ਇਕ ਖਬਰ ਮੇਰੇ ਦਿਲ ਦੇ ਅੰਦਰ,ਛੁਰੀਆਂ ਵਾਂਗੂੰ ਲਹਿ ਗਈ,
' ਮਿਟ ਜਾਣੀ ਪੰਜਾਬੀ ਬੋਲੀ ', ਰਾਜ਼ ' ਯੂਨੈਸਕੋ ' ਕਹਿ ਗਈ
ਜਾਗੋ ਵੇ ਪੰਜਾਬੀਓ ! ਫਿਰ ਇਹ ਵੇਲਾ ਹੱਥ ਨੀ ਆਉਣਾ
ਮੁੱਕ ਜਾਂਦੀ ਉਹ ਕੌਮ, ਕਿ ਜਿਸਦੀ 'ਬੋਲੀ' ਕਬਰੀਂ ਪੈ ਗਈ।
ਮਿਸ਼ਰੀ ਵਰਗੀ ਬੋਲੀ ਸਾਡੀ, ਦੁੱਧ-ਮੱਖਣਾਂ ਦੀ ਪਾਲ਼ੀ
ਢੋਲੇ-ਟੱਪੇ ਗਹਿਣੇ ਇਸਦੇ , ਲੋਰੀਆਂ-ਘੋੜੀਆਂ ਵਾਲ਼ੀ
ਕਿਉਂ ਪੰਜਾਬੀ ਪੁੱਤੋ ! ਇਹਨੂੰ ਵਰਤ ਕੇ ਹੀਣੇ ਹੁੰਦੇ ?
ਗੁਰੂਆਂ ਅਤੇ ਫਕੀਰਾਂ ਜਿਹੜੀ ਰੂਹ ਦੇ ਤਖਤ ਬਿਠਾਲੀ।
ਜਿਸ ਬੋਲੀ ਵਿੱਚ ਦਰਦ ਸੁਣਾਏ, ਜਿਸ ਵਿੱਚ ਹੱਸੇ ਹਾਸੇ
ਜਿਸ ਵਿੱਚ ਮਾਂ ਤੋਂ ਰੋਟੀ ਮੰਗੀ ਜਿਸ ਵਿੱਚ ਖਾਬ ਤਰਾਸ਼ੇ
ਸਾਂਭ ਪੰਜਾਬੀ-ਬੋਲੀ ਦੇ ਉਹ ਮੋਤੀਆਂ ਵਰਗੇ ਅੱਖਰ
ਇਕ ਵਾਰੀ ਜੇ ਮਿਟ ਗਏ, ਫਿਰ ਨਹੀਂ ਲੱਭਣੇ ਲਾਲ ਗਵਾਚੇ।
ਅੱਧੀ ਰਾਤ ਪਹਿਰ ਦੇ ਤੜਕੇ, ਕੀ ਕਨਸੋਆਂ ਆਈਆਂ
ਮਾਂ-ਬੋਲੀ ਅੱਜ ਗਲੀਆਂ ਅੰਦਰ ਦਿੰਦੀ ਫਿਰੇ ਦੁਹਾਈਆਂ
ਜਿਸ ਬੱਚੜੇ ਨੂੰ ਲਾਡ-ਲਡਾ ਮੈਂ ਜੱਗ ਬਰੋਬਰ ਕੀਤਾ
ਘਰ ’ਚੋਂ ਕੱਢਣ ਵੇਲੇ ਉਸਨੂੰ ਰਤਾ ਨਾ ਲਾਜਾਂ ਆਈਆਂ।
ਜੋ ਨਾ ਥੱਕਦੇ ਨਾ ਰੁਕਦੇ ਨੇ, ਉਹ ਸ਼ਾਹ-ਅਸਵਾਰ ਹੁੰਦੇ ਨੇ
ਜੋ ਮਾਂ ਦੇ ਪੈਰੀਂ ਝੁਕਦੇ ਨੇ, ਉੱਚੇ ਕਿਰਦਾਰ ਹੁੰਦੇ ਨੇ
ਜੋ ਮਾਂ-ਬੋਲੀ 'ਤੇ ਕਰਦੇ ਮਾਣ, ਉਹ ਇਤਿਹਾਸ ਲਿਖ ਜਾਂਦੇ
ਜੋ ਮਾਂ-ਬੋਲੀ ਨੂੰ ਭੁੱਲ ਜਾਂਦੇ, ਨਿਰੇ ਗੱਦਾਰ ਹੁੰਦੇ ਨੇ।