱਲ ਬਾਤ ਜਾਂ ਰੋਜ ਮਰਾ ਦੀ ਬੋਲਚਾਲ ਵਿਚ ਵੀ ਆਪਣੀ ਮਾਂ ਬੋਲੀ ਛੱਡਕੇ ਹੋਰ ਭਾਸ਼ਾਵਾਂ ਨੂੰ ਵਰਤਦੇ ਹਨ ਜੋਕਿ ਸਾਡੇ ਲਈ ਇੱਕ ਸ਼ਰਮਨਾਕ ਗੱਲ ਹੈ। ਇਹ ਨਹੀਂ ਹੈ ਕਿ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਹੋਣਾ ਚਾਹੀਦਾ ਸਗੋਂ ਗਿਆਨ ਤਾਂ ਜਿੰਨਾ ਹੋਵੇ ਘੱਟ ਹੈ। ਪਰ ਇਹ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਕਿ ਅਸੀਂ ਘਰ ਵਿਚ ਵੀ ਆਪਸੀ ਗੱਲ ਬਾਤ ਸਮੇਂ ਹੋਰ ਭਾਸ਼ਾਵਾਂ ਨੂੰ ਤਰਜੀਹ ਦੇਕੇ ਮਾਣ ਮਹਿਸੂਸ ਕਰੀਏ। ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕਾਫੀ ਕਾਨੂੰਨ ਵੀ ਪਾਸ ਹੋਏ ਹਨ ਪਰ ਸਕੂਲਾਂ ਵਾਲੇ ਜਾਂ ਹੋਰ ਅਦਾਰਿਆਂ ਵਾਲੇ ਇਨ੍ਹਾਂ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਕੇ ਪੰਜਾਬੀ ਭਾਸ਼ਾ ਨੂੰ ਅਲੋਪ ਕਰਨ ਵਿਚ ਪੂਰਾ ਹਿੱਸਾ ਪਾ ਰਹੇ ਹਨ। ਪੰਜਾਬੀ ਭਾਸ਼ਾ ਦੀ ਵਰਤੋਂ ਲਾਜਮੀ ਕਰਨ ਤੇ ਅਜੇ ਵੀ ਬਹੁਤੇ ਸਰਕਾਰੀ ਦਫਤਰਾਂ ਤੇ ਹੋਰ ਅਦਾਰਿਆਂ ਵਿਚ ਸਾਰਾ ਕੰਮ ਅੰਗਰੇਂੀ ਵਿਚ ਹੀ ਚੱਲ ਰਿਹਾ ਹੈ। ਇਹ ਸਭ ਦੇਖਕੇ ਤਾਂ ਹੁਣ ਇਹ ਹੀ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਮਾਂ ਬੋਲੀ ਨੂੰ ਅਲੋਪ ਹੋਣੋ ਕੌਣ ਬਚਾ ਸਕਦਾ ਹੈ। ਭਾਸ਼ਾ ਵਿੱਚ ਆਏ ਵੱਡੇ ਪੱਧਰ ਤੇ ਬਦਲਾਅ ਦਾ ਮੁੱਖ ਕਾਰਨ ਪੰਜਾਬੀ ਗਾਣੇ ਅਤੇ ਫਿਲਮਾਂ ਤੇ ਅਜਿਹੇ ਹੋਰ ਪ੍ਰੋਗਰਾਮ ਵੀ ਹਨ। ਕਿਉਂਕਿ ਅੱਜ ਪੰਜਾਬ ਦੀ ਨੌਜਵਾਨ ਪੀੜੀ ਫਿਲਮੀ ਐਕਟਰਾਂ ਜਾਂ ਪੰਜਾਬੀ ਗਾਇਕਾਂ ਦੀ ਹੀ ਬੋਲੀ ਬੋਲ ਰਹੀ ਹੈ। ਪੰਜਾਬ ਵਿੱਚ ਹਰ ਰੋਂ ਹਾਂਰਾਂ ਹੀ ਗਾਇਕ ਆ ਰਹੇ ਹਨ ਜੋਕਿ ਆਪਣੇ ਗਾਣਿਆਂ ਵਿਚ ਪੰਜਾਬੀ ਘੱਟ ਤੇ ਹੋਰ ਇੱਧਰਲੀਆਂ ਉੱਧਰਲੀਆਂ ਭਾਸ਼ਾਵਾਂ ਦੀ ਵਰਤੋਂ ਜਿਆਦਾ ਕਰਦੇ ਹਨ। ਜਿਸ ਸਦਕਾ ਅੱਜ ਬੱਚੇ ਬੱਚੇ ਦੀ ਜਵਾਨ ਤੇ ਹੋਰ ਭਾਸ਼ਾਵਾਂ ਦਾ ਜਾਦੂ ਚੱਲ ਰਿਹਾ ਹੈ। ਨੌਜਵਾਨ ਪੀਹੜੀ ਅਤੇ ਬੱਚੇ ਪੂਰਨ ਤੌਰ ਤੇ ਭੇਡ ਚਾਲ ਦੀ ਨੀਤੀ ਅਪਣਾ ਰਹੇ ਹਨ। ਗਾਇਕਾਂ ਤੇ ਐਕਟਰਾਂ ਨੂੰ ਰਹਿਬਰ ਸਮਝਕੇ ਉਨ੍ਹਾਂ ਦੇ ਤੌਰ ਤਰੀਕੇ , ਪਹਿਰਾਵਾ ਤੇ ਬੋਲੀ ਅਪਣਾ ਰਹੇ ਹਨ ਜਿਸ ਸਦਕਾ ਹੀ ਪੰਜਾਬੀ ਭਾਸ਼ਾ ਅਲੋਪ ਹੋਣ ਦੇ ਕਿਨਾਰੇ ਤੇ ਆਣ ਖਲੋਤੀ ਹੈ। ਪੰਜਾਬੀ ਭਾਸ਼ਾ ਨੂੰ ਖਤਮ ਕਰਨ ਵਿੱਚ ਬਹੁਤੇ ਮਾਪਿਆਂ ਦਾ ਵੀ ਹੋਰਾਂ ਦੀ ਤਰ੍ਹਾਂ ਬਰਾਬਰ ਦਾ ਹਿੱਸਾ ਹੈ ਕਿਉਂਕਿ ਜਿਆਦਤਰ ਮਾਪਿਆਂ ਵਲੋਂ ਜਨਮ ਸਮੇਂ ਤੋਂ ਹੀ ਬੱਚੇ ਨੂੰ ਅੰਗਰੇਜੀ ਭਾਸ਼ਾ ਜਾ ਹਿੰਦੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਸ ਸਾਲਾਂ ਤੱਕ ਪੰਜਾਬ ਵਿਚ ਪੰਜਾਬੀ ਭਾਸ਼ਾ ਦਾ ਕੋਈ ਵਜੂਦ ਰਹੇਗਾ ਕਿਉਂਕਿ ਜਦੋਂ ਮਾਪਿਆਂ ਨੇ ਤਾਂ ਜਨਮ ਸਮੇਂ ਤੋਂ ਹੀ ਪੰਜਾਬੀ ਭਾਸ਼ਾ ਨੂੰ ਬੱਚਿਆਂ ਤੋਂ ਦੂਰ ਕਰਕੇ ਖੁੰਜੇ ਲਾ ਦਿੱਤਾ ਹੈ। ਉਪਰੋਕਤ ਸਭ ਹਾਲਾਤ ਦੇਖਕੇ ਤਾਂ ਇਹੀ ਲਗਦਾ ਹੈ ਕਿ ਜੇਕਰ ਜਲਦੀ ਹੀ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਸਾਡੀ ਮਾਂ ਬੋਲੀ ਸਿਰਫ ਪੰਜਾਬੀ ਅਖਬਾਰਾਂ ਤੇ ਪੰਜਾਬੀ ਕਿਤਾਬਾਂ ਦਾ ਹੀ ਸਿੰਗਾਰ ਬਣਕੇ ਰਹਿ ਜਾਵੇਗੀ। ਅੱਜ ਹਰ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਕਦਮ ਉਠਾਏ ਜਾ ਰਹੇ ਹਨ ਪਰ ਅਲੋਪ ਹੋ ਰਹੀ ਸਾਡੀ ਮਾਂ ਬੋਲੀ ਦੀ ਸਮੱਸਿਆ ਨੂੰ ਗੌਲਿਆ ਹੀ ਨਹੀਂ ਜਾ ਰਿਹਾ। ਗਹਿਰਾਈ ਨਾਲ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿਉਂਕਿ ਜਦੋਂ ਕੋਈ ਦੇਸ਼ ਆਪਣੀ ਮਾਂ ਬੋਲੀ ਨੂੰ ਭੁੱਲਦਾ ਹੈ ਤਾਂ ਉਸਦੇ ਨਾਲ ਨਾਲ ਹੀ ਉਹ ਆਪਣਾ ਸੱਭਿਆਚਾਰ ਤੇ ਹੋਰ ਇਤਿਹਾਸ ਵੀ ਅੱਖੋਂ ਓਹਲੇ ਕਰ ਦਿੰਦਾ ਹੈ। ਜੇਕਰ ਸਾਡੇ ਪੰਜਾਬ ਵਿਚ ਵੀ ਇਹੀ ਹਾਲ ਰਿਹਾ ਤਾਂ ਇੱਕ ਦਿਨ ਸਾਡਾ ਪੰਜਾਬ ਵੀ ਆਪਣੇ ਸੱਭਿਆਚਾਰ ਤੇ ਭਾਸ਼ਾ ਨੂੰ ਭੁੱਲਕੇ ਪੱਛਮ ਹੀ ਬਣ ਜਾਵੇਗਾ। ਸੋ ਲੋੜ ਹੈ ਸਰਕਾਰ, ਪ੍ਰਸ਼ਾਸ਼ਨ ਤੇ ਹਰ ਇੱਕ ਪੰਜਾਬੀ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਤਾਂ ਜੋ ਪੰਜਾਬ ਦਾ ਇਤਿਹਾਸ, ਸੱਸ਼ਭਿਆਚਰ, ਪਿਆਰ ਤੇ ਬੋਲੀ ਨੂੰ ਰਹਿੰਦੀ ਦੁਨੀਆਂ ਤੱਕ ਕਾਇਮ ਰੱਸ਼ਖਿਆ ਜਾ ਸਕੇ।