ਨਦੀਆਂ ਤੇ ਪੰਛੀਆਂ ਨੂੰ ਕੌਣ ਥੰਮਦੈ
ਪੈਰੀਂ ਇਹਨਾਂ ਦੇ ਜ਼ੰਜੀਰਾਂ ਕੌਣ ਬੰਨ੍ਹਦੈ
ਬਣੀਆਂ ਨੇ ਹੱਦਾਂ ਇਨਸਾਨਾਂ ਵਾਸਤੇ
ਤੋਪ,ਗੋਲੇ,ਫੌਜੀਆਂ,ਜਵਾਨਾਂ ਵਾਸਤੇ
ਇਹਨਾਂ ਸਰਹੱਦਾਂ ਇਨਸਾਨ ਰੋਲਤੇ
ਖੂਨ 'ਚ ਸਿਆਸਤਾਂ ਨੇ ਜ਼ਹਿਰ ਘੋਲਤੇ
ਲੀਕਾਂ ਪਿੱਛੇ ਸ਼ੁਰੂ ਅੱਤਵਾਦ ਹੋ ਗਿਆ
ਧਰਮਾਂ ਦੇ ਵਿੱਚ ਵੀ ਫਸਾਦ ਹੋ ਗਿਆ
ਆਪੇ ਲਾ ਕੇ ਅੱਗ ਨੂੰ ਬੁਝਾਈ ਜਾਂਦੇ ਆ
ਰਾਮ ਤੇ ਰਹੀਮ ਨੂੰ ਲੜਾਈ ਜਾਂਦੇ ਆ
ਪਤਾ ਨਹੀਂਓਂ ਲਗਦਾ ਹੈ ਦੋਸ਼ ਕਿਸ ਦਾ
ਦੂਹਰੇ ਪੁੜਾਂ ਵਿੱਚ ਇਨਸਾਨ ਪਿਸਦਾ
ਅਮਨਾਂ ਦੇ ਪੱਤੇ ਮੁੱਦਤਾਂ ਤੋਂ ਸੁੱਕੇ ਨੇ
ਮੁੱਕ ਗਈਆਂ ਉਮਰਾਂ ਨਾ ਰੌਲੇ ਮੁੱਕੇ ਨੇ
ਕੇਹੇ ਸਮਝੌਤੇ ਜਿਨ੍ਹਾਂ ਹੱਲ ਕੱਢੇ ਨਾ
ਖੰਭ ਦਹਿਸ਼ਤਵਾਦੀਆਂ ਦੇ ਵੱਢੇ ਨਾ
ਗੱਲਾਂਬਾਤਾਂ ਨੇ ਹੈ ਕਿੱਥੇ ਡੰਗ ਸਾਰਨਾ
ਇੱਕ ਹੋ ਕੇ ਹੰਭਲਾ ਤਾਂ ਪੈਣੈ ਮਾਰਨਾ
ਜ਼ੁਲਮਾਂ ਦੇ ਰੋਕੇ ਜਿਹੜਾ ਵਿਸਥਾਰ ਨੂੰ
ਤਾਰ ਤਾਰ ਕਰੇ ਕੰਡਿਆਲੀ ਤਾਰ ਨੂੰ